ਅਮਰੀਕਾ ’ਚ ਭਾਰਤੀ ਪਰਵਾਸੀ ਦੀ ਭੁੱਖ ਹੜਤਾਲ ਜਬਰੀ ਤੁੜਵਾਈ

ਏਲ ਪਾਸੋ, ਅਗਸਤ 2019- ਬੰਦੀ ਕੇਂਦਰ ’ਚ ਪਰਵਾਸੀਆਂ ਦੀ ਭੁੱਖ ਹੜਤਾਲ ਜਬਰੀ ਤੁੜਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਟਾਰਨੀ ਲਿੰਡਾ ਕੋਰਚਾਡੋ ਨੇ ਦੱਸਿਆ ਕਿ ਵੀਰਵਾਰ ਨੂੰ ਭਾਰਤੀ ਨੂੰ ਵ੍ਹੀਲਚੇਅਰ ’ਤੇ ਲਿਆਂਦਾ ਗਿਆ ਜਿਸ ਦੇ ਨੱਕ ਰਾਹੀਂ ਸਰੀਰ ’ਚ ਟਿਊਬਾਂ ਪਈਆਂ ਹੋਈਆਂ ਸਨ। ਭਾਰਤੀ ਵਿਅਕਤੀ ਨੇ ਦੱਸਿਆ ਕਿ ਉਸ ਦੀ ਜਬਰੀ ਭੁੱਖ ਹੜਤਾਲ ਤੁੜਵਾਈ ਗਈ ਹੈ। ਅਮਰੀਕਾ ’ਚ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਦਾਖ਼ਲੇ ਕਾਰਨ ਪਰਵਾਸੀਆਂ ਨੂੰ ਫੜ ਕੇ ਸਰਹੱਦ ’ਤੇ ਬਣੇ ਬੰਦੀ ਕੇਂਦਰਾਂ ’ਚ ਡੱਕ ਦਿੱਤਾ ਜਾਂਦਾ ਹੈ। ਇਹ ਪਰਵਾਸੀ, ਅਮਰੀਕਾ ’ਚ ਦਾਖ਼ਲੇ ਲਈ ਭੁੱਖ ਹੜਤਾਲ ਸਮੇਤ ਹੋਰ ਕਈ ਕਦਮ ਉਠਾਉਂਦੇ ਰਹਿੰਦੇ ਹਨ। ਅਟਾਰਨੀ ਨੇ ਦੱਸਿਆ ਕਿ ਪਹਿਲਾਂ ਵੀ ਜਬਰੀ ਭੁੱਖ ਹੜਤਾਲ ਖੁਲ੍ਹਵਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। 35 ਵਰ੍ਹਿਆਂ ਦੇ ਭਾਰਤੀ ਪਰਵਾਸੀ ਨੇ ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਉਹ ਭਾਰਤ ਪਰਤਣ ਦੀ ਬਜਾਏ ਹਿਰਾਸਤ ’ਚ ਭੁੱਖੇ ਮਰ ਜਾਣਾ ਪਸੰਦ ਕਰੇਗਾ। ਨੌਜਵਾਨ ਨੇ ਕਿਹਾ ਕਿ ਸਿਆਸੀ ਸਰਗਰਮੀ ਕਰਕੇ ਉਸ ਦੀ ਜਾਨ ਨੂੰ ਮੁਲਕ ’ਚ ਖ਼ਤਰਾ ਹੈ। ਉਸ ਦੇ ਸਿਆਸਤ ਨਾਲ ਜੁੜੇ ਹੋਣ ਕਰਕੇ ਉਸ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ ਅਤੇ ਭੈਣ ’ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ। ਲਿੰਡਾ ਨੇ ਕਿਹਾ ਕਿ ਅਮਰੀਕਾ ਹੁਣ ਉਸ ’ਤੇ ਤਸੀਹੇ ਢਾਹ ਰਿਹਾ ਹੈ ਅਤੇ ਉਹ ਇਸ ਦੀ ਕੀਮਤ ਚੁਕਾ ਰਿਹਾ ਹੈ ਕਿਉਂਕਿ ਉਹ ਅਜੇ ਵੀ ਇਥੇ ਵਸਣਾ ਚਾਹੁੰਦਾ ਹੈ।