ਪੰਥ ਅਤੇ ਪੰਜਾਬ ਪ੍ਰਸਤ ਲੋਕ ਅਕਾਲੀ ਦਲ ਦੇ ਮੁੜ ਉਭਾਰ ਲਈ ਸਿਰਜੋੜ ਉਪਰਾਲਾ ਕਰਨ-ਫੈਡਰੇਸ਼ਨ ਗਰੇਵਾਲ

 

ਜਗਰਾਉਂ- ( ਮਨਜਿੰਦਰ ਸਿੰਘ ਗਿੱਲ/ਜਨ ਸਕਤੀ ਨਿਉਜ)-ਸਿੱਖ ਕੌਮ ਅਤੇ ਪੰਜਾਬ ਦੀ ਵਿਰਾਸਤ ਨੂੰ ਅਗਾਂਹ ਤੋਰਨ ਤੇ ਜਿਉਂਦਾ ਰੱਖਣ, ਖਿੱਤੇ ਦੇ ਹੱਕਾਂ ਲਈ ਜੱਦੋਂ-ਜਹਿਦ ਕਰਨ, ਕੌਮ ਅਤੇ ਪੰਜਾਬ ਦੇ ਉਜਲੇ ਭਵਿੱਖ ਦੀ ਘਾੜਣਹਾਰ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਤੋਂ ਮਜ਼ਬੂਤ ਉਭਾਰ ਲਈ ਪੰਥਕ ਹਿਤੈਸ਼ੀ ਲੋਕ ਸਿਰਜੋੜ ਉਪਰਾਲਾ ਕਰਨ ਤਾਂ ਕਿ ਪੰਥ ਦੀ ਚੜ੍ਹਦੀ ਕਲਾਂ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਦਾ ਸੁਪਨਾ ਸਾਕਾਰ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਅਜੌਕੇ ਹਾਲਾਤਾਂ ਦੇ ਮੱਦੇਨਜ਼ਰ ਅਕਾਲੀ ਦਲ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਪੰਥ ਪ੍ਰਸਤਾਂ ਨੂੰ ਮੁਹਿੰਮ ਆਰੰਭਣ ਤੇ ਆਪਣੀਆਂ ਸੇਵਾਵਾਂ ਦੇਣ ਦੇ ਐਲਾਨ ਸਮੇਂ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਜੋ ਕਿ ਇਕ ਪੰਜਾਬ ਦੀ ਨਹੀਂ, ਸਗੋਂ ਦੇਸ਼ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲਈ ਆਨੰਦਪੁਰ ਸਾਹਿਬ ਦੇ ਮਤੇ ਨੂੰ ਅੱਗੇ ਲੈ ਕੇ ਤੁਰੀ ਹੋਈ ਪਾਰਟੀ ਹੈ, ਉਸ ਜੱਥੇਬੰਦੀ ਨੂੰ ਅੱਜ ਮੁੜ ਤੋਂ ਮਜ਼ਬੂਤ ਆਧਾਰ ਦੇਣ ਦੀ ਵੱਡੀ ਲੋੜ ਹੈ। ਇਤਿਹਾਸ ਗਵਾਹ ਹੈ ਕਿ ਪਾਰਟੀਆਂ ਅੰਦਰ ਅਤੇ ਅਕਾਲੀ ਦਲ ਅੰਦਰ ਵੀ ਸਮੇਂ-ਸਮੇਂ ਵਿਚਾਰਧਾਰਕ ਵਿਖਰੇਵਿਆਂ ਕਾਰਨ ਵੱਖਰੀਆਂ-ਵੱਖਰੀਆਂ ਸੁਰਾਂ ਉਠਦੀਆਂ ਰਹੀਆਂ ਹਨ ਅਤੇ ਦੂਰ-ਅੰਦੇਸ਼ ਲੋਕਾਂ ਵੱਲੋਂ ਇਸ ਨੂੰ ਇਕ ਸੁਰ ਕਰਨ ਲਈ ਸਿਰਤੋੜ ਯਤਨ ਕੀਤੇ ਜਾਂਦੇ ਰਹੇ, ਜਿਨ੍ਹਾਂ ਨੂੰ ਫਲ ਵੀ ਲੱਗਦਾ ਰਿਹਾ। ਅੱਜ ਜਦੋਂ ਵੱਡੀ ਜਿੰਮੇਵਾਰੀ ਸੰਭਾਲੀ ਬੈਠੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੇਸ਼ ਦੀ ਸਰਕਾਰ ਵੱਲੋਂ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਪ੍ਰਦਮ ਭੂਸ਼ਣ ਦੇਣ ਦਾ ਐਲਾਨ ਕੀਤਾ ਤਾਂ ਇਨ੍ਹਾਂ ਆਗੂਆਂ ਵੱਲੋਂ ਖੁੱਲ੍ਹੇ ਦਿਲ ਨਾਲ ਵਧਾਈ ਦੇਣੀ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਬ੍ਰਹਮਪੁਰਾ ਅਤੇ ਹੋਰ ਟਕਸਾਲੀ ਆਗੂਆਂ ਨੂੰ ਸਤਿਕਾਰਤ ਭਾਸ਼ਾ ਵਰਤ ਕੇ ਮੁਖਾਬਿਤ ਹੋਣਾ ਅੱਜ ਵੀ ਆਪਸੀ ਵੱਖਰੇਂ ਭੁਲਾ ਕੇ ਅਕਾਲੀ ਦਲ ਦੀ ਸ਼ਕਤੀ ਨੂੰ ਵੱਡਾ ਕਰਨ ਦੀ ਵੱਡੀ ਗੁਜਾਇਸ਼ ਦਾ ਸੂਚਕ ਹਨ। ਸਿੱਖ ਸਟੂਡੈਂਟਸ ਫੈਡਰਸ਼ਨ ਵੱਲੋਂ ਸਮੁੱਚੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਧਿਰਾਂ ਨੂੰ ਅਪੀਲ ਕੀਤੀ ਜਾਂਦੀ ਕਿ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਲੋਕ ਇਕ ਮੁਹਿੰਮ ਦੀ ਆਰੰਭਤਾ ਕਰਨ, ਜਿਸ ਨਾਲ ਅਕਾਲੀ ਦਲ ਮੁੜ ਉਭਾਰ ਵੱਲ ਵੱਧੇ ਅਤੇ ਵੱਖਰੇਂ ਅਤੇ ਸ਼ੰਕਾਵਾਂ ਨੂੰ ਨਿੱਜਠ ਕੇ ਅਕਾਲੀ ਦਲ ਦੀ ਮਜ਼ਬੂਤੀ ਦਾ ਬਾਨਣੂ ਬੰਨ੍ਹਿਆ ਜਾ ਸਕੇ। ਇਸ ਮੌਕੇ ਭਾਈ ਗਰੇਵਾਲ ਨੇ ਅਕਾਲੀ ਦਲ ਅਤੇ ਪੰਜਾਬ ਲਈ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਫੈਡਰੇਸ਼ਨ ਦੇ ਸਮੂਹ ਵਰਕਰਾਂ ਵੱਲੋਂ ਪਦਮ ਭੂਸ਼ਣ ਸਨਮਾਨ ਮਿਲਣ 'ਤੇ ਵਧਾਈ ਦਿੱਤੀ ਹੈ।