Narendra Modi

ਦੇਸ਼ ਦੇ ਲੋਕ ‘ਮਹਾਂਮਿਲਾਵਟ’ ਸਰਕਾਰ ਨਹੀਂ ਚਾਹੁੰਦੇ-ਨਰਿੰਦਰ ਮੋਦੀ

ਨਵੀਂ ਦਿੱਲੀ, 8 ਫਰਵਰੀ-(ਜਨ ਸ਼ਕਤੀ ਨਿਉਜ)-
ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਜਿਨ੍ਹਾਂ ਮੁਲਕ ’ਤੇ ਐਮਰਜੈਂਸੀ ਥੋਪੀ, ਨਿਆਂਪਾਲਿਕਾ ਨੂੰ ਧਮਕਾਇਆ ਅਤੇ ਫ਼ੌਜ ਦੀ ਬੇਇੱਜ਼ਤੀ ਕੀਤੀ, ਉਹ ਹੁਣ ਉਨ੍ਹਾਂ ਉਪਰ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾ ਰਹੇ ਹਨ। ਭਾਜਪਾ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਮਹਾਂਗਠਜੋੜ ਬਣਾਉਣ ਦੀਆਂ ਕੋਸ਼ਿਸਾਂ ’ਤੇ ਸ੍ਰੀ ਮੋਦੀ ਨੇ ਕਿਹਾ ਕਿ ਲੋਕ ‘ਮਹਾਂਮਿਲਾਵਟ’ ਸਰਕਾਰ ਨਹੀਂ ਚਾਹੁੰਦੇ ਹਨ ਕਿਉਂਕਿ ਉਹ ਜਾਣ ਚੁੱਕੇ ਹਨ ਕਿ ਕਿਵੇਂ ਬਹੁਮਤ ਵਾਲੀ ਐਨਡੀਏ ਸਰਕਾਰ ਹੀ ਢੁਕਵੇਂ ਫ਼ੈਸਲੇ ਲੈ ਸਕਦੀ ਹੈ। ਉਨ੍ਹਾਂ ਦਾ ਸਿੱਧਾ ਇਸ਼ਾਰਾ ਕੋਲਕਾਤਾ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਕੀਤੀ ਗਈ ਰੈਲੀ ਵੱਲ ਸੀ। ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਕਾਂਗਰਸ ਨੇ ਮੁਲਕ ’ਤੇ ਐਮਰਜੈਂਸੀ ਥੋਪੀ ਪਰ ਹੁਣ ਉਹ ਆਖਦੇ ਹਨ ਕਿ ਮੋਦੀ ਸੰਸਥਾਵਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਕਾਂਗਰਸ ਨੇ ਫ਼ੌਜ ਨੂੰ ਬੇਇੱਜ਼ਤ ਕੀਤਾ ਅਤੇ ਫ਼ੌਜ ਮੁਖੀ ਨੂੰ ‘ਗੁੰਡਾ’ ਆਖਿਆ ਅਤੇ ਉਹ ਮੋਦੀ ’ਤੇ ਸੰਸਥਾਵਾਂ ਦੇ ਘਾਣ ਦਾ ਦੋਸ਼ ਲਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੂਬਾ ਸਰਕਾਰਾਂ ਨੂੰ ਹਟਾਉਣ ਲਈ ਕਈ ਵਾਰ ਧਾਰਾ 356 ਦੀ ਦੁਰਵਰਤੋਂ ਕੀਤੀ। ‘ਇੰਦਰਾ ਗਾਂਧੀ ਨੇ ਖੁਦ 50 ਵਾਰ ਸੂਬਾ ਸਰਕਾਰਾਂ ਨੂੰ ਬਰਖ਼ਾਸਤ ਕੀਤਾ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣ ਵਰ੍ਹਾ ਹੋਣ ਕਰਕੇ ਆਗੂਆਂ ਲਈ ਮਜਬੂਰੀ ਹੋ ਜਾਂਦੀ ਹੈ ਕਿ ਉਹ ਇਕ-ਦੂਜੇ ਉਪਰ ਦੋਸ਼ ਲਾਉਂਦੇ ਹਨ ਪਰ ਕੁਝ ਲੋਕ ਮੋਦੀ ਅਤੇ ਭਾਜਪਾ ਦੀ ਨੁਕਤਾਚੀਨੀ ਕਰਨ ਵੇਲੇ ‘ਭਾਰਤ ’ਤੇ ਹੀ ਹਮਲੇ ਸ਼ੁਰੂ’ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ’ਚ ਸੱਚ ਸੁਣਨ ਦੀ ਆਦਤ ਖ਼ਤਮ ਹੋ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਫ਼ੌਜ ਨੂੰ ਅਪਾਹਜ ਬਣਾ ਦਿੱਤਾ ਸੀ ਜਿਸ ਕਾਰਨ ਉਹ ਸਰਜੀਕਲ ਸਟਰਾਈਕ ਕਰਨ ਦੀ ਹਾਲਤ ’ਚ ਨਹੀਂ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਾਫ਼ਾਲ ਸੌਦੇ ਦਾ ਮੁੱਦਾ ਵਾਰ ਵਾਰ ਉਠਾਏ ਜਾਣ ’ਤੇ ਉਨ੍ਹਾਂ ਕਿਹਾ ਕਿ ਕਾਂਗਰਸ ਹਵਾਈ ਸੈਨਾ ਨੂੰ ਤਾਕਤਵਰ ਨਹੀਂ ਦੇਖਣਾ ਚਾਹੁੰਦੀ।