ਵਿਸ਼ਵ ਅਮਨ ਪੰਜਾਬੀ ਕਾਨਫਰੰਸ ਵੱਲੋਂ ਲਾਹੌਰ ਵਿੱਚ ਪੰਜਾਬੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਸਮੇਤ 13 ਮਤੇ ਪਾਸ

ਲਾਹੌਰ : 5  ਫਰਵਰੀ - ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਾਬ ਫ਼ਖ਼ਰ ਜਮਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਬੋਲੀਆਂ ਜਾਂਦੀਆਂ ਸਭ ਜ਼ਬਾਨਾਂ ਹੀ ਕੌਮੀ ਜ਼ਬਾਨਾਂ ਹਨ, ਇਨ੍ਹਾਂ ਨੂੰ ਖੇਤਰੀ ਜ਼ਬਾਨਾਂ ਨਾ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਨੂੰ ਅਮਨ ਦਾ ਪਰਚਮ ਝੁੱਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਨਫਰੰਸ ਫਰਵਰੀ 2020 ਚ ਕਰਵਾਈ ਜਾਵੇਗੀ। ਸੋਸ਼ਲ ਮੀਡੀਆ ਤੇ ਮੁੱਖ ਧਾਰਾ ਮੀਡੀਆ ਦੇ ਹਵਾਲੇ ਨਾਲ ਵਿਦਵਾਨ ਜਨਾਬ ਫਰਖ਼ ਸੁਹੇਲ ਗੋਇੰਦੀ ਨੇ ਕਿਹਾ ਕਿ ਮੈਂ ਤੁਰਕੀ ਜ਼ਬਾਨ ਦਾ ਭੇਤੀ ਹਾਂ ਪਰ ਪੰਜਾਬੀ ਨਹੀਂ ਪੜ੍ਹ ਸਕਦਾ, ਇਹ ਚੰਗੀ ਗੱਲ ਨਹੀਂ। ਤੁਰਕੀ ਜ਼ਬਾਨ ਦੇ ਵਿਕਾਸ ਕਰਤਾ ਅਤਾ ਤੁਰਕ ਨੇ ਜ਼ਾਹਲ ਲੋਕਾਂ ਨੂੰ ਲਿਆਕਤ ਦੇ ਨੇੜੇ ਲਿਆਂਦਾ। ਇਹ ਲਹਿਰ ਸਾਨੂੰ ਵੀ ਤੇਜ਼ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਦੁਨੀਆਂ ਨੂੰ ਗਲੋਬਲ ਪਿੰਡ ਚ ਤਬਦੀਲ ਹੋਇਆ ਵੇਖਣਾ ਬਣਦੈ। ਪਾਕਿਸਤਾਨ ਦੀ 22 ਕਰੋੜ ਆਬਾਦੀ ਚੋਂ 16 ਕਰੋੜ ਲੋਕਾਂ ਕੋਲ ਸਮਾਰਟ ਫੋਨ ਹਨ, ਇਸ ਨੂੰ ਗਿਆਨ ਦੇ ਲੜ ਲਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਟੀ ਵੀ ਪ੍ਰੋਗਰਾਮ ਦਾ ਸਭ ਤੋਂ ਵੱਧ ਵੇਖਿਆ ਗਿਆ ਹੈ, ਇਹ ਕਮਾਲਸੋਸ਼ਲ ਮੀਡੀਆ ਦੀ ਹੈ। ਨਵੀਂ ਪੀੜ੍ਹੀ ਸਾਡੇ ਨਾਲ ਤਾਂ ਜੁੜੇਗੀ ਜੇ ਉਨ੍ਹਾਂ ਦੇ ਮੁਹਾਵਰੇ ਚ ਗੱਲ ਕਰਾਂਗੇ। ਅਮਨ ਤੇ ਪੰਜਾਬੀ ਵਿਸ਼ੇ ਤੇ ਸੋਸ਼ਲ ਮੀਡੀਆ ਗਰੁੱਪ ਤਿਆਰ ਕਰਨਾ ਸਮੇਂ ਦੀ ਲੋੜ ਹੈ। ਪ੍ਰਸਿੱਧ ਵਿਦਵਾਨ ਤੇ ਖੋਜੀ ਇਕਬਾਲ ਕੈਸਰ ਨੇ ਕਿਹਾ ਕਿ ਪੰਜਾਬੀਆਂ ਦੀ ਸਭ ਤੋਂ ਵੱਡੀ ਆਬਾਦੀ ਹੈ ਪਰ ਸਕੂਲ ਪੱਧਰ ਤੇ ਪੰਜਾਬੀ ਪੜ੍ਹਨ ਪੜਾਉਣ ਦਾ ਕੋਈ ਪ੍ਰਬੰਧ ਨਹੀਂ। ਪਾਕਿਸਤਾਨ ਚ ਪੰਜ ਯੂਨੀਵਰਸਿਟੀਆਂ  ਚ ਐੱਮ ਏ ਪੰਜਾਬੀ ਹੈ ਪਰ 95 ਫੀ ਸਦੀ ਐੱਮ ਏ ਪਾਸ ਮੁੰਡੇ ਕੁੜੀਆਂ ਬੇਰੁਜ਼ਗਾਰ ਹਨ। ਬਾਬਾ ਫ਼ਰੀਦ ਤੋਂ ਲੈ ਕੇ ਅੱਜ ਤੀਕ ਦਾ ਸਾਰਾ ਵਿਰਾਸਤੀ ਸਫ਼ਰ ਜਵਾਨ ਪੀੜ੍ਹੀਆਂ ਦੇ ਖ਼ੂਨ ਚ ਰਚਾਉਣ ਦੀ ਲੋੜ ਹੈ। ਸਾਨੂੰ ਇਹ ਯਤਨ ਤੇਜ਼ ਕਰਨੇ ਪੈਣਗੇ। ਆਲੋਚਨਾ ਦੀ ਆਸਾਨ ਭਾਸ਼ਾ ਵੀ ਵਿਕਸਤ ਕਰਨ ਦੇ ਰਾਹ ਤੁਰਨਾ ਚਾਹੀਦਾ ਹੈ। ਇਸ ਮੌਕੇ ਕੁਝ ਮਤੇ ਪਾਸ ਕੀਤੇ ਗਏ ਜਿੰਨ੍ਹਾਂ ਨੂੰ ਪ੍ਰੋ: ਗੁਰਭਜਨ ਗਿੱਲ ਦੀ ਪ੍ਰਂਧਾਨਗੀ ਹੇਠ ਡਾ: ਦੀਪਕ ਮਨਮੋਹਨ ਸਿੰਘ , ਮਨਜਿੰਦਰ ਧਨੋਆ ਤੇ ਸਹਿਜਪ੍ਰੀਤ ਸਿੰਘ ਮਾਂਗਟ  ਤੇ ਅਧਾਰਿਤ ਕਮੇਟੀ ਵੱਲੋਂ ਡਰਾਫਟ ਕੀਤਾ ਗਿਆ। ਇਨ੍ਹਾਂ ਮਤਿਆਂ ਨੂੰ ਅੱਬਾਸ ਮਿਰਜ਼ਾ ਨੇ ਪੇਸ਼ ਤੇ ਪਾਸ ਕਰਵਾਇਆ।

ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ 1-3 ਫਰਵਰੀ ਲਾਹੌਰ(ਪਾਕਿਸਤਾਨ)  ਐਲਾਨ ਨਾਮਾ

ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਫਖ਼ਰ ਜਮਾਂ ਸਾਹਿਬ ਦੀ ਪ੍ਰਧਾਨਗੀ ਹੇਠ ਪਹਿਲੀ ਤੋਂ ਤਿੰਨ ਫਰਵਰੀ ਤੀਕ ਕਰਵਾਈ ਗਈ ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਵਿਸ਼ਵ ਭਰ ਤੋਂ ਆਏ ਸਮੂਹ ਡੈਲੀਗੇਟ ਸਰਬ ਸੰਮਤੀ ਨਾਲ ਮੰਗ ਕਰਦੇ ਹਨ ਕਿ ਲਾਹੌਰ ਵਿੱਚ ਨਿਰੋਲ ਪੰਜਾਬੀ ਭਾਸ਼ਾ ਸਾਹਿੱਤ ਤੇ ਸਭਿਆਚਾਰ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਲਾਹੌਰ ਦੀ ਸਥਾਪਨਾ ਕੀਤੀ ਜਾਵੇ। ਇਸ ਵਿੱਚ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਹੁਣ ਤੀਕ ਛਪੀਆਂ ਕਿਤਾਬਾਂ ਦੀ ਆਲਮੀ ਲਾਇਬਰੇਰੀ ਬਣਾਈ ਜਾਵੇ।  2. ਕਾਨਫਰੰਸ ਵਿੱਚ ਮੰਗ ਕੀਤੀ ਜਾਂਦੀ ਹੈ ਕਿ ਸਰਹੱਦਾਂ ਤੇ ਝੰਡੇ ਦੀ ਰਸਮ ਮੌਕੇ ਜਵਾਨਾਂ ਦੀ ਪਰੇਡ ਵੇਲੇ ਬਾਹੂਬਲ ਦਾ ਜ਼ਾਲਮਾਨਾ ਵਿਖਾਵਾ ਕਰਨ ਦੀ ਥਾਂ ਮੁਹੱਬਤ ਦਾ ਵਿਖਾਵਾ ਕਰਨ ਵਾਲੀਆਂ ਹਰਕਤਾਂ ਕੀਤੀਆਂ ਜਾਣ ਤਾਂ ਜੋ ਬਰਕਤਾਂ ਦਾ ਬੂਹਾ ਖੁੱਲ੍ਹੇ। 3. ਪਾਕਿਸਤਾਨ ਦੇ ਪੰਜਾਬ ਰਾਜ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਪ੍ਰਾਇਮਰੀ ਪੱਧਰ ਤੋਂ ਇੱਕ ਵਿਸ਼ੇ ਦੇ ਤੌਰ ਤੇ ਸ਼ੁਰੂ ਕੀਤੀ ਜਾਵੇ। ਇਸ ਨਾਲ ਯੂਨੀਵਰਸਿਟੀਆਂ ਚ ਪੜ੍ਹਨ ਲਈ ਮਿਆਰੀ ਪੱਧਰ ਦੇ ਵਿਦਿਆਰਥੀ ਮਿਲ ਸਕਣਗੇ। 4.ਭਾਰਤ ਤੇ ਪਾਕਿਸਤਾਨ ਹਕੂਮਤਾਂ ਵੀਜ਼ਾ ਸਿਸਟਮ ਵਿੱਚ ਤਬਦੀਲੀ ਕਰਨ ਜਿਸ ਨਾਲ ਸ਼ਹਿਰ ਵਿਸ਼ੇਸ਼ ਸੀਮਤ ਵੀਜ਼ਾ ਦੀ ਥਾਂ ਇਸ ਨੂੰ ਕੌਮੀ ਵੀਜ਼ਾ ਬਣਾਇਆ ਜਾਵੇ। ਇਸ ਨਾਲ ਕਸ਼ੀਦਗੀ ਘਟੇਗੀ ਤੇ ਭਰੋਸੇਯੋਗਤਾ ਵਧੇਗੀ। 5. 15 ਅਗਸਤ 1947 ਤੋਂ ਪਹਿਲਾਂ ਪੈਦਾ ਹੋਏ ਪੰਜਾਬੀਆਂ ਨੂੰ ਬਾਰਡਰ ਤੇ ਪਹੁੰਚਣ ਸਾਰ ਵੀਜ਼(visa on arrival) ਦਾ ਸਨਮਾਨਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣੀ ਜੰਮਣ ਭੋਇੰ ਨੂੰ ਵੇਖ , ਮਾਣ ਤੇ ਜਾਣ ਸਕਣ। 6. ਪਾਕਿਸਤਾਨ ਵਿੱਚ ਬੋਲੀਆਂ ਜਾਣ ਵਾਲੀਆਂ ਸਭ ਜਬਾਨਾਂ ਹੀ ਕੌਮੀ ਜ਼ਬਾਨਾਂ ਹਨ, ਖੇਤਰੀ ਨਹੀਂ  । ਇਸ ਲਈ ਪੰਜਾਬ  ਅਸੈਂਬਲੀ ਲਾਹੌਰ ਦੀ ਵਿਚਾਰ ਚਰਚਾ ਜ਼ਬਾਨ  ਪੰਜਾਬੀ ਕੀਤੀ ਜਾਵੇ ਜਿਸ ਤਰ੍ਹਾਂ ਸਿੰਧ ਵਿੱਚ ਸਿੰਧੀ,ਬਲੋਚਿਸਤਾਨ ਵਿੱਚ ਬਲੋਚੀ, ਪਖ਼ਤੂਨਵਾ ਚ ਪਸ਼ਤੋ ਬੋਲੀ ਜਾ ਸਕਦੀ ਹੈ। ਇਸ  ਤੋਂ ਪੰਜਾਬੀਆਂ ਨੂੰ ਮਹਿਰੂਮ ਨਾ ਕੀਤਾ ਜਾਵੇ। 7. ਵਿਸ਼ਵ ਅਮਨ ਨੂੰ ਸਮਰਪਿਤ ਇਹ ਕਾਨਫਰੰਸ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਮੌਕੇ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਮਾਰਗ ਨੂੰ ਉਸਾਰਨ ਲਈ ਦੋਹਾਂ ਦੇਸ਼ਾਂ ਦੀਆਂ ਹਕੂਮਤਾਂ ਦੀ ਸ਼ਲਾਘਾ ਕਰਦੀ ਹੈ ਕਿਉਂਕਿ ਇਹ ਵਿਸ਼ਵ ਅਮਨ ਦੀ ਸਲਾਮਤੀ ਲਈ ਆਧਾਰ ਭੂਮੀ ਬਣ ਸਕਦੀ ਹੈ। 8. ਵਿਸ਼ਵ ਅਮਨ ਦੀ ਸਦੀਵੀ ਸਥਾਪਨਾ ਲਈ ਦੱਖਣੀ ਏਸ਼ੀਆ ਦੇ ਇਨ੍ਹਾਂ ਮੁਲਕਾਂ ਵਿੱਚ ਵਪਾਰ, ਖੇਡਾਂ, ਸਾਹਿੱਤ, ਸੰਗੀਤ, ਕਲਾ ਤੇ ਵਿਚਾਰ ਆਦਾਨ ਪ੍ਰਦਾਨ ਵਧਾਇਆ ਜਾਵੇ ਤਾਂ ਜੋ ਮਨਾਂ ਦੀਆਂ ਦੂਰੀਆਂ ਮਿਟਣ ਤੇ ਭਾਈਚਾਰਕ ਸ਼ਕਤੀ ਨੂੰ ਤਾਕਤ ਮਿਲੇ। 9. ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਸਮੂਹ ਡੈਲੀਗੇਟ ਸਰਬਸੰਮਤੀ ਨਾਲ ਮੰਗ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ 51 ਪੰਜਾਬੀ ਕਵੀਆਂ ਦੇ ਵਿਸ਼ਾਲ ਵਿਸ਼ਵ ਪੱਧਰੀ ਕਵੀ ਦਰਬਾਰ ਲਾਹੌਰ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ ਵਿਖੇ ਕਰਵਾਏ ਜਾਣ ਜਿਸ ਚ 25 ਸਿਰਕੱਢ ਕਵੀ ਭਾਰਤੀ ਪੰਜਾਬ ਤੋਂ ਤੇ 25 ਕਵੀ ਪਾਕਿਸਤਾਨ ਤੇ ਬਾਕੀ ਮੁਲਕਾਂ ਤੋਂ ਸ਼ਾਮਿਲ ਕੀਤੇ ਜਾਣ। ਇਸ ਸਬੰਧ ਚ 25 ਭਾਰਤੀ ਕਵੀਆਂ ਨੂੰ ਲਿਆਉਣ ਦਾ ਜ਼ਿੰਮਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਸੰਭਾਲਣ ਲਈ ਤਿਆਰ ਹੈ। ਇਸ ਕਵੀ ਦਰਬਾਰ ਦੀਆਂ ਕਵਿਤਾਵਾਂ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਛਾਪ ਕੇ ਪੂਰੇ ਵਿਸ਼ਵ ਵਿੱਚ ਵੰਡਣ ਦਾ ਯੋਗ ਪ੍ਰਬੰਧ ਕੀਤਾ ਜਾਵੇ। 10. ਕੌਮੀ ਤੇ ਕੌਮਾਂਤਰੀ ਪੱਧਰ ਦੇ ਲਿਖਾਰੀਆਂ, ਕਲਾਕਾਰਾਂ,ਮੁਸੱਵਰਾਂ, ਥੀਏਟਰ, ਫਿਲਮ ਅਦਾਕਾਰਾਂ, ਗਾਇਕਾਂ ਤੇ ਪੱਤਰਕਾਰਾਂ ਲਈ ਖੁੱਲੇ ਅਉਣ ਜਾਣ ਦਾ ਮਲਟੀਪਲ ਐਂਟਰੀ ਸਾਰਕ ਵੀਜ਼ਾ ਦਿੱਤਾ ਜਾਵੇ ਤਾਂ ਜੋ ਇਹ ਸਭ ਧਿਰਾਂ ਵਿਸ਼ਵ ਅਮਨ ਦੀ ਭਾਵਨਾ ਤੇਜ਼ ਕਰਨ ਹਿੰਦ ਪਾਕਿ ਦੋਸਤੀ ਮਜਬੂਤ ਕਰਨ ਤੇ ਤਣਾਓ ਘੱਟ ਕਰਨ ਵਿੱਚ ਹਿੱਸਾ ਪਾ ਸਕਣ। 11. ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਸਮੂਹ ਡੈਲੀਗੇਟਾਂ ਨੂੰ ਪਾਕਿਸਤਾਨ ਹਕੂਮਤ ਵੱਲੋਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਦੇਣ ਦੀ ਵੀ ਪ੍ਰਸੰਸਾ ਕਰਦੀ ਹੈ। 12. ਵਿਸ਼ਵ ਪੰਜਾਬੀ ਕਾਂਗਰਸ ਦੇ ਰੂਹੇ ਰਵਾਂ ਵਜੋਂ ਜਨਾਬ ਫ਼ਖ਼ਰ ਜਮਾਂ,ਸ੍ਵ: ਡਾ: ਸੁਤਿੰਦਰ ਸਿੰਘ ਨੂਰ ਅਤੇ ਡਾ: ਦੀਪਕ ਮਨਮੋਹਨ ਸਿੰਘ ਵੱਲੋਂ1986 ਤੋਂ ਲਗਾਤਾਰ ਵਿਸ਼ਵ ਪੰਜਾਬੀ ਕਾਨਫਰੰਸਾਂ ਰਾਹੀਂ ਲੇਖਕਾਂ ਪੱਤਰਕਾਰਾਂ ਤੇ ਕਲਾਕਾਰਾਂ ਵਿਚਕਾਰ ਮੇਲਜੋਲ ਵਧਾਉਣ ਲਈ ਪਾਏ ਯੋਗਦਾਨ ਦੀ ਮੁਕਤ ਕੰਠ ਪ੍ਰਸੰਸਾ ਕਰਦੀ ਹੈ। 13. ਲਾਹੌਰ ਚ ਹੋਈ ਤਿੰਨ ਰੋਜ਼ਾ ਕਾਨਫਰੰਸ ਦੀ ਕਾਮਯਾਬੀ ਲਈ ਇਹ ਇਕੱਤਰਤਾ ਮੀਡੀਆ, ਸਫਾਰਤਖਾਨਿਆਂ, ਲੇਖਕਾਂ, ਕਲਾਕਾਰਾਂ , ਪਿਲਾਕ(ਪੰਜਾਬ ਇੰਸਟੀਚਿਊਟ ਆਫ ਲੈਂਗੂਏਜ਼ ਐਂਡ ਕਲਚਰ ਲਾਹੌਰ ਦੀ ਡਾਇਰੈਕਟਰ ਜਨਰਲ ਡਾ: ਸੁਗਰਾ ਸਦਫ ਦੀ ਵੀ ਭਰਵੇਂ ਸਾਥ ਲਈ ਸ਼ਲਾਘਾ ਕਰਦੀ ਹੈ।