ਜਲਦ ਪੰਜਾਬ ਮਾਰੂਥਲ ਬਣ ਜਾਵੇਗਾ.....?

ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੂੰ ਬੰਜਰ ਬਣਾਉਣ, ਕਿਸਾਨਾਂ ਨੂੰ ਕਰਜ਼ਾਈ ਕਰਨ ਅਤੇ ਧਰਤੀ ਹੇਠਲੇ ਅਤਿ ਕੀਮਤੀ ਸ਼ੁੱਧ ਪਾਣੀ ਨੂੰ ਮੁਕਾ ਖ਼ੁਸ਼ਹਾਲ ਸੂਬੇ ਨੂੰ ਮਾਰੂਥਲ ਅਤੇ ਕੰਗਾਲੀ ਦੇ ਰਾਹ ਵੱਲ ਧੱਕਣ ਲਈ ਕੋਈ ਹੋਰ ਨਹੀਂ, ਸਗੋਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ | ਦਰਿਆਵਾਂ ਦੇ ਪਾਣੀ ਨੂੰ ਖੇਤਾਂ ਤੱਕ ਪਹੰਚਾਉਣ ਲਈ ਅੰਗਰੇਜ਼ ਸਾਮਰਾਜ ਵਲੋਂ ਬਣਾਏ ਨਹਿਰੀ ਵਿਭਾਗ ਦੇ ਢਾਂਚੇ ਨੂੰ ਸਮੇਂ ਦੇ ਨਾਲ ਨਵਿਆਏ ਨਾ ਜਾਣ ਕਰਕੇ ਅੱਜ ਨੱਕੋ-ਨੱਕ ਭਰੇ ਪਏ ਡੈਮਾਂ ਦੇ ਬਾਵਜੂਦ ਸੁੱਕੇ ਪਏ ਖੇਤਾਂ ਤੱਕ ਪਾਣੀ ਨਹੀਂ ਪੁੱਜ ਰਿਹਾ ਹੈ ਤੇ ਫ਼ਸਲਾਂ ਸੁੱਕ ਸੜ ਰਹੀਆਂ ਹਨ | ਕਿਸਾਨ ਖੇਤ ਸਿੰਜਣ, ਫ਼ਸਲ ਉਗਾਉਣ ਅਤੇ ਪਾਲਣ ਲਈ ਲੋੜੀਂਦੇ ਅੰਮਿ੍ਤ ਰੂਪੀ ਨਹਿਰੀ ਪਾਣੀ ਨੂੰ ਤਰਸ ਰਹੇ ਹਨ, ਕਿਉਂਕਿ ਅੰਗਰੇਜ਼ਾਂ ਵੇਲੇ ਦੀਆਂ ਦਰਿਆਈ ਪੱਤਣਾਂ 'ਤੇ ਹੈੱਡ ਵਰਕਸਾਂ ਬਣਾ ਕੇ ਕੱਢੀਆਂ ਗਈਆਂ ਵੱਡੀਆਂ ਨਹਿਰਾਂ ਵੇਲਾ ਵਹਾ ਚੁੱਕੀਆਂ ਹਨ, ਜੋ ਜਗ੍ਹਾ-ਜਗ੍ਹਾ ਟੁੱਟ ਖਸਤਾ ਹਾਲਤ 'ਚ ਹੋਣ ਕਰਕੇ ਪੂਰੀ ਸਮਰੱਥਾ ਅਨੁਸਾਰ ਪਾਣੀ ਨਹੀਂ ਲਿਜਾ ਰਹੀਆਂ | ਹੋਰ ਤਾਂ ਹੋਰ ਫ਼ੰਡਾਂ, ਮੁਲਾਜ਼ਮਾਂ ਅਤੇ ਮਸ਼ੀਨਰੀ ਦੀ ਘਾਟ ਕਾਰਨ ਘਾਹ-ਫੂਸ ਉੱਗ, ਗਾਰ ਜੰਮ ਬਦ ਤੋਂ ਬਦਤਰ ਰੂਪ ਧਾਰ ਚੁੱਕੀਆਂ ਛੋਟੀਆਂ ਨਹਿਰਾਂ, ਸੂਏ ਅਤੇ ਕੱਸੀਆਂ ਦੀ ਵੀ ਵਿਭਾਗ ਵਲੋਂ ਸਮੇਂ-ਸਿਰ ਸਫ਼ਾਈ ਨਹੀਂ ਕਰਵਾਈ ਗਈ, ਫ਼ਸਲ ਮਰਦੀ ਵੇਖ ਮਾਲਵੇ ਦੇ ਕਿਸਾਨਾਂ ਦੇ ਦਿਲਾਂ ਨੂੰ ਹੌਲ ਪੈ ਰਹੇ ਹਨ, ਜੋ ਸਰਕਾਰ ਨੂੰ ਕੋਸਦੇ ਹੋਏ ਜਿਥੇ ਖ਼ੁਦ ਨਹਿਰਾਂ ਖਾਲਣ ਦਾ ਹੰਭਲਾ ਮਾਰਨ ਲੱਗੇ ਹਨ, ਉਥੇ ਫ਼ਸਲ ਦੀ ਪੈਦਾਵਾਰ ਲਈ ਮਜਬੂਰੀਵੱਸ ਲੱਖਾਂ ਰੁਪਏ ਖ਼ਰਚ ਧਰਤੀ ਹੇਠਾਂ ਬੋਰ ਕਰਨ ਤੋਂ ਇਲਾਵਾ ਬਿਜਲੀ, ਪਾਣੀ ਦੀ ਲੋੜ ਨੂੰ ਪੂਰੀ ਕਰਨ ਲਈ ਜਨਰੇਟਰ ਖ਼ਰੀਦ ਰੋਜ਼ਾਨਾ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਪਾਣੀ ਦੀ ਥੁੜ੍ਹ ਨੂੰ ਧਰਤੀ ਹੇਠੋਂ ਕੱਢ ਕੇ ਪੂਰਾ ਕਰਨ ਦਾ ਯਤਨ ਕਰ ਰਹੇ ਹਨ, ਜਿਸ ਦਾ ਸਿੱਧਮ ਸਿੱਧਾ ਮਾੜਾ ਅਸਰ ਜਿਥੇ ਕਿਸਾਨ ਦੀ ਜੇਬ 'ਤੇ ਪੈ ਰਿਹਾ ਹੈ, ਉਥੇ ਕੁਦਰਤੀ ਸਰੋਤ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲਗਾਤਾਰ ਹੇਠਾਂ ਡਿਗਣ ਕਰਕੇ ਪਾਣੀਆਂ ਦਾ ਬਾਦਸ਼ਾਹ ਕਹਾਉਣ ਵਾਲਾ ਪੰਜਾਬ ਅੱਜ ਪਾਣੀ ਦੇ ਸੰਕਟ ਦੀ ਮਾਰ ਹੇਠ ਆ ਚੁੱਕਾ ਹੈ | ਦੱਸਣਯੋਗ ਹੈ ਕਿ ਪੰਜਾਬ ਦੇ ਖੇਤਾਂ ਨੂੰ ਸਿੰਜ ਕੇ ਭਰਪੂਰ ਫ਼ਸਲਾਂ ਲੈਣ ਲਈ ਅੰਗਰੇਜ਼ ਸਰਕਾਰ ਨੇ 1849 ਵਿਚ ਨਹਿਰੀ ਢਾਂਚਾ ਖੜ੍ਹਾ ਕਰਕੇ ਵੱਡੀਆਂ ਨਹਿਰਾਂ ਕੱਢੀਆਂ ਸਨ, ਜਿਸ ਸਦਕਾ ਅੱਜ ਪੰਜਾਬ ਅੰਦਰ 14,500 ਕਿੱਲੋਮੀਟਰ ਲੰਬਾ ਨਹਿਰੀ ਨੈੱਟਵਰਕ ਤਾਂ ਹੈ, ਪਰ ਫਿਰ ਵੀ ਖੇਤੀ ਹੇਠਲੇ ਕਰੀਬ 100 ਲੱਖ ਹੈਕਟੇਅਰ ਰਕਬੇ 'ਚੋਂ ਸਿਰਫ਼ 43 ਲੱਖ ਹੈਕਟੇਅਰ ਹੀ ਨਹਿਰੀ ਪਾਣੀ ਨਾਲ ਸਿੰਜਣ ਦੇ ਯੋਗ ਪ੍ਰਬੰਧ ਹਨ, ਬਾਕੀ ਖੇਤਰ ਤੱਕ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਪਾਣੀ ਨਹੀਂ ਪਹੰੁਚਾਇਆ ਜਾ ਸਕਿਆ | ਅੱਜ ਪੰਜਾਬ ਕੋਲ 14.22 ਐਮ.ਏ.ਐਫ. ਪਾਣੀ ਦੀ ਉਪਲਬਧਤਾ ਹੋਣ ਕਰਕੇ ਸੂਬੇ ਦੇ 42.90 ਲੱਖ ਹੈਕਟੇਅਰ ਰਕਬੇ 'ਚੋਂ 30.88 ਹੈਕਟੇਅਰ ਖੇਤਰ ਦੀ ਸਿੰਚਾਈ ਆਰਾਮ ਨਾਲ ਕੀਤੀ ਜਾ ਸਕਦੀ ਹੈ, ਪਰ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਵੱਖ-ਵੱਖ ਡੈਮਾਂ ਤੋਂ ਕੱਢੀਆਂ ਗਈਆਂ ਨਹਿਰਾਂ ਹਰਿਆਣਾ, ਦਿੱਲੀ, ਰਾਜਸਥਾਨ ਤਾਂ ਵੰਡ ਅਨੁਸਾਰ ਪੂਰਾ ਪਾਣੀ ਪਹੰੁਚਾ ਰਹੀਆਂ, ਪਰ ਪੰਜਾਬ ਦੇ ਖੇਤਾਂ ਤੱਕ ਨਹੀਂ ਪਹੰੁਚਾ ਰਹੀਆਂ, ਉਹੀ ਵਾਧੂ ਪਾਣੀ ਚੋਰੀ ਛਿਪੇ ਪਾਕਿਸਤਾਨ ਵੱਲ ਛੱਡ ਦਿੱਤਾ ਜਾਂਦਾ | ਨਹਿਰੀ ਵਿਭਾਗ ਦੇ ਸੂਤਰਾਂ ਅਨੁਸਾਰ ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ 1493 ਫੁੱਟ ਦੇ ਮੁਕਾਬਲੇ ਅੱਜ 1604.76 ਫੁੱਟ, ਪੌਾਗ ਡੈਮ ਪਿਛਲੇ ਸਾਲ 1283 ਫੁੱਟ ਦੇ ਮੁਕਾਬਲੇ ਅੱਜ 1327.63 ਫੁੱਟ ਹੈ, ਜਿੱਥੇ ਲਗਾਤਾਰ ਪਾਣੀ ਪਹਾੜਾਂ 'ਚੋਂ ਆਉਣ ਕਰਕੇ ਡੈਮਾਂ ਅੰਦਰ ਪਾਣੀ ਦਾ ਪੱਧਰ ਹੋਰ ਵੱਧ ਰਿਹਾ ਹੈ | ਪਾਣੀ ਦੀ ਕੋਈ ਕਮੀ ਨਹੀਂ ਹੈ, ਪਰ ਪਾਣੀ ਲਿਜਾਣ ਵਾਲੀਆਂ ਨਹਿਰਾਂ ਹੀ ਕੰਡਮ ਹਨ | ਵਰਨਣਯੋਗ ਹੈ ਕਿ ਮਾਝੇ ਦੇ ਇਲਾਕੇ 'ਚ ਪਾਣੀ ਵੰਡਣ ਵਾਲੀ ਯੂ.ਬੀ.ਡੀ.ਸੀ. ਸਰਕਲ ਅੰਮਿ੍ਤਸਰ ਅਧੀਨ ਪੈਂਦੀ ਅੱਪਰਬਾਰੀ ਦੁਆਬ ਨਹਿਰ ਦੀ 8514 ਕਿਊਸਿਕ ਸਮਰੱਥਾ ਹੈ, ਜੋ 7214 ਕਿਊਸਿਕ ਦੇ ਕਰੀਬ ਵਗ ਰਹੀ ਹੈ | ਇਸੇ ਤਰ੍ਹਾਂ ਮਾਲਵੇ ਤੇ ਰਾਜਸਥਾਨ ਦੇ ਖੇਤਰਾਂ ਨੂੰ ਸਿੰਜਣ ਵਾਲੀਆਂ ਪ੍ਰਮੁੱਖ ਨਹਿਰਾਂ 'ਚ ਸਤਲੁਜ, ਬਿਆਸ ਦਰਿਆ ਦੇ ਸੰਗਮ ਹਰੀਕੇ ਪੱਤਣ ਤੋਂ ਨਿਕਲਦੀ ਰਾਜਸਥਾਨ ਫੀਡਰ 13500 ਕਿਊਸਿਕ ਦੀ ਬਜਾਏ 11895, ਫ਼ਿਰੋਜ਼ਪੁਰ (ਸਰਹੰਦ) ਫੀਡਰ 12262 ਕਿਊਸਿਕ ਦੀ ਬਜਾਏ 10400, ਬੀਕਾਨੇਰ 3027 ਕਿਊਸਿਕ ਦੀ ਬਜਾਏ 2720, ਸਰਹਿੰਦ ਫੀਡਰ 5264 ਕਿਊਸਿਕ ਦੀ ਬਜਾਏ 4860 ਕਿਊਸਿਕ ਹੀ ਲਿਜਾ ਰਹੀਆਂ ਹਨ | ਪਾਣੀਆਂ ਦੀ ਵੰਡ ਸਬੰਧੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਲੋਂ 10 ਦਿਨਾਂ ਬਾਅਦ ਜਾਰੀ ਹੁੰਦੇ ਫ਼ਰਮਾਨਾਂ ਮੁਤਾਬਿਕ ਰਾਜਸਥਾਨ, ਹਰਿਆਣਾ, ਦਿੱਲੀ ਦੀਆਂ ਟੇਲਾਂ 'ਤੇ ਤਾਂ ਪਾਣੀ ਪੂਰਾ ਪੁੱਜਦਾ ਕੀਤਾ ਜਾਂਦਾ, ਪਰ ਘਾਟ ਦੀ ਮਾਰ ਪੰਜਾਬ ਦੇ ਕਿਸਾਨਾਂ ਨੂੰ ਸਹਿਣੀ ਪੈਂਦੀ ਹੈ, ਜਿਸ ਦਾ ਸਭ ਤੋਂ ਵੱਧ ਮਾੜਾ ਅਸਰ ਮਾਈਨਰਾਂ ਦੀ ਟੇਲਾਂ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਬਠਿੰਡਾ ਦੇ ਲੱਖਾਂ ਕਿਸਾਨਾਂ 'ਤੇ ਪੈ ਰਿਹਾ ਹੈ | ਸਰਕਾਰਾਂ ਤੋਂ ਲੋੜੀਂਦੇ ਫ਼ੰਡ ਨਾ ਮਿਲਣ 'ਤੇ ਵਿਭਾਗ ਨੇ ਨਹਿਰਾਂ ਦੀ ਸਫ਼ਾਈ ਨਹੀਂ ਕਰਵਾਈ, ਬਿਨਾਂ ਸਫ਼ਾਈ ਪਾਣੀ ਛੱਡੇ ਜਾਣ ਸਮੇਂ ਨਹਿਰਾਂ ਟੁੱਟ ਮੁੱਢ ਵਾਲੇ ਕਿਸਾਨਾਂ ਦੇ ਖੇਤਾਂ 'ਚ ਡੋਬਾ ਤੇ ਦੂਰ ਟੇਲਾਂ ਵਾਲੇ ਕਿਸਾਨ ਦੇ ਖੇਤ ਸੋਕੇ ਦੀ ਮਾਰ ਝੱਲ ਰਹੇ ਹਨ | ਸਿੰਚਾਈ ਵਿਭਾਗ ਵਲੋਂ ਅਬੋਹਰ ਇਲਾਕਾ ਵਾਰਬੰਦੀ ਦੀ ਜਿਥੇ ਮਾਰ ਹੇਠ ਹੈ, ਉਥੇ ਮਾਨਸੇ, ਸੰਗਰੂਰ, ਤਲਵੰਡੀ ਸਾਬੋ ਇਲਾਕੇ ਦੇ ਕਿਸਾਨਾਂ ਨੂੰ ਭਾਖੜਾ ਨਹਿਰ ਤੋਂ ਮਿਲਦੇ ਪਾਣੀ ਦੀ ਵਾਗਡੋਰ ਹਰਿਆਣਾ ਨਹਿਰੀ ਪ੍ਰਬੰਧਕਾਂ ਕੋਲ ਹੈ, ਜੋ ਮਰਜ਼ੀ ਨਾਲ ਮਾਈਨਰਾਂ 'ਚ 15-15 ਦਿਨ ਦੇ ਵਕਫ਼ੇ ਬਾਅਦ ਵਾਰਬੰਦੀ ਤਹਿਤ ਪਾਣੀ ਛੱਡ ਰਹੇ ਹਨ | 
ਨਹਿਰਾਂ ਦੀ ਸਾਂਭ-ਸੰਭਾਲ ਲਈ ਸਿੰਚਾਈ ਵਿਭਾਗ ਅੰਦਰ ਤਾਇਨਾਤ ਮੁਲਾਜ਼ਮਾਂ 'ਚ ਜੂਨੀਅਰ ਇੰਜੀਨੀਅਰ, ਹੈੱਡ ਡਰਾਫਟਸਮੈਨ, ਡਰਾਫਟਸਮੈਨ, ਸੁਪਰਡੈਂਟ, ਸੀਨੀਅਰ ਸਹਾਇਕ, ਕਲਰਕ, ਬੇਲਦਾਰ, ਸੇਵਾਦਾਰਾਂ ਆਦਿ ਮੁਲਾਜ਼ਮਾਂ ਦੀਆਂ 60 ਫ਼ੀਸਦੀ ਅਸਾਮੀਆਂ ਜਿੱਥੇ ਖਾਲੀ ਪਈਆਂ ਹਨ, ਉਥੇ ਵਿਭਾਗ ਕੋਲ ਮਸ਼ੀਨਰੀ ਦੀ ਵੀ ਵੱਡੀ ਘਾਟ ਹੈ, ਜੋ ਵਿਭਾਗ ਦੀ ਕਾਰਗੁਜ਼ਾਰੀ ਨੂੰ ਢਾਅ ਲਗਾ ਰਹੀ ਹੈ | 
ਸੁਧਾਰਾਂ ਸਬੰਧੀ ਕੇਂਦਰ ਤੋਂ ਮੰਗੇ ਗਏ ਹਨ ਫ਼ੰਡ ਸਿੰਚਾਈ ਮੰਤਰੀ,ਵਿਭਾਗ ਅੰਦਰ ਮੁਲਾਜ਼ਮਾਂ ਤੇ ਮਸ਼ੀਨਰੀ ਦੀ ਘਾਟ ਨੂੰ ਜਲਦੀ ਪੂਰਾ ਕਰਨ ਦਾ ਦਾਅਵਾ ਕਰਦਿਆਂ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਮਾਈਨਰਾਂ ਦੀ ਸਫ਼ਾਈ ਲਈ ਫ਼ੰਡ ਤਾਂ ਜਾਰੀ ਕੀਤੇ ਗਏ ਹਨ, ਬਾਕੀ ਜੇਕਰ ਕੋਈ ਮਾਈਨਰ ਦੀ ਸਫ਼ਾਈ ਹੋਣੀ ਬਾਕੀ ਹੈ ਤਾਂ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਪੂਰਾ ਪਾਣੀ ਨਾ ਖਿੱਚ ਰਹੀਆਂ ਵੱਡੀਆਂ ਨਹਿਰਾਂ ਦੀ ਮੁਰੰਮਤ ਅਤੇ ਸਫ਼ਾਈ ਲਈ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖੇ ਗਏ ਹਨ, ਤਾਂ ਜੋ ਵਿਭਾਗ 'ਚ ਲੋੜੀਂਦੇ ਸੁਧਾਰ ਕਰਕੇ ਨਹਿਰੀ ਢਾਂਚੇ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ | 
ਮਾਰੂਥਲ ਬਣਨ ਵੱਲ ਵਧ ਰਿਹਾ ਪੰਜਾਬ ,ਦਰਿਆਵਾਂ ਤੇ ਹੋਰ ਕੁਦਰਤੀ ਸੋਮਿਆਂ ਤੋਂ ਪ੍ਰਾਪਤ ਪਾਣੀ 'ਤੇ ਜੇ ਨਜ਼ਰ ਮਾਰੀਏ ਤਾਂ ਮੁੱਖ ਨਦੀਆਂ ਆਪਣੀ ਸਮਰੱਥਾ ਤੋਂ ਘਟਾ ਕੇ ਤਕਰੀਬਨ 70 ਫ਼ੀਸਦੀ ਪਾਣੀ ਲਿਆ ਰਹੀਆਂ ਹਨ | ਮੁੱਖ ਨਹਿਰਾਂ ਤੋਂ ਸੈਂਕੜੇ ਸੂਏ ਅਤੇ ਛੋਟੀਆਂ ਨਹਿਰਾਂ ਕੱਢੀਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ 1500 ਦੇ ਆਸ-ਪਾਸ ਹੈ, ਉਨ੍ਹਾਂ 'ਚ ਪਾਣੀ ਦੀ ਮਾਤਰਾ 40 ਤੋਂ 50 ਫ਼ੀਸਦੀ ਰਹਿ ਗਈ ਹੈ | ਪੰਜਾਬ ਦੇ ਖੇਤਾਂ ਨੂੰ ਸਿੰਜਣ ਲਈ 14 ਲੱਖ 25 ਹਜ਼ਾਰ ਦੇ ਕਰੀਬ ਟਿਊਬਵੈੱਲ ਲਗਾਤਾਰ ਧਰਤੀ ਹੇਠੋਂ ਪਾਣੀ ਕੱਢਣ 'ਚ ਜੁਟੇ ਹੋਏ ਹਨ, ਜਿਸ ਕਾਰਨ ਪੰਜਾਬ ਦੇ 136 ਬਲਾਕਾਂ 'ਚੋਂ 112 ਡਾਰਕ ਜ਼ੋਨ ਵਿਚ ਆ ਗਏ ਹਨ | ਹਾਲਾਤ ਇਹੀ ਰਹੇ ਤਾਂ ਜਲਦ ਪੰਜਾਬ ਮਾਰੂਥਲ ਬਣ ਜਾਵੇਗਾ |

-----  ਅਮਨਜੀਤ ਸਿੰਘ ਖਹਿਰਾ