ਬਰਾੜ ਅਤੇ ਟਿੰਕਾ ਨੇ ਵੀ ਲੁਧਿਆਣਾ ਸੀਟ ਤੋਂ ਠੋਕੀ ਆਪਣੀ ਦਾਅਵੇਦਾਰੀ

ਜਗਰਾਓਂ, 7 ਫਰਵਰੀ ( ਮਨਜਿੰਦਰ ਸਿੰਘ ਗਿੱਲ )—ਲੋਕ ਸਭਾ ਚੋਣਾਂ ਦਾ ਬਿਗਲ ਵਜਦਿਆਂ ਹੀ ਚੋਣਾਂ ਲੜਣ ਦੇ ਦਾਅਵੇਦਾਰ ਸਾਹਮਣੇ ਆਉਣ ਲੱਗੇ ਹਨ। ਭਾਵੇਂ ਕਾਂਗਰਸ ਪਾਰਟੀ ਨੇ ਉਮੀਦਵਾਰੀ ਲਈ ਦਾਅਵਾ ਪੇਸ਼ ਕਰਨ ਲਈ ਇਕ ਵੱਡੀ ਰਕਮ ਫੀਸ ਵਜੋਂ ਵੀ ਰੱਖ ਦਿਤੀ ਹੈ ਉਸਦੇ ਬਾਵਜੂ ਵੀ ਦਾਅਵੇਦਾਰ ਖੂਬ ਸਾਹਮਣੇ ਆ ਰਹੇ ਹਨ। ਲੋਕ ਸਭਾ ਹਲਕਾ ਲੁਧਿਆਣਾ ਤੋਂ ਮੌਜੂਦਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਸਾਹਮਣੇ ਮੁਸ਼ਿਕਲਾਂ ਦਾ ਪਹਾੜ ਬਣਦਾ ਜਾ ਰਿਹਾ ਹੈ। ਭਾਵੇਂ ਬਿੱਟੂ ਖੁਦ ਇਥੋਂ ਆਪਣੀ ਟਿਕਟ ਪੱਕੀ ਸਮਝ ਕੇ ਚੱਲ ਰਹੇ ਹਨ ਪਰ ਸ਼ਾਇਦ ਇਸ ਵਾਰ ਉਨ੍ਹਾਂ ਲਈ ਦਿੱਲੀ ਦੂਰ ਹੋ ਜਾਵੇ ਕਿਉਂਕਿ ਲੁਧਿਆਣਾ ਸੀਟ ਤੋਂ ਇਕ ਨਹੀਂ ਕਈ ਦਾਅਵਾਰ ਸਾਹਮਣੇ ਆ ਗਏ ਹਨ। ਪੰਜਾਬ ਕਾਂਗਰਸ਼ ਪਾਰਟੀ ਦੇ ਮੁੱਖ-ਬੁਲਾਰੇ ਅਤੇ ਲੋਕ-ਸਭਾ ਹਲਕਾ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਇੰਚਾਰਜ ਸ. ਕਮਲਜੀਤ ਸਿੰਘ ਬਰਾੜ ਨੇ ਅੱਜ ਚੰਡੀਗੜ੍ਹ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਲੋਕ-ਸਭਾ ਚੋਣਾਂ 2019 ਲਈ ਕਾਂਗਰਸ ਪਾਰਟੀ ਉਮੀਦਵਾਰ ਵੱਜੋਂ ਆਪਣੇ ਪੇਪਰ ਦਾਖਲ ਕਰਕੇ ਲੁਧਿਆਣਾ ਸੀਟ ਉੱਥੇ ਆਪਣਾ ਹੱਕ ਜਤਾਇਆ। ।ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਹੋਣਹਾਰ ਫ਼ਰਜ਼ੰਦ ਕਮਲਜੀਤ ਬਰਾੜ 2011 ਤੋਂ ਲੁਧਿਆਣਾ ਹਲਕੇ ਨਾਲ ਬਤੌਰ ਹਲਕਾ ਇੰਚਾਰਜ ਜੁੜਿਆ ਹੋਇਆ ਹੈ। ਨੌਜਵਾਨਾਂ ਦਾ ਹਰਮਨ-ਪਿਆਰਾ ਅਤੇ ਪੂਰਨ ਸਿੱਖੀ ਸਰੂਪ ਵਾਲਾ ਇਹ ਨੌਜਵਾਨ ਯੂਥ ਕਾਂਗਰਸੀ ਆਗੂ ਲੁਧਿਆਣਾ ਹਲਕੇ ਦੇ ਲੋਕਾਂ ਵਿੱਚ ਬਹੁਤ ਰਸੂਖ ਰੱਖਦਾ ਹੈ ਅਤੇ ਕਾਂਗਰਸ ਪਾਰਟੀ ਲਈ ਦਿਨ-ਰਾਤ ਮਿਹਨਤ ਕਰਕੇ ਆਪਣੀ ਜ਼ੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ।ਇਸਤੋਂ ਇਲਾਵਾ ਕਾਂਗਰਸ ਪਾਰਟੀ ਵਲੋਂ ਓ. ਬੀ. ਸੀ ਸੈਲ ਦੇ ਨਵ ਨਿਯੁਕਤ ਕੀਤੇ ਗਏ ਵਾਇਸ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਵੀ ਅੱਜ ਆਪਣਾ ਦਾਅਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਪਾਸ ਪੇਸ਼ ਕਰ ਦਿਤਾ। ਜਿਕਰਯੋਗ ਹੈ ਕਿ ਇਸ਼ਤੋਂ ਪਹਿਲਾਂ ਸਾਬਕਾ ਸਾਂਸਦ ਮਨੀਸ਼ ਤਿਵਾੜੀ ਦੇ ਖਾਸ ਪਵਨ ਦੀਵਾਨ ਨੇ ਆਪਣਾ ਦਾਅਵਾ ਪੇਸ਼ ਕਰ ਦਿਤਾ ਹੈ। ਲੁਧਿਆਣਾ ਤੋਂ ਛੇ ਵਾਰ ਵਿਧਾਇਕ ਚੁਣੇ ਗਏ ਰਾਕੇਸ਼ ਪਬਾਂਡੇ ਵੀ ਆਪਣੀ ਤਾਲ ਠੋਕਣ ਦੀ ਤਿਆਰੀ ਵਿਚ ਹਨ। ਇਨ੍ਹਾਂ ਸਾਰਿਆਂ ਉਮੀਦਵਾਰਾਂ ਤੋਂ ਇਲਾਵਾ ਰਵਨੀਤ ਬਿੱਟੂ ਦਾ ਪੇਚ ਸਾਬਕਾ ਸਾਂਸਦ ਮਨੀਸ਼ ਤਿਵਾੜੀ ਨਾਲ ਫਸਦਾ ਨਜਰ ਆ ਰਿਹਾ ਹੈ ਕਿਉਂਕਿ ਤਿਵਾੜੀ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਆਪਣੀ ਦਾਅਵੇਦਾਰੀ ਠੋਕ ਰਹੇ ਹਨ। ਜੇਕਰ ਤਿਵਾੜੀ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਮਿਲਦੀ ਤਾਂ ਤਿਵਾੜੀ ਲੁਧਿਆਣਾ ਤੋਂ ਮੈਦਾਨ ਵਿਚ ਸਾਹਮਣੇ ਆ ਜਾਣਗੇ।