ਆਸਟਰੇਲੀਆ ਵਿਚ ਵੱਖ ਵੱਖ ਜੁਰਮਾਂ ਹੇਠ ਚਾਰ ਭਾਰਤੀ ਕਾਬੂ

 

ਸਿਡਨੀ-(ਜਨ ਸ਼ਕਤੀ ਨਿਊਜ)-

ਆਸਟਰੇਲਿਆਈ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿਚ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਹੈ। ਇਨ੍ਹਾਂ ਵਿਚੋਂ ਜਤਿੰਦਰ ਸਿੰਘ ਸਹੋਤਾ ’ਤੇ ਦੋਸ਼ ਸਾਬਿਤ ਹੋਇਆ ਹੈ ਕਿ ਉਸ ਨੇ ਰੀਅਲ ਅਸਟੇਟ ਕਾਰੋਬਾਰ ਕਰਦੇ ਹੋਏ ਖ਼ਰੀਦਦਾਰ ਦੀ ਬਿਆਨਾ ਰਕਮ ਹੜੱਪ ਲਈ। ਬਿਆਨੇ ਨੂੰ ਟਰੱਸਟ ਖਾਤੇ ਵਿਚ ਜਮ੍ਹਾਂ ਨਹੀਂ ਕਰਵਾਇਆ ਗਿਆ ਤੇ ਖ਼ਰੀਦ ਸਿਰੇ ਨਾ ਚੜ੍ਹਨ ਬਾਅਦ ਮੁਲਜ਼ਮ ਨੇ ਰਕਮ ਵਾਪਸ ਨਹੀਂ ਕੀਤੀ। ਅਦਾਲਤ ਨੇ ਸਹੋਤਾ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ ਤੇ ਪੀੜਤ ਗਾਹਕ ਨੂੰ ਕਰੀਬ 46 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਦਾ ਹੁਕਮ ਹੋਇਆ ਹੈ ਤੇ ਉਸ ’ਤੇ ਇਸ ਕਾਰੋਬਾਰ ਲਈ 7 ਸਾਲ ਦੀ ਪਾਬੰਦੀ ਲਾ ਦਿੱਤੀ ਗਈ ਹੈ।

ਦੂਜਾ ਵਿਅਕਤੀ ਗੋਪੀ ਨਾਥ (29) ਹੈ, ਜੋ ਵਿਕਟੋਰੀਆ ’ਚ ਪੁਲੀਸ ਅਫ਼ਸਰ ਸੀ। ਸਾਲ 2016 ਦੌਰਾਨ ਥਾਣੇ ਵਿਚ ਉਸ ਦੀ ਨਾਬਾਲਗ਼ ਲੜਕੀ ਨਾਲ ਮੁਲਾਕਾਤ ਹੋਈ। ਲੜਕੀ ਨੇ ਪੁਲੀਸ ਕੋਲੋਂ ਮਿਲੀ ਮਦਦ ਦਾ ਸ਼ੁਕਰਾਨਾ ਫੇਸਬੁੱਕ ਰਾਹੀਂ ਕੀਤਾ। ਦੋਹਾਂ ਵਿਚ ਫੇਸਬੁੱਕ ’ਤੇ ਗੱਲਬਾਤ ਹੋਈ। ਇਸ ਦੌਰਾਨ ਲੜਕੀ ਨੂੰ ਕਈ ਇਤਰਾਜ਼ਯੋਗ ਸੰਦੇਸ਼ ਤੇ ਤਸਵੀਰਾਂ ਪ੍ਰਾਪਤ ਹੋਈਆਂ। ਮਾਮਲਾ ਅਦਾਲਤ ’ਚ ਗਿਆ ਤੇ ਗੋਪੀ ਨਾਥ ਨੂੰ 10 ਮਹੀਨੇ ਦੀ ਜੇਲ੍ਹ ਹੋ ਗਈ। ਉਸ ਨੂੰ ਨੌਕਰੀ ਤੋਂ ਵੀ ਹੱਥ ਧੋਣੇ ਪਏ ਹਨ। ਤੀਜੇ ਭਾਰਤੀ ਜੋਤਸ਼ੀ ਅਰਜਨ (31) ਉੱਪਰ ਦੋਸ਼ ਲੱਗਾ ਹੈ ਕਿ ਉਸ ਨੇ ਨਾਬਾਲਗ਼ ਲੜਕੀ ਨਾਲ ਛੇੜਛਾੜ ਕੀਤੀ। ਉਸ ਦਾ ਪੇਸ਼ਾ ਜੋਤਿਸ਼ ਸ਼ਾਸਤਰ ਸੀ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਉਹ ਦੇਸ਼ ਛੱਡਣ ਦੀ ਤਾਕ ਵਿਚ ਹੈ, ਇਸ ਮਗਰੋਂ ਪੁਲੀਸ ਨੇ ਜੋਤਸ਼ੀ ਨੂੰ ਸਿਡਨੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਉਸ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਹੈ।

ਚੌਥੇ ਭਾਰਤੀ ਸੰਦੀਪ ਸਿੰਘ ਉੱਪਰ ਦੋਸ਼ ਲੱਗੇ ਹਨ ਕਿ ਉਸ ਨੇ 27 ਨਵੰਬਰ ਨੂੰ ਕਾਰ ਚਲਾਉਦੇ ਸਮੇਂ ਸੜਕ ’ਤੇ ਔਰਤ ਨੂੰ ਦਰੜ ਦਿੱਤਾ। ਔਰਤ ਦੀ ਮੌਤ ਹੋ ਗਈ ਤੇ ਸੰਦੀਪ ਖ਼ਿਲਾਫ਼ ਕੇਸ ਦਰਜ ਹੋ ਗਿਆ। ਪੁਲੀਸ ਨੂੰ ਸੂਚਨਾ ਮਿਲੀ ਕਿ ਉਹ ਮੁਲਕ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲੀਸ ਨੇ ਉਸ ਨੂੰ ਦਬੋਚ ਲਿਆ ਤੇ ਅਦਾਲਤ ਵਿਚ ਪੇਸ਼ ਕੀਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਫਰਵਰੀ ਨੂੰ ਹੈ।