ਡੇਰਾ ਬਾਬਾ ਨਾਨਕ ਚੈੱਕ ਪੋਸਟ ’ਤੇ ਬਣਨਗੇ 54 ਕਾਊਂਟਰ

ਚੰਡੀਗੜ੍ਹ, ਅਪਰੈਲ ਕੇਂਦਰ ਸਰਕਾਰ ਡੇਰਾ ਬਾਬਾ ਨਾਨਕ ਵਿਚ ਆਧੁਨਿਕ ਚੈੱਕ ਪੋਸਟ ਬਣਾਉਣ ਜਾ ਰਹੀ ਹੈ। ਇਸ ’ਚ ਦੋ ਵੀਆਈਪੀ ਕਾਊਂਟਰਾਂ ਸਮੇਤ ਕੁੱਲ 54 ਕਾਊਂਟਰ ਹੋਣਗੇ ਤਾਂ ਜੋ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰੇ ਦੇ ਦਰਸ਼ਨ ਦੀਦਾਰ ਕਰਨ ਵਾਲੇ ਸ਼ਰਧਾਲੂਆਂ ਨੂੰ ਚੈੱਕ ਪੋਸਟਾਂ ’ਤੇ ਕਾਗਜ਼ ਪੱਤਰ ਬਣਾਉਣ ਵਿਚ ਬਹੁਤੀ ਉਡੀਕ ਨਾ ਕਰਨੀ ਪਵੇ। ਚੈੱਕ ਪੋਸਟ 165 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਦਾ ਅਨੁਮਾਨ ਹੈ।
ਜਾਣਕਾਰੀ ਅਨੁਸਾਰ 54 ਕਾਊਂਟਰਾਂ ਵਿਚੋਂ ਇਕ ਕਾਊਂਟਰ ਐਮਰਜੈਂਸੀ ਹਾਲਾਤ ਨਾਲ ਸਿੱਝਣ ਲਈ ਹੋਵੇਗਾ ਤਾਂ ਜੋ ਕਿਸੇ ਦੇ ਬਿਮਾਰ ਹੋਣ ਦੀ ਸਥਿਤੀ ਵਿਚ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਵਾਪਸ ਲਿਆਂਦਾ ਜਾ ਸਕੇ। ਚੈੱਕ ਪੋਸਟ ਦੀ ਇਮਾਰਤ ਬਹੁਤ ਹੀ ਵਧੀਆ ਬਣਾਉਣ ਦੀ ਤਿਆਰੀ ਹੈ ਜਿਸ ਵਿਚ ਇਕੋ ਸਮੇਂ ਦੋ ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਵੱਡੀ ਗਿਣਤੀ ਵਿਚ ਕਾਊਂਟਰ ਬਣਾਉਣ ਦਾ ਮੰਤਵ ਕਿਸੇ ਵੀ ਸ਼ਰਧਾਲੂ ਨੂੰ ਇਕ ਘੰਟੇ ਤੋਂ ਵੱਧ ਉਡੀਕ ਨਾ ਕਰਨੀ ਪਵੇ ਹੋਵੇਗਾ। ਇਸ ਦੇ ਮੁਕਾਬਲੇ ’ਚ ਅਟਾਰੀ ਚੈੱਕ ਪੋਸਟ ਕਿਤੇ ਛੋਟੀ ਹੈ ਅਤੇ ਇਸ ਵਿਚ ਕੇਵਲ 10 ਹੀ ਕਾਊਂਟਰ ਹਨ।
ਕਰਤਾਰਪੁਰ ਲਾਂਘੇ ਨਾਲ ਜੁੜੇ ਮਸਲਿਆਂ ਦੇ ਹੱਲ ਅਤੇ ਆਪਸੀ ਸਹਿਮਤੀ ਬਣਾਉਣ ਲਈ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਵਿਚਕਾਰ 16 ਅਪਰੈਲ ਨੂੰ ਇਕ ਹੋਰ ਮੀਟਿੰਗ ਹੋਵੇਗੀ। ਦੋਵੇਂ ਮੁਲਕਾਂ ਨੇ ਰੋਜ਼ਾਨਾ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਨਿਰਧਾਰਤ ਕਰਨੀ ਹੈ ਅਤੇ ਇਹ ਫ਼ੈਸਲਾ ਵੀ ਕਰਨਾ ਹੈ ਕਿ ਪਾਸਪੋਰਟ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਦਸਤਾਵੇਜ਼ ਹੋ ਸਕਦੇ ਹਨ ਜਿਸ ਨੂੰ ਆਧਾਰ ਮੰਨ ਕੇ ਪਰਮਿਟ ਦਿੱਤਾ ਜਾ ਸਕਦਾ ਹੈ ਅਤੇ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਕਿੰਨਾ ਸਮਾਂ ਠਹਿਰ ਸਕਣਗੇ। ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੀ ਜਾਣਕਾਰੀ ਅਨੁਸਾਰ ਉਥੋਂ ਦੀ ਸਰਕਾਰ ਇਸ ਇਲਾਕੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਵੱਡੇ ਵੱਡੇ ਹੋਟਲ ਬਣਾ ਰਹੀ ਹੈ ਤੇ ਖ਼ਰੀਦੋ ਫਰੋਖ਼ਤ ਲਈ ਵੱਡੀ ਮਾਰਕੀਟ ਬਣਾਉਣ ਜਾ ਰਹੀ ਹੈ। ਇਸ ਸਥਿਤੀ ਵਿਚ ਦਰਸ਼ਨ ਕਰਨ ਗਏ ਸ਼ਰਧਾਲੂ ਚਾਰ-ਪੰਜ ਘੰਟਿਆਂ ਤੋਂ ਪਹਿਲਾਂ ਨਹੀਂ ਮੁੜ ਸਕਣਗੇ। ਇਸ ਕਾਰਨ ਦੋ ਘੰਟੇ ਦੀ ਥਾਂ ਵੱਧ ਸਮੇਂ ਵਾਸਤੇ ਪਾਕਿਸਤਾਨ ਵਿਚ ਰੁਕਣ ਲਈ ਸਮਾਂ ਦੇਣਾ ਪਵੇਗਾ। ਸੰਭਵ ਹੈ ਕਿ ਸ਼ੁਰੂ ਸ਼ੁਰੂ ਵਿਚ ਘੱਟ ਸਮਾਂ ਦਿੱਤਾ ਜਾਵੇ ਅਤੇ ਬਾਅਦ ਵਿਚ ਪਾਕਿਸਤਾਨ ਦੀ ਮਾਕਰੀਟ ਦੀ ਮੰਗ ’ਤੇ ਸਮਾਂ ਵਧਾਉਣਾ ਪੈ ਸਕਦਾ ਹੈ।