ਸੰਸਦ 'ਚ ਕਿਸੇ ਨੇ ਵੀ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਨਹੀਂ ਮਾਰਿਆ-ਆਗੂ

ਨਵੀਂ ਦਿੱਲੀ, ਅਗਸਤ 2019 ( ਇਕਬਾਲ ਸਿੰਘ ਰਸੂਲਪੁਰ )- ਦੇਸ਼ ਦੀਆਂ 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਦੇ ਮਹਿਰੌਲੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਪਿਛਲੇ ਹਫ਼ਤੇ ਹੀ ਖ਼ਤਮ ਹੋਏ ਸੰਸਦ ਇਜਲਾਸ ਦੀ ਸਮੀਖਿਆ ਵੀ ਕੀਤੀ ਗਈ। ਕਿਸਾਨ ਆਗੂਆਂ ਨੇ ਇਸ ਗੱਲ 'ਤੇ ਗਿਲਾ ਜ਼ਾਹਿਰ ਕੀਤਾ ਕਿ ਕਿਸਾਨ ਸੰਕਟ 'ਤੇ ਨਾ ਤਾਂ ਕਿਸੇ ਸੱਤਾਧਾਰੀ ਪਾਰਟੀਆਂ ਨਾਲ ਜੁੜੇ ਸੰਸਦ ਮੈਂਬਰਾਂ ਨੇ ਆਵਾਜ਼ ਬੁਲੰਦ ਕੀਤੀ ਤੇ ਨਾ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ, ਜੋ ਕਿ ਦੇਸ਼ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ। ਇਸ ਲਈ ਮੀਟਿੰਗ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ 2 ਅਕਤੂਬਰ ਨੂੰ ਭਾਰਤ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਸਮਾਧੀ ਰਾਜਘਾਟ ਦਿੱਲੀ ਵਿਖੇ ਕਿਸਾਨਾਂ ਦੀ ਇਕ ਵੱਡੀ ਕੌਮੀ ਕਿਸਾਨ ਪੰਚਾਇਤ ਕਰਕੇ ਦੇਸ਼ ਦੇ ਕਿਸਾਨ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ, ਤਾਂ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਚੌਰਾਹੇ ਭਾਂਡਾ ਭੰਨਿਆ ਜਾਵੇ। ਇਸ ਉੱਚ ਪੱਧਰੀ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਦੇਸ਼ ਦੇ ਕਿਸਾਨਾਂ ਕੋਲ ਹੁਣ ਸਿਰਫ਼ ਅੰਦੋਲਨ ਦਾ ਹੀ ਰਸਤਾ ਰਹਿ ਗਿਆ ਹੈ। ਇਸ ਮੀਟਿੰਗ 'ਚ ਵੀ.ਐਨ. ਸਿੰਘ, ਯੂ.ਪੀ., ਲਾਲ ਬਹਾਦਰ ਸ਼ਾਸਤਰੀ ਦੇ ਦੋਹਤੇ ਸੰਜੇ ਨਾਥ, ਘਨੱਈਆ ਲਾਲ, ਨੀਲਾ ਧਾਰ ਰਾਜਪੂਤ, ਵਰਿੰਦਰ ਰਾਏ, ਆਰ.ਵੀ. ਗਿਰੀ, ਰਘੂਨਾਥ ਪਾਟਿਲ, ਦਸ਼ਰਥ ਰੈਡੀ, ਸ਼ਮਸ਼ੇਰ ਦਹੀਆ ਸਮੇਤ ਵੱਖ-ਵੱਖ ਸੂਬਿਆਂ ਦੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ।