ਨਵਜੋਤ ਕੌਰ ਸਿੱਧੂ ਤੇ ਤਿਵਾੜੀ ਨੇ ਟਿਕਾਈ ਚੰਡੀਗੜ੍ਹ ਸੀਟ ’ਤੇ ਨਜ਼ਰ

 

ਚੰਡੀਗੜ੍ਹ-(ਜਨ ਸ਼ਕਤੀ ਨਿਊਜ)-

ਪੰਜਾਬ ਵਜ਼ਾਰਤ ਵਿੱਚ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਪੰਜਾਬ ਦੀ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਹਲਕੇ ਨੂੰ ਛੱਡ ਕੇ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਪੇਸ਼ ਕਰਕੇ ਸਿਆਸੀ ਹਲਚਲ ਮਚਾ ਦਿੱਤੀ ਹੈ। ਉਧਰ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਪੇਸ਼ ਸੱਜਰੇ ਦਾਅਵੇ ਨਾਲ ਚੰਡੀਗੜ੍ਹ ਸੰਸਦੀ ਸੀਟ ਤੋਂ ਟਿਕਟ ਲਈ ਕਾਂਗਰਸ ਵਿਚਾਲੇ ਤਿੰਨ ਧਿਰੀ ਮੁਕਾਬਲੇ ਦੇ ਆਸਾਰ ਬਣ ਸਕਦੇ ਹਨ। ਤੀਜੇ ਦਾਅਵੇਦਾਰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਹਨ। ਸ੍ਰੀਮਤੀ ਸਿੱਧੂ ਨੇ ਜਿਸ ਤਰੀਕੇ ਨਾਲ ਚੰਡੀਗੜ੍ਹ ਵਿੱਚ ਦਸਤਕ ਦਿੱਤੀ ਹੈ, ਉਸ ਤੋਂ ਇਕ ਗੱਲ ਤਾਂ ਸਪਸ਼ਟ ਹੈ ਕਿ ਸਿੱਧੂ ਜੋੜੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਆਪਣੀਆਂ ਨਜ਼ਦੀਕੀਆਂ ਦਾ ਲਾਭ ਉਠਾ ਲਿਆ ਹੈ।

ਸ੍ਰੀਮਤੀ ਨਵਜੋਤ ਕੌਰ ਸਿੱਧੂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਵਿੱਚ ਸਨ। ਉਨ੍ਹਾਂ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੇ ਬਾਗੀ ਧੜੇ ਦੀ ਅਗਵਾਈ ਕਰ ਰਹੀ ਸਾਬਕਾ ਮੇਅਰ ਪੂਨਮ ਸ਼ਰਮਾ ਵੱਲੋਂ ਧਨਾਸ ਕਲੋਨੀ ਵਿੱਚ ਰੱਖੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸ੍ਰੀਮਤੀ ਸਿੱਧੂ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਧੜੇਬੰਦੀਆਂ ਚਲਦੀਆਂ ਆ ਰਹੀਆਂ ਹਨ, ਜਿਸ ਕਾਰਨ ਉਹ ਪੰਜਾਬ ਛੱਡ ਕੇ ਚੰਡੀਗੜ੍ਹ ਤੋਂ ਲੋਕ ਸਭਾ ਦੀ ਚੋਣ ਲੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿੱਚ ਕੋਈ ਧੜਾ ਨਹੀਂ ਹੈ। ਸ੍ਰੀਮਤੀ ਸਿੱਧੂ ਨੇ ਦਾਅਵਾ ਕੀਤਾ ਕਿ ਜੇ ਹਾਈਕਮਾਂਡ ਚੰਡੀਗੜ੍ਹ ਤੋਂ ਉਨ੍ਹਾਂ ਨੂੰ ਟਿਕਟ ਦੇਵੇਗੀ ਤਾਂ ਸ੍ਰੀ ਬਾਂਸਲ ਉਨ੍ਹਾਂ ਨੂੰ ਸਮਰਥਨ ਜ਼ਰੂਰ ਦੇਣਗੇ ਅਤੇ ਜੇ ਸ੍ਰੀ ਬਾਂਸਲ ਨੂੰ ਟਿਕਟ ਮਿਲੀ ਤਾਂ ਉਹ ਵੀ ਉਨ੍ਹਾਂ ਦਾ ਖੁੱਲ੍ਹ ਕੇ ਸਮਰਥਨ ਕਰਨਗੇ। ਉਨ੍ਹਾਂ ਚੰਡੀਗੜ੍ਹ ਦੀ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਉਪਰ ਵਰ੍ਹਦਿਆਂ ਕਿਹਾ ਕਿ ਉਹ ਸ਼ਹਿਰ ਵਿਚ ਹੋਰ ਤਾਂ ਕੁਝ ਨਹੀਂ ਕਰਵਾ ਸਕੀ ਘੱਟੋ-ਘੱਟ ਫਿਲਮੀ ਹਸਤੀ ਹੋਣ ਕਾਰਨ ਇਥੇ ਫਿਲਮ ਸਿਟੀ ਹੀ ਬਣਵਾ ਦਿੰਦੇ। ਇਸ ਮੌਕੇ ਪਵਨ ਬਾਂਸਲ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਹਾਈਕਮਾਂਡ ਉਨ੍ਹਾਂ ਨੂੰ ਹੀ ਟਿਕਟ ਦੇਵੇਗੀ।

ਤਿਵਾੜੀ ਨੇ ਵੀ ਦਾਅਵਾ ਠੋਕਿਆ

ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅੱਜ ਚੰਡੀਗੜ੍ਹ ਕਾਂਗਰਸ ਦੇ ਦਫਤਰ ਪੁੱਜੇ ਅਤੇ ਪ੍ਰਧਾਨ ਪ੍ਰਦੀਪ ਛਾਬੜਾ ਨੂੰ ਚੰੜੀਗੜ੍ਹ ਤੋਂ ਚੋਣ ਲੜਨ ਦੀ ਅਰਜ਼ੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਦੇ ਜੰਮਪਲ ਹਨ ਅਤੇ ਐਤਕੀਂ ਇਥੋਂ ਹੀ ਸੰਸਦੀ ਚੋਣ ਲੜਨਾ ਚਾਹੁੰਦੇ ਹਨ। ਤਿਵਾੜੀ ਦੇ ਦਾਅਵੇ ਨਾਲ ਚੰਡੀਗੜ੍ਹ ਵਿੱਚ ਟਿਕਟ ਹਾਸਲ ਕਰਨ ਲਈ ਕਾਂਗਰਸ ਦੇ ਤਿੰਨ ਧੜੇ ਖੜੇ ਹੋ ਗਏ ਹਨ।