ਰਾਸ਼ਟਰਪਤੀ ਨੇ ਯੂਏਪੀਏ ’ਚ ਸੋਧਾਂ ਨੂੰ ਦਿੱਤੀ ਪ੍ਰਵਾਨਗੀ

ਨਵੀਂ ਦਿੱਲੀ,  ਅਗਸਤ 2019- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਸ ਕਾਨੂੰਨ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਤਹਿਤ ਵਿਅਕਤੀਆਂ ਨੂੰ ਦਹਿਸ਼ਤਗਰਦ ਐਲਾਨ ਕੇ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ। ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਸੋਧ ਐਕਟ, 2019 ਤਹਿਤ ਜਿਹੜੇ ਵਿਅਕਤੀ ਨੂੰ ਦਹਿਸ਼ਤਗਰਦ ਐਲਾਨਿਆ ਜਾਵੇਗਾ, ਉਸ ਦੇ ਯਾਤਰਾ ਕਰਨ ’ਤੇ ਪਾਬੰਦੀ ਲੱਗ ਜਾਵੇਗੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਬਿੱਲ ਨੂੰ ਵੀਰਵਾਰ ਰਾਤ ਸਹਿਮਤੀ ਦਿੱਤੀ। ਲੋਕ ਸਭਾ ਨੇ 24 ਜੁਲਾਈ ਅਤੇ ਰਾਜ ਸਭਾ ਨੇ 2 ਅਗਸਤ ਨੂੰ ਸੋਧ ਬਿੱਲ ਪਾਸ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਨੂੰ ਲੋੜੀਂਦੇ ਲਸ਼ਕਰ-ਏ-ਤੋਇਬਾ ਦੇ ਬਾਨੀ ਹਾਫ਼ਿਜ਼ ਸਈਦ ਅਤੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਇਸ ਕਾਨੂੰਨ ਤਹਿਤ ਸਭ ਤੋਂ ਪਹਿਲਾਂ ਵਿਅਕਤੀਗਤ ਤੌਰ ’ਤੇ ਦਹਿਸ਼ਤਗਰਦ ਨਾਮਜ਼ਦ ਕੀਤੇ ਜਾਣ ਦੀ ਸੰਭਾਵਨਾ ਹੈ। ਸੋਧਾਂ ਨਾਲ ਕੌਮੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਨੂੰ ਅਧਿਕਾਰ ਮਿਲ ਗਏ ਹਨ ਕਿ ਉਹ ਅਤਿਵਾਦੀ ਸਰਗਰਮੀਆਂ ਤੋਂ ਬਣਾਈ ਜਾਇਦਾਦ ਨੂੰ ਜ਼ਬਤ ਕਰ ਸਕੇ। ਇਸ ਤੋਂ ਪਹਿਲਾਂ ਐੱਨਆਈਏ ਨੂੰ ਸਬੰਧਤ ਸੂਬਿਆਂ ਦੇ ਪੁਲੀਸ ਮੁਖੀ ਤੋਂ ਅਗਾਊਂ ਇਜਾਜ਼ਤ ਲੈਣੀ ਪੈਂਦੀ ਸੀ।