You are here

ਸੰਪਾਦਕੀ

ਪਿਲਖਨ ਇੱਕ ਚਮਤਕਾਰੀ ਰੁੱਖ ✍️ ਸਿਮਰਨਜੀਤ ਕੌਰ

ਪਿਲਖਨ ਇੱਕ ਪੌਦਾ ਹੈ ਜੋ ਭਾਰਤ, ਦੱਖਣ -ਪੂਰਬੀ ਏਸ਼ੀਆ, ਮਲੇਸ਼ੀਆ ਅਤੇ ਉੱਤਰੀ ਆਸਟਰੇਲੀਆ ਵਿੱਚ ਪਾਇਆ ਜਾਂਦਾ ਹੈ I ਇਸਦਾ ਆਮ ਨਾਮ ਚਿੱਟਾ ਅੰਜੀਰ ਹੈ; ਇਸ ਨੂੰ ਸਥਾਨਕ ਤੌਰ 'ਤੇ ਪਿਲਖਨ ਕਿਹਾ ਜਾਂਦਾ ਹੈ ਇਹ ਇੱਕ ਦਰਮਿਆਨੇ ਆਕਾਰ ਦਾ ਦਰੱਖਤ ਹੈ ਜੋ ਸੁੱਕੇ ਖੇਤਰਾਂ ਵਿੱਚ 24–27 ਮੀਟਰ (79–89 ਫੁੱਟ) ਦੀ ਉਚਾਈ ਤੱਕ ਅਤੇ ਗਿੱਲੇ ਖੇਤਰਾਂ ਵਿੱਚ 32 ਮੀਟਰ (105 ਫੁੱਟ) ਤੱਕ ਉੱਚਾ ਹੁੰਦਾ ਹੈI ਇਹ ਇੱਕ ਅੰਜੀਰ ਦਾ ਰੁੱਖ ਹੈ I

 ਇਸ ਦੇ ਭਾਰਤੀ ਵਾਤਾਵਰਣ ਵਿੱਚ ਵਿਕਾਸ ਦੇ ਦੋ ਨਿਸ਼ਚਤ ਸਮੇਂ ਹਨ: ਬਸੰਤ ਵਿੱਚ (ਫਰਵਰੀ ਤੋਂ ਮਈ ਦੇ ਅਰੰਭ ਵਿੱਚ), ਅਤੇ ਮਾਨਸੂਨ ਦੇ ਮੀਂਹ ਦੇ ਸਮੇਂ (ਭਾਵ ਜੂਨ ਤੋਂ ਸਤੰਬਰ ਦੇ ਅਰੰਭ ਵਿੱਚ) ਪੱਤਿਆਂ, ਫਲਾਂ ਅਤੇ ਲੇਟੇਕਸ ਦੀ ਵਰਤੋਂ ਸਤਹੀ ਅਤੇ ਅੰਦਰੂਨੀ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ I ਭਾਰਤ ਦਾ ਇੱਕ ਪ੍ਰਸਿੱਧ ਚਿਕਿਤਸਕ ਪੌਦਾ ਹੈ, ਜੋ ਕਿ ਲੰਮੇ ਸਮੇਂ ਤੋਂ ਆਯੁਰਵੈਦ ਵਿੱਚ, ਭਾਰਤੀ ਦਵਾਈ ਦੀ ਪ੍ਰਾਚੀਨ ਪ੍ਰਣਾਲੀ, ਸ਼ੂਗਰ, ਜਿਗਰ ਦੀਆਂ ਬਿਮਾਰੀਆਂ, ਦਸਤ, ਸੋਜਸ਼ ਦੀਆਂ ਸਥਿਤੀਆਂ, ਬਵਾਸੀਰ, ਸਾਹ ਅਤੇ ਪਿਸ਼ਾਬ ਦੀਆਂ ਬਿਮਾਰੀਆਂ ਸਮੇਤ ਕਈ ਬਿਮਾਰੀਆਂ/ਵਿਗਾੜਾਂ ਲਈ ਵਰਤਿਆ ਜਾਂਦਾ ਰਿਹਾ ਹੈ I

 

 
ਸਿਮਰਨਜੀਤ ਕੌਰ
ਸਹਾਇਕ ਪ੍ਰੋਫੈਸਰ ਫਾਰਮਾਕੋਲੋਜੀ
ਫੈਕਲਟੀ ਓਫ ਫਾਰਮਸੁਟਿਕਲ ਸਾਇੰਸਜ
ਪੀਸੀਟੀਈ ਗਰੁੱਪ ਆਫ਼ ਇੰਸਟੀਚਿ .ਟਸ, ਲੁਧਿਆਣਾ

ਚੋਣ ਵਾਅਦਾ ✍️. ਸਲੇਮਪੁਰੀ ਦੀ ਚੂੰਢੀ 

ਅਸੀਂ ਆਪਣੇ ਬਹੁਤ ਹੀ ਸਤਿਕਾਰਯੋਗ ਵੋਟਰਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਜੇਕਰ ਤੁਸੀਂ ਸਾਡੀ "ਸੱਭ ਦਾ ਭਲਾ ਪਾਰਟੀ" ਨੂੰ ਚੋਣਾਂ ਦੌਰਾਨ ਕਾਮਯਾਬ ਕਰਦੇ ਹੋ ਤਾਂ ਸਾਡੀ ਪਾਰਟੀ ਰਾਜਸੱਤਾ ਸੰਭਾਲਦਿਆਂ ਹੀ ਤੁਹਾਡੇ ਲਈ "ਰੋਟੀ-ਪਾਣੀ" ਦਾ ਪ੍ਰਬੰਧ ਕਰੇਗੀ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੇ ਮੂੰਹ ਵਿਚ ਚਿਮਟਿਆਂ ਨਾਲ ਰੋਟੀ ਪਾਵਾਂਗੇ,  ਪਿਚਕਾਰੀਆਂ ਨਾਲ ਪਾਣੀ ਪਾਵਾਂਗੇ, ਤੁਹਾਨੂੰ ਹੱਥ - ਪੈਰ ਹਿਲਾਉਣ ਦੀ ਜਰੂਰਤ ਨਹੀਂ ਪਵੇਗੀ । ਅਸੀਂ ਤੁਹਾਨੂੰ ਕਣਕ-ਚੌਲ ਨਹੀਂ ਦੇਵਾਂਗਾ ਕਿਉਂਕਿ  ਕਣਕ ਪੀਣ ਲਈ ਤੁਹਾਨੂੰ ਚੱਕੀ ਉਪਰ ਜਾਣ ਦੀ ਖੇਚਲ ਕਰਨੀ ਪਵੇਗੀ ਅਤੇ ਫਿਰ ਰੋਟੀ ਬਣਾਉਣਾ ਪਵੇਗੀ, ਚੌਲ ਬਣਾਉਣ ਲਈ ਵੀ ਮਿਹਨਤ ਕਰਨੀ ਪਵੇਗੀ, ਜਿਸ ਦਾ ਅਸੀਂ ਝੰਜਟ ਖਤਮ ਕਰ ਦੇਵਾਂਗਾ। ਠੇਕੇ 'ਤੇ ਰੱਖੇ ਸਰਕਾਰੀ ਮੁਲਾਜ਼ਮ ਅਤੇ ਠੇਕੇਦਾਰ ਖੁਦ ਤੁਹਾਡੇ ਮੂੰਹ ਵਿਚ ਚਿਮਟਿਆਂ ਨਾਲ ਬੁਰਕੀਆਂ ਪਾਉਣਗੇ,   ਪਿਚਕਾਰੀਆਂ ਨਾਲ ਪਾਣੀ ਪਿਲਾਉਣਗੇ, ਜਾਣੀ ਕਿ ਤੁਹਾਡੀ ਜਿੰਦਗੀ ਨੂੰ ਪੂਰੀ ਤਰ੍ਹਾਂ ਸੁੱਖਮਈ ਬਣਾ ਦੇਵਾਂਗਾ, ਤੁਹਾਨੂੰ ਕੰਮ ਕਰਨ ਦੀ ਜਰੂਰਤ ਨਹੀਂ ਪਵੇਗੀ। ਹੋਰ ਤਾਂ ਹੋਰ ਤੁਹਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਜਰੂਰਤ ਵੀ ਨਹੀਂ ਪਵੇਗੀ ਅਤੇ ਨਾ ਹੀ ਪੜ੍ਹਕੇ ਨੌਕਰੀ ਲੱਭਣ ਦੀ ਜਰੂਰਤ ਪਵੇਗੀ ਕਿਉਂਕਿ ਨੌਕਰੀ ਦੀ ਭਾਲ ਵੀ ਵੀ ਅਸੀਂ "ਰੋਟੀ ਦੇ ਟੁੱਕ" ਲਈ ਹੀ ਕਰਦੇ ਹਾਂ, ਜਿਸ ਦਾ ਸਾਡੀ ਸਰਕਾਰ ਨੇ ਪਹਿਲਾਂ ਹੀ ਸਾਰੇ ਪਰਿਵਾਰ ਲਈ "ਰੋਟੀ-ਪਾਣੀ" ਦਾ ਪ੍ਰਬੰਧ ਕਰਕੇ ਰੱਖ ਦੇਣਾ ਹੈ। ਅਸੀਂ ਤੁਹਾਡੇ ਨਾਲ ਇਕ ਹੋਰ ਵਾਅਦਾ ਕਰਦੇ ਹਾਂ ਕਿ ਸਾਡੀ ਸਰਕਾਰ ਆਉਣ 'ਤੇ ਤੁਹਾਨੂੰ ਪਖਾਨੇ ਲਈ ਬਾਹਰ ਖੇਤਾਂ ਵਿਚ ਜਾਣ ਦੀ ਵੀ ਜਰੂਰਤ ਨਹੀਂ ਪਵੇਗੀ ਕਿਉਂਕਿ ਅਸੀਂ ਤੁਹਾਡੇ ਘਰਾਂ ਵਿਚ ਉਤਨੇ ਡੱਬੇ ਰੱਖ ਦੇਣ ਹਨ, ਜਿੰਨ੍ਹੇ ਪਰਿਵਾਰ ਦੇ ਜੀਅ ਹੋਣਗੇ, ਤੁਸੀਂ ਉਨ੍ਹਾਂ ਵਿਚ ਹੀ ਟੁੱਟੀ-ਪਿਸ਼ਾਬ ਕਰਿਓ , ਸਾਡੇ ਠੇਕੇਦਾਰ ਆਉਣਗੇ ਸ਼ਾਮ ਨੂੰ ਚੁੱਕ ਕੇ ਲਿਜਾਇਆ ਕਰਨਗੇ, ਜਿਹੜੇ ਲੋਕਾਂ ਦੇ ਘਰਾਂ ਵਿਚ ਫਲੱਸ਼ਾਂ ਬਣੀਆਂ ਹੋਈਆਂ ਹਨ, ਉਨ੍ਹਾਂ ਨੂੰ ਵੀ ਠੇਕੇਦਾਰ ਖੁਦ ਸਾਫ ਕਰਨਗੇ। ਅਸੀਂ ਆਪ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਸੱਭ ਦੀ ਸਾਂਝੀ ਪਾਰਟੀ ਹੈ, ਇਸ ਪਾਰਟੀ ਵਿਚ ਉਨ੍ਹਾਂ ਆਗੂਆਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਹਨ, ਜਿਹੜੇ ਦੂਜੀਆਂ ਸਿਆਸੀ ਪਾਰਟੀਆਂ ਵਿਚੋਂ ਕੱਢੇ ਗਏ ਹਨ ਜਾਂ ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਨੇ ਟਿਕਟਾਂ ਨਹੀਂ ਦਿੱਤੀਆਂ, ਜਾਣੀ ਕਿ ਸਾਡੀ ਪਾਰਟੀ ਤਜਰਬੇਕਾਰ ਆਗੂਆਂ ਨੂੰ ਪਹਿਲ ਦੇ ਆਧਾਰ 'ਤੇ ਟਿਕਟ ਦੇਵੇਗੀ। ਸਾਡੀ ਪਾਰਟੀ ਉਨ੍ਹਾਂ ਆਗੂਆਂ ਨੂੰ  ਮਹੱਤਵਪੂਰਨ ਹਲਕਿਆਂ ਤੋਂ ਟਿਕਟ ਦੇਵੇਗੀ, ਜਿਨ੍ਹਾਂ ਦੇ ਚੋਟੀ ਦੇ ਗੈੰਗਸਟਰਾਂ, ਵੱਡੇ ਨਸ਼ਾ ਤਸਕਰਾਂ, ਵੱਡੇ ਬਦਮਾਸ਼ਾਂ, ਲਗਜ਼ਰੀ ਕਾਰਾਂ ਵਾਲੇ ਬਾਬਿਆਂ /ਸੰਤਾਂ /ਸਾਧਾਂ ਅਤੇ ਵੱਡੇ ਕਾਰੋਬਾਰੀਆਂ ਨਾਲ ਗੂੜ੍ਹੇ ਸਬੰਧ ਹੋਣਗੇ। ਸਾਡੀ ਪਾਰਟੀ ਇੱਕ  ਧਰਮ-ਨਿਰਪੱਖ ਪਾਰਟੀ ਹੈ, ਜਿਸ ਦਾ ਮੁੱਖ ਉਦੇਸ਼ ਸੱਭ ਦਾ ਭਲਾ ਕਰਨਾ ਹੈ।ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਸਾਡਾ ਚੋਣ ਵਾਅਦਾ ਦੂਜੀਆਂ ਸਿਆਸੀ ਪਾਰਟੀਆਂ ਦੀ ਤਰ੍ਹਾਂ 'ਠੁੱਸ' ਨਹੀਂ ਹੋਵੇਗਾ। ਅਸੀਂ ਜੋ ਕਹਿੰਦੇ ਹਾਂ , ਕਰਕੇ ਵਿਖਾਵਾਂਗੇ! 
ਜੈ ਕੁਰਸੀ! 
ਜਾਰੀ ਕਰਤਾ - ਮੁੱਖ ਬੁਲਾਰਾ
ਸੱਭ ਦਾ ਭਲਾ ਪਾਰਟੀ।
30 ਅਗਸਤ, 2021.

 ਇੰਝ ਵੀ ਹੁੰਦੈ! ✍️   ਸਲੇਮਪੁਰੀ ਦੀ ਚੂੰਢੀ 

ਐਤਵਾਰ ਦਾ ਦਿਨ ਸੀ, 22 ਅਗਸਤ, 2021 ਨੂੰ ਮੈਂ ਲੁਧਿਆਣਾ ਸ਼ਹਿਰ ਵਿੱਚ ਬਹੁਤ ਜਰੂਰੀ ਦੋ ਵੱਖ ਵੱਖ ਕੰਮਾਂ ਲਈ ਕਾਰ 'ਤੇ ਗਿਆ, ਮੇਰੇ ਨਾਲ ਮੇਰੀ ਜੀਵਨ ਸਾਥਣ ਪਰਮਜੀਤ ਕੌਰ ਐਡਮਿਨ ਆਫੀਸਰ ਵੀ ਸਨ। ਜਦੋਂ ਅਸੀਂ ਆਪਣੇ ਪਿੰਡ ਸਲੇਮਪੁਰ ਨੇੜੇ ਹੰਬੜਾਂ ਤੋਂ ਤੁਰੇ ਤਾਂ ਮੀਂਹ ਦੀ ਸੰਭਾਵਨਾ ਸੀ, ਮੌਸਮ ਬਹੁਤ ਹੀ ਮਨਮੋਹਕ ਬਣਿਆ ਹੋਇਆ ਸੀ। ਅਸੀਂ ਜਦੋਂ ਮਿਲਕ ਪਲਾਂਟ ਲਾਗੇ ਨਹਿਰ 'ਤੇ ਪਹੁੰਚੇ ਤਾਂ ਮੈਂ ਆਪਣੇ ਇਕ ਦੋਸਤ ਕੇਸ਼ਵ ਸੋਲੰਕੀ ਜੋ  ਗਣਿਤ ਵਿਸ਼ੇ ਦੇ ਇਕ ਉੱਤਮ ਅਧਿਆਪਕ ਹਨ, ਨੂੰ ਢੋਲੇਵਾਲ ਚੌਕ ਵਿਚ ਮੀਂਹ ਦੇ ਪਾਣੀ ਬਾਰੇ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੁੱਕਾ ਹੈ, ਪਾਣੀ ਨਹੀਂ ਖੜ੍ਹਾ, ਪਰ ਬੂੰਦਾਂ - ਬਾਂਦੀ ਹੋ ਰਹੀ ਹੈ। ਦੋਸਤ ਸੋਲੰਕੀ ਦੀ ਗੱਲ ਸੁਣ ਕੇ ਅਸੀਂ ਢੋਲੇਵਾਲ ਨੂੰ ਤੁਰ ਪਏ ਅਤੇ ਜਦੋਂ ਵਿਸ਼ਕਰਮਾ ਚੌਕ ਲਾਗੇ ਤਾਂ ਮੀਂਹ ਐਨੇ ਜੋਰ ਨਾਲ ਡਿੱਗਿਆ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸੜਕ ਉਪਰ ਸਮੁੰਦਰ ਬਣ ਗਿਆ। ਪਾਣੀ ਵਿਚ ਚੱਲ ਦੀ ਸਾਡੀ ਕਾਰ ਹਟਕੋਰੇ ਭਰਨ ਲੱਗੀ, ਅਸੀਂ ਦੋਵੇਂ ਪ੍ਰੇਸ਼ਾਨ ਹੋਣ ਲੱਗੇ। ਅਸੀਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਢੋਲੇਵਾਲ ਵਿਚ ਜਾਣਾ ਸੀ, ਜਿਥੇ ਤਿੰਨ ਕਮਰਿਆਂ ਦੀਆਂ ਛੱਤਾਂ ਉਪਰ ਲੈਂਟਰ ਪੈਣਾ ਸੀ। ਸੜਕ ਉਪਰ ਬਣੇ ਸਮੁੰਦਰ ਨੇ ਸਾਡੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਢੋਲੇਵਾਲ ਚੌਕ ਪਾਰ ਕਰਕੇ ਸਕੂਲ ਜਾਣ ਦਾ ਪ੍ਰੋਗਰਾਮ ਛੱਡ ਕੇ ਸਕੂਲ ਦੇ ਬਾਹਰੋਂ ਹੀ ਵਾਪਸ ਜਗਰਾਓਂ ਪੁਲ ਨੂੰ ਕਾਰ ਮੋੜ ਲਈ। ਸੜਕ ਉਪਰ ਪਾਣੀ ਬੇਹੱਦ ਭਰਿਆ ਹੋਣ ਕਰਕੇ ਕਾਰ ਅੱਗੇ ਵਧਣ ਤੋਂ ਜੁਆਬ ਦਿੰਦੀ ਜਾ ਰਹੀ ਸੀ। ਹੌਲੀ-ਹੌਲੀ ਕਰਕੇ ਕਾਰ ਮੁੜ ਵਿਸ਼ਕਰਮਾ ਚੌਕ ਪਹੁੰਚ ਕੇ ਬੰਦ ਹੋ ਗਈ। ਅਸੀਂ ਉਥੇ 10 ਕੁ ਮਿੰਟ ਰੁਕੇ ਤਾਂ ਕਾਰ ਦੁਬਾਰਾ ਸਟਾਰਟ ਹੋ ਗਈ, ਪਰ ਹਟਕੋਰੇ ਭਰ ਰਹੀ। ਜਿਊ ਹੀ ਅਸੀਂ ਰਾਮਗੜ੍ਹੀਆ ਸਕੂਲ ਕੋਲ ਪਹੁੰਚੇ ਤਾਂ ਕਾਰ ਫਿਰ ਬੰਦ ਹੋ ਗਈ, ਉਤੋਂ ਮੀਂਹ ਵੀ ਪੂਰੇ ਜੋਰਾਂ ਦਾ ਵਧ ਰਿਹਾ ਸੀ। ਮੈਂ ਜੁੱਤੀਆਂ - ਜੁਰਾਬਾਂ ਉਤਾਰ ਕੇ ਕਾਰ ਵਿਚ ਰੱਖ ਦਿੱਤੀਆਂ ਅਤੇ ਕਾਰ ਚੋੰ ਬਾਹਰ ਨਿਕਲ ਕੇ ਕਾਰ ਨੂੰ ਧੱਕਾ ਲਗਾ ਕੇ ਇੱਕ ਪਾਸੇ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਸਾਂ ਕਿ , ਇਨੇ ਨੂੰ ਕਾਰ ਦੇ ਅੱਗੇ ਆ ਕੇ ਇਕ ਭੱਦਰ ਪੁਰਸ਼ ਨੇ ਆਪਣੀ ਵੱਡ-ਅਕਾਰੀ ਕਾਰ ਆ ਕੇ ਰੋਕ ਲਈ ਅਤੇ ਉਹ ਛੱਤਰੀ ਲੈ ਕੇ ਕਾਰ ਚੋਂ ਬਾਹਰ ਨਿਕਲਿਆ ਅਤੇ ਉਸ ਨੇ ਮੇਰੇ ਸਿਰ ਉਪਰ ਛੱਤਰੀ ਕਰਕੇ ਕਾਰ ਨੂੰ ਧੱਕਾ ਮਾਰ ਕੇ ਸੜਕ ਦੇ ਇਕ ਪਾਸੇ ਲਗਾ ਦਿੱਤੀ ਤਾਂ ਜੋ ਪਿੱਛਿਓਂ ਆਉਣ ਵਾਲੇ ਵਾਹਨਾਂ ਨੂੰ ਕੋਈ ਅੜਿੱਕੇ ਨਾ ਲੱਗੇ। ਮੋਹਲੇਧਾਰ ਮੀਂਹ ਦੌਰਾਨ ਕਾਰ ਲਾਗੇ ਖੜ੍ਹਾ ਮੈਂ ਅਜੇ ਸੋਚ ਹੀ ਰਿਹਾ ਸੀ, ਕਿ ਹੁਣ ਕੀ ਕੀਤਾ ਜਾਵੇ, ਕਿਉਂਕਿ ਇੱਕ ਤਾਂ ਮੀਂਹ ਪੈ ਰਿਹਾ ਸੀ, ਦੂਜਾ ਐਤਵਾਰ ਦਾ ਦਿਨ ਹੋਣ ਕਰਕੇ ਬਜਾਰ/ ਵਰਕਸ਼ਾਪਾਂ ਬੰਦ ਸਨ। ਇਨੇ ਨੂੰ ਸਾਡੀ ਕਾਰ ਦੇ ਪਿੱਛੇ ਇਕ ਥ੍ਰੀਵ੍ਹੀਲਰ ਵਾਲਾ ਆ ਕੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ ਮੈਂ ਤੁਹਾਡੀ ਮਦਦ ਲਈ ਆਇਆ ਹਾਂ ਜੀ, ਦੱਸੋ ਕਾਰ ਕਿਥੇ ਪਹੁੰਚਾਉਣੀ ਹੈ? ਮੈਂ ਉਸ ਨੂੰ ਆਖਿਆ 'ਭਾਈ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਮੁਸੀਬਤ ਵਿੱਚ ਮੇਰੀ ਮਦਦ ਕਰਨ ਲਈ ਖੜ੍ਹੇ ਹੋਏ ਹੋ। ਮੈਂ ਅਜੇ ਗੱਲ ਹੀ ਕਰ ਰਿਹਾ ਸੀ ਕਿ ਉਸ ਨੇ ਆਪਣੇ ਥ੍ਰੀਵ੍ਹੀਲਰ ਵਿਚੋਂ ਰੱਸਾ ਕੱਢਿਆ ਅਤੇ ਆਖਣ ਲੱਗਾ ਮੈਂ ਆਪਣੇ ਥ੍ਰੀਵ੍ਹੀਲਰ ਪਿਛੇ ਪਾ ਕੇ ਭਾਰਤ ਨਗਰ ਚੌਕ ਵਿਚ ਕਾਰ ਮਕੈਨਿਕ ਕੋਲ ਛੱਡ ਆਉਂਦਾ ਹਾਂ, ਅੱਗਿਉਂ ਕਾਰ ਵਾਲਾ ਇਨਸਾਨ ਆਖਣ ਲੱਗਾ ਕਿ ਮੈਂ ਆਪਣੀ ਕਾਰ ਪਿਛੇ ਬੰਨ੍ਹ ਕੇ ਛੱਡ ਆਵਾਂਗਾ। ਚਲੋ ਇਨੇ ਨੂੰ ਇਹ ਸਹਿਮਤੀ ਹੋਈ ਕਿ ਕਾਰ ਦੇ ਪਿੱਛੇ ਸਾਡੀ ਕਾਰ ਬੰਨ੍ਹ ਕੇ ਛੱਡੀ ਜਾਵੇਗੀ। ਥ੍ਰੀਵ੍ਹੀਲਰ ਵਾਲਾ ਭੱਦਰ-ਪੁਰਸ਼ ਜਦੋਂ ਸਾਡੀ ਕਾਰ ਨੂੰ ਦੂਜੀ ਕਾਰ ਦੇ ਪਿੱਛੇ ਰੱਸੇ ਨਾਲ ਬੰਨ੍ਹ ਰਿਹਾ ਸੀ, ਤਾਂ ਮੈਂ ਥ੍ਰੀਵ੍ਹੀਲਰ ਵਾਲੇ ਦੇ ਮੋਢੇ ਉਪਰ ਹੱਥ ਰੱਖ ਕੇ ਪੁੱਛਿਆ, 'ਭਾਈ ਸਾਹਿਬ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ, ਪਰ ਵਰ੍ਹਦੇ ਮੀਂਹ ਵਿਚ ਤੁਸੀਂ ਭਿੱਜ ਕੇ ਮੇਰੀ ਮਦਦ ਕਰ ਰਹੇ ਹੋ, ਕਿਉਂ? ਤਦ ਉਸ ਭੱਦਰ ਨੇ ਕਿਹਾ ਕਿ,' ਮੇਰੇ ਉਪਰ ਤੁਹਾਡੇ ਬਹੁਤ ਅਹਿਸਾਨ ਹਨ, ਮੈਂ ਦੱਸ ਨਹੀਂ ਸਕਦਾ, ਪਰ ਤੁਸੀਂ ਸਾਡੇ ਪਰਿਵਾਰ  ਦੀ ਕਦੋਂ ਅਤੇ ਕਿਥੇ ਮਦਦ ਕੀਤੀ, ਮੈਂ  ਦੱਸ ਨਹੀਂ ਸਕਦਾ।' ਉਸ ਦੀ ਗੱਲ ਸੁਣ ਕੇ ਮੈਂ ਵੀ ਉਸ ਨੂੰ ਪੁੱਛਣ ਲਈ ਜਿਆਦਾ ਜੋਰ ਵੀ ਨਾ ਪਾਇਆ।
ਵੱਡੀ ਕਾਰ ਦੇ ਪਿੱਛੇ ਸਾਡੀ ਕਾਰ ਬੰਨ੍ਹ ਕੇ ਭਾਰਤ ਨਗਰ ਚੌਕ ਲਿਆਂਦੀ ਗਈ। ਸਬੱਬ ਨਾਲ ਇਕ ਕਾਰ ਮਕੈਨਿਕ ਵੀ ਮਿਲ ਗਿਆ, ਉਸ ਨੇ ਕਾਰ ਖੋਲ੍ਹੀ ਅਤੇ ਦੱਸਿਆ ਕਿ ਕਾਰ ਦੇ ਪਲੱਗ ਸੜ ਗਏ ਹਨ। ਵੱਡ-ਅਕਾਰੀ ਕਾਰ ਦੇ ਮਾਲਕ ਨੇ ਮਕੈਨਿਕ ਨੂੰ ਨਾਲ ਲੈ ਕੇ ਨਵੇਂ ਪਲੱਗ ਖ੍ਰੀਦ ਕੇ ਲਿਆਂਦੇ ਅਤੇ ਕਾਰ ਵਿਚ ਪਾਏ। ਕਾਰ ਦੇ ਠੀਕ ਹੋਣ ਤੱਕ ਲਗਭਗ 2 ਘੰਟੇ ਦਾ ਸਮਾਂ ਲੱਗਿਆ ਪਰ ਵੱਡ-ਅਕਾਰੀ ਕਾਰ ਦਾ ਮਾਲਕ ਨਾਲ ਹੀ ਰਿਹਾ। ਮੈਂ ਜਦੋਂ ਉਸ ਦਾ ਧੰਨਵਾਦ ਕਰਨ ਲੱਗਿਆ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਆਖਣ ਲੱਗਾ ' ਸਰ, ਤੁਹਾਡੀ ਮਿਹਰਬਾਨੀ ਕਰਕੇ ਮੇਰੇ ਕੋਲ ਅੱਜ ਮਹਿੰਗੀ ਕਾਰ ਹੈ, ਮਾਲ ਰੋਡ 'ਤੇ ਮਹਿੰਗੀ ਦੁਕਾਨ ਹੈ ਅਤੇ ਚੰਡੀਗੜ੍ਹ ਰੋਡ 'ਤੇ ਸ਼ਾਨਦਾਰ ਕੋਠੀ ਹੈ, ਸਰ ਤੁਹਾਡੀ ਮਦਦ ਨਾਲ ਮੈਂ ਅੱਜ ਲੱਖਾਂ ਦਾ ਬਿਜਨਸ ਕਰ ਰਿਹਾ ਹਾਂ।' 
ਪਰ ਮੈਂਨੂੰ ਤਾਂ ਕੁਝ ਵੀ ਯਾਦ ਨਹੀਂ  ਕਿ ਮੈਂ  ਕਾਰ ਵਾਲੇ ਦੀ ਅਤੇ  ਥ੍ਰੀਵ੍ਹੀਲਰ ਵਾਲੇ ਦੀ ਕਦੋਂ ਮਦਦ ਕੀਤੀ ਸੀ ?' ਕਾਰ ਵਿਚ ਬੈਠੀ ਭੱਦਰ-ਪੁਰਸ਼ ਦੀ ਨਵੀਂ - ਵਿਆਹੀ ਵਹੁਟੀ ਵੀ ਕਾਰ ਵਿਚੋਂ ਬਾਹਰ ਨਿਕਲ ਕੇ ਆਈ ਤਾਂ ਉਸ ਨੇ ਮੇਰੇ ਅਤੇ ਮੇਰੀ ਘਰਵਾਲੀ ਦੇ ਪੈਰ ਛੂਹੇ ਅਤੇ ਉਹ ਵੀ ਆਖਣ ਲੱਗੀ ਕਿ ਲੁਧਿਆਣਾ ਸ਼ਹਿਰ ਵਿੱਚ ਤੁਸੀਂ ਸਾਡੇ ਪੈਰ ਜਮਾਏ ਹਨ, ਜਿਸ ਕਰਕੇ ਅੱਜ ਅਸੀਂ ਬਹੁਤ ਖੁਸ਼ ਹਾਂ।'
ਮੈਂ ਉਨ੍ਹਾਂ ਦੀ  ਮਦਦ ਕੀਤੀ ਜਾਂ ਨਹੀਂ ਕੀਤੀ, ਮੇਰਾ ਇਸ ਗੱਲ ਨਾਲ ਕੋਈ ਵੀ ਵਾਸਤਾ ਨਹੀਂ ਹੈ, ਕਿਉਂਕਿ ਮੈਂ ਕੰਮ ਕਰਕੇ ਕਦੀ ਵੀ ਅਹਿਸਾਨ ਨਹੀਂ ਜਿਤਾਉੰਦਾ, ਪਰ ਮੇਰੇ ਲਈ ਮੁਸੀਬਤ ਵੇਲੇ ਉਹ ਦੋਵੇਂ ਇਨਸਾਨ ਫਰਿਸ਼ਤਾ ਬਣ ਕੇ ਬਹੁੜੇ ਹਨ, ਜਿਸ ਕਰਕੇ ਮੈਂ ਉਨ੍ਹਾਂ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗਾ।' 
ਭਾਰਤ ਨਗਰ ਚੌਕ ਤੋਂ ਅਸੀਂ ਬਾਦ ਦੁਪਹਿਰ ਲਗਭਗ 2 ਵਜੇ ਤੁਰੇ ਅਤੇ ਫਿਰ ਗੁਰੂ ਨਾਨਕ ਭਵਨ ਪਹੁੰਚੇ, ਜਿਥੇ 'ਮੱਜਬੀ ਸਿੱਖਾਂ ਦੀ ਦਸ਼ਾ ਤੇ ਦਿਸ਼ਾ' ਉਪਰ ਸੂਬਾ ਪੱਧਰੀ ਸੈਮੀਨਾਰ ਚੱਲ ਰਿਹਾ ਸੀ, ਵਾਲੀ ਜਗ੍ਹਾ 'ਤੇ ਪਹੁੰਚ ਕੇ ਮੇਰੀ ਪਤਨੀ ਅਤੇ ਪ੍ਰਿੰਸੀਪਲ ਸਤਿਨਾਮ ਕੌਰ ਨੇ ਡਾ: ( ਪ੍ਰੋ:) ਰਾਗਿਨੀ ਸ਼ਰਮਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ, ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਉਪਰ ਪੀ ਐਚ ਡੀ ਕੀਤੀ ਹੈ।
-ਸੁਖਦੇਵ ਸਲੇਮਪੁਰੀ
09780620233
28 ਅਗਸਤ, 2021

ਫ਼ਿਲਮਜ਼ ਹੋਣ ਜਾਂ ਫ਼ਿਰ ਮਿਊਜ਼ਿਕ ਵੀਡੀਓਜ਼ ਹਰ ਇਕ ਨੂੰ ਵਿਲੱਖਣਤਾ ਦੇ ਰੰਗ ਵਿਚ ਰੰਗਣਾ ਰਹੇਗੀ ਵਿਸ਼ੇਸ਼ ਪਹਿਲਕਦਮੀ - ਡਾ. ਵਿਕਾਸ ਮੋਦੀ 

ਹਿੰਦੀ ਸਿਨੇਮਾ ਵਿਚ ਅੱਜ ਬਤੌਰ ਨਿਰਮਾਤਾ ਮਾਣਮੱਤੀ ਪਹਿਚਾਣ ਸਥਾਪਿਤ ਕਰ ਚੁੱਕੇ ਹਨ, ਬੰਗਲੌਰ ਸਬੰਧਤ ਫ਼ਿਲਮ ਨਿਰਮਾਣਕਾਰ ਡਾ. ਵਿਕਾਸ ਮੋਦੀ , ਜਿੰਨ੍ਹਾਂ ਬਹੁਤ ਥੋੜੇ ਸਮੇਂ ਵਿਚ ਬਾਲੀਵੁੱਡ ਵਿਚ ਕਈ ਬੇਹਤਰੀਣ ਅਤੇ ਅਰਥ ਭਰਪੂਰ ਫ਼ਿਲਮਜ਼ ਦਰਸ਼ਕਾਂ ਦੀ ਝੋਲੀ ਪਾਉਣ ਦਾ ਸਿਹਰਾ ਹਾਸਿਲ ਕਰ ਲਿਆ ਹੈ। ਹਾਰਵਰਡ ਯੂਨੀਵਰਸਿਟੀ ਜਿਹੇ ਅੰਤਰਰਾਸ਼ਟਰੀ ਸਿੱਖਿਆ ਸੰਸਥਾਨ ਤੋਂ ਐਮ.ਬੀ.ਏ ਕਰਨ ਵਾਲੇ ਇਸ ਦੂਰਅੰਦੇਸ਼ੀ ਸੋਚ ਰੱਖਦੇ ਸਖ਼ਸ਼ ਨੂੰ ੳੁੱਘੇ ਕਾਰੋਬਾਰੀ ਅਤੇ ਫ਼ਿਲਮ ਨਿਰਮਾਤਾ ਵਜੋਂ ਆਪਣੀ ਮੌਜੂਦਾ ਪਹਿਚਾਣ ਸਥਾਪਿਤ ਕਰਨ ਲਈ ਕਾਫ਼ੀ ਮਿਹਨਤ ਅਤੇ ਜੱਦੇਜਹਿਦ ਕਰਨੀ ਪਈ , ਪਰ ਦ੍ਰਿੜ  ਇਰਾਦਿਆਂ ਦੀ ਧਨੀ ਇਸ ਹੋਣਹਾਰ ਸਖ਼ਸ਼ੀਅਤ ਨੇ ਕਦੀ ਵੀ ਆਪਣੇ ਹੌਸਲੇ ਨੂੰ ਡੋਲਣ ਨਹੀਂ ਦਿੱਤਾ ਅਤੇ ਹਰ ਮੁਸ਼ਿਕਲ ਤੋਂ ਮੁਸ਼ਿਕਲ ਚੁਣੌਤੀ ਦਾ ਸਾਹਮਣਾ ਡਟ ਕੇ ਕੀਤਾ, ਜਿਸ ਦੇ ਮੱਦੇਨਜ਼ਰ ਹੀ ਅੱਜ ਗਲੈਮਰ ਅਤੇ ਕਾਰਪੋਰੇਟ ਜਗਤ ਦੋਨਾਂ ਹੀ ਖੇਤਰਾਂ ਵਿਚ ਇੰਨ੍ਹਾਂ ਦਾ ਬੋਲਬਾਲਾ ਅਤੇ ਵਜ਼ੂਦ ਸਿਖ਼ਰਾ ਛੂਹ ਰਿਹਾ ਹੈ । ਮੂਲ ਰੂਪ ਵਿਚ ਰਾਜਸਥਾਨ ਸਬੰਧਤ ਇਸ ਸਤਿਕਾਰਿਤ ਹਸਤੀ ਨਾਲ ਉਨਾਂ ਦੇ ਜੀਵਨ ਅਤੇ ਕਾਰੋਬਾਰ, ਫ਼ਿਲਮ ਕਰਿਅਰ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਮੁੱਢਲੇ ਪੜ੍ਹਾਅ ਤੋਂ ਹੀ ਜਾਣੂ ਕਰਵਾਉਂਦਿਆਂ ਦੱਸਿਆ ਕਿ ਬਚਪਣ ਵਿਚ ਹੀ ਆਪਣੇ ਬਲਬੂਤੇ ਤੇ ਅਲਹਦਾ ਪਹਿਚਾਣ ਹਾਸਿਲ ਕਰਨ ਦਾ ਜਨੂੰਨ ਦਿਲੋ ਦਿਮਾਗ ਤੇ ਹਾਵੀ ਹੋ ਗਿਆ , ਜਿਸ ਦੇ ਚਲਦਿਆਂ ਸਭ ਤੋਂ ਪਹਿਲਾ ਇਹ ਜਰੂਰੀ ਲੱਗਿਆ ਕਿ ਕਿਸੇ ਵੀ ਖਿੱਤੇ ਵਿਚ ਕਿਸਮਤ ਅਜਮਾਈ ਤੋਂ ਪਹਿਲਾ ਆਪਣੇ ਆਪ ਨੂੰ ਸਿੱਖਿਅਕ ਤੌਰ ਤੇ ਮਜ਼ਬੂਤ ਕੀਤਾ ਜਾਵੇ, ਕਿਉਂ ਕਿ ਖੇਤਰ ਭਾਵੇਂ ਕੋਈ ਵੀ ਹੋਵੇ, ਉਸ ਵਿਚ ਬੁਲੰਦੀਆਂ ਛੂਹ ਲੈਣ ਲਈ ਉੱਚ ਸਿੱਖਿਆ ਅਤੇ ਜੀਵਨ ਤਜ਼ੁਰਬੇ ਅਹਿਮ ਭੂਮਿਕਾ ਨਿਭਾਉਂਦੇ ਹਨ, ਜੋ ਤੁਹਾਨੂੰ ਆਤਮ ਵਿਸ਼ਵਾਸ਼ ਵਜੋਂ , ਏਨ੍ਹਾਂ ਪਰਪੱਕ ਵੀ ਕਰ ਦਿੰਦੇ ਹਨ ਕਿ , ਕੋਈ ਵੀ ਕਠਿਨਾਈ ਦਾ ਸਾਹਮਣਾ ਕਰਨਾ । ਤੁਹਾਡੇ ਲਈ ਆਸਾਨ ਹੋ ਜਾਂਦਾ ਹੈ।  ਉਨ੍ਹਾਂ ਦੱਸਿਆ ਕਿ ਆਪਣੇ ਇਸ ਮੁੂਲ ਸੋਚ ਨੂੰ ਅੰਜਾਮ ਦਿੰਦਿਆਂ ਇੰਟਰਨੈਸ਼ਨਲ ਅਤੇ ਨੈਸ਼ਨਲ ਪੱਧਰ ਤੇ ਚੰਗੇਰ੍ਹੇ ਸਿੱਖਿਆ ਸੰਸਥਾਨਾਂ ਵਿਚੋਂ ਸਿੱਖਿਆ ਹਾਸਿਲ ਕੀਤੀ , ਉਸ ਉਪਰੰਤ ਸਭ ਤੋਂ ਪਹਿਲਾ ਬੰਗਲੋਂਰ ਵਿਚ ਗੁਡਜ਼ ਕੇਅਰਿੰਗ ਕਾਰਗੋ ਪ੍ਰਾਈਵੇਟ ਲਿਮਿਟਡ, ਗੁਡਜ਼ ਕੇਅਰਿੰਗ ਕਾਰਪੋਰੇਸ਼ਨ  ਪ੍ਰਾਈਵੇਟ ਲਿਮਿਟਡ ਵੱਖ ਵੱਖ ਕਾਰੋਬਾਰਾ ਦੀ ਸਥਾਪਨਾ ਕੀਤੀ, ਜਿੰਨ੍ਹਾਂ ਵਿਚ ਆਦਿ ਸ਼ਾਮਿਲ ਰਹੇ।  ਮੁੰਬਈਆਂ ਨਗਰੀ ਨਾਲ ਬਤੌਰ ਨਿਰਮਾਤਾ ਜੁੜਨ ਦੇ ਸਬੱਬ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮੌਦੀ ਅੱਗੇ ਦੱਸਦੇ ਹਨ ਕਿ ਦਰਅਸਲ ਗਲੈਮਰ ਦੀ ਚਕਾਚੌਂਧ ਹਰ ਇਕ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਦੇ ਮੱਦੇਨਜ਼ਰ ਪੜ੍ਹਾਈ ਦੌਰਾਨ ਸਮੇਂ ਤੋਂ ਹੀ ਮਨ ਵਿਚ ਇਹ ਇੱਛਾ ਜਨਮ ਲੈਣ ਲੱਗ ਪਈ ਸੀ ਕਿ ਜੇ ਕਦੇਂ ਆਰਥਿਕ ਪੱਖੋਂ ਸੰਪੰਨਤਾਂ ਹਿੱਸੇ ਆਈ ਤਾਂ ਸਿਨੇਮਾਂ ਖੇਤਰ ਨਾਲ ਜਰੂਰ ਜੁੜਾਗਾਂ ਅਤੇ ਬੇਹਤਰੀਨ ਫ਼ਿਲਮਾਂ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਵਾਗਾਂ। ਉਨ੍ਹਾਂ ਅੱਗੇ ਦੱਸਿਆ ਕਿ ਆਖ਼ਿਰ ਮਨ ਦੇ ਇਹ ਵਲਵਲੇ ਉਸ ਵੇਲੇ ਅੰਜ਼ਾਮ ਤੱਕ ਪਹੁੰਚ ਗਈ ਜਦੋਂ , ਜਦੋਂ ਕੁਝ ਹਿੰਦੀ ਫ਼ਿਲਮਾਂ ਨਾਲ ਬਤੌਰ ਫਾਈਨਾਈਸ਼ਰ ਜੁੜਨ ਦਾ ਪ੍ਰੋੋਪੋਜ਼ਲ ਮਿਲਿਆ, ਜਿੰਨ੍ਹਾਂ ਦਾ ਉਮਦਾ ਅਤੇ ਵੱਖਰਾ ਕੰਟੈਂਟ ਆਦਿ ਵੇਖਦਿਆਂ ਇੰਨ੍ਹਾਂ ਨਾਲ ਆਪਣੇ ਫ਼ਿਲਮ ਕਰਿਅਰ ਦੀ ਸ਼ੁਰੂਆਤ ਫ਼ਿਲਮ ਨਿਰਮਾਣਕਾਰ ਵਜੋਂ ਕਰਨ ਦਾ ਫ਼ੈਸਲਾ ਲੈ ਲਿਆ । ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਰਹੀ ਕਿ ਸ਼ੁਰੂਆਤ ਸਮੇਂ ਤੋਂ ਹੀ ਕਈ ਵੱਡੀਆਂ ਅਤੇ ਮਲਟੀ ਸਟਾਰ ਫ਼ਿਲਮਾਂ ਫਾਈਨਾਈਸ਼ਰ ਦੇ ਤੌਰ ਤੇ ਕੀਤੀਆਂ, ਜਿੰਨ੍ਹਾਂ ਨਾਲ ਮਾਇਆ ਨਗਰੀ ਵਿਚ ਸਫ਼ਲਤਾ ਅਤੇ ਪਹਿਚਾਣ ਅਤੇ ਸਨੇਹ ਭਰੇ ਰਿਸ਼ਤੇ ਵੀ ਕਾਇਮ ਹੋਏ।  ਉਨ੍ਹਾਂ ਦੱਸਿਆ ਕਿ ਕੁਝ ਵਰ੍ਹਿਆਂ ਹਾਂ ਦੇ ਸੁਖਦ ਫ਼ਿਲਮਜ਼ ਫਾਈਨਾਸ਼ ਤਜਰਬੇ ਤੋਂ ਉਤਸ਼ਾਹਿਤ ਹੁੰਦਿਆਂ ਹੁਣ ਫ਼ਿਲਮ ਨਿਰਮਾਣਕਾਰ ਵਜੋਂ ਅਗਲੇਰਾ ਪੜ੍ਹਾਅ ਤੈਅ ਕਰ ਰਿਹਾ ਹੈ, ਜਿਸ ਦੇ ਮੱਦੇਨਜ਼ਰ ਜਿੱਥੇ  ਕਈ ਪ੍ਰਭਾਵੀ ਕੰਟੈਂਟ ਫ਼ਿਲਮਜ਼ ਕਰ ਰਿਹਾ ਹਾਂ, ਉਥੇ ਆਉਣ ਵਾਲੇ ਦਿਨ੍ਹਾਂ ਵਿਚ ਨਾਮਵਰ ਸਿੰਗਰਜ਼ ਬਾਦਸ਼ਾਹ, ਨੇਹਾ ਕੱਕੜ੍ਹ, ਜੁਬੀਨ ਨਟਿਆਲ ਦੇ ਗੀਤ ਆਧਾਰਿਤ  ਵੱਡੇ ਅਤੇ ਸ਼ਾਨਦਾਰ ਮਿਊਜ਼ਿਕ ਵੀਡੀਓਜ਼ ਵੀ ਦਰਸ਼ਕਾ ਸਨਮੁੱਖ ਕਰਨ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਘਰੇਲੂ ਪ੍ਰੋਡੋਕਸ਼ਨ ਹਾਊਸ ਸੇਂਸ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਅਧੀਨ ਅਜਕਲ ਜਿੰਮੀ ਸ਼ੇਰਗਿੱਲ, ਸ਼ੇਅਸ਼ ਤਲਪੜ੍ਹੇ ਨਾਲ ਟਰੱਸਟ ਆਲਵੇਜ਼ ਬਰੋਕਨ, ਸਾਥੀ ਰੇ ਸਾਥੀ ਪੂਰੀਆਂ ਹੋ ਚੁੱਕੀਆਂ ਹਨ, ਜਿਸ ਤੋਂ ਇਲਾਵਾ ਆਉਣ ਵਾਲੇ ਦਿਨ੍ਹਾਂ ਵਿਚ ਕੁਝ ਬਹੁਤ ਵਿਲੱਖਣ ਅਤੇ ਮਲਟੀ ਸਟਾਰ ਹਿੰਦੀ ਅਤੇ ਪੰਜਾਬੀ ਫ਼ਿਲਮਜ਼ ਵੀ ਸ਼ੂਟਿੰਗ ਨਿਰਮਾਣ ਵੱਲ ਵਧਣ ਜਾ ਰਹੀਆਂ ਹਨ  , ਜਿੰਨ੍ਹਾਂ ਦੀ ਰਸਮੀ ਘੋਸ਼ਣਾ ਜਲਦ ਮੁੰਬਈ ਵਿਖੇ ਕੀਤੀ ਜਾਵੇਗੀ।                                          

ਸ਼ਿਵਨਾਥ ਦਰਦੀ  ਸੰਪਰਕ :- 98551/55392

75 ਵੇਂ ਆਜ਼ਾਦੀ ਦਿਵਸ ਤੇ ਭਾਰਤ ਦਾ ਆਮ ਆਦਮੀ ✍️  ਅਮਨਜੀਤ ਸਿੰਘ ਖਹਿਰਾ  

ਵੋਟਾਂ ਵੀ ਪਾਵੇ ਆਮ ਆਦਮੀ ! ਵਧਾਈਆਂ ਵੀ ਦੇਵੇ ਆਮ ਆਦਮੀ ! ਝੰਡੇ ਮੂਹਰੇ ਖੜ੍ਹ ਕੇ ਸਲਾਮੀ ਦੇਣ ਵਾਲੇ ਕੌਣ ? ਆਮ ਆਦਮੀ ਨੂੰ ਲੁੱਟਣ ਤੇ ਕੁੱਟਣ ਵਾਲਾ । ਇਹ ਹੈ ਸਾਡੀ ਆਜ਼ਾਦੀ ਦੀ ਤਸਵੀਰ  ।  

ਅੱਜ ਅਸੀਂ ਦੇਸ਼ ਦੀ ਆਜ਼ਾਦੀ ਦੇ 75 ਸਾਲ ਵਿੱਚ ਪਹੁੰਚ ਗਏ ਹਾਂ । ਜਿਸ ਆਜ਼ਾਦੀ ਦੇ ਸੁਪਨੇ ਸਾਨੂੰ ਸਾਡੇ ਸ਼ਹੀਦ ਜਿਨ੍ਹਾਂ ਦੀਆਂ ਲੰਮੀਆਂ ਕਤਾਰਾਂ ਹਨ ਨੇ ਦਿਖਾਏ । ਪਰ ਕੀ ਇਹ ਆਜ਼ਾਦੀ ਸਾਨੂੰ ਮਿਲ ਗਈ ? ਅੱਜ ਵਿਚਾਰਨ ਦੀ ਸਭ ਤੋਂ ਵੱਡੀ ਲੋੜ ! ਮੈਂ ਗੱਲ ਕਰਾਂਗਾ ਸਿਰਫ਼ ਤੇ ਸਿਰਫ਼ ਭਾਰਤ ਵਿਚ ਵੱਸਣ ਵਾਲੇ ਆਮ ਆਦਮੀ ਦੀ ਆਜ਼ਾਦੀ ਕਿੱਥੇ ਹੈ । ਦੇਖੋ ਧਿਆਨ ਮਾਰੋ ਢਾਂਚਾ ਤੇ ਤਾਣਾ ਬਾਣਾ ਇਨ੍ਹਾਂ ਲੀਡਰਾਂ ਨੇ ਆਪਣੇ ਦੁਆਲੇ ਕਿਸ ਤਰ੍ਹਾਂ ਤਿਆਰ ਕੀਤਾ  ਭਾਰਤ ਦੇਸ਼ ਵਿੱਚ ਵਸਦੇ ਆਮ ਆਦਮੀ ਨੂੰ ਬੰਦੀ ਬਣਾਉਣ ਲਈ  । ਦੇਸ਼ ਦੇ ਕਾਨੂੰਨ ਬਣਾਉਣ ਵਾਲਾ ਅੱਜ ਤਿਰੰਗੇ ਨੂੰ ਸਲਾਮੀ ਦੇ ਰਿਹਾ ਹੈ ਤੇ ਖ਼ੁਸ਼ੀ ਵਿੱਚ ਭੰਗੜੇ ਪਾ ਤੇ ਪਵਾ ਰਿਹਾ ਹੈ ਲਾਲ ਕਿਲ੍ਹੇ ਦੇ ਉੱਪਰ। ਜਿਸ ਨੇ ਆਮ ਆਦਮੀ ਦੀ ਆਜ਼ਾਦੀ ਦੇ ਲਈ ਕੀ ਕੀਤਾ ਦੇਸ਼ ਦੇ ਅੰਨਦਾਤੇ ਨੂੰ ਭਿਖਾਰੀ ਬਣਾ ਕੇ ਸੜਕਾਂ ਉੱਪਰ  ਬਿਠਾਇਆ,  ਅਣਿਆਈ ਮੌਤ ਮਰਨ ਦੇ ਰਸਤੇ ਪਾਇਆ, ਆਪਣੀ ਮਰਜ਼ੀ ਦੇ ਨਾਲ ਉਨ੍ਹਾਂ ਨੂੰ ਕੁਚਲਣ ਦੇ ਲਈ ਕਾਨੂੰਨ ਬਣਾਏ , ਗ਼ਰੀਬੀ ਹਟਾਉਣ ਦੇ ਢੌਂਗ ਰਚਾ ਕੇ ਦੋ ਰੋਟੀਆਂ ਖਾਣ ਵਾਲੇ ਨੂੰ ਅੱਧੀ ਰੋਟੀ ਜੋਗਾ ਬਣਾਇਆ। ਇਹ ਸਭ ਕਿਉਂ ਹੋਇਆ ਸਾਡੀ ਆਜ਼ਾਦੀ ਨੂੰ ਕਿਉਂ ਕੁਚਲਿਆ ਗਿਆ ਕਿਉਂਕਿ ਸਾਡੇ ਵਿੱਚ ਏਕਤਾ  ਆਪਣਾ ਪਣ ਧਰਮ ਪ੍ਰਤੀ ਸਤਿਕਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਦਾ ਡੁੱਬ ਜਾਣਾ ਕਿਹਾ ਜਾ ਸਕਦਾ ਹੈ । ਦੂਜੇ ਪਾਸੇ ਦਸ ਸਾਲ ਰਾਜ ਕਰਨ ਵਾਲਾ ਗੁਰੂ ਦੀ ਹੋਈ ਬੇਅਦਬੀ ਸਾਡੇ ਗਲ ਪਾ ਗਿਆ  ਤੇ ਪਿਛਲੇ ਚਾਰ ਸਾਲ ਗੁਟਕਾ ਸਾਹਿਬ ਹੱਥ ਵਿਚ ਫਡ਼ ਕੇ ਸਹੁੰ ਖਾਣ ਵਾਲਾ ਆਮ ਆਦਮੀ ਨੂੰ ਪੁਲੀਸ ਦੀ ਕੁੱਟ ਭੁੱਖਮਰੀ ਤਾਕਤਵਰ ਲੋਕਾਂ ਦੇ ਛਿਅੱਤਰ ਗੁਆਂਢੀ ਮੁਲਕ ਤੋਂ ਇਸ ਗੱਲ ਦਾ ਖ਼ਤਰਾ ਗਵਾਂਢੀ ਮੁਲਕ ਤੋਂ ਉਸ ਗੱਲ ਦਾ ਖ਼ਤਰਾ ਕਹਿ ਕੇ  ਅੱਜ ਫੇਰ ਤਿਰੰਗੇ ਮੂਹਰੇ ਖੜ੍ਹ ਆਜ਼ਾਦੀ ਦੀ ਸਹੁੰ ਖਾ ਗਿਆ । ਇਸ ਸਾਰੇ ਕੁਝ ਵਿੱਚ ਅੱਜ ਪਚੱਤਰ ਵੇਂ ਆਜ਼ਾਦੀ ਦਿਹਾੜੇ ਤੇ ਤਿਰੰਗੇ ਨੂੰ ਕਿੱਥੇ ਸਲਾਮੀ ਦਿੱਤੀ ਤੇ ਕਿਸ ਆਜ਼ਾਦੀ ਦਾ ਉਸਨੇ ਨਿੱਘ ਮਾਣਿਆ ਇਨ੍ਹਾਂ ਸਵਾਲਾਂ ਦੇ ਨਾਲ  ਮੈਂ ਆਪਣੀ ਗੱਲਬਾਤ ਸਮਾਪਤ ਕਰਾਂਗਾ । ਮੈਂ ਵੀ ਇਸ ਭਾਰਤ ਆਜ਼ਾਦ ਦੇਸ਼ ਦਾ ਵਾਸੀ ਹਾਂ ਤੇ ਆਜ਼ਾਦੀ ਦੀ ਉਡੀਕ ਕਰ ਰਿਹਾ ਹਾਂ ਕਿ ਕਦੋਂ ਮੈਨੂੰ ਇਹ ਆਜ਼ਾਦੀ ਮਿਲੇਗੀ । 

 

ਅਮਨਜੀਤ ਸਿੰਘ ਖਹਿਰਾ       

ਰੱਬ ਇੱਕ ਗੋਰਖ-ਧੰਦਾ ✍️  ਸਲੇਮਪੁਰੀ ਦੀ ਚੂੰਢੀ 

 ਆਮ ਤੌਰ 'ਤੇ ਸਾਡੇ ਸਮਾਜ ਵਿਚ ਉਨ੍ਹਾਂ ਵਿਅਕਤੀਆਂ ਨੂੰ ਬਹੁਤ ਹੀ ਸਤਿਕਾਰਿਤ ਅਤੇ ਸਕਾਰਾਤਮਕ ਭਾਵਨਾ ਨਾਲ ਵੇਖਿਆ ਜਾਂਦਾ ਹੈ, ਜਿਹੜੇ ਰੱਬ ਨੂੰ ਮੰਨਦੇ ਹਨ, ਜਦ ਕਿ ਜਿਹੜੇ ਵਿਅਕਤੀ ਨਾਸਤਿਕ ਹੁੰਦੇ ਹਨ, ਉਨ੍ਹਾਂ ਵੱਲ  ਲੋਕਾਂ ਦਾ ਤੱਕਣ ਦਾ ਰਵੱਈਆ ਅਕਸਰ ਨਕਾਰਾਤਮਕ ਹੁੰਦਾ ਹੈ, ਪਰ ਜਦੋਂ ਅਸੀਂ ਸਮੁੱਚੇ ਸਮਾਜ ਉਪਰ ਝਾਤੀ ਮਾਰ ਦੇ ਹਾਂ, ਤਾਂ  ਕਿਤੇ ਵੀ ਇਹ ਫਰਕ ਦਿਖਾਈ ਨਹੀਂ ਦਿੰਦਾ ਕਿ ਨਾਸਤਿਕਾਂ ਦੀ ਉਮਰ ਆਸਤਿਕਾਂ ਨਾਲੋਂ ਘੱਟ ਹੋਵੇ, ਅਤੇ ਨਾ ਹੀ ਕਦੇ ਇਹ ਸਾਹਮਣੇ ਆਇਆ ਹੈ ਕਿ ਆਸਤਿਕਾਂ ਦੀ ਉਮਰ ਨਾਸਤਿਕਾਂ ਦੀ ਉਮਰ ਨਾਲੋਂ ਲੰਬੀ ਹੁੰਦੀ ਹੈ ਜਾਂ ਨਾਸਤਿਕਾਂ ਨੂੰ ਬਿਮਾਰੀਆਂ ਜਿਆਦਾ ਲੱਗਦੀਆਂ ਹੋਣ ਜਾਂ ਫਿਰ ਉਨ੍ਹਾਂ ਦੇ ਔਲਾਦ ਨਾ ਹੁੰਦੀ ਹੋਵੇ ਜਾਂ ਉਨ੍ਹਾਂ ਦੀ ਔਲਾਦ ਨਿਕੰਮੀ ਹੋਵੇ, ਇਹ ਗੱਲ ਵੀ ਕਿਤੇ ਉਭਰ ਕੇ ਸਾਹਮਣੇ ਨਹੀਂ ਆਈ ਕਿ ਨਾਸਤਿਕ ਬੰਦੇ ਇਮਾਨਦਾਰ ਨਹੀਂ ਹੁੰਦੇ, ਜਦ ਕਿ ਇਸ ਦੇ ਉਲਟ ਇਹ ਗੱਲ ਵੀ ਸਾਹਮਣੇ ਨਹੀਂ ਆਈ ਕਿ ਆਸਤਿਕ ਬੰਦੇ ਬੇਈਮਾਨ ਨਹੀਂ ਹੁੰਦੇ।
ਅਕਸਰ ਰੱਬ ਨੂੰ ਮੰਨਣ ਵਾਲਿਆਂ ਦਾ ਪਹਿਲਾ ਅਤੇ ਆਖਰੀ ਸੁਆਲ ਹੁੰਦਾ ਹੈ, ਕਿ ਜੇ ਕੋਈ ਵਿਅਕਤੀ ਬਿਮਾਰ ਪਿਆ ਹੈ, ਜਾਂ  ਕਿਸੇ ਸੜਕ ਦੁਰਘਟਨਾ ਦੌਰਾਨ ਕੋਈ ਵਿਅਕਤੀ ਗੰਭੀਰ ਹਾਲਤ ਵਿਚ ਜਖਮੀ ਹੋ ਗਿਆ ਹੈ, ਜੇ ਉਹ ਬਚ ਜਾਵੇ ਤਾਂ ਕਿਹਾ ਜਾਂਦਾ ਹੈ ਕਿ 'ਰੱਬ ਦੀ ਕਿਰਪਾ ਹੋ ਗਈ ਆ' ਪਰ ਜੇ ਕੋਈ ਬਿਮਾਰ ਜਾਂ ਜਖਮੀ ਮਰ ਜਾਵੇ  ਤਾਂ ਕਹਿੰਦੇ ਹਨ ਕਿ 'ਹੋਣੀ ਨੂੰ ਕੌਣ ਟਾਲ ਸਕਦਾ'।
ਭਾਂਤ ਭਾਂਤ ਦੇ ਰੱਬ ਦੀਆਂ ਭਾਂਤ ਭਾਂਤ ਦੀਆਂ ਮੂਰਤੀਆਂ ਬਣਾਉਣ ਵਾਲੇ ਕਾਰੀਗਰਾਂ  ਵਿਚੋਂ ਬਹੁਤਿਆਂ ਦੇ ਘਰਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੁੰਦੀ ਹੈ। ਗਰੀਬ ਕਾਰੀਗਰਾਂ ਦੁਆਰਾ ਮਿਹਨਤ ਨਾਲ ਬਣਾਈਆਂ  ਰੱਬ ਦੀਆਂ ਮੂਰਤੀਆਂ ਜਦੋਂ ਧਾਰਮਿਕ ਸਥਾਨਾਂ ਵਿਚ ਜਾ ਕੇ ਸ਼ੁਸ਼ੋਭਿਤ ਹੋ ਜਾਂਦੀਆਂ ਹਨ,  ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਲਈ ਇਹ ਹੀ ਮੂਰਤੀਆਂ  ਕਮਾਈ ਦਾ ਵੱਡਾ ਸਾਧਨ ਬਣ ਜਾਂਦੀਆਂ ਹਨ। ਕਿਸ ਧਰਮ ਦੇ, ਕਿਸ ਜਾਤ ਦੇ ਵਿਅਕਤੀ ਨੇ ਰੱਬ ਦੀ ਮੂਰਤੀ ਬਣਾਈ ਹੈ, ਨੂੰ ਖ੍ਰੀਦਣ ਤੱਕ ਕੋਈ ਜਾਤ ਨਹੀਂ ਪੁੱਛੀ ਜਾਂਦੀ, ਕੋਈ ਧਰਮ ਨਹੀਂ ਪੁੱਛਿਆ ਜਾਂਦਾ, ਪਰ ਜਦੋਂ ਇਹ ਮੂਰਤੀ ਕਿਸੇ ਧਾਰਮਿਕ ਸਥਾਨ 'ਤੇ ਜਾ ਕੇ ਲਗਾਈ ਜਾਂਦੀ ਹੈ, ਫਿਰ ਜਾਤ-ਪਾਤ ਅਤੇ ਧਰਮ ਆਣ ਟੱਪਕਦਾ ਹੈ।
 ਧਾਰਮਿਕ ਸਥਾਨਾਂ ਵਿਚ ਪੂਜਾ /ਪਾਠ ਕਰਨ ਵਾਲੇ ਬਹੁਤੇ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਮਜਬੂਤ ਨਹੀਂ ਹੁੰਦੀ,  ਹਾਲਾਂਕਿ ਧਾਰਮਿਕ ਬੰਦਿਆਂ ਵਲੋਂ ਅਕਸਰ ਇਹ ਹੀ ਰੱਟ ਲਗਾਈ ਜਾਂਦੀ ਹੈ, ਕਿ ਰੱਬ ਦਾ ਨਾਂ ਜੱਪਣ ਵਾਲਿਆਂ ਨੂੰ ਕਿਸੇ ਕਿਸਮ ਦੀ ਕੋਈ ਤੋਟ ਨਹੀਂ ਹੁੰਦੀ, ਅਤੇ ਉਨ੍ਹਾਂ ਉਪਰ ਕੋਈ ਮੁਸੀਬਤ ਵੀ ਨਹੀਂ ਆਉੰਦੀ, ਪਰ ਸੱਭ ਕੁਝ ਹੁੰਦਾ ਹੈ।
ਕਹਿੰਦੇ ਹਨ, ਕਿ ਇੱਕ ਵਾਰੀ ਇਕ ਨਾਸਤਿਕ ਬਜੁਰਗ ਜਦੋਂ ਸੁੱਖਮਈ ਲੰਬੀ ਉਮਰ ਭੋਗ ਕੇ ਮਰਨ ਲੱਗਾ ਤਾਂ ਉਸ ਦੇ ਜਾਣੂੰਆਂ ਨੇ ਕਿਹਾ ਕਿ ਤੇਰੀ ਜਾਨ ਨਿਕਲਣ ਵਾਲੀ ਹੈ, ਤੂੰ ਹੁਣ ਤਾਂ ਰੱਬ ਦਾ ਨਾਂ ਲੈ ਲਾ ਪਰ ਉਸ ਨੇ ਅੱਗਿਉਂ ਜੁਆਬ ਦਿੱਤਾ ਕਿ '' ਹੁਣ ਤੱਕ ਤਾਂ ਮੈਂ ਰੱਬ ਦਾ ਨਾਂ ਲੈ ਕੇ ਮਾਲਾ ਫੇਰੀ  ਨਹੀਂ, ਹੁਣ ਮਰਨ ਵੇਲੇ ਰੱਬ ਦਾ ਨਾਂ ਕਿਉਂ ਲਵਾਂ, ਹੁਣ ਤਾਂ ਮੈਂ ਤੁਹਾਡੇ ਰੱਬ ਕੋਲ ਚਲੇ ਹੀ ਜਾਣਾ ਹੈ, ਉਥੇ ਜਾ ਕੇ ਹੀ ਰੱਬ ਕੋਲ ਬੈਠ ਕੇ ਪੁੰਨ-ਪਾਪ ਦੇ ਬਹੀ ਖਾਤੇ ਉਪਰ ਸੁਆਲ ਜੁਆਬ ਕਰ ਲਵਾਂਗੇ।"
 ਰੱਬ ਧਰਮ ਦੇ ਠੇਕੇਦਾਰਾਂ ਲਈ ਇਕ ਜਮੂਰਾ ਹੈ, ਜਿਸ ਨੂੰ ਉਹ  ਸਮੇਂ ਸਮੇਂ 'ਤੇ ਆਪਣੇ ਮੁਫਾਦਾਂ ਲਈ ਨਚਾਉੰਦੇ ਰਹਿੰਦੇ ਹਨ।  ਰੱਬ ਦੀ ਭਿੰਨਤਾ ਦਾ ਜਿਥੇ ਧਰਮ ਦੇ ਠੇਕੇਦਾਰ ਲਾਭ ਉਠਾਉਣ ਲਈ ਮੌਕੇ ਦੀ ਭਾਲ ਵਿਚ ਲੱਗੇ ਰਹਿੰਦੇ ਹਨ, ਉਥੇ ਸਿਆਸਤਦਾਨਾਂ ਲਈ ਵੀ ਰੱਬ ਦੀ ਭਿੰਨਤਾ ਵਰਦਾਨ ਹੁੰਦੀ ਹੈ।  ਰੱਬ ਇੱਕ ਗੋਰਖ-ਧੰਦਾ ਹੈ, ਜਿਹੜਾ ਪਾਖੰਡੀਆਂ ਲਈ ਕਮਾਈ ਦਾ ਸਾਧਨ ਬਣਕੇ 'ਵਰਦਾਨ' ਜਦ ਕਿ ਅਨਪੜ੍ਹਾਂ ਅਤੇ ਗਰੀਬ ਲੋਕਾਂ ਲਈ ' ਸਰਾਪ' ਬਣਕੇ ਬਹੁੜਦਾ ਹੈ। ਦੇਸ਼ ਵਿਚ ਲੋਕਾਂ ਦੀ ਸੋਚ ਖੁੰਢੀ ਕਰਨ ਲਈ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਅਤੇ ਪਿੰਡਾਂ ਵਿੱਚ ਦਲਿਤਾਂ ਦੇ ਘਰਾਂ ਦੇ ਲਾਗੇ ਮਨੂੰਵਾਦੀ ਸੋਚ ਵਾਲੇ ਚਲਾਕ ਲੋਕਾਂ ਵਲੋਂ ਛੋਟੀਆਂ ਛੋਟੀਆਂ ਧਾਰਮਿਕ ਸੰਸਥਾਵਾਂ ਉਸਾਰੀਆਂ ਜਾ ਰਹੀਆਂ ਹਨ ਜਾਂ ਉਸਾਰਨ ਲਈ ਇਹ ਕਹਿ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ '' ਤੁਹਾਡੇ ਦੁੱਖਾਂ ਦਾ ਨਾਸ਼ ਇਨ੍ਹਾਂ ਧਾਰਮਿਕ ਸਥਾਨਾਂ ਵਿਚ ਹੀ ਹੈ।''
ਜਦੋਂ ਮਨੁੱਖ ਜੰਮਣ - ਮਰਨ, ਵਹਿਮਾਂ ਭਰਮਾਂ, ਸਵਰਗ-ਨਰਕ, ਦੁੱਖ-ਸੁੱਖ, ਪੁੰਨ-ਪਾਪ ਅਤੇ ਸੱਭ ਰੱਬ ਦੇ ਰੰਗ ਹਨ ਦੇ ਚੱਕਰਾਂ ਵਿੱਚ ਉਲਝ ਜਾਂਦਾ ਹੈ ਤਾਂ, ਉਸ ਦੀ ਸੋਚ ਬੋਝਲ ਹੋ ਜਾਂਦੀ ਹੈ। ਮਹਾਤਮਾ ਬੁੱਧ, ਸੰਤ ਕਬੀਰ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ,ਮੂਰਤੀ ਪੂਜਾ ਨੂੰ ਨਕਾਰਦਿਆਂ ਨੇਕ ਕਮਾਈ ਕਰਨ ਉਪਰ ਜੋਰ ਦਿੱਤਾ ਹੈ, ਪਰ ਸਾਡੇ ਦਿਮਾਗ ਵਿਚ ਲੱਗਿਆ ਅੰਧ-ਵਿਸ਼ਵਾਸਾਂ ਅਤੇ ਵਹਿਮਾਂ- ਭਰਮਾਂ ਦਾ ਜਾਲਾ ਉਤਰ ਦਾ ਨਾਂ ਨਹੀਂ ਲੈ ਰਿਹਾ, ਇਹ ਹੀ ਸਾਡਾ ਦੁਖਾਂਤ ਹੈ। ਅਸੀਂ ਮੂਰਤੀਆਂ ਨੂੰ ਦੁੱਧ ਪਿਲਾਕੇ 'ਸੁੱਖਾਂ ਦੀ ਆਸ' ਕਰਦੇ ਹਾਂ।
-ਸੁਖਦੇਵ ਸਲੇਮਪੁਰੀ
09780620233
14 ਅਗਸਤ, 2021.

ਪਾਕਿਸਤਾਨ ਦੇ ਕਈ ਸ਼ਹਿਰ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ  ✍️ ਅਮਨਜੀਤ ਸਿੰਘ ਖਹਿਰਾ

 ਪਾਕਿਸਤਾਨ ਦੇ ਕਈ ਸ਼ਹਿਰ ਪਿਛਲੇ ਕਈ ਦਿਨਾਂ ਤੋਂ ਪਾਣੀ-ਪਾਣੀ ਨੂੰ ਮੁਹਤਾਜ ਹੋ ਰਹੇ ਹਨ। ਕਈ ਸ਼ਹਿਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਨਹੀਂ ਮਿਲ ਰਿਹਾ। ਸਰਕਾਰ ਨੇ ਨੈਸ਼ਨਲ ਅਸੈਂਬਲੀ ’ਚ ਇਸ ਨੂੰ ਲੈ ਕੇ ਜੋ ਅੰਕੜੇ ਪੇਸ਼ ਕੀਤੇ ਹਨ ਉਹ ਵੀ ਇਸ ਦੀ ਗਵਾਹੀ ਦੇ ਰਹੇ ਹਨ। ਪਾਕਿਸਤਾਨ ਦੇ ਵਿਗਿਆਨ ਤਕਨੀਕ ਮੰਤਰੀ ਸ਼ਿਬਲੀ ਫਰਾਜ ਨੇ ਸਰਕਾਰ ਵੱਲੋ ਸਦਨ ’ਚ ਇਹ ਅੰਕੜੇ ਪੇਸ਼ ਕੀਤੇ ਹਨ। ਸਰਕਾਰ ਵੱਲੋ ਇਹ ਅੰਕੜੇ ਉਨ੍ਹਾਂ ਸਵਾਲਾਂ ਦੇ ਜਵਾਬਾਂ ’ਚ ਪੇਸ਼ ਕੀਤੇ ਹਨ ਜਿਸ ’ਚ ਸਰਕਾਰ ’ਤੇ ਕਈ ਸ਼ਹਿਰਾਂ ਨੂੰ ਪਾਣੀ ਦੀ ਉੱਚ ਮਾਤਰਾ ਮੁਹੱਈਆ ਨਾ ਕਰਵਾਉਣ ਦਾ ਦੋਸ਼ ਲਗਾਇਆ ਗਿਆ ਸੀ। ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ’ਚ ਸਰਕਾਰ ਦੁਆਰਾ ਪੇਸ਼ ਅੰਕੜਿਆਂ ਅਨੁਸਾਰ 29 ਸ਼ਹਿਰਾਂ ਦੇ ਅੰਡਰਗ੍ਰਾਊਂਡ ਵਾਟਰ ਦੀ ਪਾਕਿਸਤਾਨ ਕੌਂਸਲ ਆਫ਼ ਰਿਸਰਚ ਆਫ ਵਾਟਰ ਰਿਸੋਸੀਸੇਜ ਦੁਆਰਾ ਜਾਂਚ ਕੀਤੀ ਗਈ ਹੈ। ਇਸ ਜਾਂਚ ਦੀ ਰਿਪੋਰਟ ਬੇਹੱਦ ਹੈਰਾਨੀਜਨਕ ਹੈ। ਇਸ ’ਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ 29 ’ਚੋ 20 ਸ਼ਹਿਰਾਂ ’ਚ ਵੱਖ-ਵੱਖ ਸਰੋਤਾਂ ਤੋਂ ਲਏ ਗਏ ਕਰੀਬ 50 ਫੀਸਦੀ ਪਾਣੀ ਨੂੰ ਇਸਤਾਮਲ ਦੇ ਕਾਬਿਲ ਨਹੀਂ ਪਾਇਆ ਗਿਆ। PCRWR ਨੇ ਆਪਣੀ ਰਿਰਪੋਰਟ ’ਚ ਕਿਹਾ ਹੈ ਕਿ ਦੇਸ਼ ਤਿੰਨ ਸ਼ਹਿਰ ਜਿਸ ’ਚ ਸਿੰਧ ਤੇ ਗਿਲਗਿਟ ਦੇ ਮੀਰਪੁਰਖਾਸ, ਸ਼ਹਿਰ ਬੇਨਜੀਰਬਾਦ ਸ਼ਾਮਲ ਹਨ, ਮੈਂ 100 ਫੀਸਦੀ ਪਾਣੀ ਪੀਣ ਲਈ ਅਸੁਰੱਖਿਅਤ ਹੈ। ਇਸ ਦੇ ਇਲਾਵਾ ਸਿਆਲਕੋਟ ਦੇ ਕਰੀਬ ਨੌ ਸਰੋਤਾਂ ਤੋਂ ਲਏ ਗਏ ਪਾਣੀ ਦੇ ਨਮੂਨੇ ਪੀਣ ਦੇ ਲਿਹਾਜ ਨਾਲ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਪਾਏ ਗਏ ਹਨ। ਏਸ਼ੀਆ ਦੇ ਇਸ ਹਿੱਸੇ ਵਿੱਚ ਬਸੇ  ਲੋਕਾਂ ਨੂੰ ਅੱਜ ਵਿਚਾਰ ਲੈਣਾ ਚਾਹੀਦਾ ਹੈ ਕਿ ਜੇਕਰ ਇਹ ਪਾਣੀ ਦੀ ਕਿੱਲਤ ਇਸ ਤਰ੍ਹਾਂ ਹੀ ਵਧਦੀ ਗਈ ਤਾਂ ਦੱਸ ਪੰਦਰਾਂ ਸਾਲ ਤੋਂ ਬਾਅਦ  ਸ਼ਾਇਦ   ਇਸ ਧਰਤੀ ਉੱਪਰ ਆਪਣੇ ਜੀਵਨ ਨੂੰ ਜਿਉਣਾ ਬਹੁਤ ਕਠਨ ਹੋ ਜਾਵੇਗਾ ।ਜੇ ਗੱਲ ਕਰੀਏ ਤਾਂ ਚੜ੍ਹਦੇ ਪੰਜਾਬ ਰਾਜਸਥਾਨ ਵਿਚ ਪਹਿਲਾਂ ਹੀ ਪਾਣੀ ਦੀ ਬਹੁਤ ਵੱਡੀ ਕਿੱਲਤ ਅਤੇ ਪਾਣੀ ਦੇ ਮਨੁੱਖ ਦੇ ਯੋਗ ਨਾ ਹੋਣਾ ਬਹੁਤ ਵੱਡੀ ਤਬਾਹੀ ਦਾ ਕਾਰਨ ਬਣਦਾ ਜਾ ਰਿਹਾ ਹੈ । ਅਫ਼ਸੋਸ ਦੀ ਗੱਲ ਹੈ ਕਿ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਵਸੀਲੇ 0% ਸਾਬਤ ਹੋ ਰਹੇ ਹਨ  ।   ਅਮਨਜੀਤ ਸਿੰਘ ਖਹਿਰਾ    

ਪਟਵਾਰੀ ਪ੍ਰੀਖਿਆ - ਹੋਈ ਸਰਕਾਰੀ ਲੁੱਟ ਤੇ ਨਾਲੇ ਖੱਜਲ ਖ਼ੁਆਰੀ !!! ✍️. ਅਮਨਜੀਤ ਸਿੰਘ ਖਹਿਰਾ 

ਸਰਕਾਰਾਂ ਦੀ ਪੈਸਾ ਇਕੱਠਾ ਕਰਨ ਦੀ ਸੋਚ ਅਤੇ ਲੋਕਾਂ ਨੂੰ ਵਰਤਣ ਦਾ ਤਰੀਕਾ ਆਓ ਆਪਾਂ ਵੀ ਕਰਦੇ ਹਾਂ ਕੁਝ ਵਿਸ਼ਲੇਸ਼ਣ ; 

ਪੰਜਾਬ ‘ਚ 1152 ਪਟਵਾਰੀਆਂ ਜ਼ਿਲੇਦਾਰਾਂ ਤੇ ਕਲਰਕਾਂ ਦੀ ਭਰਤੀ ਲਈ ਪ੍ਰੀਖਿਆ ਲਈ ਜਾ ਰਹੀ ਹੈ। ਮਾਮੂਲੀ ਤਨਖ਼ਾਹ ਤੇ ਮੋਟੀ ਰਿਸ਼ਵਤ ਵਾਲੀਆਂ ਇਨ੍ਹਾਂ ਅਸਾਮੀਆਂ ਲਈ ਢਾਈ ਲੱਖ ਦੇ ਕਰੀਬ ਨੌਜਵਾਨ ਮੁੰਡੇ ਕੁੜੀਆਂ ਨੇ ਅਰਜ਼ੀਆਂ ਦਿੱਤੀਆਂ ਹਨ। ਪਹਿਲਾਂ ਸਰਕਾਰ ਨੇ ਭਰਤੀ ਲਈ ਬੇਰੁਜ਼ਗਾਰਾਂ ਦੀ ਜੇਬ ਵਿੱਚੋਂ ਪ੍ਰਤੀ ਉਮੀਦਵਾਰ 800 ਰੁਪਏ ਕੱਢ ਕੇ 16 ਕਰੋੜ ਰੁਪਏ  ਇਕੱਠੇ ਕੀਤੇ , ਫਿਰ ਪੜ੍ਹੇ ਵਿਖੇ ਲੋਕਾਂ ਨੂੰ ਹੋਰ ਪੜ੍ਹਾਉਂਣ ਦੇ ਨਾਮ ‘ਤੇ ਖੁੱਲ੍ਹੇ ਸੈਂਟਰਾਂ ਨੇ ਪ੍ਰਤੀ ਉਮੀਦਵਾਰ 10 ਹਜ਼ਾਰ ਤੋਂ 20 ਹਜ਼ਾਰ ਰੁਪੈ ਲਏ। ਜੇਕਰ ਤਿਆਰੀ ਕਰਨ ਵਾਲੇ ਡੇਢ ਕੁ ਲੱਖ ਵੀ ਮੰਨ ਲਈਏ ਤੇ ਫੀਸ ਅੱਧ ਵਿਚਾਲੇ 15 ਹਜ਼ਾਰ ਮੰਨੀਏ ਤਾਂ ਮੁੰਡੇ ਕੁੜੀਆਂ ਨੇ 1090 ਪਟਵਾਰੀਆਂ , 26 ਕਲਰਕਾਂ ਤੇ 36 ਜ਼ਿਲੇਦਾਰਾਂ ਲਈ 2 ਅਰਬ 25 ਕਰੋੜ ਰੁਪੈ ਫੂਕ ਸੁੱਟੇ ਹਨ ।ਮਾੜੀ ਨੀਅਤ ਵਾਲੇ ਅਫਸਰਾਂ ਨੇ ਪ੍ਰੀਖਿਆ ਲਈ ਵੀ ਦੂਰ ਦੁਰਾਡੇ ਦੇ ਪ੍ਰੀਖਿਆ ਕੇਂਦਰ ਅਲਾਟਮੈਂਟ ਕੀਤੇ ਹਨ । ਇਸ ਤਰੀਕੇ ਬੱਸ ਜਾਂ ਕਾਰ ਜੀਪ ਦਾ ਪ੍ਰਤੀ ਉਮੀਦਵਾਰ ਇੱਕ ਹਜ਼ਾਰ ਰੁਪੈ ਖ਼ਰਚਾ ਹੋਰ ਪੈ ਗਿਆ ਹੈ। ਇਹ ਖਰਚ ਵੀ 23 ਕਰੋੜ ਬਣਦਾ ਹੈ । ਜੇਕਰ ਛੁਪੇ ਖ਼ਰਚਿਆਂ ਨੂੰ ਛੱਡਕੇ ਆਹ ਮੋਟੇ ਖ਼ਰਚੇ ਜੋੜੀਏ ਤਾਂ ਪੰਜਾਬ ਦੇ ਬੇਰੁਜਗਾਰ ਮੁੰਡੇ ਕੁੜੀਆਂ ਦੀਆਂ ਜੇਬਾਂ ਵਿੱਚੋਂ ਦੋ ਅਰਬ 65 ਕਰੋੜ ਰੁਪੈ ਲੁੱਟ ਲਏ ਗਏ ਹਨ। ਹੈਰਾਨੀ ਹੈ ਕਿ ਤਿਆਰੀ  ਕਰਵਾਉਂਣ ਵਾਲੇ ਸੈਂਟਰ ਮਾਲਕ 1152 ਅਸਾਮੀਆਂ ‘ਤੇ ਡੇਢ ਲੱਖ ਮੁੰਡੇ ਕੁੜੀਆਂ ਨੂੰ ਪੱਕਾ ਭਰਤੀ ਕਰਾ ਦੇਣ ਹੋਣ ਦੇ ਦਾਅਵੇ ਠੋਕ ਰਹੇ ਹਨ। ਜੇਕਰ ਬੇਰੁਜ਼ਗਾਰਾਂ ਦੀਆਂ ਜੇਬਾਂ ‘ਚੋ ਟੇਢੇ ਢੰਗ ਨਾਲ ਕੱਢੇ ਗਏ ਇਨ੍ਹਾਂ ਪੈਸਿਆਂ ਦੀ ਗੱਲ ਕਰੀਏ ਤਾਂ 2 ਅਰਬ 65 ਕਰੋੜ ਰੁਪੈ ਨਾਲ 1190 ਮੁੰਡੇ ਕੁੜੀਆਂ ਨੂੰ 18 ਸਾਲ ਤੱਕ 10,309 ਰੁਪਏ  ਤਨਖ਼ਾਹ ਦਿੱਤੀ ਜਾ ਸਕਦੀ ਹੈ। ਅਜੇ ਤਾ ਫੀਸਾਂ ਭਰਨ ਵਾਲਿਆਂ ਦੀ ਗਿਣਤੀ ਢਾਈ ਲੱਖ ਹੈ ਜੇਕਰ ਸਾਰੇ ਦਾ  ਹਿਸਾਬ ਲਾਇਆ ਜਾਵੇ ਸਾਢੇ ਤਿੰਨ ਅਰਬ ਦੇ ਕਰੀਬ ਰੁਪਈਆ ਬਣਦਾ ਹੈ  । ਪਰ ਸਰਕਾਰੀ ਕੁਰਸੀਆਂ ‘ਤੇ ਬੈਠੇ ਨੇਤਾਵਾਂ ਤੇ ਅਫਸਰਾਂ ਨੂੰ ਕੀ ਲੋਕ ਜਿਵੇਂ ਮਰਜ਼ੀ ਮਰਦੇ ਤੇ ਲੁੱਟੇ ਜਾਂਦੇ ਰਹਿਣ । ਹੁਣ ਸੋਚਣਾ ਤੁਸੀਂ ਹੈ ਕਿ ਕਿੰਨਾ ਚਿਰ ਅਸੀਂ ਇਹ ਜ਼ਲਾਲਤ ਦੀ ਜ਼ਿੰਦਗੀ  ਅਤੇ  ਇਹ ਧੋਖਾਧੜੀ ਦਾ ਸ਼ਿਕਾਰ ਹੁੰਦੇ ਰਹਿਣਾ ਹੈ ।

ਅਮਨਜੀਤ ਸਿੰਘ ਖਹਿਰਾ   

ਆਹ! ਖੱਚਰ-ਰੇਹੜਾ ਚਲਾਉਣ ਵਾਲੇ ਦੀ ਧੀ!! ✍️ ਸਲੇਮਪੁਰੀ ਦੀ ਚੂੰਢੀ 

 ਜਪਾਨ ਦੇ ਸ਼ਹਿਰ ਟੋਕੀਓ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨ ਵਾਲੀ ਦੇਸ਼ ਦੀ ਧੀ ਰਾਣੀ ਰਾਮਪਾਲ ਦਾ ਨਾਂ ਅੱਜ ਭਾਰਤ ਦੇ ਹਰੇਕ ਨਾਗਰਿਕ ਦੀ ਜੁਬਾਨ ਉਪਰ ਹੈ। ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੀ ਖਿਡਾਰਨ ਰਾਣੀ ਰਾਮਪਾਲ ਜਿਸ ਨੇ ਖੇਡ ਖੇਤਰ ਵਿਚ ਸੰਸਾਰ ਭਰ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ, ਅੱਤ ਦੀ ਗਰੀਬੀ ਵਿੱਚ ਦਿਨ ਕੱਟਣ ਵਾਲੇ ਉਸ ਬਾਪ ਦੀ ਧੀ ਹੈ, ਜਿਹੜਾ ਖੱਚਰ - ਰੇਹੜਾ ਚਲਾ ਕੇ ਗੁਜਾਰਾ ਕਰਦਾ ਹੈ। ਹਰਿਆਣਾ ਦੇ ਸ਼ਹਿਰ ਸ਼ਾਹਬਾਦ ਵਿਚ 4 ਦਸੰਬਰ 1994 ਨੂੰ ਪੈਦਾ ਹੋਈ ਰਾਣੀ ਰਾਮਪਾਲ ਆਪਣੇ ਪਰਿਵਾਰ ਨਾਲ ਆਰਥਿਕ ਥੜ੍ਹਾਂ ਨਾਲ ਜੂਝਦੀ ਹੋਈ ਆਪਣੀ ਅਤੇ ਆਪਣੇ ਪਰਿਵਾਰ ਦੀ ਕਾਇਆ ਕਲਪ ਕਰਨਾ ਲੋਚਦਾ ਹੋਈ ਜਿੰਦਗੀ ਵਿੱਚ ਸ਼ਾਨਦਾਰ ਸੁਪਨੇ ਲਈ ਬੈਠੀ ਸੀ। ਗਰੀਬੀ ਦੀ ਹੱਦ ਕੋਈ ਨਹੀਂ ਸੀ, ਕਿਉਂਕਿ ਜਦੋਂ ਮੀਂਹ ਪੈਂਦਾ ਸੀ ਤਾਂ ਘਰ ਦੀ ਛੱਤ ਚੋਣ ਲੱਗ ਪੈਂਦੀ ਸੀ, ਅੰਦਰ ਪਾਣੀ ਭਰ ਜਾਂਦਾ ਸੀ।ਉਸ ਦੇ ਘਰ ਦੇ ਲਾਗੇ ਹਾਕੀ ਦਾ ਮੈਦਾਨ ਹੈ, ਜਿਥੇ ਹਾਕੀ ਖੇਡਦੇ ਖਿਡਾਰੀਆਂ ਨੂੰ ਵੇਖ ਕੇ ਉਸ ਅੰਦਰ ਵੀ ਹਾਕੀ ਦੀ ਖਿਡਾਰਨ ਬਣਨ ਦਾ ਸੁਪਨਾ ਪੈਦਾ ਹੋਇਆ ਪਰ ਉਸ ਦਾ ਬਾਪ ਨਾ ਤਾਂ ਆਪਣੀ ਧੀ ਨੂੰ ਨਵੀਂ ਹਾਕੀ ਲੈ ਕੇ ਦੇਣ  ਅਤੇ ਨਾ ਹੀ ਪੜ੍ਹਾਈ ਕਰਵਾਉਣ ਦੇ ਸਮਰੱਥ ਸੀ। ਖਿਡਾਰੀ ਬਣਨ ਲਈ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ, ਪਰ ਰਾਣੀ ਰਾਮਪਾਲ ਦੇ ਘਰ ਤਾਂ ਚਾਹ ਬਣਾਉਣ ਲਈ ਦੁੱਧ ਦੀ ਵੀ ਥੁੜ੍ਹ ਹੁੰਦੀ ਸੀ। ਜਿਉਂ ਹੀ ਰਾਣੀ ਰਾਮਪਾਲ ਨੇ ਬਚਪਨ ਵਿਚ ਹਾਕੀ ਅਕਾਦਮੀ ਵਿਚ ਦਾਖਲਾ ਲਿਆ ਤਾਂ ਉਸ ਦੇ ਕੋਚ ਬਲਦੇਵ ਸਿੰਘ ਨੇ ਉਸ ਨੂੰ ਹਾਕੀ ਅਕਾਦਮੀ ਵਿਚ ਦਾਖਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ 'ਤੂੰ ਕੁਪੋਸ਼ਣ ਦੀ ਸ਼ਿਕਾਰ ਏੰ'। ਪਰ ਰਾਣੀ ਰਾਮਪਾਲ ਨੇ ਤਾਂ ਚੋਟੀ ਦੀ ਖਿਡਾਰਨ ਬਣਨ ਦਾ ਸੁਪਨਾ ਧਾਰਿਆ ਹੋਇਆ ਸੀ, ਜਿਸ ਕਰਕੇ ਉਸ ਨੇ ਹਾਕੀ ਅਕਾਦਮੀ ਵਿਚ ਦਾਖਲ ਲੈਣ ਲਈ ਜਿੱਦ ਕਰੀ ਰੱਖੀ, ਜਿਸ ਪਿੱਛੋਂ ਅਖੀਰ ਉਸ ਨੂੰ ਅਕਾਦਮੀ ਵਿਚ ਦਾਖਲਾ ਮਿਲ ਗਿਆ। ਹਾਕੀ ਖੇਡਣ ਲਈ ਹੁਣ ਉਸ ਨੂੰ ਚੰਗੀ ਖੁਰਾਕ ਦੀ ਲੋੜ ਸੀ , ਪਰ ਉਸ ਦੇ ਬਾਪ ਦੇ ਘਰ ਦੁੱਧ ਮੱਖਣ ਹੋਣਾ ਦੂਰ ਦੀ ਗੱਲ, ਰੋਟੀ ਵੀ ਰੱਜਵੀੰ ਨਸੀਬ ਨਹੀਂ ਸੀ। ਦੂਸਰੀਆਂ ਖਿਡਾਰਨਾਂ ਦੀ ਤਰ੍ਹਾਂ ਕੋਚ ਵਲੋਂ ਉਸ ਨੂੰ ਵੀ ਹਰ ਰੋਜ ਘੱਟੋ-ਘੱਟ ਅੱਧਾ ਕਿਲੋ ਦੁੱਧ ਪੀਣ ਲਈ ਕਿਹਾ ਜਾਂਦਾ, ਪਰ ਉਹ ਕੀ ਕਰੇ? ਉਸ ਨੇ ਆਪਣੇ ਕੋਚ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਮਜ਼ਬੂਰ ਵੱਸ ਆਪਣੇ ਘਰੋਂ 200 ਮਿਲੀਲੀਟਰ ਦੁੱਧ ਲਿਆਕੇ, ਵਿਚ 300 ਮਿਲੀਲੀਟਰ ਪਾਣੀ ਪਾ ਕੇ ਦੂਜੀਆਂ ਖਿਡਾਰਨਾਂ ਨਾਲ ਪੀਣਾ ਸ਼ੁਰੂ ਕਰ ਦਿੱਤਾ, ਕਿਉਂਕਿ ਖਿਡਾਰਨਾਂ ਵਾਸਤੇ ਖੇਡ ਦੇ ਮੈਦਾਨ ਵਿਚ ਦੁੱਧ ਨਾਲ ਲਿਆਕੇ ਪੀਣਾ ਲਾਜਮੀ ਸੀ।
ਰਾਣੀ ਰਾਮਪਾਲ ਨੂੰ ਖਿਡਾਰਨ ਬਣਨ ਸਮੇਂ ਇੱਕ  ਨਹੀਂ ਸਗੋਂ  ਪਹਾੜਾਂ ਵਰਗੀਆਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸ ਕੋਲ ਖੇਡਣ ਸਮੇਂ ਸਕਰਟ ਨਹੀਂ ਸੀ, ਜਿਸ ਕਰਕੇ ਉਹ ਸਲਵਾਰ ਕਮੀਜ ਪਾ ਕੇ ਅਭਿਆਸ ਕਰਨ ਲਈ ਮਜਬੂਰ ਸੀ, ਦੂਜਾ ਉਸ ਦੇ ਮਾਪੇ ਵੀ ਸਕਰਟ ਪਾ ਕੇ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ ਸਨ, ਖੇਡਣ ਲਈ ਹਾਕੀ ਨਹੀਂ ਸੀ। ਰਾਣੀ ਰਾਮਪਾਲ ਨੇ ਪੰਜਵੀਂ ਜਮਾਤ ਵਿਚ ਪੜ੍ਹਨ ਸਮੇਂ ਖੇਡਣਾ ਸ਼ੁਰੂ ਕੀਤਾ, ਉਹ ਵੀ ਕਿਤਿਓੰ ਲੱਭੀ ਟੁੱਟੀ ਹੋਈ ਹਾਕੀ ਨਾਲ!
ਖਿਡਾਰਨ ਰਾਣੀ ਰਾਮਪਾਲ ਦੇ ਖੇਡ ਅਭਿਆਸ ਨੂੰ ਵੇਖਦਿਆਂ ਉਸ ਦੇ ਕੋਚ ਦੀ ਮਾਨਸਿਕਤਾ ਹੀ ਬਦਲ ਗਈ। ਫਿਰ ਉਹ ਉਸ ਨੂੰ ਆਪਣੇ ਘਰ ਹੀ ਲੈ ਗਿਆ, ਜਿੱਥੇ ਉਸ ਨੂੰ ਆਪਣੇ ਬੱਚਿਆਂ ਵਾਂਗ ਰੱਖਦਿਆਂ ਉਸ ਦਾ ਖਰਚ ਆਪ ਕਰਨਾ ਸ਼ੁਰੂ ਕਰ ਦਿੱਤਾ। ਅਰਜੁਨ ਪੁਰਸਕਾਰ, ਪਦਮ ਸ਼੍ਰੀ ਪੁਰਸਕਾਰ, ਰਾਜੀਵ ਗਾਂਧੀ ਖੇਡ ਪੁਰਸਕਾਰ ਸਮੇਤ ਹੋਰ ਅਨੇਕਾਂ ਪੁਰਸਕਾਰ ਜਿੱਤਣ ਵਾਲੀ  ਹਾਕੀ ਦੀ ਰਾਣੀ ਆਪਣੇ ਬਾਪ ਨੂੰ ਰੱਜ ਕੇ ਪਿਆਰ ਕਰਦੀ ਹੈ, ਇਸੇ ਲਈ ਉਸ ਨੇ ਆਪਣੇ ਨਾਂ ਰਾਣੀ ਦੇ ਨਾਲ ਰਾਮਪਾਲ ਲਿਖਵਾ ਕੇ 'ਰਾਣੀ ਰਾਮਪਾਲ' ਬਣ ਗਈ। ਰਾਣੀ ਰਾਮਪਾਲ ਦਾ ਕਹਿਣਾ ਹੈ ਕਿ ਉਸ ਨੇ ਜਦੋਂ ਪਹਿਲੀ ਵਾਰ ਟੂਰਨਾਮੈਂਟ ਖੇਡ ਕੇ ਆਪਣੇ ਬਾਪ ਦੇ ਹੱਥ ਉਪਰ 500 ਰੁਪਏ ਦੀ ਕਮਾਈ ਰੱਖੀ ਤਾਂ ਉਹ ਬਹੁਤ ਖੁਸ਼ ਹੋਏ। ਰਾਣੀ ਰਾਮਪਾਲ ਦੇਸ਼ ਦੀ ਉਹ ਖਿਡਾਰਨ ਹੈ, ਜਿਸ ਨੂੰ 15 ਸਾਲ ਦੀ ਉਮਰ ਵਿਚ ਕੌਮੀ ਪੱਧਰ 'ਤੇ ਖੇਡਣ ਦਾ ਮੌਕਾ ਮਿਲਿਆ। ਉਹ ਅਕਸਰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ ਕਰਦੀ ਸੀ ਕਿ ਉਨ੍ਹਾਂ ਦਾ ਵੀ ਆਪਣਾ ਘਰ ਹੋਵੇਗਾ! ਇਹ ਆਸ ਵੀ ਉਸ ਦੀ ਪੂਰੀ ਹੋ ਗਈ ਹੈ, ਉਸ ਨੇ ਸ਼ਾਹਬਾਦ ਸ਼ਹਿਰ ਵਿਚ ਆਪਣਾ ਘਰ ਖ੍ਰੀਦ ਲਿਆ ਹੈ।
ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਜਦੋਂ ਆਰਥਿਕ ਥੜ੍ਹਾਂ ਦਾ ਮਾਰਿਆ ਹੋਇਆ ਬੱਚਾ ਕਿਸੇ ਵਿੱਦਿਅਕ ਅਦਾਰੇ ਵਿਚ ਪੜ੍ਹਨ ਲਈ ਜਾਂਦਾ ਹੈ, ਤਾਂ ਕਈ ਅਧਿਆਪਕ ( ਸਾਰੇ ਨਹੀਂ) ਪਹਿਲਾਂ ਹੀ ਉਸ ਨੂੰ ਇਹ ਕਹਿ ਕੇ ਜਲੀਲ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਤੂੰ ਨਹੀਂ ਪੜ੍ਹ ਸਕਦਾ! ਜੇ ਕੋਈ ਗਰੀਬ ਵਿਦਿਆਰਥੀ ਡਾਕਟਰ / ਇੰਜੀਨੀਅਰ ਬਣਨ ਦਾ ਸੁਪਨਾ ਵੇਖਦਾ ਹੈ ਤਾਂ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਪੜ੍ਹਾਈ ਬਹੁਤ ਔਖੀ ਹੈ, ਤੇਰੇ ਵਸ ਦੀ ਨਹੀਂ, ਇਸ ਲਈ ਤੂੰ ਫਲਾਣੇ ਵਿਸ਼ਿਆਂ ਵਿਚ ਪੜ੍ਹਾਈ ਕਰ ਲੈ ਜਾਂ ਕਿਸੇ ਫੈਕਟਰੀ ਵਿਚ ਕੰਮ ਕਰਨ ਲੱਗ ਜਾ, ਵਧੀਆ ਰਹੇੰਗਾ, ਅੱਜ ਕੱਲ੍ਹ ਪੜ੍ਹਨ - ਪੜ੍ਹਨ ਦਾ ਕੋਈ ਲਾਭ ਨਹੀਂ ਹੈ। ਇਸ ਤਰ੍ਹਾਂ ਗਰੀਬ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਟਾਲਿਆ ਜਾਂਦਾ ਹੈ ਤਾਂ ਜੋ ਉਹ ਪੜ੍ਹ ਨਾ ਸਕਣ। ਇਸੇ ਤਰ੍ਹਾਂ ਹੀ ਰਾਣੀ ਰਾਮਪਾਲ ਦਾ ਕੋਚ ਉਸ ਦੇ ਸਰੀਰ ਨੂੰ ਵੇਖ ਕੇ ਇਹ ਕਹਿ ਕੇ ਹਾਕੀ ਅਕਾਦਮੀ ਵਿਚ ਦਾਖਲਾ ਦੇਣ ਤੋਂ ਇਨਕਾਰ ਕਰ ਰਿਹਾ ਸੀ ਕਿ 'ਤੂੰ ਕੁਪੋਸ਼ਣ ਦਾ ਸ਼ਿਕਾਰ ਏਂ! ਪਰ ਰਾਣੀ ਰਾਮਪਾਲ ਨੇ ਤਾਂ ਦਿਮਾਗ ਵਿਚ ਚੋਟੀ ਦੀ ਇਕ ਖਿਡਾਰਨ ਬਣਨ ਦਾ ਸੁਪਨਾ ਸਿਰਜਿਆ ਹੋਇਆ ਸੀ, ਜਿਸ ਕਰਕੇ ਉਸ ਨੇ ਭੁੱਖ-ਨੰਗ ਨਾਲ ਘੁਲਦਿਆਂ ਜਾਨ ਤੋੜ ਕੇ ਖੇਡ ਮੈਦਾਨ ਵਿਚ ਅਭਿਆਸ ਕੀਤਾ। ਰਾਣੀ ਰਾਮਪਾਲ ਦਾ ਸੁਪਨਾ ਪੂਰਾ ਹੋਇਆ ਅਤੇ ਉਹ ਸੱਚਮੁੱਚ ਹੀ ਹਾਕੀ ਦੀ ਰਾਣੀ ਬਣ ਗਈ ਅਤੇ ਜਿਹੜਾ ਕੋਚ ਉਸ ਨੂੰ ਅਕਾਦਮੀ ਵਿਚ ਦਾਖਲ ਕਰਨ ਤੋਂ ਅੜਿੱਕੇ ਡਾਹ ਰਿਹਾ ਸੀ, ਉਹੀ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਚੋਟੀ ਦੀ ਖਿਡਾਰਨ ਬਣਾਉਣ ਲਈ ਵੱਡਾ ਯੋਗਦਾਨ ਪਾਇਆ।
ਸਾਡੇ ਦੇਸ਼ ਵਿਚ ਮਨੂੰਵਾਦੀ ਵਿਵਸਥਾ ਦਾ ਬੋਲਬਾਲਾ ਹੋਣ ਕਰਕੇ ਅਕਸਰ 'ਘਾਹੀਆਂ ਦੇ ਪੁੱਤਾਂ' ਨੂੰ ਘਾਹ ਖੋਤਣ ਲਈ ਹੀ ਮਜਬੂਰ ਕੀਤਾ ਜਾਂਦਾ ਹੈ, ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮਾਜ, ਦੇਸ਼ ਅਤੇ ਸੰਸਾਰ ਵਿੱਚ ਜਦੋਂ ਵੀ ਸਮੇਂ ਨੇ ਕਰਵਟ ਲਈ ਹੈ ਤਾਂ ਆਰਥਿਕ ਅਤੇ ਸਮਾਜਿਕ ਥੁੜ੍ਹਾਂ ਮਾਰੇ ਲੋਕਾਂ ਦੇ ਅੰਦੋਲਨਾਂ ਵਿਚੋਂ ਹੀ ਉਪਜੀ ਹੈ, ਜਦ ਕਿ ਅਮੀਰ, ਵਪਾਰੀ ਅਤੇ ਉੱਚ ਅਧਿਕਾਰੀ ਹਮੇਸ਼ਾ ਅੰਦੋਲਨਾਂ ਨੂੰ ਕੁਚਲਣ ਦੇ ਸਾਜਿਸ਼ ਘਾੜੇ ਬਣਕੇ ਵਿਚਰੇ ਹਨ।
-ਸੁਖਦੇਵ ਸਲੇਮਪੁਰੀ
09780620233
8 ਅਗਸਤ, 2021

ਅਸੀਂ ਗੁੰਡੇ ਨਹੀਂ  ✍️  ਬਲਵੀਰ ਸਿੰਘ ਬਾਠ

ਅਸੀਂ ਗੁੰਡੇ ਨਹੀਂ 
ਸਾਡੇ ਪੰਜਾਬ ਦੀ ਧਰਤੀ ਰਿਸ਼ੀਆਂ ਮੁਨੀਆਂ ਗ਼ਦਰੀ ਬਾਬੇ ਸੂਰਬੀਰ ਯੋਧਿਆਂ ਦੀ ਧਰਤੀ ਹੈ ਇਸ ਧਰਤੀ ਤੇ ਅਨੇਕਾਂ ਹੀ  ਪੀਰ ਪੈਗੰਬਰਾਂ ਜਾਂਦਾ ਹੈ ਰਾਜੇ ਮਹਾਰਾਜਿਆਂ ਨੇ ਜਨਮ ਲਿਆ ਪਰ ਇਸੇ ਧਰਤੀ ਤੇ ਵੱਸਦੇ  ਰੰਗਲੀ ਦੁਨੀਆਂ ਵਿੱਚ ਅਸੀਂ ਸਭ ਤੋਂ ਵੱਡੇ ਗੁੰਡੇ ਹਾਂ ਕਿਉਂਕਿ ਅੱਜ ਸਮਾਜ ਵਿੱਚ ਲੋਕ ਧੀ ਨੂੰ ਕੁੱਖ ਵਿੱਚ ਕਤਲ ਕਰ ਦਿੰਦੇ ਹਨ ਅਤੇ ਦਾਜ ਦਹੇਜ ਪਿੱਛੇ ਲੜਕੀ ਨੂੰ ਮਿੱਟੀ ਦਾ ਤੇਲ ਪਾ ਕੇ ਜਿਉਂਦੀ ਨੂੰ ਸਾੜ ਦਿੱਤਾ  ਜਾਂਦਾ ਰਿਹਾ ਹੈ ਇਹ ਸਾਰੀਆਂ ਗੱਲਾਂ ਸਾਡੇ ਸਮਾਜ ਵਿੱਚ ਅਸੀਂ ਮੁੱਢ ਕਦੀਮੀ ਤੋਂ ਦੇਖਦੇ ਆ ਰਹੇ ਹਾਂ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਅਤੇ ਫਿਰ ਅਸੀਂ ਕਹਿ ਰਹੇ ਹਾਂ ਕਿ ਅਸੀਂ ਗੁੰਡੇ ਨਹੀਂ  ਚੰਗੇ ਸਮਾਜ ਦੀ ਸਿਰਜਣਾ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਅੰਦਰਲੇ ਗੁੰਡੇ ਨੂੰ ਮਾਰਨਾ ਪਵੇਗਾ ਉਸ ਤੋਂ ਬਾਅਦ ਮਹੱਲੇ ਉਸਤੋਂ ਬਾਅਦ ਪਿੰਡ ਉਸਤੋਂ ਬਾਅਦ ਹਲਕਾ ਤਹਿਸੀਲ ਜ਼ਿਲ੍ਹਾ  ਪੰਜਾਬ ਫਿਰ ਅਸੀਂ ਦੇਸ਼ ਦੀ ਤਰੱਕੀ ਲਈ ਯਤਨਸ਼ੀਲ ਹੋਵਾਂਗੇ ਫਿਰ ਹੀ ਅਸੀਂ ਬੱਚਿਆਂ ਦੇ ਭਵਿੱਖ ਔਰਤ ਦੀ ਇੱਜ਼ਤ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਾਂ  ਕਿਉਂਕਿ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਕੱਲੀਆਂ ਸਰਕਾਰਾਂ ਖਤਮ ਨਹੀਂ ਕਰ ਸਕਦੀਆਂ ਇਨ੍ਹਾਂ ਦੇ ਖਾਤਮੇ ਲਈ ਸਾਨੂੰ ਸਭ ਨੂੰ  ਆਪਣੇ ਅੰਦਰਲੇ ਗੁੰਡੇ ਨੂੰ ਮਾਰ ਕੇ  ਇੱਕ ਮੁੱਠ ਹੋ ਕੇ  ਚੰਗਾ ਅਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ

ਟੋਕੀਉ ਦੇ ਓਲੰਪਿਕ ਸਟੇਡੀਅਮ ਚ ਇੱਕ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਆਪ ਮੁਹਾਰੇ ਅੱਖਾਂ ਚੋਂ ਪਾਣੀ ਵਹਿ ਤੁਰਿਆ

ਟੋਕੀਉ ਦੇ ਓਲੰਪਿਕ ਸਟੇਡੀਅਮ ਚ ਇੱਕ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਆਪ ਮੁਹਾਰੇ ਅੱਖਾਂ ਚੋਂ ਪਾਣੀ ਵਹਿ ਤੁਰਿਆ...ਅਤੇ ਟੋਕੀਉ ਦੇ ਓਲੰਪਿਕ ਸਟੇਡੀਅਮ ਚ ਬੈਠੇ ਕਈ ਸਾਰੇ ਲੋਕ ਵੀ ਅੱਖਾਂ ਪੂੰਝਦੇ ਦੇਖੇ ਗਏ।

ਹੋਇਆ ਇਹ ਕੇ ਕਤਰ ਦੇਸ਼ ਦਾ ਉੱਚੀ ਛਾਲ ਲਾਉਣ ਵਾਲਾ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਅਤੇ ਇਟਲੀ ਦਾ ਉੱਚੀ ਲਾਉਣ ਵਾਲਾ ਖਿਡਾਰੀ "ਜਿਅੰਮਾਰਕੋ ਤੰਬਰੀ" ਮੁਕਾਬਲੇ ਚ ਬਰਾਬਰ ਬਰਾਬਰ ਚੱਲ ਰਹੇ ਸਨ।

ਜਦੋਂ ਦੋਵਾਂ ਨੇ ਬਾਕੀ ਸਭ ਤੋਂ ਉੱਚੀ ਛਾਲ 2.37 ਮੀਟਰ ਦੀ ਮਾਰ ਲਈ ਸੀ।

ਦੋਨਾਂ ਨੇ ਇਸਤੋਂ ਅਗਲੇ ਨਿਸ਼ਾਨੇ 2.39 ਮੀਟਰ ਲਈ ਕੋਸ਼ਿਸ਼ ਕੀਤੀ, ਪਰ ਦੋਵੇਂ ਨਾਕਾਮ ਰਹੇ।

ਇਸ ਆਖਰੀ ਛਾਲ ਲਾਉਂਦੇ ਸਮੇਂ ਇਟਲੀ ਵਾਲੇ ਖਿਡਾਰੀ ਦੇ ਸੱਟ ਲੱਗ ਗਈ।

ਉਸਤੋਂ ਬਾਅਦ ਰੈਫਰੀ ਨੇ ਦੋਵਾਂ ਚੋਂ ਪਹਿਲੇ ਅਤੇ ਦੂਜੇ ਸਥਾਨ ਲਈ ਇੱਕ ਆਖਰੀ ਕੋਸ਼ਿਸ਼ ਕਰਨ ਲਈ ਕਿਹਾ।

ਪਰ ਕਤਰ ਵਾਲਾ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਜਾਣ ਗਿਆ ਸੀ ਕੇ ਇਟਲੀ ਵਾਲੇ ਖਿਡਾਰੀ "ਜਿਅੰਮਾਰਕੋ ਤੰਬਰੀ" ਦੇ ਸੱਟ ਲੱਗ ਚੁੱਕੀ ਹੈ ਅਤੇ ਉਹ ਸ਼ਾਇਦ ਇਹ ਆਖ਼ਿਰੀ ਕੋਸ਼ਿਸ਼ ਨਹੀਂ ਕਰ ਸਕੇਗਾ...ਅਤੇ ਜੇਕਰ ਕੋਸ਼ਿਸ਼ ਕਰੇਗਾ ਵੀ ਤਾਂ ਜਿੱਤ ਨਹੀਂ ਸਕੇਗਾ।

ਸੋ ਕਤਰ ਵਾਲੇ ਖਿਡਾਰੀ ?ਮੁਤਾਜ਼ ਈਸਾ ਬਰਸ਼ਿਮ" ਨੇ ਰੈਫਰੀ ਨੂੰ ਪੁੱਛਿਆ ਕੇ

"ਕੀ ਸੋਨ ਤਮਗ਼ਾ ਸਾਨੂੰ ਦੋਵਾਂ ਨੂੰ ਨਹੀਂ ਮਿਲ ਸਕਦਾ"?

ਕਿਓੰਕੇ ਮੈਂ ਕਿਸੇ ਸੱਟ ਲੱਗੀ ਖਿਡਾਰੀ (ਜਿਸਨੇ ਪਤਾ ਨਹੀਂ ਇੱਥੇ ਤੱਕ ਪਹੁੰਚਣ ਲਈ ਕਿੰਨੀ ਮੇਹਨਤ ਕੀਤੀ ਹੋਵੇਗੀ) ਤੋਂ ਇਹ ਮੌਕਾ ਖੋਹ ਕੇ ਸੋਨ ਤਮਗ਼ਾ ਹਾਸਿਲ ਨਹੀਂ ਕਰਨਾ ਚਾਹੁੰਦਾ। ...

ਰੈਫਰੀ ਨੇ ਖੇਡ੍ਹ ਨਿਯਮਾਂ ਵਾਲੀ ਕਿਤਾਬ ਫਰੋਲੀ।

ਉੱਨੀ ਦੇਰ ਤੱਕ ਸਭ ਹੈਰਾਨ ਸਨ ਕੇ ਕੀ ਹੋ ਰਿਹਾ ਹੈ।

ਅਖੀਰ ਰੈਫਰੀ ਨੇ ਆ ਕੇ ਦੱਸਿਆ ਕੇ

"ਹਾਂ ਇਹ ਸੰਭਵ ਹੈ, ਤੁਹਾਨੂੰ ਦੋਵਾਂ ਨੂੰ ਸੋਨ ਤਮਗ਼ਾ ਦਿੱਤਾ ਜਾ ਸਕਦਾ ਹੈ"

ਜਦੋਂ ਇਹ ਇਹ ਗੱਲ ਇਟਲੀ ਵਾਲੇ ਖਿਡਾਰੀ ਨੂੰ ਦੱਸੀ ਗਈ ਤਾਂ ਉਹ ਇੱਕ ਦੱਮ ਕਤਰ ਵਾਲੇ ਖਿਡਾਰੀ ਦੇ ਗਧੇੜੇ ਜਾ ਚੜ੍ਹਿਆ ਅਤ ਖੁਸ਼ੀ ਚ ਉਸਦੇ ਹੰਝੂ ਨਹੀਂ ਰੁਕ ਰਹੇ ਸਨ।

ਚਾਰੇ ਪਾਸੇ ਤਾੜੀਆਂ ਦੀ ਗੂੰਜ ਇਸ ਇਤਿਹਾਸਿਕ ਪਲ ਨੂੰ ਮਾਣਦੀ ਹੈ ਅਤੇ ਇੱਕ ਇਤਿਹਾਸ ਸਿਰਜ ਦਿੱਤਾ ਜਾਂਦਾ ਹੈ।

ਸੋ ਟੋਕੀਓ ਓਲੰਪਿਕ ਦਾ ਇਹ ਉੱਚੀ ਛਾਲ਼ ਦਾ ਸੋਨ ਤਮਗ਼ਾ ਦੋ ਖਿਡਾਰੀਆਂ ਕਤਰ ਦੇ "ਮੁਤਾਜ਼ ਈਸਾ ਬਰਸ਼ਿਮ" ਅਤੇ ਇਟਲੀ ਦੇ "ਜਿਅੰਮਾਰਕੋ ਤੰਬਰੀ" ਨੂੰ ਮਿਲਿਆ।

ਇਹ ਘਟਨਾ ਖੇਡ੍ਹ ਭਾਵਨਾ ਦੀ, ਭਰਾਤਰੀ ਪਿਆਰ ਦੀ, ਬਰਾਬਰਤਾ ਦੀ ਅਤੇ ਇਨਸਾਨੀ ਕਦਰਾਂ ਦੀ ਜਿਉਂਦੀ ਜਾਗਦੀ ਮਿਸਾਲ ਬਣ ਗਈ।

ਇਨ੍ਹਾਂ ਇਤਿਹਾਸਕ ਪਲਾਂ ਦੀ ਵੀਡੀਓ ਤੁਸੀਂ ਵੀ ਚੰਗੀ ਤਰ੍ਹਾਂ ਦੇ ਨਾਲ ਦੇਖ ਲਵੋ

Facebook link ; 

 

ਬਾਬਰ ਦੀਆਂ ਰਗਾਂ ਵਿੱਚ ਮੱਧ ਏਸ਼ੀਆ ਦੇ ਦੋ ਮਹਾਨ ਯੋਧਿਆ ਦਾ ਖ਼ੂਨ ਦੌੜਦਾ ਸੀ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸੋਲ੍ਹਵੀਂ ਸਦੀ ਦੇ ਆਰੰਭ ਵਿੱਚ ਭਾਰਤ ਵਿੱਚ ਦਿੱਲੀ ਸਲਤਨਤ ਦਾ ਅੰਤ ਹੋ ਗਿਆ ਅਤੇ ਇਸਦੇ ਖੰਡਰਾਂ ਉੱਪਰ ਮੁਗਲ ਸਾਮਰਾਜ ਦੀ ਨੀਂਹ ਰੱਖੀ ਗਈ।ਮੁਗਲ ਸਾਮਰਾਜ ਦਾ ਸੰਸਥਾਪਕ ਜਹੀਰਉੱਦੀਨ ਮੁਹੰਮਦ ਬਾਬਰ ਸੀ।ਉਹ ਮੱਧ ਏਸ਼ੀਆ ਦੀਆਂ ਤੁਰਕ ਅਤੇ ਮੰਗੋਲ ਜਾਤੀਆਂ ਨਾਲ ਸੰਬੰਧ ਰੱਖਦਾ ਸੀ।ਉਸਨੇ 1526 ਈ. ਵਿੱਚ ਪਾਨੀਪਤ ਦੇ ਮੈਦਾਨ ਵਿੱਚ ਦਿੱਲੀ ਦੇ ਆਖਰੀ ਅਫ਼ਗ਼ਾਨ ਸੁਲਤਾਨ ਇਬਰਾਹਿਮ ਲੋਧੀ ਨੂੰ ਹਰਾ ਦਿੱਤਾ ਅਤੇ ਅੱਗੇ ਵੱਧ ਕੇ ਦਿੱਲੀ ਤੇ ਆਗਰਾ ਉੱਤੇ ਆਪਣਾ ਅਧਿਕਾਰ ਜਮਾ ਲਿਆ।ਇਸ ਤਰ੍ਹਾਂ ਉਸਨੇ ਭਾਰਤ ਵਿੱਚ ਇੱਕ ਨਵੇਂ ਵੰਸ਼ ਦੀ ਸਥਾਪਨਾ ਕੀਤੀ ਜੋ ਕਿ ਮੁਗਲ-ਵੰਸ਼ ਦੇ ਨਾਂ ਨਾਲ ਪ੍ਰਸਿੱਧ ਹੈ।
ਇਸ ਵੰਸ਼ ਦੇ ਸ਼ਾਸਕਾਂ ਦੇ ਹੱਥਾਂ ਵਿੱਚ ਭਾਰਤ ਦੇ ਭਾਗਾਂ ਦੀ ਵਾਗ-ਡੋਰ ਕੋਈ ਤਿੰਨ ਸੌ ਸਾਲ ਤੱਕ ਰਹੀ।
ਬਾਬਰ ਦਾ ਜਨਮ 14 ਫ਼ਰਵਰੀ 1483 ਈ.ਨੂਂ ਫਰਗਾਨਾ ਦੀ ਰਾਜਧਾਨੀ ਅੰਦੀਜਾਨ ਵਿਖੇ ਹੋਇਆ।ਉਸ ਦਾ ਅਸਲੀ ਨਾਮ ਜਹੀਰਉੱਦੀਨ ਮੁਹੰਮਦ ਸੀ ਉਸਦੇ ਮਿੱਤਰ ਅਤੇ ਦੇਸ-ਵਾਸੀ ਉਸ ਨੂੰ ਇਸ ਔਖੇ ਨਾਂ ਨਾਲ ਨਹੀਂ ਪੁਕਾਰ ਸਕਦੇ ਸਨ ਇਸ ਲਈ ਉਹ ਉਸਨੂੰ ਬਾਬਰ ਦੇ ਨਾਂ ਨਾਲ ਸੰਬੋਧਨ ਕਰਨ ਲੱਗ ਪਏ।’ਬਾਬਰ’ ਤੁਰਕੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ‘ਬੱਬਰ ਸ਼ੇਰ’।ਬਾਬਰ ਦਾ ਪਿਤਾ ਉਮਰ ਸ਼ੇਖ ਮਿਰਜ਼ਾ ਫਰਗਾਨਾ ਦਾ ਹਾਕਮ ਸੀ ਅਤੇ ਉਹ ਅਮੀਰ ਤੈਮੁਰ ਦੇ ਵੰਸ਼ ਨਾਲ ਸੰਬੰਧ ਰੱਖਦਾ ਸੀ।ਉਸਦੀ ਮਾਤਾ ਦਾ ਨਾਂ ਕੁਤਲੁਗ ਨਿਗਾਰ ਖ਼ਾਨਮ ਸੀ।ਜੋ ਕਿ ਮੰਗੋਲ ਨੇਤਾ ਚੰਗੇਜ ਦੇ ਵੰਸ਼ ਵਿੱਚੋਂ ਸੀ।ਇਸ ਤਰ੍ਹਾਂ ਬਾਬਰ ਦੀਆਂ ਰਗਾਂ ਵਿੱਚ ਮੱਧ ਏਸ਼ੀਆ ਦੇ ਦੋ ਮਹਾਨ ਯੋਧਿਆ ਦਾ ਖ਼ੂਨ ਦੌੜਦਾ ਸੀ।
ਬਾਬਰ ਨੇ ਤੁਰਕੀ ,ਫ਼ਾਰਸੀ ਅਤੇ ਅਰਬੀ ਭਸ਼ਾਵਾਂ ਦਾ ਗਿਆਨ ਪ੍ਰਾਪਤ ਕਰ ਲਿਆ ਸੀ।ਉਸਨੇ ਆਪਣੀ ਆਤਮ ਕਥਾ ਵਿੱਚ ਕਿਹਾ ਹੈ ਕਿ ਉਸਦਾ ਅਧਿਆਪਕ ਸ਼ੇਖ ਮੁਜੀਬ ਸੀ।ਬਾਬਰ ਦੀ ਨਾਨੀ ਏਸਾਨ ਦੌਲਤ ਬੇਗਮ ਨੇ ਉਸ ਵਿੱਚ ਅਤਿਅੰਤ ਸਾਹਸ,ਆਤਮ ਵਿਸ਼ਵਾਸ ਅਤੇ ਦ੍ਹਿੜ ਨਿਸ਼ਚੇ ਜਿਹੇ ਉੱਤਮ ਗੁਣ ਕੁੱਟ-ਕੁੱਟ ਕੇ ਭਰ ਦਿੱਤੇ ਸਨ ਅਤੇ ਉਸਦੀ ਦਾਦੀ ਸ਼ਾਹ ਸੁਲਤਾਨਾ ਬੇਗਮ ਨੇ ਉਸ ਨੂੰ ਵਿਵਹਾਰ ਅਤੇ ਸ਼ਿਸ਼ਟਾਚਾਰ ਦੇ ਚੰਗੇ-ਚੰਗੇ ਨਿਯਮ ਸਿਖਾਏ।ਬਾਬਰ ਦੇ ਪਹਾੜੀ ਦੇਸ਼ ਦੀ ਜਲਵਾਯੂ ਨੇ ਵੀ ਉਸ ਦੇ ਵਿਅਕਤੀਤਵ ਉੱਤੇ ਪ੍ਰਭਾਵ ਪਾਇਆ।1494 ਈ.ਵਿੱਚ ਬਾਜ਼ਾਰ ਦੇ ਪਿਤਾ ਦੀ ਕਬੂਤਰ ਉਡਾਉਦੇ-ਉਡਾਉਦੇ ਆਪਣੇ ਮਹਿਲ ਦੇ ਸਿਖਰ ਤੋ ਥੱਲੇ ਡਿੱਗਣ ਜਾਣ ਕਾਰਨ ਮੌਤ ਹੋ ਗਈ ਅਤੇ ਬਾਬਰ ਦੀ ਉਮਰ ਉਸ ਸਮੇ 11 ਸਾਲ ਸੀ , ਫਰਗਨਾ ਦੀ ਗੱਦੀ ਉੱਤੇ ਬੈਠਿਆ।1497 ਈ.ਵਿੱਚ ਬਾਬਰ ਨੇ ਸ਼ਕਰਕੰਦ ਦੀ ਜਿੱਤ ਪ੍ਰਾਪਤ ਕੀਤੀ।ਪਰ ਇਹ ਜਿੱਤ ਸਦੀਵੀ ਨਾ ਬਣ ਸਕੀ।1497 ਤੋ 1504 ਈ.ਤੱਕ ਬਾਬਰ ਦੀ ਹਸਤੀ ਅਵਾਰਾ ਵਰਗੀ ਸੀ।ਇੱਕ ਅਜਿਹੇ ਰਾਜੇ ਵਰਗੀ ਜਿਸਦਾ ਕੋਈ ਰਾਜ ਨਹੀਂ ਸੀ।ਉਸਨੂੰ ਇਸ ਤਰ੍ਹਾਂ ਠੁਕਰਾਇਆ ਜਾਂਦਾ ਸੀ ਜਿਵੇ ਕਿ ਸਮੁੰਦਰ ਦੇ ਕੰਢੇ ਪਏ ਹੋਏ ਕੰਕਰ ਨੂੰ ।1502 ਤੋ 1504ਈ. ਤੱਕ ਦਾ ਸਮਾਂ ਬਾਬਰ ਦੇ ਜੀਵਨ ਦਾ ਬਹੁਤ ਔਖਾ ਸਮਾਂ ਸੀ।ਉਸਨੂੰ ਦੁੱਖਾਂ ਤੇ ਗਰੀਬੀ ਦਾ ਸਾਹਮਣਾ ਕਰਨਾ ਪਿਆ।ਸਾਰੇ ਸਾਥੀ ਤੇ ਸੰਬੰਧੀ ਉਸਨੂੰ ਧੋਖਾ ਦੇ ਗਏ। ਬਾਬਰ ਆਪਣੀ ਆਤਮ- ਕਥਾ ਵਿੱਚ ਲਿਖਦਾ ਹੈ ਕਿ “ਮੈ ਸੰਸਾਰ ਵਿੱਚ ਆਪਣੀ ਆਤਮਾ ਤੋਂ ਬਿਨਾਂ ਕਿਸੇ ਨੂੰ ਵੀ ਵਫ਼ਾਦਾਰ ਮਿੱਤਰ ਅਤੇ ਆਪਣੇ ਦਿਲ ਤੋ ਸਿਵਾਏ ਕਿਸੇ ਨੂੰ ਵੀ ਭਰੋਸੇਯੋਗ ਨਹੀਂ ਪਾਇਆ।1504 ਈ.ਗਜਨੀ ਨੂੰ ਜਿੱਤ ਲਿਆ।1507 ਈ.ਵਿੱਚ ਉਸਨੇ ‘ਬਾਦਸ਼ਾਹ’ ਦੀ ਉਪਾਧੀ ਧਾਰਨ ਕੀਤੀ।ਉਜਬੇਗਾ ਤੋ ਬਾਬਰ ਨੇ ‘ਤੁਲਗੁਮਾ’ ਨਾਮੀ ਯੁੱਧ ਦਾ ਢੰਗ ,ਮੰਗੋਲਾਂ ਤੋ ਛੁਪ ਕੇ ਵਾਰ ਕਰਨ ਤੇ ਦੁਸ਼ਮਣ ਨੂੰ ਖ਼ਤਰਨਾਕ ਸਥਾਨ ਤੇ ਲਿਆ ਕੇ ਲੜਾਈ ਕਰਨ ਦਾ ਢੰਗ ਅਤੇ ਈਰਾਨੀਆਂ ਤੋਂ ਉਸਨੇ ਤੋਪਖ਼ਾਨੇ ਦੀ ਵਰਤੋਂ ਕਰਨ ਦੀ ਸਿੱਖਿਆ ਪ੍ਰਾਪਤ ਕੀਤੀ।ਬਾਬਰ ਨੇ ਭਾਰਤ ਉੱਤੇ 1519 ਦੀ.ਤੋਂ 1526 ਤੱਕ ਪੰਜ ਹਮਲੇ ਕੀਤੇ।ਬਾਬਰ ਨੇ ਭਾਰਤ ਉੱਤੇ ਪਹਿਲਾ ਹਮਲਾ 1519 ਈ.ਵਿੱਚ ਖਰੂਦੀ ਜਾਤੀ ਯੂਸਫਜਾਈ ਦੇ ਵਿਰੁੱਧ,ਦੂਜਾ ਹਮਲਾ 1519 ਈ.ਵਿੱਚ,ਤੀਜਾ ਹਮਲਾ 1520 ਈ. ਵਿੱਚ ,ਚੌਥਾ ਹਮਲਾ 1524 ਈ. ਵਿੱਚ,ਪੰਜਵਾਂ ਹਮਲਾ 1525-1526 ਈ. ਵਿੱਚ ਕੀਤਾ ।ਇਸ ਤੋਂ ਇਲਾਵਾ ਬਾਬਰ ਨੇ 1526 ਈ.ਪਾਨੀਪਤ ਦੀ ਲੜਾਈ ,1527 ਈ. ਵਿੱਚ ਖਾਨਵਾ ਦੀ ਲੜਾਈ,1528 ਈ.ਵਿੱਚ ਚੰਦੇਰੀ ਦੀ ਲੜਾਈ 1529 ਈ.ਵਿੱਚ ਘਾਗਰਾ ਦੀ ਲੜਾਈ ਲੜੀ।ਅੰਤ 26 ਦਸੰਬਰ 1530 ਈ. ਵਿੱਚ ਬਾਬਰ ਦੀ ਮੌਤ ਹੋ ਗਈ।ਮੌਤ ਦੇ ਬਾਅਦ ਬਾਬਰ ਦੇ ਮ੍ਰਿਤ ਸਰੀਰ ਨੂੰ
ਆਗਰੇ ਤੋਂ ਕਾਬਲ ਲੈ ਜਾਇਆ ਗਿਆ ਅਤੇ ਉੱਥੇ ਇੱਕ ਸੁੰਦਰ ਸ਼ਥਾਨ ਤੇ ਦਫ਼ਨਾ ਦਿੱਤਾ ਗਿਆ ।

ਗਗਨਦੀਪ ਧਾਲੀਵਾਲ ਝਲੂਰ
ਬਰਨਾਲਾ ।

ਕਿਸਾਨ ਆਗੂਆਂ ਨੂੰ ਮੁੱਖ ਮੰਤਰੀ ਵਜੋਂ ਦਾਅ ਲਾਉਣਾ ਪੈਣਾ ✍️. ਅਵਤਾਰ ਸਿੰਘ ਰਾਏਸਰ  

ਮੁੱਖ ਮੰਤਰੀ ਵਜੋਂ ਦਾਅ ਲਾਉਣਾ ਪੈਣਾ ਹੈ ਕਿਉਂਕਿ ਗਾਂਧੀ ਪਰਿਵਾਰ ਕੈਪਟਨ ਤੋਂ ਜਿਆਦਾ ਕਿਸੇ ਹੋਰ ਆਗੂ ਤੇ ਵਿਸ਼ਵਾਸ ਨਹੀਂ ਕਰ ਸਕਦਾ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਮੇਂ ਮੁੱਖ ਮੰਤਰੀ ਵਜੋਂ ਬੁਰੀ ਤਰ੍ਹਾਂ ਫਲਾਪ ਹੋ ਚੁੱਕੇ ਹਨ ਪਰ ਪਰਸਾਂਤ ਕਿ ਸੋਰ ਐਂਡ ਕੰਪਨੀ ਕਰਕੇ ਉਹ ਦਮਦਾਰ ਆਗੂ ਵਜੋਂ ਫ਼ਿਰ ਤੋਂ ਸਾਹਮਣੇ ਆ ਸਕਦੇ ਹਨ ਪਰ ਇਸ ਵਾਰ ਉਨ੍ਹਾਂ ਦਾ ਰਸਤਾ ਕੰਡਿਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੂੰ ਪਾਰਟੀ ਅੰਦਰਲੇ ਤੇ ਬਾਹਰਲੇ ਦੋਨੋ ਪਾਸੇ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪੈਣਾ ਹੈ। ਲੋਕ ਹੁਣ ਪਰਸਾਂਤ ਕਿਸੋਰ ਦੇ ਦਾਅ ਪੇਚ ਵੀ ਸਮਝਣ ਲੱਗ ਪਏ ਹਨ। 
ਤੀਸਰੀ ਪਰਮੁੱਖ ਸਿਆਸੀ ਪਾਰਟੀ ਅਕਾਲੀ ਦਲ ਤੇ ਬਸਪਾ ਗਠਜੋੜ ਹੈ। ਪਾਰਟੀ ਪਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਹੀ ਇਸਦਾ ਚਿਹਰਾ ਮੋਹਰਾ ਹਨ। ਪਰਿਵਾਰਵਾਦ ਤੇ ਭਰਿਸ਼ਟਾਚਾਰ ਸਮੇਤ ਚਿੱਟੇ ਨਸਿਆ ਦਾ ਸਾਮ੍ਹਣਾ ਕਰਨ ਕਰਕੇ ਇਹਨਾਂ ਦਾ ਜਮੀਨੀ ਆਧਾਰ ਵੀ ਲਗਾਤਾਰ ਖਿਸਕਦਾ ਰਿਹਾ ਹੈ। ਪਾਰਟੀ ਪਿਛਲੇ ਸਮੇਂ ਵਿੱਚ ਬੁਰੀ ਤਰ੍ਹਾਂ ਟੁੱਟ ਭੱਜ ਦਾ ਸਿਕਾਰ ਰਹੀ। ਸ ਸੁਖਦੇਵ ਸਿੰਘ ਢੀਂਡਸਾ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਵਰਗੇ ਕੱਦਵਾਰ ਆਗੂਆਂ ਦਾ ਅਲੱਗ ਹੋ ਕੇ ਆਪਣੀ ਪਾਰਟੀ ਬਣਾਉਣਾ ਤੇ ਪਰਕਾਸ਼ ਸਿੰਘ ਬਾਦਲ ਦਾ ਸਿਆਸੀ ਦਰਿਸ ਤੋਂ ਪਾਸੇ ਹੋ ਜਾਣਾ ਪਾਰਟੀ ਲਈ ਮਾਰੂ ਸਾਬਤ ਹੋ ਰਿਹਾ ਹੈ। 
 ਨਵੀਆਂ ਸਿਆਸੀ ਪਾਰਟੀਆਂ ਚੋ ਕਿਰਤੀ ਕਿਸਾਨ ਸੇਰੇ ਪਾਰਟੀ ਲੋਕ ਅਧਿਕਾਰ ਲਹਿਰਾ ਤੇ ਸਰਵਜਨ ਸਮਾਜ ਪਾਰਟੀ ਸਮੇਤ ਹੋਰ ਛੋਟੇ ਛੋਟੇ ਗਰੁੱਪ ਆਪੋ ਵਿੱਚ ਵੰਡੇ ਹੋਏ ਹੋਣ ਕਰਕੇ ਹਜੇ ਪੰਜਾਬ ਦੇ ਸਿਆਸੀ ਦਰਿਸ ਤੇ ਅਪਣੀ ਹੋਦ ਵਿਖਾਉਦੇ ਵਜਹ ਨਜ਼ਰ ਨਹੀਂ ਆ ਰਹੇ। ਕਮਾਲ ਦੀ ਗੱਲ ਹੈ ਕਿ ਕਿਰਤੀ ਕਿਸਾਨ ਸੇਰੇ ਪੰਜਾਬ ਪਾਰਟੀ ਦੇ ਪਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਬੇਜਮੀਨੇ ਲੋਕਾਂ ਨੂੰ ਦੋ ਦੋ ਏਕੜ ਜਮੀਨ ਤੋਂ ਇਲਾਵਾ ਡੋਡਿਆਂ ਦੀ ਖੇਤੀ ਦਾ ਵਾਅਦਾ ਵੀ ਕਰ ਚੁੱਕੇ ਹਨ। ਉਨ੍ਹਾਂ ਨਾਲ ਪਾਰਟੀ ਦੇ ਜਨ ਸਕੱਤਰ ਐਸ ਆਰ ਲੱਧੜ ਰਿਟਾ ਆਈ ਪੀ ਐਸ ਵੀ ਪੰਜਾਬ ਦੇ ਕਈ ਜਿਲ੍ਹੇ ਬਤੌਰ ਡੀ ਸੀ ਰਹੇ ਹੋਣ ਕਰਕੇ ਪੰਜਾਬ ਵਿੱਚ ਜਾਣਿਆ ਪਛਾਣਿਆ ਚਿਹਰਾ ਹੈ ਤੇ ਬਹੁਤ ਜ਼ਿਆਦਾ ਪਰਭਾਵ ਸਾਲੀ ਹਨ। 
ਪਰ ਜਦ ਅਜੌਕੇ ਰਾਜਸੀ ਮਾਹੌਲ ਤੇ ਗੱਲ ਤੁਰਦੀ ਹੈ ਤਾਂ ਕਿਤੇ ਨਾ ਕਿਤੇ ਜਾਕੇ ਗੱਲ ਦਿੱਲੀ ਕਿਸਾਨ ਮੋਰਚੇ ਤੇ ਜਾਕੇ ਰੁਕ ਜਾਂਦੀ ਹੈ। ਪੰਜਾਬ ਦਾ ਅਵਾਮ ਦਿੱਲੀ ਬੈਠੇ ਆਗੂਆਂ ਵੱਲੋਂ ਆਉਂਦੇ ਸੰਦੇਸ਼ ਵੱਲ ਦੇਖ ਰਹੇ ਹਨ
। ਹੁਣ ਦਿੱਲੀ ਮੋਰਚੇ ਵਿੱਚ ਜੰਗ ਲੜ ਰਹੇ ਆਗੂਆਂ ਨੂੰ ਮੌਕੇ ਦੀ ਨਬਜ ਪਛਾਣ ਕੇ ਵਿਉਂਤ ਬੰਦੀ ਬਨਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।

 

ਹੁਣ ਕਿਸਾਨ ਮਜਦੂਰ ਮਿਲਕੇ ਪੰਜਾਬ ਨੂੰ ਸਿਆਸੀ ਬਦਲ ਦੇਣ 

ਪੰਜਾਬ ਵਿੱਚ ਫਰਵਰੀ 2022  ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ  ਪਰਮੁੱਖ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਤਿਆਰੀਆਂ ਵਿੱਢ ਦਿੱਤੀਆਂ ਹਨ। ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਹਨਾਂ ਪਾਰਟੀਆਂ ਨੂੰ ਪਿੰਡਾਂ ਸਹਿਰਾਂ ਵਿੱਚ ਲੋਕਾਂ ਦੇ ਜਬਰਦਸਤ ਰੋਹ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਅੱਜ ਹਾਲ ਇਹ ਬਣ ਗਏ ਹਨ ਕਿ ਸਾਰੀਆਂ ਹੀ ਰਵਾਇਤੀ ਧਿਰਾਂ ਦੇ ਪੈਰਾਂ ਹੇਠਾਂ ਸਿਆਸੀ ਜਮੀਨ ਖਿਸਕ ਚੁੱਕੀ ਹੈ ਤੇ ਉਹ ਅੱਕੀ ਪਲਾਹੀ ਛੋਟੇ ਮਾਰ ਰਹੀਆਂ ਹਨ। ਸੋਸਲ ਮੀਡੀਆ ਦੀ ਆਮਦ ਨੇ ਇਹਨਾਂ ਸਿਆਸੀ ਪਾਰਟੀਆਂ ਦਾ ਅੰਦਰਲਾ ਖੋਖਲਾਪਨ ਬੇਪਰਦ ਕਰ ਦਿੱਤਾ ਹੈ ਜਿਸ ਕਰਕੇ ਕਾਂਗਰਸ  ਅਕਾਲੀ ਦਲ ਤੇ ਆਪ ਸਮੇਤ ਭਾਜਪਾ ਇਸ ਵਕਤ ਬੁਰੀ ਤਰ੍ਹਾਂ ਤਿਲਮਿਲਾਈਆ ਹੋਈਆਂ ਹਨ। ਇਹ ਸਭ ਸਿਆਸੀ ਪਾਰਟੀਆਂ ਦੇ ਆਗੂ ਪੰਜਾਬ ਦੀ ਜਨਤਾ ਸਾਹਮਣੇ ਨਿਰਉਤਰ ਹੋਕੇ ਰਹਿ ਗਏ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਸਿਆਸੀ ਪਾਰਟੀਆਂ ਹੁਣ ਗੋਦੀ ਮੀਡੀਆ ਤੇ ਹੀ ਨਿਰਭਰ ਹਨ। ਪੰਜਾਬ ਦੇ ਲੋਕ ਅਕਾਲੀ ਦਲ ਨੂੰ ਸਵਾਲ ਕਰਦੇ ਹਨ ਕਿ ਦਸ ਸਾਲ ਦੇ ਰਾਜ ਵਿੱਚ ਦਲਿਤ ਉੱਪ ਮੁੱਖ ਮੰਤਰੀ ਕਿਉਂ ਨੀ ਬਣਾਇਆ। ਇਸ ਤਰ੍ਹਾਂ ਕਾਗਰਸ ਦੇ ਨਵੇਂ ਬਣਾਏ ਪੰਜਾਬ ਪਰਧਾਨ ਨਵਜੋਤ ਸਿੰਘ ਸਿੱਧੂ ਵੀ ਸੋਸਲ ਮੀਡੀਆ ਤੇ ਆਪਹੁਦਰੀਆਂ ਕਾਰਣ ਮਖੌਲ ਦੇ ਪਾਤਰ ਬਣ ਗਏ ਹਨ। 
ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਤਾਂ ਪਿਛਲੇ ਸਮੇਂ ਵਿੱਚ ਇਸਦੇ ਵਿਰੋਧੀ ਧਿਰ ਦੇ ਰੋਲ ਵਜੋਂ ਇਹ ਆਪਣਾ ਚੰਗਾ ਪਰਦਰਸ਼ਨ ਕਰਨ ਵਿੱਚ ਨਕਾਮ ਹੀ ਰਹੀ ਹੈ। ਪਾਰਟੀ ਵਿੱਚ ਲਗਾਤਾਰ ਦੋਫ਼ਾੜ ਪੈਣ ਕਾਰਨ ਤੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਤੋਂ ਹੀ ਪਾਰਟੀ ਨੂੰ ਚਲਾਉਣ ਕਰਕੇ ਪੰਜਾਬ ਦੇ ਬੁੱਧੀਜੀਵੀ ਵਰਗ ਖਾਸ ਕਰ ਸਿੱਖ ਹਲਕਿਆਂ ਦੇ ਦਿਲਾਂ ਵਿੱਚ ਪਾਰਟੀ ਲਈ  2017 ਵਾਲਾ ਉਤਸਾਹ ਨਹੀਂ ਰਿਹਾ। ਕੁੱਲ ਮਿਲਾਕੇ ਇਸ ਪਾਰਟੀ ਅੰਦਰ ਸੀ ਐਮ ਦੇ ਚਿਹਰੇ ਨੂੰ ਲੈਕੇ ਵੀ ਵੱਡਾ ਬਬਾਲ ਪੈਦਾ ਹੋਇਆ ਪਿਆ ਹੈ।  ਭਗਵੰਤ ਮਾਨ ਕੋਲ ਉਹ ਸੰਵੇਦਨਾ ਨਹੀਂ ਤੇ ਐਸ ਐਸ ਫੂਲਕਾ ਪਹਿਲਾਂ ਹੀ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਕੁੰਵਰ ਵਿਜੈ ਪਰਤਾਪ ਸਿੰਘ  ਵੀ  ਅਫਸਰ ਸਾਹੀ ਨਾਲ ਜੁੜੇ ਹੋਏ ਕਾਰਣ ਬਣਦਾ ਪਰਭਾਵ ਨਹੀਂ ਛੱਡ ਸਕੇ। ਹਾਂ ਪਾਰਟੀ ਕੋਲ ਸਿਰਫ਼ ਇੱਕ ਚਿਹਰਾ ਹੈ ਜੋ ਕਿ ਦਲਿਤ ਵਰਗ ਚੋ ਆਉਂਦਾ ਹੈ। ਉਹ ਹੈ ਸਾਬਕਾ ਅੈਪ ਪੀ ਸ ਸਾਧੂ ਸਿੰਘ ਫਰੀਦਕੋਟ। ਦਲਿਤ ਵਰਗ ਤੇ ਪਾਰਟੀ ਉਨ੍ਹਾਂ ਨੂੰ ਲੈਕੇ ਸਾਇਦ ਹੀ ਕੋਈ ਦਾਅ ਲਾ ਸਕੇ। 

ਨਿਰਾਸ਼ਾ ਨਕਾਰਤਮਕ ਸੋਚ ਨੂੰ ਵਧਾਉਂਦੀ ਹੈ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਨਿਰਾਸ਼ਾ ਨਕਾਰਤਮਕ ਸੋਚ ਨੂੰ ਵਧਾਉਂਦੀ ਹੈ

ਦੋਸਤੋਂ ਅਕਸਰ ਦੇਖਿਆਂ ਜਾਂਦਾ ਹੈ ਕਿ ਕਈ ਲੋਕ ਆਪਣੀ ਨਕਾਰਤਮਕ ਸੋਚ ਕਾਰਨ ਆਪਣੇ ਜੀਵਨ ਨੂੰ ਮੁਸ਼ਕਿਲਾਂ ਭਰਿਆ ਬਣਾ ਲੈਂਦੇ ਹਨ।ਜ਼ਿੰਦਗੀ ਨੂੰ ਨਿਰਾਸ਼ਾ ਭਰਪੂਰ ਬਣਾ ਲੈਂਦੇ ਹਨ।ਕਈ ਲੋਕ ਬਚਪਨ ਤੋ ਹੀ ਖਿਝੂ ਅੜੀਅਲ ਸੁਭਾਅ ਦੇ ਹੁੰਦੇ ਹਨ ।ਕਈ ਨਕਾਰਤਮਕ ਵਿਚਾਰਾਂ ਨਾਲ ਭਰੇ ਹੁੰਦੇ ਹਨ।ਜਿਓ-ਜਿਓ ਜ਼ਿੰਦਗੀ ਵਿੱਚ ਅੱਗੇ ਵੱਧਦੇ ਜਾਂਦੇ ਹਨ ਨਿਰਾਸ਼ਾਵਾਦੀ ਹੁੰਦੇ ਜਾਂਦੇ ਹਨ,ਆਖਿਰ ਨੂੰ ਉਹ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।ਕੀ ਅਜਿਹੇ ਲੋਕ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਂਦੇ ਹਨ।ਨਕਾਰਤਮਕ ਸੋਚ ਵਾਲਾ ਵਿਅਕਤੀ ਜਲਦ ਹੀ ਹੌਸਲਾ ਹਾਰ ਜਾਂਦਾ ਹੈ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਦੋਸ਼ੀ ਮੰਨਣ ਲੱਗ ਜਾਂਦਾ ਹੈ। ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ।ਉਹ ਦੂਜੇ ਲੋਕਾਂ ਨੂੰ ਵੀ ਨਕਾਰਤਮਕ ਨਜ਼ਰੀਏ ਨਾਲ ਦੇਖਦਾ ਹੈ।ਹਮੇਸ਼ਾ ਉਹਨਾਂ ਵਿੱਚ ਕਮੀਆਂ ਹੀ ਦੇਖਦਾ ਹੈ।ਉਸ ਨੂੰ ਇੰਝ ਹੀ ਲੱਗਦਾ ਰਹਿੰਦਾ ਹੈ ਜਿਵੇਂ ਸਾਰੇ ਲੋਕ ਉਸਦਾ ਹੀ ਬੁਰਾ ਕਰਦੇ ਹਨ ।ਉਹ ਉਸ ਨਾਲ ਗਲਤ ਕਰ ਰਹੇ ਹਨ ।ਦੋਸਤੋਂ ਜੇਕਰ ਆਪਾਂ ਇੰਝ ਹੀ ਨਕਾਰਤਮਕ ਰਵੱਈਏ ਦਾ ਸ਼ਿਕਾਰ ਰਹਾਂਗੇ ਤਾਂ ਖੁਸ਼ੀਆਂ ਤੁਹਾਡੇ ਦਰ ਤੇ ਆਕੇ ਵਾਪਿਸ ਮੁੜਦੀਆਂ ਰਹਿਣਗੀਆਂ।ਅਸੀਂ ਚੰਗੇ ਮੌਕੇ ਹੱਥੋਂ ਗਵਾਉਂਦੇ ਰਹਾਂਗੇ ।ਕਿਉਂਕਿ ਖੁਸ਼ੀਆਂ ਹੀ ਜ਼ਿੰਦਗੀ ਨੂੰ ਰੰਗੀਨ ਬਣਾਉਂਦੀਆਂ ਹਨ ।ਪਰ ਅਸੀਂ ਆਪਣੀ ਨਕਾਰਤਮਕ ਸੋਚ ਕਾਰਨ ਆਪਣੇ ਆਪ ਨੂੰ ਬੇਵੱਸ ਲਾਚਾਰ ਮਹਿਸੂਸ ਕਰਨ ਲੱਗਦੇ ਹਾਂ।ਜ਼ਿੰਦਗੀ ਦੁੱਖਾਂ ਵਿੱਚ ਪਾ ਲੈਂਦੇ ਹਾਂ।ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਤੋਂ ਜਲਦੀ ਹੀ ਹਾਰ ਮੰਨ ਲੈਂਦੇ ਹਾਂ,ਤੇ ਢੇਰੀ ਢਾਹ ਕੇ ਬੈਠ ਜਾਂਦੇ ਹਾਂ।ਮਾੜੇ ਸਮੇਂ ਵਿੱਚ ਮਾੜਾ ਸੋਚਣ ਦੀ ਬਜਾਇ ਚੰਗਾ ਸੋਚਣਾ ਚਾਹੀਦਾ ਹੈ।ਕਈ ਵਾਰ ਅਸੀਂ ਦੁੱਖ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਾਂ ਤੇ ਸਾਨੂੰ ਸਭ ਕੁੱਝ ਖਾਲ਼ੀ ਹੀ ਜਾਪਦਾ ਹੈ ।ਸਾਨੂੰ ਹਮੇਸ਼ਾ ਅਜਿਹੇ ਸਮੇਂ ਉੱਪਰ ਆਪਣੇ ਅੰਦਰਲੇ ਦਿਲ ਦੀ ਭਾਵ ਦੁੱਖ ਦੀ ਗੱਲ ਦੋਸਤਾਂ ਰਿਸ਼ਤੇਦਾਰਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਜੋ ਨਕਾਰਤਮਕ ਸੋਚ ਤੋਂ ਬਚਿਆ ਜਾ ਸਕੇ।ਨਕਾਰਤਮਕ ਸੋਚ ਨਾਲ ਅਸੀਂ ਕਈ ਰਿਸਤਿਆਂ ਵਿੱਚ ਦੂਰੀ ਬਣਾ ਲੈਂਦੇ ਹਾਂ।ਸਾਨੂੰ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਹਮੇਸ਼ਾ ਸਕਾਰਤਮਕ ਸੋਚ ਲੈਕੇ ਚੱਲਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਮੌਕਾ ਜ਼ਰੂਰ ਦਿੰਦੀ ਹੈ ।ਇਨਸਾਨ ਗਲਤੀਆਂ ਕਰਕੇ ਹੀ ਸਿੱਖਦਾ ਹੈ ਕਹਿੰਦੇ ਹਨ ਕਿ ਬੱਚਾ ਡਿੱਗ-ਡਿੱਗ ਕੇ ਹੀ ਸਵਾਰ ਹੁੰਦਾ ਹੈ।ਦੋਸਤੋਂ ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਤੇ ਠੋਕਰਾਂ ਹੀ ਜ਼ਿੰਦਗੀ ਜਿਊਣਾ ਸਿਖਾਉਂਦੀਆਂ ਹਨ।ਦੋਸਤੋ ਕਦੇ ਵੀ ਭੀੜ ਦਾ ਹਿੱਸਾ ਨਾ ਬਣੋ ਸਗੋਂ ਆਪਣੇ ਆਪ ਵਿੱਚ ਸਵੈ ਵਿਸ਼ਵਾਸ ਪੈਦਾ ਕਰਕੇ ਭੀੜ ਵਿੱਚੋਂ ਅਲੱਗ ਪਹਿਚਾਣ ਬਣਾਓ।ਜ਼ਿੰਦਗੀ ਨੇ ਜੋ ਸਮਾਂ ਸਾਨੂੰ ਦਿੱਤਾ ਹੈ ਲੋੜ ਹੈ ਉਸਨੂੰ ਸਕਾਰਤਮਕ ਸੋਚ ਨਾਲ ਬਿਤਉਣ  ਦੀ ਨਾ ਕਿ ਨਕਾਰਤਮਕ ਸੋਚ ਵਿੱਚ ਸਮਾਂ ਬਰਬਾਦ ਕਰਨ ਦੀ।ਨਿਰਾਸ਼ਾ ਜ਼ਿੰਦਗੀ ਨੂੰ ਨਕਾਰਤਮਕ ਸੋਚ ਵੱਲ ਲੈਕੇ ਜਾਂਦੀ ਹੈ।ਦੋਸਤੋ ਹਾਰ ਜਾਣ ਦਾ ਡਰ ਮਨ ਵਿੱਚੋਂ ਕੱਢ ਦੇਵੋ ਅਕਸਰ ਓਹੀ ਲੋਕ ਹੀ ਹੌਸਲਾ ਹਾਰਦੇ ਹਨ ਜਿੰਨ੍ਹਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਨਹੀਂ ਹੁੰਦਾ ਹੈ ਤੇ ਇੱਕ ਦਿਨ ਓਹੀ ਲੋਕ ਬਹੁਤ ਵੱਡੀ ਜਿੱਤ ਹਾਸਿਲ ਕਰਦੇ ਹਨ ਜਿੰਨਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਹੁੰਦਾ ਹੈ।ਜੋ ਮੁਸੀਬਤਾਂ ਵਿੱਚੋਂ ਹੀ ਮੰਜ਼ਿਲਾਂ ਦੇ ਰਾਹ ਲੱਭ ਲੈਂਦੇ ਹਨ।ਕੰਡਿਆਂ ਉੱਪਰ ਵੀ ਨੰਗੇ ਪੈਰੀਂ ਤੁਰ ਪੈਂਦੇ ਹਨ।ਜੋ ਹਾਰਾਂ ਤੋਂ ਵੀ ਜਿੱਤ ਦਾ ਰਾਹ ਲੱਭ ਲੈਂਦੇ ਹਨ।ਉਹੀ ਲੋਕ ਅਜਿਹਾ ਕਰਦੇ ਹਨ ਜੋ ਸਕਾਰਤਮਕ ਸੋਚ ਦੇ ਮਾਲਿਕ ਹੁੰਦੇ ਹਨ।

ਗਗਨਦੀਪ  ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।

ਆਓ ਜਾਣੀਏ ਗੋਲਮੇਜ ਸੰਮੇਲਨਾਂ ਬਾਰੇ ਮਹੱਤਵਪੂਰਨ ਤੱਥ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਆਓ ਜਾਣੀਏ ਗੋਲਮੇਜ ਸੰਮੇਲਨਾਂ ਬਾਰੇ ਮਹੱਤਵਪੂਰਨ ਤੱਥ 

-ਸਾਇਮਨ ਕਮਿਸ਼ਨ ਦੀ ਰਿਪੋਰਟ ਉੱਤੇ ਵਿਚਾਰ ਕਰਨ ਤੋਂ ਬਾਅਦ 12 ਨਵੰਬਰ 1930 ਈ. ਨੂੰ ਲੰਦਨ

 ਵਿੱਚ ਪਹਿਲਾ ਗੋਲਮੇਜ ਸੰਮੇਲਨ ( ਕਾਨਫਰੰਸ )ਹੋਇਆ ਸੀ।

ਜਿਸ ਵਿੱਚ 89 ਮੈਂਬਰਾਂ ਨੇ ਭਾਗ ਲਿਆ ਸੀ ।ਪਰ ਕਾਂਗਰਸ ਨੇ ਇੱਸ ਸੰਮੇਲਨ ਵਿੱਚ ਭਾਗ ਨਹੀਂ ਲਿਆ।

-ਦੂਜਾ ਗੋਲਮੇਜ ਸੰਮੇਲਨ 84 ਦਿਨ ਅਤੇ ਤੀਜਾ ਗੋਲਮੇਜ ਸੰਮੇਲਨ 37 ਦਿਨ ਤੱਕ ਚੱਲਿਆ।

-ਭੀਮ ਰਾਓ ਅੰਬੇਦਕਰ ਜੀ ਭਾਰਤ ਦੇ ਇੱਕ ਅਜਿਹੇ ਵਿਅਕਤੀ ਹੋਏ ਸਨ ਜਿੰਨ੍ਹਾਂ ਨੇ ਤਿੰਨਾਂ ਗੋਲਮੇਜ

  ਸੰਮੇਲਨਾਂ ਵਿੱਚ ਭਾਗ ਲਿਆ ਸੀ।

-ਦੂਜੇ ਗੋਲਮੇਜ ਸੰਮੇਲਨ ਵਿੱਚ ਜਦੋ ਗਾਂਧੀ ਜੀ ਨੇ ਧੋਤੀ ਸਮੇਤ ਹੀ ਭਾਗ ਲਿਆ ਸੀ ਤਾਂ ਉੱਥੇ ਮੌਜੂਦ ਚਰਚਿਲ

  ਨੇ ਗਾਂਧੀ ਜੀ ਨੂੰ ‘ ਅਧਨੰਗਾ ਫਕੀਰ ‘ਕਿਹਾ ਸੀ ।

-ਗਾਂਧੀ ਜੀ ਨੇ ਦੂਜੇ ਗੋਲਮੇਜ ਸੰਮੇਲਨ ਵਿੱਚ 1931 ਵਿੱਚ ਭਾਗ ਲਿਆ ਸੀ ਪਰ ਕਾਂਗਰਸ ਪਾਰਟੀ

  1921 ਈ. ਵਿੱਚ ਅਪਣਾਈ ਸੀ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।

ਹੌਬੀ ਧਾਲੀਵਾਲ ਦਾ ਬੇਟਾ ਜੈ ਪਾਲ ਸਿੰਘ ਧਾਲੀਵਾਲ ਬਾਲੀਵੁੱਡ ‘ਚ

ਦਮਦਾਰ ਤੇ ਰੋਹਬਦਾਰ ਅਦਾਕਾਰੀ ਨਾਲ ਪੰਜਾਬੀ ਪਰਦੇ ‘ਤੇ ਇਕ ਖਾਸ ਪਹਿਚਾਣ ਸਥਾਪਤ ਕਰਨ ਵਾਲੇ ਹੌਬੀ ਧਾਲੀਵਾਲ ਦਰਸ਼ਕਾਂ ਦਾ ਚਹੇਤੇ ਅਦਾਕਾਰ ਹਨ।ਬਾਲੀਵੁੱਡ ਤਰਜ਼ ‘ਤੇ ਪੰਜਾਬੀ ਫ਼ਿਲਮਾਂ ਦੇ ਇਸ ਸਿਰਮੌਰ ਅਦਾਕਾਰ ਦਾ ਬੇਟਾ ਜੈ ਪਾਲ ਸਿੰਘ ਧਾਲੀਵਾਲ ਹੁਣ ਬਾਲੀਵੁੱਡ ਪਰਦੇ ‘ਤੇ ਨਜ਼ਰ ਆਵੇਗਾ। ਦਿੱਵਿਆ ਫ਼ਿਲਮਜ਼ ਇੰਟਰਟੇਨਮੈਂਟ ਬੈਨਰ ਹੇਠ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵਲੋਂ ਨਿਰਦੇਸ਼ਤ ਹਿੰਦੀ ਫ਼ਿਲਮ ‘ ਸੀਜ਼ਿਰ –ਦਾ ਕੈਚੀ ’ ਵਿੱਚ ਉਸਦੀ ਅਹਿਮ ਭੂਮਿਕਾ ਹੈ। ਇਹ ਫ਼ਿਲਮ ਹਾਰਰ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਦਾ  ਡਰਾਵਣੇ ਰੂਪ ਦੀ ਕਾਮੇਡੀ ਨਾਲ ਮਨੋਰੰਜਨ ਕਰੇਗੀ। ਇਸ ਫ਼ਿਲਮ ਦੀ ਕਹਾਣੀ ਵਿਕਰਮ ਸੰਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਨੀਰਜ਼ ਸ਼ਰਮਾ ਨੇ ਲਿਖੇ ਹਨ। ‘ਸੀਜ਼ਿਰ –ਦਾ ਕੈਚੀ’ ਬਾਰੇ ਗੱਲ ਕਰਦਿਆਂ ਜੈ ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਫ਼ਿਲਮ ਹਿੰਦੀ ਭਾਸ਼ਾ ਵਿੱਚ ਹੈ ਜੋ ਸਮਾਜ ਨੂੰ ਵਹਿਮਾਂ ਭਰਮਾਂ ਪ੍ਰਤੀ ਜਾਗਰੂਕ ਕਰਦੀ ਇਕ ਪਰਿਵਾਰਕ ਕਹਾਣੀ ਅਧਾਰਤ ਹੈ। ਇਕ   ਹੋਰ ਗੱਲ  ਕਿ ਸੁਰਾਂ ਦੇ ਸਿਕੰਦਰ  ਮਰਹੂਮ ਫ਼ਨਕਾਰ ‘ਸਰਦੂਲ ਸਿਕੰਦਰ ਦੇ ਬੇਟੇ ਵੀ ਇਸ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਫ਼ਿਲਮ ਦੇ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਹਨ।ਹੌਬੀ ਧਾਲੀਵਾਲ ਦਾ ਕਹਿਣਾ ਹੈ ਕਿ  ਬੇਟਾ ਜੈ ਪਾਲ ਸਿੰਘ ਧਾਲੀਵਾਲ ਕਲਾ ਦੇ ਖੇਤਰ ਵਿੱਚ ਪੂਰੀ ਤਿਆਰੀ ਨਾਲ ਆ ਰਿਹਾ ਹੈ। ਅਦਾਕਾਰੀ ਨਾਲ ਉਸਦਾ ਸ਼ੁਰੂ ਹੀ ਮੋਹ ਰਿਹਾ ਹੈ। ਉਸਨੇ ਬਹੁਤ ਮੇਹਨਤ ਅਤੇ ਲਗਨ ਨਾਲ ਅਦਾਕਾਰੀ ਦਾ ਰਾਹ ਚੁਣਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਉਸਦੀ ਅਦਾਕਾਰੀ ਨੂੰ ਪਸੰਦ ਕਰਨਗੇ ਅਤੇ ਉਸਦਾ ਹੌਸਲਾ ਵਧਾਉਣਗੇ।

✍️. ਹਰਜਿੰਦਰ ਸਿੰਘ ਜਵੰਦਾ    9463828000

ਆਓ ਜਾਣੀਏ ਕੀ ਹੁੰਦਾ ਹੈ ਆਪਣਿਆ ਦੇ ਵਿਛੋੜੇ ਦਾ ਦਰਦ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਕਿਸੇ ਆਪਣੇ ਦੇ ਵਿਛੜਨ ਜਾਣ ਦਾ ਦਰਦ ਸਿਰਫ ਓਹੀ ਸਮਝ ਸਕਦੇ ਹਨ ਜਿਨ੍ਹਾਂ ਨਾਲ ਖ਼ੁਦ ਬੀਤੀ ਹੋਵੇ।ਦੋਸਤੋ ਵਿਛੋੜੇ ਦਾ ਦਰਦ ਅਜਿਹਾ ਦਰਦ ਹੈ ਜਿਸਦਾ ਕੋਈ ਇਲਾਜ ਨਹੀਂ ਹੈ ਜੋ ਦਵਾਈ ਲੈਣ ਤੇ ਹਟ ਜਾਵੇ ।ਇਹ ਤਾਂ ਦੂਜਿਆ ਲਈ ਬੱਸ ਇੱਕ ਚਾਰ ਕੁ ਦਿਨਾਂ ਦਾ ਮੇਲਾ ਹੀ ਹੁੰਦਾ ਹੈ ਵਿਛੋੜਾ ਤਾਂ ਇਕੱਲਿਆ ਨੂੰ ਹੀ ਜਰਨਾ ਪੈਂਦਾ ਹੈ ।ਵਿਛੋੜੇ ਦੇ ਦਰਦ ਦਾ ਅਹਿਸਾਸ ਕਈ ਲੋਕਾਂ ਨੂੰ ਇਸ ਕਰੋਨਾ ਕਾਲ ਵਿੱਚ ਹੋਈਆਂ ਅਨੇਕਾਂ ਮੌਤਾਂ ਦੇ ਕਾਰਨ ਹੀ ਮਹਿਸੂਸ ਹੋਇਆ ਹੋਵੇਗਾ ।ਕਿਉਕਿ ਦੋਸਤੋਂ ਇਹ ਅਜਿਹਾ ਦੌਰ ਚੱਲ ਰਿਹਾ ਹੈ ਕਿ ਕਿਸੇ ਦੀ ਮੌਤ ਹੋ ਜਾਣ ‘ਤੇ ਵੀ ਕੋਈ ਸੱਜਣ ਬੇਲੀ ਰਿਸ਼ਤੇਦਾਰ ਵੀ ਨਹੀਂ ਆਉਂਦਾ ।ਇਸ ਕਰੋਨਾ ਕਾਲ ਕਾਰਨ ਰਿਸ਼ਤਿਆਂ ‘ਚ ਦੂਰੀ ਬਹੁਤ ਵੱਧ ਗਈ ਹੈ ।ਖ਼ੂਨ ਸਫ਼ੈਦ ਹੋ ਗਏ ਹਨ ਆਪਣਿਆ ਦੇ ਦੂਰ ਜਾਣ ਦਾ ਅਹਿਸਾਸ ਤੱਕ ਨਹੀਂ ਰਿਹਾ।ਲਾਸ਼ ਨੂੰ ਹੱਥ ਤੱਕ ਨਹੀਂ ਲਾਇਆ ਜਾਂਦਾ ।ਬੇਗਾਨਿਆਂ ਦੀ ਤਰ੍ਹਾਂ ਸ਼ਮਸ਼ਾਨ -ਘਾਟ ਵਿੱਚ ਜਲਣ ਲਈ ਸੁੱਟ ਆਉਂਦੇ ਹਨ ।ਹੁਣ ਤਾਂ ਤੀਜੇ ਦਿਨ ਹੀ ਪਾਠ ਦਾ ਭੋਗ ਪਾ ਦਿੱਤਾ ਜਾਂਦਾ ਹੈ।ਪਰ ਦੋਸਤੋ ਕਈ ਪਰਿਵਾਰ ਅਜਿਹੇ ਹਨ ਜੋ ਅੱਜ ਵੀ ਆਪਣੇ ਕਿਸੇ ਦੀ ਮੌਤ ਦਾ ਦੁੱਖ ਸਹਿ ਰਹੇ ਹਨ। ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ ।ਦੋਸਤੋ ਆਪਣੇ ਕਿਸੇ ਕਰੀਬੀ ਦੀ ਮੌਤ ਤੋਂ ਵੱਡਾ ਕੋਈ ਗ਼ਮ ਨਹੀਂ ।ਪਰਿਵਾਰ ਵਿੱਚ ਵਾਪਰੀਆਂ ਘਟਨਾਵਾਂ ਕਈ ਵਾਰ ਇਨਸਾਨ ਨੂੰ ਤੋੜ ਦਿੰਦੀਆਂ ਹਨ।ਜਦੋਂ ਕੋਈ ਆਪਣਾ ਦੂਰ ਹੋ ਜਾਂਦਾ ਹੈ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡਾ ਸਾਰਾ ਕੁੱਝ ਲੁੱਟਿਆ ਗਿਆ ਹੈ ਹਾਸੇ - ਚਾਅ ਆਦਿ ।ਅਸੀਂ ਹਮੇਸ਼ਾ ਲਈ ਗਵਾ ਲਿਆ ਹੈ ਜੋ ਕਦੇ ਮੁੜ ਕੇ ਵਾਪਿਸ ਨਹੀਂ ਆਵੇਗਾ। ਕਈ ਵਾਰ ਪਰਿਵਾਰ ਵਿੱਚ ਮੰਦਭਾਗੀ ਘਟਨਾ ਘਟ ਜਾਂਦੀ ਹੈ ਜਵਾਨ ਧੀ -ਪੁੱਤ ਮਾਪਿਆਂ ਤੋਂ ਪਹਿਲਾ ਹੀ ਦੁਨੀਆਂ ਤੋਂ ਤੁਰ ਜਾਂਦੇ ਹਨ ਸੋਚੋ ਜਿਸ ਇਨਸਾਨ ’ਤੇ ਦੁੱਖਾਂ ਦਾ ਇੰਨਾ ਵੱਡਾ ਪਹਾੜ ਟੁੱਟ ਪਿਆ ਹੋਵੇ,ਤੇ ਸਾਇਦ ਉਹ ਹਮੇਸ਼ਾ ਲਈ ਹਾਸਾ ਭੁੱਲ ਗਏ ਹੋਣ।ਉਹ ਕਦੇ ਦੁਬਾਰਾ ਖ਼ੁਸ਼ ਨਾ ਹੋ ਪਾਉਣ।ਅਜਿਹਾ ਸੋਗ ਉਹਨਾਂ ਦੀ ਜ਼ਿੰਦਗੀ ਨੂੰ ਘੁਣ ਵਾਂਗ ਖਾ ਜਾਂਦਾ ਹੈ।ਥੋੜ੍ਹਾ ਸਮਾਂ ਹੀ ਰਿਸ਼ਤੇਦਾਰ ਮਿੱਤਰ ਸੋਗ ਵਿੱਚ ਸ਼ਾਮਿਲ ਹੁੰਦੇ ਹਨ ਤੇ ਫਿਰ ਦੋਸਤ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਜਾਂਦੇ ਹਨ। ਕਈ ਲੋਕ ਤਾਂ ਇਹ ਕਹਿ ਦਿੰਦੇ ਹਨ ਕਿ ਸਾਡਾ ਔਖਾ ਸਮਾਂ ਕਿਸੇ ਨੇ ਨਹੀਂ ਲੰਘਾਇਆ ਪਰ ਬਹੁਤ ਸਾਰੇ ਲੋਕ ਇਸ ਗੱਲ ਦੀ ਕਦਰ ਕਰਦੇ ਹਨ ਰਿਸਤੇਦਾਰਾਂ ਦੋਸਤਾਂ ਨੇ ਉਨ੍ਹਾਂ ਦਾ ਮਨ ਹਲਕਾ ਕਰਨ ਵਿਚ ਮਦਦ ਕੀਤੀ ਹੈ । ਦੋਸਤੋਂ ਕਿਹਾ ਜਾਂਦਾ ਹੈ ਕਿ ਦੁੱਖ ਸਾਂਝਾ ਕਰਨ ਨਾਲ ਦਰਦ ਘਟ ਜਾਂਦਾ ਹੈ, ਤੇ ਖੁਸ਼ੀ ਸਾਂਝੀ ਕਰਨ ਨਾਲ ਵਧ ਜਾਂਦੀ ਹੈ।ਦੋਸਤੋ ਤੁਰ ਜਾਣ ਵਾਲਿਆ ਦੀ ਥਾਂ ਤਾਂ ਕੋਈ ਲੈ ਨਹੀਂ ਸਕਦਾ ਨਾ ਹੀ ਉਹ ਜ਼ਖ਼ਮ ਭਰ ਸਕਦਾ ਹੈ ਪਰ ਪਿਆਰ ਭਰੀਆਂ ਗੱਲਾਂ ਨਾਲ ਅਸੀਂ ਦਿਲਾਸਾ ਦੇ ਸਕਦੇ ਹਾਂ ਅਤੇ ਮਦਦ ਕਰ ਸਕਦੇ ਹਾਂ।
ਅੰਗਰੇਜ਼ੀ ਵਿਦਵਾਨ ਜਾਰਜ ਇਲੀਅਟ ਨੇ ਲਿਖਿਆ ਹੈ ਕਿ ਵਿਛੋੜੇ ਦੇ ਦਰਦ ਦੀ ਗਹਿਰਾਈ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਛੜੀ ਰੂਹ ਨਾਲ ਤੁਹਾਡਾ ਕੀ ਸਬੰਧ ਸੀ, ਕਿੰਨਾ ਕੁ ਪਿਆਰ ਸੀ, ਕਿੰਨੀ ਕੁ ਹਮ-ਖਿਆਲ ਸੀ ਅਤੇ ਕਿੰਨਾ ਕੁ ਲੰਮਾ ਵਾਹ-ਵਾਸਤਾ ਸੀ।ਦੋਸਤੋਂ ਆਪਣਿਆ ਦੇ ਵਿੱਛੜ ਜਾਣ ‘ਤੇ ਇੰਝ ਮਹਿਸੂਸ ਹੁੰਦਾ ਕਿ ਚੀਕਾਂ ਮਾਰ-ਮਾਰ ਆਪਣਾ ਆਪ ਗਵਾ ਲਈਏ ।ਪਰ ਸਮਾਂ ਬਹੁਤ ਬਲਵਾਨ ਹੁੰਦਾ ਹੈ ਉਸਦੇ ਅੱਗੇ ਕਿਸੇ ਦੀ ਪੇਸ਼ ਨਹੀ ਚੱਲਦੀ ।ਬੱਸ ਕੁਦਰਤ ਦਾ ਭਾਣਾ ਮੰਨ ਕੇ ਹੀ ਆਪਣੇ ਆਪ ਨੂੰ ਪਰਿਵਾਰ ਲਈ ਬੱਚਿਆ ਲਈ ਜਿਊਣਾ ਪੈਂਦਾ ਹੈ।

ਆਓ ਜਾਣੀਏ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਆਓ ਜਾਣੀਏ 
ਕੌਣ ਸਨ ਕੌਮੀ ਅੰਦੋਲਨ ਦੇ ਆਗੂ ਰਾਜਾ ਰਾਮ ਮੋਹਨ ਰਾਏ
ਰਾਜਾ ਰਾਮ ਮੋਹਨ ਰਾਏ (1772-1833)
ਰਾਜਾ ਰਾਮ ਮੋਹਨ ਰਾਏ (19ਵੀਂ ਸਦੀ ਦੇ )ਭਾਰਤਵਰਸ਼ ਦੇ ਇੱਕ ਮਹਾਨ ਸੁਧਾਰਕ ਸਨ । ਉਹਨਾਂ ਨੂੰ ‘ਭਾਰਤ ਦੇ ਕੌਮੀ ਅੰਦੋਲਨ ਦਾ ਪੈਗ਼ੰਬਰ ‘ ਹੋਣ ਦਾ ਮਾਣ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਭਾਰਤੀ ਪੁਨਰਜਾਗਰਨ ਦਾ ਅਗਵਾਨ ਮੰਨਿਆ ਜਾਂਦਾ ਹੈ।ਰਾਜਾ ਰਾਮ ਮੋਹਨ ਰਾਏ ਦਾ ਜਨਮ 1772 ਈ.ਵਿੱਚ ਹੁਗਲੀ ਜਿਲੇ ਵਿੱਚ ਸਥਿਤ ਰਾਧਾਨਗਰ ਨਾਮੀ ਪਿੰਡ ਵਿੱਚ ਹੋਇਆ।ਉਹਨਾਂ ਦੇ ਪਿਤਾ ਦਾ ਨਾਮ ਰਮਾਕਾਂਤ ਅਤੇ ਮਾਤਾ ਦਾ ਨਾਮ ਤਰਨੀ ਦੇਵੀ ਸੀ। ਉਨ੍ਹਾਂ ਨੇ ਸੰਸਕ੍ਰਿਤ ,ਫ਼ਾਰਸੀ ,ਅਰਬੀ ,ਆਦਿ ਭਾਰਤੀ ਭਸ਼ਾਵਾਂ ਵਿੱਚ ਵਿੱਦਿਆ ਪ੍ਰਾਪਤ ਕੀਤੀ। ਜਦੋਂ ਰਾਮ ਮੋਹਨ ਰਾਏ ਨੂੰ ਈਸਟ ਇੰਡੀਆ ਕੰਪਨੀ ਵਿੱਚ ਨੌਕਰੀ ਦਾ ਮੌਕਾ ਮਿਲਿਆਂ ਤਾਂ ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਦਾ ਵੀ ਅਧੀਐਨ ਕੀਤਾ ।ਰਾਜਾ ਰਾਮ ਮੋਹਨ ਰਾਏ ਨੇ ਕੇਵਲ ਨੌ ਵਰ੍ਹਿਆਂ ਤੱਕ ਕੰਪਨੀ ਦੀ ਨੌਕਰੀ ਕੀਤੀ । ਕਈ ਪੁਸਤਕਾਂ ਵਿੱਚ ਇਹ ਨੌਕਰੀ ਦਾ ਸਮਾਂ ਦਸ ਸਾਲ ਦਿੱਤਾ ਹੋਇਆ ਹੈ। ਸੰਨ 1828 ਵਿੱਚ ਉਨ੍ਹਾਂ ਨੇ ‘ਬ੍ਰਹਮੋ ਸਮਾਜ’ ਨੀਂਹ ਰੱਖੀ ।ਰਾਜਾ ਰਾਮ ਮੋਹਨ ਰਾਏ ਨੇ ਬੰਗਲਾ ਵਿੱਚ ‘ਸੰਵਾਦ ਕੌਮੁਦੀ’ ਅਤੇ ਫ਼ਾਰਸੀ ਵਿੱਚ ‘ਮਿਰਾਤੁਲ ਅਖਬਾਰ’ ਸਮਾਚਾਰ ਪੱਤਰ ਚਲਾਏ। 1811 ਈ. ਵਿੱਚ ਉਹਨਾਂ ਦੇ ਭਰਾ ਜਗਮੋਹਨ ਦੀ ਮੌਤ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ‘ਬ੍ਰਹਮੋ ਸਮਾਜ ‘ ਦੀ ਸਥਾਪਨਾ ਨਾਲ ਭਾਰਤ ਵਿੱਚ ਇੱਕ ਨਵੀਂ ਸੱਭਿਅਤਾ ਦਾ ਆਰੰਭ ਹੋਇਆ, ਜਿਸ ਵਿੱਚ ਪੂਰਬ ਅਤੇ ਪੱਛਮ ਦੀਆਂ ਸੱਭਿਅਤਾਵਾਂ ਦਾ ਮਿਸ਼ਰਣ ਸੀ। 
ਰਾਜਾ ਰਾਮ ਮੋਹਨ ਰਾਏ ਨੇ ‘ਸਤੀ  ਦੀ ਰਸਮ‘ ਦਾ ਵਿਰੋਧ ਕੀਤਾ। ਉਨ੍ਹਾਂ ਨੇ ਵਿਲੀਅਮ ਬੈਟਿੰਗ ਰਾਹੀਂ ਸਤੀ ਦੀ ਰਸਮ ਦੇ ਵਿਰੁੱਧ ਉਠਾਏ ਗਏ ਕਦਮਾਂ ਨੂੰ ਸਫ਼ਲ ਬਨਾਉਣ ਵਿੱਚ ਬਹੁਮੁੱਲੀ ਸਹਾਇਤਾ ਦਿੱਤੀ ।1823 ਈ. ਦੇ ‘ ਪ੍ਰੈਸ ਆਰਡੀਨੈਂਸ ‘ ਦਾ ਸਖਤ ਵਿਰੋਧ ਕੀਤਾ ।1830 ਈ. ਵਿੱਚ ਰਾਮ ਮੋਹਨ ਰਾਏ ਇੰਗਲੈਡ ਗਏ ।1832 ਈ. ਵਿੱਚ ਰਾਜਾ ਰਾਮ ਮੋਹਨ ਰਾਏ ਨੇ ਫਰਾਂਸ ਦੀ ਯਾਤਰਾ ਕੀਤੀ ।ਉਹਨਾਂ ਨੇ ਜਿਊਰੀ ਐਕਟ (1872 ਈ. )ਦੀ ਸਖਤ ਅਲੋਚਨਾ ਕੀਤੀ ਅਤੇ ਉਸਨੂੰ ਸਰਕਾਰ ਦਾ ਇੱਕ ਅਨਿਆਈ ਕਦਮ ਕਿਹਾ ।ਡਾਕਟਰ ਆਰ.ਸੀ. ਮਜੂਮਦਾਰ ਲਿਖਦੇ ਹਨ ਕਿ ਰਾਜਾ ਰਾਮ ਮੋਹਨ ਰਾਏ ਪਹਿਲੇ ਭਾਰਤੀ ਸਨ ,ਜਿਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਦੀਆਂ ਤਕਲੀਫ਼ਾਂ ਤੇ ਸ਼ਿਕਾਇਤਾਂ ਨੂੰ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਰੱਖਿਆ ।ਰਾਜਾ ਰਾਮ ਮੋਹਨ ਰਾਏ ਅੰਗਰੇਜ਼ੀ ਵਿੱਦਿਆ ਦਾ ਪ੍ਰਚਾਰ ਕਰਨ ਦੇ ਪੱਖ ਵਿੱਚ ਸਨ। ਇਸ ਲਈ ਉਹਨਾਂ ਨੇ ਕਲਕੱਤੇ ਵਿੱਚ ਇੱਕ ਸਕੂਲ ਕਾਇਮ ਕੀਤਾ ਅਤੇ ਭਾਰਤੀ ਗਵਰਨਰ ਜਨਰਲ ਲਾਰਡ ਐਮਹਰਸਟ ਨੂੰ ਇਸ ਖੇਤਰ ਵਿੱਚ ਉਦਾਰਤਾ -ਪੂਰਨ ਕਦਮ ਚੁੱਕਣ ਦੀ ਪ੍ਰਾਰਥਨਾ ਕੀਤੀ।
ਉਹਨਾਂ ਦਾ ਵਿਸ਼ਵਾਸ ਸੀ ਕਿ ਗਣਿਤ ,ਦਰਸ਼ਨ ,ਰਸਾਇਣ ਆਦਿ ਦੇ ਅਧਿਐਨ ਨਾਲ ਭਾਰਤੀਆਂ ਨੂੰ ਬਹੁਤ ਲਾਭ ਹੋਵੇਗਾ ।ਉਹਨਾਂ ਦੀ ਮੌਤ 27 ਸਤੰਬਰ 1833 ਈ. ਵਿੱਚ ਬ੍ਰਿਸਟਲ (ਇੰਗਲੈਂਡ ਵਿੱਚ ) ਦੇ ਅਸਥਾਨ ਉੱਤੇ ਹੋਈ ।ਬ੍ਰਿਸਟਲ ਵਿੱਚ ਹੀ ਉਹਨਾਂ ਦੀ ਸਮਾਧੀ ਬਣਾਈ ਗਈ।
ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ

ਦੁਨੀਆਂ ਵਿੱਚ ਅਧਿਆਪਕ ਦਾ ਰੁਤਬਾ ਅਤੇ ਸਾਡੀ ਸੋਚ ਅਮਨਜੀਤ ਸਿੰਘ ਖਹਿਰਾ

ਪਾਕਿਸਤਾਨ ਦੇ ਪ੍ਰਸਿੱਧ ਅਦੀਬ ਨੇ ਅਧਿਆਪਕ ਦੀ ਕੀਮਤ ਕੀ ਹੈ ਵਾਰੇ ਆਪਣੀ ਲਿਖਤ ਵਿਚ ਪੜ੍ਹਦਾ ਚੁੱਕਿਆ ਕੀ ਹੈ ਉਹ ਪੜ੍ਹਦਾ ਜਿਸ ਨੂੰ ਪਾਸੇ ਕਰਕੇ ਤੁਹਾਡੇ ਦਿਮਾਗ ਦੇ ਵੀ ਪੜ੍ਹਦੇ ਖੁੱਲ੍ਹ ਜਾਣਗੇ ਆਓ ਪਹਿਲਾਂ ਪੜ੍ਹ ਲਵੋ ਤੇ ਫੇਰ ਆਪਾਂ ਗੱਲ ਅੱਗੇ ਕਰਦੇ ਹਾਂ  

ਮਸ਼ਹੂਰ ਪਾਕਿਸਤਾਨੀ ਅਦੀਬ ਮਰਹੂਮ ਅਸ਼ਫ਼ਾਕ ਅਹਿਮਦ ਨੇ ਲਿਖਿਆ ਹੈ:- 

ਰੋਮ (ਇਟਲੀ) ਵਿੱਚ ਮੇਰਾ ਚਾਲਾਨ ਹੋਇਆ 

     ਪਰ ਮਸਰੂਫ਼ ਹੋਣ ਕਾਰਨ ਫ਼ੀਸ ਸਮੇਂ ਸਿਰ ਜਮ੍ਹਾਂ ਨਾ ਕਰਵਾ ਸਕਿਆ ਲਿਹਾਜ਼ਾ ਅਦਾਲਤ ਜਾਣਾ ਪੈ ਗਿਆ।

         ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਵਜ੍ਹਾ ਪੁੱਛੀ।

         ਮੈਂ ਕਿਹਾ ਕਿ ਪ੍ਰੋਫੈਸਰ ਹਾਂ, ਮਸਰੂਫ਼ ਹੋਣ ਕਾਰਨ ਵਕਤ ਹੀ ਨਹੀਂ ਮਿਲਿਆ। 

ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, 

ਜੱਜ ਬੋਲ ਪਿਆ :

ਇੱਕ ਅਧਿਆਪਕ ਅਦਾਲਤ ਵਿਚ ਮੌਜੂਦ ਹੈ....!!

ਸਾਰੇ ਜਣੇ ਖੜ੍ਹੇ ਹੋ ਗਏ ਤੇ ਮੈਥੋਂ ਮਾਫ਼ੀ ਮੰਗ ਕੇ ਚਾਲਾਨ ਰੱਦ ਕਰ ਦਿੱਤਾ।

ਉਸ ਰੋਜ਼ ਮੈਨੂੰ ਇਸ ਮੁਲਕ ਦੀ ਕਾਮਯਾਬੀ ਦੇ ਰਾਜ਼ ਦਾ ਪਤਾ ਲੱਗਾ।

ਸਾਰੇ ਅਧਿਆਪਕਾਂ ਨੂੰ ਬਾ-ਸਤਿਕਾਰ ਸਮਰਪਿਤ

 

ਕੀ ਤੁਹਾਨੂੰ ਇਹ ਜਾਣਕਾਰੀ ਹੈ ਕਿ......

1) ਅਮਰੀਕਾ ਵਿੱਚ ਸਿਰਫ ਦੋ ਤਰ੍ਹਾਂ ਦੇ ਲੋਕ ਹੀ ਵੀਆਈਪੀ ਮੰਨੇ ਜਾਂਦੇ ਹਨ:

ਸਾਇੰਸਦਾਨ ਅਤੇ ਅਧਿਆਪਕ।

2) ਫਰਾਂਸ ਦੀਆਂ ਅਦਾਲਤਾਂ ਵਿੱਚ ਸਿਰਫ਼ ਅਧਿਆਪਕਾਂ ਨੂੰ ਹੀ ਕੁਰਸੀ ਤੇ ਬੈਠਣ ਦਾ ਹੱਕ ਹਾਸਿਲ ਹੈ।

3) ਜਾਪਾਨ ਦੀ ਪੁਲਿਸ ਸਰਕਾਰ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਕਿਸੇ ਅਧਿਆਪਕ ਨੂੰ ਗ੍ਰਿਫਤਾਰ ਕਰ ਸਕਦੀ ਹੈ।

4) ਦੱਖਣੀ ਕੋਰੀਆ ਵਿੱਚ ਹਰ ਅਧਿਆਪਕ ਨੂੰ ਉਹ ਸਾਰੇ ਹੱਕ ਹਾਸਲ ਹਨ ਜੋ ਭਾਰਤ ਵਿੱਚ ਵਜ਼ੀਰਾਂ ਨੂੰ ਮਿਲੇ ਹੋਏ ਹਨ, ਉਹ ਵੀ ਸਿਰਫ਼ ਆਪਣਾ ਸ਼ਨਾਖਤੀ ਕਾਰਡ ਵਿਖਾ ਕੇ।

5) ਅਮਰੀਕੀ ਅਤੇ ਯੂਰਪੀ ਦੇਸ਼ਾਂ ਵਿੱਚ ਪ੍ਰਾਈਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਭ ਤੋਂ ਵੱਧ ਉਜ਼ਰਤ ਦਿੱਤੀ ਜਾਂਦੀ ਹੈ ਕਿਉਂਕਿ ਸਿੱਖਿਆ ਦੇ ਮਹਿਲ ਦੀ ਨੀਂਹ ਉਹਨਾਂ ਵੱਲੋਂ ਹੀ ਪੱਕੀ ਕੀਤੀ ਜਾਣੀ ਹੁੰਦੀ ਹੈ।

6) ਜਿਸ ਸਮਾਜ ਵਿੱਚ ਅਧਿਆਪਕਾਂ ਦੀ ਬੇਇਜ਼ਤੀ ਕੀਤੀ ਜਾਂਦੀ ਰਹੇਗੀ ਉਸ ਵਿੱਚ ਸਿਰਫ਼ ਚੋਰ, ਡਾਕੂ, ਲੁਟੇਰੇ ਅਤੇ ਰਿਸ਼ਵਤਖ਼ੋਰ ਲੋਕ ਹੀ ਜਿਆਦਾ ਵਧ੍ਹਣ-ਫੁੱਲਣਗੇ।

 

 

ਹੁਣ ਇਹ ਪੜ੍ਹ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ।  

 ਸਾਡੇ ਮੁਲਕ ਦੇ ਕਾਨੂੰਨ ਦੇ ਘਾੜੇ ਇਹ ਦੇਖ ਲੈਣ ਕੇ ਅਧਿਆਪਕਾਂ ਨਾਲ  ਅਤਿ ਦਰਜੇ ਦਾ ਘਟੀਆ ਕਰਮ ਕੀਤਾ ਜਾ ਰਿਹਾ ਹੈ  ਕਿ ਸਾਡੀ ਸਕਿਉਰਿਟੀ ਫੋਰਸਜ਼ ਦੁਆਰਾ ਉਨ੍ਹਾਂ ਦੀ ਅੰਨ੍ਹੀ ਕੁੱਟ  ਕਿੱਥੋਂ ਦਾ ਇਨਸਾਫ਼ ਹੈ  ਦੂਸਰੇ ਪਾਸੇ ਮੈਂ ਅਧਿਆਪਕਾਂ ਦਾ ਵੀ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੁੰਦਾ ਹਾਂ  ਜੋ ਸਰਕਾਰਾਂ ਦੇ ਪੱਖਪਾਤੀ ਅਧਿਆਪਕ ਹਨ ਉਹ ਇਸ ਗੱਲ ਨੂੰ ਜ਼ਰੂਰ ਵਿਚਾਰਣ ਕਿਉਂਕਿ ਇਹ ਅਧਿਆਪਕ ਦੇ ਹੱਕ  ਦੀ ਲੜਾਈ ਜੇਕਰ  ਕੁਝ ਲੋਕਾਂ ਉਪਰ ਹੀ ਛੱਡ ਦਿੱਤੀ ਗਈ ਤਾਂ ਅਧਿਆਪਕ ਦੇ ਰੁਤਬੇ ਦਾ  ਸਾਡੇ ਮੁਲਕ ਅੰਦਰ ਬਿਲਕੁਲ ਖ਼ਾਤਮਾ ਹੋ ਜਾਵੇਗਾ  ਆਓ ਸਾਰੇ ਜਾਣੇ ਜ਼ਰੂਰ ਵਿਚਾਰੀਏ ਇਸ ਸੱਚਾਈ ਨੂੰ ਜਾਣ ਕੇ ਦੇਖੀਏ ਕਿ ਅਸੀਂ ਪੰਜਾਬ ਵਾਸੀ ਅਧਿਆਪਕ ਦੇ ਰੁਤਬੇ ਨੂੰ ਲੈ  ਕਿੱਥੇ ਖੜ੍ਹੇ ਹਾਂ