ਬ੍ਰੈਗਜ਼ਿਟ ਨੂੰ ਰੋਕਣਾ ਹੈ ਤਾਂ ਮੈਨੂੰ ਆਰਜ਼ੀ ਪ੍ਰਧਾਨ ਮੰਤਰੀ ਬਣਾ ਦਿਓ–ਜੈਰਮੀ ਕੌਰਬਿਨ

ਲੰਡਨ, ਅਗਸਤ 2019 (ਗਿਆਨੀ ਰਾਵਿਦਰਪਾਲ ਸਿੰਘ)- ਬ੍ਰੈਗਜ਼ਿਟ ਨੂੰ ਲੈ ਕੇ ਸਾਲ 2016 ਤੋਂ ਯੂ.ਕੇ. ਅਤੇ ਯੂਰਪੀ ਸੰਘ ਬੁਰੀ ਤਰ੍ਹਾਂ ਫਸੇ ਮਹਿਸੂਸ ਹੋ ਰਹੇ ਹਨ | ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਬ੍ਰੈਗਜ਼ਿਟ ਲਈ ਮਿਥੀ 31 ਅਕਤੂਬਰ ਨੂੰ ਹਰ ਹਾਲ 'ਚ ਯੂਰਪੀ ਸੰਘ ਤੋਂ ਵੱਖ ਹੋਣਾ ਚਾਹੁੰਦੇ ਹਨ | ਉਹ ਕਰੋ ਜਾਂ ਮਰੋ ਦੀ ਨੀਤੀ 'ਤੇ ਚੱਲ ਰਹੇ ਹਨ | ਉਨ੍ਹਾਂ ਅਨੁਸਾਰ ਜੇ ਯੂਰਪੀ ਸੰਘ ਕੋਈ ਸਾਂਝਾ ਸਮਝੌਤਾ ਕਰਦਾ ਹੈ ਤਾਂ ਚੰਗੀ ਗੱਲ ਹੈ ਨਹੀਂ ਤਾਂ ਬਿਨ੍ਹਾ ਕਿਸੇ ਸਮਝੌਤੇ ਦੇ ਹੀ ਜੁੱਲੀ ਬਿਸਤਰਾ ਚੁੱਕ ਕੇ ਵੱਖ ਹੋ ਜਾਵੋ | ਪਰ ਬਿਨਾਂ ਸਮਝੌਤੇ ਵੱਖ ਹੋਣ ਦੇ ਸੁਝਾਅ ਨਾਲ ਜਿੱਥੇ ਵਿਰੋਧੀ ਧਿਰ ਲੇਬਰ ਪਾਰਟੀ ਸਹਿਮਤ ਨਹੀਂ, ਉੱਥੇ ਹੀ ਬਹੁਤ ਸਾਰੇ ਸੱਤਾਧਾਰੀ ਪਾਰਟੀ ਦੇ ਸੰਸਦ ਵੀ ਸਹਿਮਤ ਨਹੀਂ | ਬੌਰਿਸ ਦੀ ਨੋ ਡੀਲ (ਬਿਨ੍ਹਾ ਸਮਝੌਤੇ ਵੱਖ ਹੋਣ) ਦੀ ਨੀਤੀ ਤੋਂ ਹਰ ਕੋਈ ਖ਼ਤਰਾ ਮਹਿਸੂਸ ਕਰ ਰਿਹਾ ਹੈ, ਨੋ ਡੀਲ ਨੂੰ ਰੋਕਣ ਲਈ ਲੇਬਰ ਪਾਰਟੀ ਦੇ ਨੇਤਾ ਜੈਰਮੀ ਕੌਰਬਿਨ ਨੇ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਨੂੰ ਆਰਜ਼ੀ ਤੌਰ 'ਤੇ ਬਰਤਾਨੀਆ ਦਾ ਨਵਾਂ ਪ੍ਰਧਾਨ ਮੰਤਰੀ ਐਲਾਨ ਦਿੱਤਾ ਜਾਵੇ, ਤਾਂ ਕਿ ਉਹ ਨੋ ਡੀਲ ਦੇ ਪ੍ਰਸਤਾਵ ਨੂੰ ਰੋਕ ਸਕਣ | ਉਹਨਾਂ ਇਹ ਵੀ ਕਿਹਾ ਕਿ ਉਹ ਬ੍ਰੈਗਜ਼ਿਟ ਨੂੰ ਹੋਰ ਲਮਕਾ ਦੇਣਗੇ, ਨਵੀਂਆਂ ਚੋਣਾਂ ਦਾ ਐਲਾਨ ਕਰ ਦੇਣਗੇ ਅਤੇ ਇਕ ਹੋਰ ਜਨਮੱਤ ਕਰਵਾਉਣਗੇ | ਉਨ੍ਹਾਂ ਕਿਹਾ ਕਿ ਜੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਅਤੇ ਸੱਤਾਧਾਰੀ ਦੇ ਸੰਸਦ ਸਹਿਯੋਗ ਦੇਣ ਤਾਂ ਉਹ ਪ੍ਰਧਾਨ ਮੰਤਰੀ ਿਖ਼ਲਾਫ਼ ਢੁਕਵਾਂ ਸਮਾਂ ਵੇਖ ਕੇ ਬੇਭਰੋਸਗੀ ਮਤਾ ਲਿਆ ਸਕਦੇ ਹਨ | ਉਨ੍ਹਾਂ ਇਸ ਸਬੰਧੀ ਇਕ ਪੱਤਰ ਵੀ ਸੰਸਦ ਮੈਂਬਰਾਂ ਨੂੰ ਲਿਖਿਆ ਹੈ | ਪਰ ਜੈਰਮੀ ਕੌਰਬਿਨ ਦੇ ਇਸ ਸੁਝਾਅ ਨੂੰ ਸੱਤਾਧਾਰੀ ਟੋਰੀ ਪਾਰਟੀ ਦੇ ਸੀਨੀਅਰ ਆਗੂ ਸਰ ਓਲਿਵਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੌਰਬਿਨ ਦਾ ਪੱਤਰ ਮਿਲਿਆ ਹੈ | ਉਨ੍ਹਾਂ ਕਿਹਾ ਕਿ ਉਹ ਇਸ ਦੀ ਹਮਾਇਤ ਨਹੀਂ ਕਰਨਗੇ | ਲਿਬਰਲ ਡੈਮੋਕ੍ਰੇਟਿਕ ਪਾਰਟੀ ਦੀ ਲੀਡਰ ਜੋ ਸਵਿਨਸਨ ਨੇ ਵੀ ਜੈਰਮੀ ਕੌਰਬਿਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ |