ਪੰਜਾਬ

ਆਨੰਦ ਲਾਲ ਨੂਰਪੁਰੀ ਨੂੰ ਯਾਦ ਕਰਦਿਆਂ

ਪੰਜਾਬੀ ਕਾਵਿ-ਜਗਤ ਵਿੱਚ ਸਾਹਿਤਿਕ ਗੀਤਕਾਰੀ ਨੂੰ ਨਿਭਾਉਣ ਵਾਲ਼ੀ ਜੇ ਕਿਸੇ ਕਲਮ ਨੂੰ ਸਭ ਤੋਂ ਵੱਧ ਸਤਿਕਾਰ ਦੇਣਾ ਹੋਵੇ ਤਾਂ ਮੇਰੇ ਧਿਆਨ ਵਿੱਚ ਸਭ ਤੋਂ ਪਹਿਲਾਂ ਨਾਂ ਨੰਦ ਲਾਲ ਨੂਰਪੁਰੀ ਦਾ ਹੀ ਆਉਂਦਾ ਹੈ। ਹੁਣ ਤੱਕ ਨੂਰਪੁਰੀ ਦੇ ਲਿਖੇ ਗੀਤਾਂ ਨੇ ਆਪਣੇ-ਆਪ ਨੂੰ ਲੋਕ ਗੀਤਾਂ ਦੇ ਹਾਣੀ ਬਣਾਕੇ ਨੂਰਪੁਰੀ ਨੂੰ ਜਿਉਂਦੇ ਰੱਖਿਆ ਹੋਇਆ ਹੈ। 
ਨੂਰਪੁਰੀ ਨੂੰ ਸਾਹਿਤਕ ਗੀਤਕਾਰੀ ਦੇ ਬਾਦਸ਼ਾਹ ਹੋਣ ਦਾ ਮਾਣ ਦਿੰਦਿਆਂ ਅੱਜ ਆਪਾਂ ਇੱਥੇ ਉਹਨਾਂ ਦੀ ਜ਼ਿੰਦਗੀ ਦੇ ਹਾਲਾਤ,ਸਾਹਿਤਕ ਸਫ਼ਰ ਤੇ ਗੀਤਕਾਰੀ ਬਾਰੇ ਵਿਚਾਰਾਂ ਦੀ ਸਾਂਝ ਬਣਾਵਾਂਗੇ। 
ਨੰਦ ਲਾਲ ਦਾ ਜਨਮ 3 ਜੂਨ 1906 ਨੂੰ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿੱਚ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਈ ਦੇ ਘਰ ਹੋਇਆ। ਆਪਣੇ ਪਿੰਡ ਦੇ ਨਾਂ ਨੂੰ ਹੀ ਆਪਣੇ ਨਾਂ ਨਾਲ਼ ਜੋੜਕੇ ਨੰਦ ਲਾਲ ਨੇ ਨੂਰਪਰ ਪਿੰਡ ਦੇ ਮਾਣ ਨੂੰ ਦੁਨੀਆ ਵਿੱਚ ਪਹਿਚਾਣ ਦਿੱਤੀ। ਮੈਟ੍ਰਿਕ ਦੀ ਪ੍ਰੀਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕਰਨ ਤੋਂ ਬਾਅਦ ਉਸ ਨੇ ਖ਼ਾਲਸਾ ਕਾਲਜ ਵਿਖੇ ਦਾਖ਼ਲਾ ਲੈ ਲਿਆ।ਬੀਕਾਨੇਰ ਵਿਖੇ ਹੀ ਸੁਮਿੱਤਰਾ ਦੇਵੀ ਨਾਲ ਨੰਦ ਲਾਲ ਨੂਰਪੁਰੀ ਦਾ ਵਿਆਹ ਹੋ ਗਿਆ, ਜਿਸਦੀ ਕੁੱਖੋਂ ਛੇ ਲੜਕੀਆਂ ਅਤੇ ਦੋ ਲੜਕੇ (ਸਤਿਨਾਮ ਤੇ ਸਤਿਕਰਤਾਰ) ਪੈਦਾ ਹੋਏ।
1934 ਤੋਂ 1940 ਤੱਕ ਨੂਰਪੁਰੀ ਨੇ ਪੁਲਿਸ ਦੀ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਦੌਰਾਨ ਇੱਕ ਮੁਕਾਬਲੇ ਨੇ ਉਸ ਦੇ ਮਨ ਨੂੰ ਕਾਫ਼ੀ ਠੇਸ ਪਹੁੰਚਾਈ। ਉਹਦਾ ਕਵੀ ਮਨ ਕੁਰਲਾ ਉੱਠਿਆ, ਉਸ ਨੇ ਲਿਖਿਆ:-
ਏਥੋਂ ਉੱਡਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ।
ਏਥੇ ਘਰ ਘਰ ਫਾਹੀਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ। 
ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਪਰਿਵਾਰ ਦੇ ਗੁਜ਼ਾਰੇ ਲਈ ਨੂਰਪੁਰੀ ਨੇ ਉਸ ਸਮੇਂ ਲੋਕ ਸਪੰਰਕ ਵਿਭਾਗ ਤੇ ਰੇਡੀਓ ਰਾਹੀਂ ਕੁਝ ਸਮਾਂ ਆਪਣਾ ਵਕਤ ਲੰਘਾਇਆ। ਫਿਰ ਭਾਸ਼ਾ ਵਿਭਾਗ ਵਿੱਚ ਕੁੱਝ ਸਮੇਂ ਲਈ ਨੌਕਰੀ ਕੀਤੀ ਪਰ ਉਹ ਉੱਥੇ ਵੀ ਬਹੁਤਾ ਸਮਾਂ ਟਿਕ ਨਾ ਸਕਿਆ। ਇੱਕ ਸਮੇਂ ਉਸ ਦੀ ਸਾਹਿਤ-ਸੇਵਾ ਤੇ ਦੇਸ-ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ 75 ਰੁਪਏ ਮਹੀਨਾ ਵਜ਼ੀਫ਼ਾ ਵੀ ਲਗਾ ਦਿੱਤਾ। ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਝਾਂਗੀ ਨੇ ਆਪਣੇ ਸਮੇਂ ਨੂਰਪੁਰੀ ਨੂੰ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਦੇ ਹਾਲਾਤਾਂ ਨੇ ਨੂਰਪੁਰੀ ਨੂੰ ਕਾਫ਼ੀ ਨਿਰਾਸ਼ ਕਰ ਦਿੱਤਾ, ਉਹ ਖ਼ੁਦ ਲਿਖਦਾ ਹੈ:-
ਬੜਾ ਦੁਨੀਆ ਦਾ ਮੈਂ ਸਤਾਇਆ ਹੋਇਆ ਹਾਂ।
ਕਿ ਤੰਗ ਇਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ।
ਕੱਫ਼ਨ ਵਿੱਚ ਜ਼ਰਾ ਸੌਣ ਦੇਵੋ ਨਾ ਬੋਲੋ,
ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ।
1940 ਵਿੱਚ ਨੂਰਪੁਰੀ ਬੀਕਾਨੇਰ ਤੋਂ ਪੰਜਾਬ ਆ ਗਿਆ। ਪ੍ਰੋ.ਮੋਹਨ ਸਿੰਘ ਅਨੁਸਾਰ, "1940 ਵਿੱਚ ਸ਼ੋਰੀ ਫ਼ਿਲਮ ਕੰਪਨੀ ਦੀ ਫ਼ਰਮਾਇਸ਼ ਉੱਤੇ ਨੂਰਪੁਰੀ ਨੇ ਪ੍ਰਸਿੱਧ ਫ਼ਿਲਮ 'ਮੰਗਤੀ' ਦੇ ਗਾਣੇ ਲਿਖੇ, ਜਿਸ ਨਾਲ਼ ਇੱਕ ਫਿਲਮੀ ਗੀਤਕਾਰ ਵਜੋਂ ਉਸ ਦੀ ਧਾਂਕ ਬੈਠ ਗਈ।" ਇਸ ਤੋਂ ਇਲਾਵਾ 'ਗੀਤ ਬਹਾਰਾਂ ਦੇ' ਅਤੇ 'ਵਲਾਇਤ ਪਾਸ' ਫ਼ਿਲਮਾਂ ਦੇ ਗੀਤਾਂ ਨੇ ਆਪਣੇ ਸਮੇਂ ਨੂਰਪੁਰੀ ਦੇ ਨਾਂ ਨੂੰ ਖ਼ੂਬ ਚਮਕਾਇਆ। 
ਨੰਦ ਲਾਲ ਨੂਰਪੁਰੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਲ ਹਨ। ਇਨ੍ਹਾਂ ਵਿੱਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲੱਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ, ਜਿੰਨ੍ਹਾਂ ਦੀ ਗਿਣਤੀ 12 ਮਿਲ਼ਦੀ ਹੈ ।
ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ਵਿੱਚ ਸਭ ਤੋਂ ਪਹਿਲਾਂ 'ਨੂਰੀ ਪਰੀਆਂ' ਦਾ ਨਾਂ ਆਉਂਦਾ ਹੈ ਜੋ ਕਿ ਉਸ ਸਮੇਂ ਲਹੌਰ ਤੋਂ ਛਪੀ ਸੀ। ਉਸ ਤੋਂ ਬਾਅਦ 'ਵੰਗਾਂ', ਦਾ ਜ਼ਿਕਰ ਆਉਂਦਾ ਹੈ ਜਿਸ ਦੇ ਗੀਤਾਂ ਨੂੰ "ਰੂਹ ਦੀ ਗਜ਼ਾ" ਦੇ ਤੌਰ ਤੇ ਵਡਿਆਇਆ ਹੋਇਆ ਮਿਲ਼ਦਾ ਹੈ। ਅੱਗੇ ਕਿਤਾਬ 'ਜਿਊਂਦਾ ਪੰਜਾਬ' ਦੀ ਗੱਲ ਕਰੀਏ ਤਾਂ ਉਸ ਦਾ ਮੁੱਖ ਵਿਸ਼ਾ ਪੰਜਾਬ ਹੀ ਹੈ। ਫਿਰ ਨੂਰਪੁਰੀ ਦੇ ਗੀਤ', ਉਸ ਤੋਂ ਬਾਅਦ 'ਸੁਗਾਤ' ਪੁਸਤਕ ਜਿਸਨੂੰ ਕਿ 'ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਸ ਕਿਤਾਬ ਦੀ ਭੂਮਿਕਾ ਲਿਖਦਿਆਂ 'ਹੀਰਾ ਸਿੰਘ ਦਰਦ' ਨੂਰਪੁਰੀ ਦੇ ਗੀਤਾਂ ਨੂੰ "ਸਮਾਜ ਲਈ ਸੁਗਾਤ" ਮੰਨਦਾ ਹੈ।
ਨੂਰਪੁਰੀ ਦੀ ਸਮੁੱਚੀ ਰਚਨਾ ਨੂੰ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿਚ 'ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ' ਨਾਂ ਹੇਠ ਛਾਪਿਆ ਗਿਆ ਸੀ। ਇਸ ਪੁਸਤਕ ਦੀ ਭੂਮਿਕਾ ਪ੍ਰੋ ਮੋਹਨ ਸਿੰਘ ਨੇ ਲਿਖੀ ਜੋ ਕਿ 11 ਸਫ਼ਿਆਂ ਦੀ ਲੰਮੀ ਭੂਮਿਕਾ ਸੀ।
ਹੁਣ ਅੱਗੇ ਗੀਤਾਂ ਦੇ ਬਾਦਸ਼ਾਹ ਦੀ ਗੀਤਕਾਰੀ ਦੀ ਸ਼ੁਰੂਆਤ ਦੀ ਗੱਲ ਕਰਨ ਤੋਂ ਪਹਿਲਾਂ ਨੂਰਪੁਰੀ ਦੇ ਗੀਤ ਲਿਖਣ ਸੰਬੰਧੀ ਇਹ ਵਿਚਾਰ ਸਮਝਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ‌‌। ਨੂਰਪੁਰੀ ਲਿਖਦਾ ਹੈ ਕਿ "ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜਿਸ ਦੇਸ਼ ਦੇ ਗੀਤ ਜਿਊਂਦੇ ਹਨ, ਉਹ ਦੇਸ਼ ਸਦਾ ਜਿਊਂਦਾ ਰਹਿੰਦਾ ਹੈ। ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਅਪਣੇ ਗੀਤਾਂ ਰਾਹੀਂ ਲੋਕਾਂ ਨੂੰ ਕੁੱਝ ਦੇ ਸਕਾਂ, ਅਪਣੇ ਗੀਤਾਂ ਰਾਹੀਂ ਕੌਮ ਤੇ ਦੇਸ਼ ਦੀ ਖ਼ਿਦਮਤ ਕਰ ਸਕਾਂ।'' ਨੂਰਪੁਰੀ ਨੇ ਉਪਰੋਕਤ ਵਿਚਾਰ ਨੂੰ ਸਿਰਫ ਕਹਿਣ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਸਾਰੀ ਜ਼ਿੰਦਗੀ ਆਪਣੀ ਕਲਮ ਦੀ ਨੋਕ 'ਤੇ ਇਹਨਾਂ ਆਪਣੇ ਕਹੇ ਬੋਲਾਂ ਨੂੰ ਮਾਣ ਬਖ਼ਸ਼ਿਆ‌। 
ਉਸ ਦਾ ਸਭ ਤੋਂ ਪਹਿਲਾ ਗੀਤ 'ਮੈਂ ਵਤਨ ਦਾ ਸ਼ਹੀਦ' ਜੋ ਕਿ ਉਸਨੇ 1925 ਵਿੱਚ ਲਿਖਿਆ ਸੀ। 
ਮੈਂ ਵਤਨ ਦਾ ਸ਼ਹੀਦ ਹਾਂ, ਮੇਰੀ ਯਾਦ ਭੁਲਾ ਦੇਣੀ ।
ਮੇਰੇ ਖ਼ੂਨ ਦੀ ਇਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣੀ। 
ਇੱਥੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸ਼ੁਰੂਆਤ ਵਿੱਚ ਹੀ ਦੇਸ-ਪਿਆਰ ਨਾਲ਼ ਭਰੀ ਭਾਵਨਾ ਨਾਲ਼ ਨੂਰਪੁਰੀ ਆਪਣੀ ਕਲਮ ਨੂੰ ਗੁੜ੍ਹਤੀ ਦਿੰਦਾਂ ਹੋਇਆ ਮਿਲ਼ਦਾ ਹੈ।
ਉਸ ਸਮੇਂ ਦੇ ਚਰਚਿਤ ਕਲਾਕਾਰ ( ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ) ਉਸ ਦੇ ਲਿਖੇ ਗੀਤਾਂ ਨੂੰ
ਗਾ ਕੇ ਆਪਣੇ ਆਪ ਨੂੰ ਭਾਗਾਂ ਵਾਲ਼ਾ ਸਮਝਦੇ ਸਨ। ਉਸ ਸਮੇਂ ਲਿਖੇ ਤੇ ਗਾਏ ਨੂਰਪੁਰੀ ਦੇ ਗੀਤ ਅੱਜ ਦੀ ਨਵੀਂ ਪੀੜ੍ਹੀ ਨੂੰ ਵੀ ਆਪਣੇ ਹਾਣੀ ਲੱਗਦੇ ਹਨ,ਮੱਲੋ-ਮੱਲੀ ਇਹਨਾਂ ਗੀਤਾਂ ਦੇ ਬੋਲ ਜਵਾਨ ਮੁੰਡੇ ਕੁੜੀਆਂ ਦੇ ਬੁੱਲਾਂ ਤੇ ਥਿਰਕਣ ਲੱਗ ਜਾਂਦੇ ਹਨ। ਨੂਰਪੁਰੀ ਦੇ ਲਿਖੇ ਗੀਤਾਂ ਨੂੰ ਸਭ ਤੋਂ ਵੱਧ ਗਾਉਣ ਦਾ ਮਾਣ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਹਿੱਸੇ ਹੀ ਆਇਆ। ਨੂਰਪੁਰੀ ਦੇ ਲਿਖੇ ਉਹਨਾਂ ਗੀਤਾਂ ਵੱਲ ਇੱਕ ਝਾਤ ਪਾਈਏ,ਜੋ ਅੱਜ ਵੀ ਲੋਕ ਮਨਾਂ ਉੱਪਰ ਆਪਣੀ ਪਹਿਚਾਣ ਬਣਾਈ ਬੈਠੇ ਹਨ। 
1. ‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ-
2.ਚੰਨ ਵੇ ! ਕਿ ਸ਼ੌਂਕਣ ਮੇਲੇ ਦੀ ।
ਪੈਰ ਧੋ ਕੇ ਝਾਂਜਰਾਂ ਪੌਂਦੀ,ਮੇਲ੍ਹਦੀ ਆਉਂਦੀ
ਕਿ ਸ਼ੌਂਕਣ ਮੇਲੇ ਦੀ।
3.ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ
ਗਲੀਆਂ ਦੇ ਵਿਚ ਡੰਡ ਪੌਂਦੀਆਂ ਗਈਆਂ-ਪ੍ਰਕਾਸ਼ ਕੌਰ
4. ਹਟੋ ਨੀ ਸਹੇਲੀਓ ਹਟਾਓ ਨਾ ਨੀ ਗੋਰੀਓ
ਗੁੜ ਵਾਂਗੂੰ ਮਿੱਠੀਓ ਨੀ ਗੰਨੇ ਦੀਉ ਪੋਰੀਓ
ਨੀ ਮੈਨੂੰ ਅੱਗ ਦੇ ਭਬੂਕੇ ਵਾਂਗੂੰ ਮੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ-ਸੁਰਿੰਦਰ ਕੌਰ, ਪ੍ਰਕਾਸ਼ ਕੌਰ
5.ਜੁੱਤੀ ਕਸੂਰੀ ਪੈਰੀਂ ਨਾ ਪੂਰੀ,ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ,ਉਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ’-ਸੁਰਿੰਦਰ ਕੌਰ
ਨੂਰਪੁਰੀ ਦਿਖਾਵੇ ਦੀ ਥਾਂ ਰੂਹ ਤੋਂ ਧਰਮ ਨੂੰ ਸਤਿਕਾਰ ਦੇਣ ਵਾਲ਼ਾ ਇਨਸਾਨ ਸੀ, ਉਸਦੀ ਇਹ ਸੱਚੀ-ਸੁੱਚੀ ਭਾਵਨਾ ਨੂੰ ਵੀ ਉਸ ਦੇ ਲਿਖੇ ਧਾਰਮਿਕ ਗੀਤਾਂ ਤੋਂ ਸਮਝਿਆ ਜਾ ਸਕਦਾ ਹੈ:-  
1.ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ,
ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ- ਪ੍ਰਕਾਸ਼ ਕੌਰ, ਸੁਰਿੰਦਰ ਕੌਰ
2.ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ,
ਵੇਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ-ਪ੍ਰਕਾਸ਼ ਕੌਰ, ਸੁਰਿੰਦਰ ਕੌਰ
3.ਅੱਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ,
ਅੱਖੀਆਂ ਦੇ ਤਾਰਿਆਂ ਦਾ, ਮੈਨੂੰ ਚਾਨਣਾ ਨਜ਼ਰ ਨਾ ਆਵੇ-ਪ੍ਰਕਾਸ਼ ਕੌਰ, ਸੁਰਿੰਦਰ ਕੌਰ
4. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ- ਸੁਰਿੰਦਰ ਕੌਰ, ਪ੍ਰਕਾਸ਼ ਕੌਰ 
ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ਼ ਮੋਹ ਰੱਖਣ ਵਾਲ਼ੇ ਨੂਰਪੁਰੀ ਦੇ ਗੀਤਾਂ ਦਾ ਹਰ ਉਮਰ ਨੇ ਚਾਅ ਨਾਲ਼ ਹਾਣ ਪ੍ਰਵਾਨ ਕੀਤਾ, ਲੋਕਾਈ ਨੇ ਉਹਦੀ ਕਲਮ ਨੂੰ ਸਤਿਕਾਰ ਦਿੱਤਾ। ਔਰਤ ਦੇ ਵੱਖੋ-ਵੱਖ ਰਿਸ਼ਤਿਆਂ ਤੇ ਮਨ ਦੀਆਂ ਭਾਵਨਾਵਾਂ,ਉਹਨਾਂ ਦੇ ਚਾਵਾਂ ਨੂੰ ਸੱਚੇ-ਸੁੱਚੇ ਸ਼ਬਦਾਂ ਨਾਲ਼ ਗੀਤਾਂ ਵਿੱਚ ਪਰੋਣ ਦਾ ਸਭ ਤੋਂ ਵੱਡਾ ਮਾਣ ਵੀ ਨੂਰਪੁਰੀ ਦੀ ਕਲਮ ਦੇ ਹਿੱਸੇ ਹੀ ਆਇਆ ਹੈ। ਨੂਰਪੁਰੀ ਦੇ ਗੀਤ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹਨ। ਨੂਰਪੁਰੀ ਦੇ ਗੀਤਾਂ 'ਤੇ ਜਿੰਨੀਂ ਵੀ ਚਰਚਾ ਕੀਤੀ ਜਾਵੇ ਥੋੜ੍ਹੀ ਹੀ ਰਹੇਗੀ ਕਿਉਂਕਿ ਹਰ ਗੀਤ ਵਿੱਚ ਪੰਜਾਬੀ ਸੁਭਾਅ ਦੀ ਸੱਭਿਅਕ ਪਹਿਚਾਣ ਨੂੰ ਮਾਣ ਬਖ਼ਸ਼ਿਆ ਹੋਇਆ ਹੈ। ਸੱਭਿਆਚਾਰਕ ਪੱਖ ਤੋਂ ਸ਼ਬਦਾਵਲੀ ਅਧਾਰਿਤ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਇਸ ਮਹਾਨ ਕਲਮਕਾਰ ਨੂੰ ਜੋ ਮਾਣ-ਸਨਮਾਨ ਉਹਦੇ ਜਿਉਂਦੇ ਜੀਅ ਮਿਲ਼ਨਾ ਚਾਹੀਦਾ ਸੀ ਉਹ ਨਹੀਂ ਮਿਲ਼ਿਆ। ਨੂਰਪੁਰੀ ਨੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਚੱਪਲਾਂ ਨਾਲ਼ ਅਤੇ ਸਾਈਕਲ ਨਾਲ਼ ਹੀ ਕੀਤਾ ਪਰ ਉਸ ਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਰ ਗਾਇਕਾਂ ਨੂੰ ਕੋਠੀਆਂ ਵਾਲੇ ਜ਼ਰੂਰ ਬਣਾ ਦਿੱਤਾ ਸੀ। 
ਨੂਰਪੁਰੀ ਖ਼ੁਦ ਅਕਸਰ ਆਖਿਆ ਕਰਦਾ ਸੀ ਕਿ 
"ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹਾਂ ਦਾ ਕੰਮ ਹੈ ਜਾਂ ਫਿਰ ਫ਼ਕੀਰਾਂ ਦਾ ਕਿਉਂਕਿ ਇਹ ਦੋਵੇਂ ਹੀ ਆਰਥਿਕ ਪੱਖੋਂ ਪੂਰੀਆਂ ਹੋਣ ਵਾਲੀਆਂ ਸਮੂਹਿਕ ਲੋੜਾਂ ਲਈ ਕਿਸੇ ਦੇ ਮੁਥਾਜ ਨਹੀਂ ਹੁੰਦੇ।" 
ਨੰਦ ਲਾਲ ਨੂਰਪੁਰੀ ਦਾ ਇੱਕ ਵਿਸ਼ੇਸ਼ ਗੁਣ ਇਹ ਵੀ ਸੀ ਕਿ ਉਹਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਕਦੇ ਤਰਲੇ ਨਹੀਂ ਮਾਰੇ।
ਬੇਸ਼ੱਕ ਆਪਣੀ ਨਿੱਜੀ ਜ਼ਿੰਦਗੀ ਦੇ ਫ਼ਕੀਰਪੁਣੇ 'ਚ ਨੂਰਪੁਰੀ ਨੇ ਸ਼ਬਦਾਂ ਦਾ ਤਾਜ ਪਹਿਨਕੇ ਗੀਤਕਾਰੀ ਦੀ ਬਾਦਸਾਹੀ ਦਾ ਮਾਣ ਖੱਟਿਆ ਪਰ ਪਰਿਵਾਰ ਨੂੰ ਪਾਲਦਿਆਂ ਆਰਥਿਕ ਤੰਗੀਆਂ ਨਾਲ਼ ਜੂਝਦਾ ਅੰਦਰੋਂ-ਅੰਦਰੀ ਮਾਨਸਿਕ ਤੌਰ 'ਤੇ ਹਾਰਦਾ ਆਖਿਰ 13 ਮਈ 1966 ਨੂੰ ਖੂਹ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਗਿਆ।
ਸ਼ਾਹਕਾਰ ਲੋਕ ਗੀਤਾਂ ਦੇ ਹਾਣ ਦੇ ਗੀਤ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਉਣ ਵਾਲ਼ੇ ਨੰਦ ਲਾਲ ਨੂਰਪੁਰੀ ਨੂੰ ਉਸ ਦੀ ਮੌਤ ਤੋਂ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਤੇ ਸਾਹਿਤਕ ਸੰਸਥਾਵਾਂ ਨੇ ਲਗਪਗ ਨਜ਼ਰਅੰਦਾਜ਼ ਕੀਤਾ। ਸਾਲ 2022 ਤੋਂ ਲੋਕ ਮੰਚ ਪੰਜਾਬ ਸੰਸਥਾ ਵੱਲੋਂ ਹਰ ਸਾਲ ਸਾਫ਼-ਸੁਥਰੀ ਗੀਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਲੱਖ ਦੇ ਨਗਦ ਇਨਾਮ ਦੇ ਨਾਲ਼ ਨੰਦ ਲਾਲ ਨੂਰਪੁਰੀ ਪੁਰਸਕਾਰ ਸ਼ੁਰੂ ਕੀਤਾ। 
ਲੋਕ ਮੰਚ ਪੰਜਾਬ ਸੰਸਥਾ ਵੱਲੋਂ ਸਾਲ 2022 ਦਾ ਪਹਿਲਾਂ ਨੰਦ ਲਾਲ ਨੂਰਪੁਰੀ ਪੁਰਸਕਾਰ ਉੱਘੇ ਪੰਜਾਬੀ ਕਵੀ ਤੇ ਗੀਤਕਾਰ ਗੁਰਭਜਨ ਸਿੰਘ ਗਿੱਲ ਨੂੰ ਦਿੱਤਾ ਗਿਆ। ਸਾਲ 2023 ਦਾ ਨੰਦ ਲਾਲ ਨੂਰਪੁਰੀ ਪੁਰਸਕਾਰ ਉੱਘੇ ਗੀਤਕਾਰ ਅਤੇ ਗਾਇਕ ਪਾਲੀ ਦੇਤਵਾਲੀਆ ਨੂੰ ਦਿੱਤਾ ਗਿਆ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)

ਜਗਰਾਓ ‘ਚ 21 ਮਈ ਨੂੰ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਲਈ ਕਿਸਾਨ ਹੋਏ ਪੱਬਾਂ ਭਾਰ

ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਜੋਧਾਂ ਦੀ ਲਲਤੋਂ ਵਿਖੇ ਹੋਈ ਮੀਟਿੰਗ 

ਜੋਧਾਂ / ਸਰਾਭਾ 12 ਮਈ (ਦਲਜੀਤ ਸਿੰਘ ਰੰਧਾਵਾ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਗਰਾਓ ‘ਚ 21 ਮਈ ਨੂੰ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਦੀ ਤਿਆਰੀ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਜੋਧਾਂ ਦੀ ਮੀਟਿੰਗ ਪ੍ਰਧਾਨ ਜਗਵਿੰਦਰ ਸਿੰਘ ਬਿੱਟੂ ਦੇ ਗ੍ਰਹਿ ਵਿਖੇ ਪਿੰਡ ਲੱਲਤੋ ਖੁਰਦ ‘ਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਇਲਾਕਾ ਕਮੇਟੀ ਦੇ ਸਕੱਤਰ ਡਾ. ਅਜੀਤ ਰਾਮ ਸ਼ਰਮਾ ਝਾਡੇ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ‘ਚ ਪੈਂਦੀ ਤਹਿਸੀਲ ਜਗਰਾਓ ਦੀ ਦਾਣਾ ਮੰਡੀ ਵਿੱਚ 21 ਮਈ ਨੂੰ ਕੀਤੀ ਜਾਣ ਵਾਲੀ ਕਿਸਾਨ ਮਹਾਂ ਪੰਚਾਇਤ ਭਾਰਤੀ ਜਨਤਾ ਪਾਰਟੀ ਦੇ ਰਾਜ ਭਾਗ ਨੂੰ ਕੇਂਦਰ ਵਿੱਚੋਂ ਖਤਮ ਕਰ ਦੇਵੇਗੀ। ਆਗੂਆਂ ਨੇ ਆਖਿਆ ਕਿ ਜ਼ਿਲ੍ਹੇ ਭਰ ਵਿੱਚ ਇਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਕਿਸਾਨਾਂ ਨੇ ਆਪਣੇ ਕੰਮਾ ਨੂੰ ਨਿਬੇੜਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਉਹ ਇਸ ਪੰਚਾਇਤ ਦਾ ਹਿੱਸਾ ਬਣ ਸਕਣ। ਉਹਨਾਂ ਕਿਹਾ ਕਿ ਜਿੱਥੇ ਕਿਸਾਨ ਇਸ ਮਹਾਂ ਪੰਚਾਇਤ ਦੀ ਤਿਆਰੀ ਲਈ ਪੱਬਾਂ ਭਾਰ ਹੋਏ ਹਨ, ਉੱਥੇ ਮਜ਼ਦੂਰਾਂ, ਆੜ੍ਹਤੀਆਂ, ਟਰੇਡ ਯੂਨੀਅਨਾਂ ਦੇ ਵਰਕਰਾਂ, ਮੁਲਾਜ਼ਮਾਂ, ਪੱਲੇਦਾਰਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ। ਆਗੂਆਂ ਨੇ ਆਖਿਆ ਕਿ ਭਾਜਪਾ ਵੱਲੋ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਪਿੰਡਾਂ ਦੇ ਆਪਸੀ ਭਾਈਚਾਰੇ ਨੂੰ ਬਣਾਕੇ ਰੱਖਣ ਦੀ ਲੋੜ ਹੈ। ਆਗੂਆਂ ਦੇ ਦਾਅਵਾ ਕੀਤਾ ਕਿ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਇਸ ਮਹਾਂ ਪੰਚਾਇਤ ਦਾ ਹਿੱਸਾ ਬਣਨਗੇ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਅਮਰਜੀਤ ਸਿੰਘ ਸਹਿਜਾਦ, ਸੁਖਦੀਪ ਸਿੰਘ ਰਾਜੂ ਆੜ੍ਹਤੀਆਂ, ਗੁਰਚਰਨ ਸਿੰਘ, ਗੁਰਮੇਲ ਸਿੰਘ (ਦੋਵੇ ਲੱਲਤੋ ਕਲਾਂ), ਪਵਿੱਤਰ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, (ਸਾਰੇ ਲੱਲਤੋ ਖ਼ੁਰਦ) ਬਲਜਿੰਦਰ ਸਿੰਘ ਝਾਡੇ, ਕਿੱਕਰ ਸਿੰਘ, ਮਨਵੀਰ ਸਿੰਘ ਆਦਿ ਹਾਜ਼ਰ ਸਨ।

ਵਿਸਾਖੀ ਜੋੜ ਮੇਲੇ ਮੌਕੇ ਲੋੜੀਂਦੇ ਕਾਰਜ ਕਰਨ ਤੋਂ ਭੱਜ ਜਾਣਾ ਸਰਕਾਰ ਦੀ ਸ਼ਰਮਨਾਕ ਕਾਰਵਾਈ- ਸਾਬਕਾ ਵਿਧਾਇਕ ਸਿੱਧੂ।

ਤਲਵੰਡੀ ਸਾਬੋ, 07 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ‘ਵਿਸਾਖੀ’ ਮੌਕੇ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲੇ ਜੋੜ ਮੇਲੇ 'ਚ ਹਰ ਵਰ੍ਹੇ ਦੇਸ਼ ਵਿਦੇਸ਼ 'ਚੋਂ ਲੱਖਾਂ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ ਅਤੇ ਸਰਕਾਰ ਜੋੜ ਮੇਲੇ 'ਚ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਵੱਡੇ ਪੱਧਰ 'ਤੇ ਲੋੜੀਂਦੇ ਕਾਰਜ ਕਰਵਾਉਂਦੀ ਹੈ ਪਰ ‘ਬਦਲਾਅ’ ਦੇ ਨਾਅਰੇ ਨਾਲ ਸੱਤਾ 'ਚ ਆਈ ਆਮ ਆਦਮੀ ਪਾਰਟੀ ਸਰਕਾਰ ਇਸ ਵਾਰ ਜੋੜ ਮੇਲੇ ਮੌਕੇ ਤਲਵੰਡੀ ਸਾਬੋ 'ਚ ਕਰਵਾਏ ਜਾਣ ਵਾਲੇ ਲੋੜੀਂਦੇ ਕਾਰਜ ਕਰਨ ਤੋਂ ਹੀ ਭੱਜ ਗਈ ਜਾਪਦੀ ਹੈ ਜੋ ਸ਼ਰਮਨਾਕ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਸਿੱਧੂ ਨੇ ਕਿਹਾ ਕਿ ਸਰਕਾਰ ਭਾਂਵੇ ਕਿਸੇ ਦੀ ਹੋਵੇ, ਹਰ ਸਾਲ੍ਹ ਵਿਸਾਖੀ ਜੋੜ ਮੇਲੇ ਤੋਂ ਕਾਫੀ ਪਹਿਲਾਂ ਹੀ ਸਰਕਾਰ ਦੀਆਂ ਹਦਾਇਤਾਂ 'ਤੇ ਪ੍ਰਸ਼ਾਸਨ ਨਗਰ ਦਾ ਰੰਗ ਰੂਪ ਬਿਲਕੁਲ ਬਦਲ ਕੇ ਦੇਸ਼ ਵਿਦੇਸ਼ 'ਚੋਂ ਪੁੱਜਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਲੋੜੀਂਦੇ ਪ੍ਰਬੰਧ ਕਰਨ ਚ ਲੱਗ ਜਾਂਦਾ ਹੈ ਪਰ ਇਸ ਵਾਰ ਲੱਗਦਾ ਹੈ ਕਿ ਵਿਸਾਖੀ ਜੋੜ ਮੇਲੇ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਗੰਭੀਰ ਹੀ ਨਹੀ ਜਿਸਦਾ ਸਭ ਤੋਂ ਵੱਡਾ ਸਬੂਤ ਹੈ ਕਿ ਜਦੋਂ ਜੋੜ ਮੇਲਾ ਆਰੰਭ ਹੋਣ ਹੀ ਵਾਲਾ ਹੈ ਤਾਂ ਅਜੇ ਤੱਕ ਨਗਰ ਤਲਵੰਡੀ ਸਾਬੋ ਦੀਆਂ ਸੜਕਾਂ ਦੀ ਮੁਰੰਮਤ ਤੱਕ ਨਹੀ ਕੀਤੀ ਗਈ। ਉਨਾਂ ਕਿਹਾ ਕਿ ਤਖਤ ਸਾਹਿਬ ਨੂੰ ਜਾਣ ਵਾਲੀਆਂ ਕਈ ਸੜਕਾਂ ਚ ਟੋਏ ਪਏ ਹੋਏ ਹਨ ਪਰ ਸਰਕਾਰ ਜਾਂ ਪ੍ਰਸ਼ਾਸਨ ਦਾ ਧਿਆਨ ਹੀ ਨਹੀ ਕਿ ਚਾਰ ਦਿਨਾ ਜੋੜ ਮੇਲੇ ਦੌਰਾਨ ਇੰਨਾਂ ਸੜਕਾਂ ਤੋਂ ਪੈਦਲ ਚੱਲਕੇ ਲੱਖਾਂ ਸੰਗਤਾਂ ਨੇ ਤਖਤ ਸਾਹਿਬ ਦੇ ਦਰਸ਼ਨ ਕਰਨ ਪੁੱਜਣਾ ਹੈ। ਉਨਾਂ ਮੰਗ ਕੀਤੀ ਕਿ ਪ੍ਰਸ਼ਾਸਨਿਕ ਅਧਿਕਾਰੀ ਦਫਤਰਾਂ ਚੋਂ ਨਿਕਲ ਕੇ ਸ਼ਰਧਾਲੂਆਂ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵੱਲ ਗੰਭੀਰਤਾ ਨਾਲ ਧਿਆਨ ਦੇਣ ਤਾਂ ਕਿ ਜੋੜ ਮੇਲੇ ਦੌਰਾਨ ਕਿਸੇ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਵੀ ਮੁਸ਼ਕਿਲ ਪੇਸ਼ ਨਾ ਆਵੇ

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਵਿਦਿਆਰਥਣ ਰੁਖਸਾਨਾ ਖਾਨ “ਰਾਸ਼ਟਰੀ ਅਵਾਰਡ” ਨਾਲ ਸਨਮਾਨਿਤ

ਤਲਵੰਡੀ ਸਾਬੋ, 7 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ 37ਵੇਂ ਇੰਟਰ ਯੂਨੀਵਰਸਿਟੀ ਰਾਸ਼ਟਰੀ ਯੁਵਾ ਮੇਲੇ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਦੇ ਵਿਦਿਆਰਥੀਆਂ ਨੇ ਲਲਿਤ ਕਲਾਵਾਂ ਵਿੱਚ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਕਾਰਟੂਨਿੰਗ ਵਿੱਚ ਆਯੋਜਕਾਂ ਵੱਲੋਂ ਰੁਖਸਾਨਾ ਖਾਨ ਨੂੰ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਸ ਨੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਪ੍ਰਦੀਪ ਕੁਮਾਰ ਦੀ ਦੇਖ-ਰੇਖ ਹੇਠ ਇੰਸਟਾਲੇਸ਼ਨ ਦੀ ਟੀਮ ਰਾਜਪਾਲ, ਲਵਪ੍ਰੀਤ ਸਿੰਘ, ਸਿਮਰਜੀਤ ਸਿੰਘ ਤੇ ਰੁਖਸਾਨਾ ਖਾਨ ਨੇ ਟੀਮ ਇਵੈਂਟ ਵਿੱਚ ਦੂਜਾ ਸਥਾਨ ਹਾਸਿਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮੌਕੇ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਲਲਿਤ ਕਲਾਵਾਂ ਵਿੱਚ ਵਿਦਿਆਰਥੀਆਂ ਦਾ ਇਹ ਹੁਨਰ ਨਾਮ, ਸ਼ੋਹਰਤ ਦੇ ਨਾਲ-ਨਾਲ ਆਰਥਿਕ ਪੱਖੋਂ ਸਥਾਪਿਤ ਹੋਣ ਲਈ ਖੂਬਸੂਰਤ ਸਾਧਨ ਹੈ। ਉਨ੍ਹਾਂ ਉੱਭਰ ਰਹੇ ਕਲਾਕਾਰਾਂ ਨੂੰ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਵੀ ਭੇਂਟ ਕੀਤੀਆਂ। ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਸਿਰ ਬਨ੍ਹਿਆ। ਉਨ੍ਹਾਂ ਕਿਹਾ ਕਿ ਕਾਰਟੂਨਿੰਗ ਰਾਹੀਂ ਕਲਾਕਾਰ ਆਪਣੀਆਂ ਭਾਵਨਾਵਾਂ ਪ੍ਰਤੀਕਾਤਮਕ, ਵਿਅੰਗਾਤਮਕ ਅਤੇ ਸਿਰਜਣਾਤਮਕ ਤਰੀਕੇ ਨਾਲ ਵਿਅਕਤ ਕਰਦਾ ਹੈ। ਜਿਸ ਨੂੰ ਪਾਠਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਦੇ ਪ੍ਰਦਰਸ਼ਨ ਲਈ ‘ਵਰਸਿਟੀ ਵਿੱਚ ਸ਼ਾਨਦਾਰ ਆਰਟ ਗੈਲਰੀ ਵੀ ਖੋਲ੍ਹੀ ਗਈ ਹੈ। ਡਾ. ਕੰਵਲਜੀਤ ਕੌਰ ਨੇ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਹੋਂਸਲਾ ਅਫਜ਼ਾਈ ਲਈ ਹਰ ਸਾਲ ਸ਼ਾਨਦਾਰ ਕਲਾ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਨੂੰ ਇਲਾਕਾ ਨਿਵਾਸੀਆਂ ਵੱਲੋਂ ਖੂਬ ਸਲਾਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤੀਆਂ ਨੂੰ ਸ਼ਹਿਰ ਦੇ ਕਈ ਨਾਮੀ ਅਦਾਰਿਆਂ ਵੱਲੋਂ ਖਰੀਦਿਆ ਗਿਆ ਹੈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਵਿਸਾਖੀ ਦਿਹਾੜੇ 'ਤੇ ਤਿੰਨ ਦਿਨ ਲਾਏਗੀ ਮੁਫ਼ਤ ਮੈਡੀਕਲ ਕੈਂਪ- ਬਲਾਕ ਪ੍ਰਧਾਨ ਗੁਰਮੇਲ ਸਿੰਘ ਘਈ            

ਤਲਵੰਡੀ ਸਾਬੋ, 07 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਦੀ ਅੱਜ ਹੋਈ ਮਹੀਨਾਵਾਰ ਮੀਟਿੰਗ ਜਿਸਨੂੰ ਸਬੌਧਨ ਕਰਦੇ ਹੋਏ ਬਲਾਕ ਪ੍ਰਧਾਨ ਗੁਰਮੇਲ ਸਿੰਘ ਘਈ ਨੇ ਕਿਹਾ ਹੈ ਕਿ ਜ਼ਿਲ੍ਹੇ ਵੱਲੋ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਮਿਤੀ 12, 13 ਅਤੇ 14 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮੁਫ਼ਤ ਮੈਡੀਕਲ ਕੈਪ ਲਗਾਏਗੀ ਜਿਸ ਵਿਚ ਸਟੇਟ ਬਾਡੀ, ਬਠਿੰਡਾ ਜ਼ਿਲ੍ਹੇ ਦੀਆਂ ਦਸੇ ਬਲਾਕਾਂ ਆਪੋ ਆਪਣੀਆਂ ਸਹਿਯੋਗ ਦੇ ਕੇ ਬਾਹਰੋਂ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਫ਼ਤ ਸਿਹਤ ਸਹੂਲਤਾਂ  ਦੇਵੇਗੀ।  ਮੇਲੇ ਵਿਚ ਆਉਣ ਵਾਲੀਆਂ ਸੰਗਤਾਂ ਅਪੀਲ ਕੀਤੀ ਕਿ ਜਿੱਥੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਉਥੇ ਆਪਣੇ ਗਹਿਣੇ, ਪੈਸੇ ਅਤੇ ਛੋਟੇ ਬੱਚਿਆਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਮੇਲੇ ਮੌਕੇ ਸਿਹਤ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੀ ਐਸੋਸੀਏਸਨ ਤਿੰਨੇ ਦਿਲ 24 ਘੰਟੇ ਸੰਗਤ ਦੀ ਸੇਵਾ ਹਾਜ਼ਰ ਹੋਵੇਗੀ। ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ  ਆਗੂ ਬੂਟਾ ਸਿੰਘ ਸਿਵੀਆਂ, ਬਲਾਕ ਗੋਨੇਆਣਾ ‌ਦੇ‌ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਨਥੇਹਾ, ਲਖਵਿੰਦਰ ਸਿੰਘ ਜੌਹਲ ਜ਼ਿਲ੍ਹਾ ਮੀਤ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਲਾਕ ਮੈਂਬਰਾਂ ਨੇ ਭਾਗ ‌ਲਿਆ। ਇਸ ਮੌਕੇ ਲਛਮਣ ਕੂਮਾਰ ਜਗਾ, ਕੈਸ਼ੀਅਰ ਬਿੱਕਰ ਸਿੰਘ ਧਿੰਗੜ, ਸੈਕਟਰੀ ਰੇਸ਼ਮ ਸਿੰਘ ਭਾਗੀਬਾਂਦਰ, ਸੀਂਗੋ ਸਰਕਲ ਪ੍ਰਧਾਨ ਭਰਪੂਰ ਸਿੰਘ, ਰਾਮਾ ਸਰਪ੍ਰਸਤ ਰਾਜ ਕੁਮਾਰ ਬਾਂਸਲ, ਰਾਮਾ ਦਿਹਾਤੀ ਪ੍ਰਧਾਨ ਜਸਵੀਰ ਸਿੰਘ ਕੋਟਬਖਤੂ, ਅੰਤਰ ਸਿੰਘ ਮਾਨ ਵਾਲਾ, ਸਲਾਹਕਾਰ ਗੁਰਨਾਮ ਸਿੰਘ ਖੋਖਰ, ਮਿਠੂ ਖਾਨ ਲੇਲੇਵਾਲਾ, ਭੋਲਾ ਸਿੰਘ ਬਲਾਕ ਮੀਤ ਪ੍ਰਧਾਨ ਸ਼ੇਖਪੁਰਾ, ਸੁਖਚਰਨ ਸਿੰਘ, ਹਰਦੀਪ ਸਿੰਘ, ਬਸੰਤ ਸਿੰਘ, ਲੇਲੇਵਾਲਾ, ਕੌਰ ਸਿੰਘ ਭਾਗੀਬਾਂਦਰ, ਗੁਰਪ੍ਰੀਤ ਸਿੰਘ, ਕੇਵਲ ਸਿੰਘ ਸੁਖਲੱਧੀ, ਲਖਵਿੰਦਰ ਸਿੰਘ, ਜਰਨੈਲ ਸਿੰਘ ਕੌਰੇਆਣਾ, ਸੁਖਦੇਵ ਸਿੰਘ ਮਿਰਜ਼ੇਆਣਾ, ਨਿੰਦਰ ਸਿੰਘ, ਬਾਬੂ ਸਿੰਘ, ਗੁਰਲਾਲ ਸਿੰਘ ਗੁਰਵਿੰਦਰ ਸਿੰਘ ਬੰਗੀ, ਗਗੜ ਸਿੰਘ ਗਹਿਲੇਵਾਲਾ,  ਚਾਨਣ ਰਾਮ ਜਗਾ, ਅਨਿਲ ‌ਕੁਮਾਰ, ਗੂਰਪਰੀਤ ਸਿੰਘ, ਹਰਪ੍ਰੀਤ ਸਿੰਘ ਕੋਟ ਫੱਤਾ, ਵੈਦ ਰਾਜਾ ਸਿੰਘ, ਰਛਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਰੇਸ਼ ਕੁਮਾਰ, ਜਗਪ੍ਰੀਤ ਸਿੰਘ ਲੇਲੇਵਾਲਾ, ਰਤਨਦੀਪ ਸਿੰਘ ਸ਼ੇਖਪੁਰਾ, ਜਗਸੀਰ ਸਿੰਘ ਸੀਂਗੋ, ਜਗਰੂਪ ਸਿੰਘ ਗੋਲੇਵਾਲਾ, ਨੇਕ ਸਿੰਘ ਨੰਗਲਾ, ਸੁਖਮੰਦਰ ਸਿੰਘ ਬੰਗੀ ਕਲਾਂ, ਪ੍ਰਿਤਪਾਲ ਸਿੰਘ ਬੰਗੇਹਰ, ਪਰਮਜੀਤ ਸਿੰਘ ਮਾਹੀਨੰਗਲ, ਜਸਵੰਤ ਸਿੰਘ ਨਸੀਬਪੁਰਾ, ਦਰਸ਼ਨ ਰਾਮ, ਜਸ਼ਨ ਕੁਮਾਰ ਸੰਦੀਪ ਸਿੰਘ ਰਾਮਾ ਮੰਡੀ, ਅੰਮ੍ਰਿਤਪਾਲ ਸਿੰਘ, ਜਸ਼ਨਪ੍ਰੀਤ ਸਿੰਘ ਸੇਰਗੜ, ਇਕਬਾਲ ਸਿੰਘ ਰਾਈਆ, ਅਮਰੀਕ ਸਿੰਘ ਨਵਾ ਪਿੰਡ, ਗੁਰਤੇਜ ਸਿੰਘ ਤਿਉਣਾ, ਜਗਸੀਰ ਸਿੰਘ ਸੀਂਗੋ ਆਦਿ ਹਾਜ਼ਰ ਹੋਏ।

ਤਲਵੰਡੀ ਸਾਬੋ ਹਲਕੇ ਵਿੱਚ ਰਣਧੀਰ ਖੁੱਡੀਆਂ ਨੇ ਭਖਾਈ ਚੋਣ ਮੁਹਿਮ ਵੱਖ-ਵੱਖ ਪਿੰਡਾਂ ਚ ਕੀਤੀਆਂ ਨੁੱਕੜ ਮੀਟਿੰਗਾਂ

ਤਲਵੰਡੀ ਸਾਬੋ, 07 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਦੀ ਕਮਾਨ ਤਲਵੰਡੀ ਸਾਬੋ ਹਲਕੇ ਵਿੱਚ ਰਣਤੀਰ ਸਿੰਘ ਧੀਰਾ ਖੁੱਡੀਆਂ ਨੇ ਸੰਭਾਲ ਲਈ ਹੈ। ਉਨਾਂ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਕਰੀਬ ਇੱਕ ਦਰਜਨ ਪਿੰਡਾਂ ਅੰਦਰ ਨੁੱਕੜ ਮੀਟਿੰਗਾਂ ਕਰਕੇ ਚੋਣ ਮੁਹਿੰਮ ਨੂੰ ਭਖਾਇਆ ਗਿਆ ਹੈ। ਪਿੰਡ ਚੱਠੇਵਾਲਾ ਵਿੱਚ ਲੋਕਾਂ ਜੇ ਭਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਧੀਰਾਂ ਖੁੱਡੀਆਂ ਨੇ ਆਖਿਆ ਕਿ ਉਹ ਇੱਕ ਵਾਰ ਆਮ ਆਦਮੀ ਪਾਰਟੀ ਅਤੇ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਸੇਵਾ ਦਾ ਮੌਕਾ ਦੇਣ ਉਹ ਮੈਂਬਰ ਪਾਰਲੀਮੈਂਟ ਬਣ ਕੇ ਕਿਸੇ ਨੂੰ ਨਿਰਾਸ਼ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਖੁੱਡੀਆਂ ਪਰਿਵਾਰ ਦਾ ਅਕਸ਼ ਹਮੇਸ਼ਾ ਹੀ ਸਾਫ ਸੁਥਰਾ ਰਿਹਾ ਹੈ। ਜਥੇਦਾਰ ਗੁਰਮੀਤ ਸਿੰਘ ਖੁਡੀਆਂ ਦੇ ਪਿਤਾ ਮਰਹੂਮ ਮੈਂਬਰ ਪਾਰਲੀਮੈਂਟ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਵੀ ਸਿਆਸਤ ਨੂੰ ਪੈਸੇ ਇਕੱਠੇ ਕਰਨ ਦਾ ਸਾਧਨ ਨਹੀਂ ਬਣਾਇਆ ਸਗੋਂ ਲੋਕਾਂ ਦੀ ਸੇਵਾ ਵਿੱਚ ਆਪਣੀ ਸ਼ਹਾਦਤ ਦਿੱਤੀ। ਹੁਣ ਜਥੇਦਾਰ ਗੁਰਮੀਤ ਖੁੱਡੀਆਂ ਅਤੇ ਸਾਰਾ ਪਰਿਵਾਰ ਸਮਾਜ ਸੇਵਾ ਲਈ ਹੀ ਸਿਆਸਤ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਬਰ ਸੰਤੋਖ ਅਤੇ ਪਰਮਾਤਮਾ ਦਾ ਓਟ ਆਸਰਾ ਹੈ ਕਿ ਲੋਕਾਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾ ਕੇ ਜਥੇਦਾਰ ਗੁਰਮੀਤ ਸਿੰਘ ਖੁਡੀਆਂ ਨੂੰ ਪਾਕਤ ਬਖਸ਼ੀ ਹੈ। ਧੀਰਾ ਖੁੱਡੀਆਂ ਨੇ ਕਿਹਾ ਕਿ ਹੁਣ ਬਠਿੰਡਾ ਲੋਕ ਸਭਾ ਹਲਕੇ ਦੇ ਵਿਰੋਧੀ ਪਾਰਟੀਆਂ ਨੂੰ ਪਛਾੜਦਿਆਂ ਜਥੇਦਾਰ ਖੁੱਡੀਆਂ ਦੇ ਹੱਕ ਵਿੱਚ ਫਤਵਾ ਦੇਣਗੇ। ਉਹਨਾਂ ਕਿਹਾ ਕਿ ਖੁੱਡੀਆਂ ਪਰਿਵਾਰ ਹਮੇਸ਼ਾ ਪਹਿਲਾ ਵਾਂਗ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇਗਾ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਤਲਵੰਡੀ ਸਾਬੋ ਵਿਕਾਸ ਪੱਖੋਂ ਕਾਫੀ ਪਛੜ ਗਿਆ ਹੈ। ਇੱਥੇ ਸਿੱਖਾਂ ਦਾ ਤਖਤ ਸ੍ਰੀ ਦਮਦਮਾ ਸਾਹਿਬ ਹੋਣ ਕਾਰਨ ਇਹ ਸ਼ਹਿਰ ਦੁਨੀਆਂ ਦੇ ਨਕਸ਼ੇ 'ਤੇ ਉਭਰਿਆ ਹੈ ਪਰ ਜਿੰਨਾ ਵਿਕਾਸ ਤਲਵੰਡੀ ਸਾਬੂ ਦਾ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹਲਕੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਬਲਾਕ ਪ੍ਰਧਾਨ ਚੱਠੇਵਾਲਾ, ਗੁਰਦੀਪ ਸਿੰਘ ਤੂਰ, ਗੁਰਜੰਟ ਸਿੰਘ ਪਿੰਡ ਪ੍ਰਧਾਨ ਚੱਠੇ ਵਾਲਾ, ਛਿੰਦਰਪਾਲ ਸਿੰਘ ਕਮੇਟੀ ਮੈਂਬਰ ਅਤੇ ਭੂਰਾ ਸਿੰਘ ਗੁਰੂਸਰ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।

ਸਿੱਧਵਾਂ ਬੇਟ ਪੁਲਿਸ ਨੇ 50 ਬੋਤਲਾਂ ਨਜਾਇਜ ਸਰਾਬ ਅਤੇ 35 ਹਜਾਰ 500 ਲੀਟਰ ਲਾਹਣ ਬਰਾਮਦ ਕਰਕੇ ਮੌਕੇ ਤੇ ਕੀਤਾ ਨਸਟ

 ਜਗਰਾਉ / ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ ਲੀਲਾਂ )ਨਵਨੀਤ ਸਿੰਘ ਬੈਂਸ IPS ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ (ਦਿਹਾਤੀ) ਦੇ ਦਿਸ਼ਾ ਨਿਰਦੇਸਾਂ ਅਤੇ ਸ. ਜਸਜਯੋਤ ਸਿੰਘ PPS ਉਪ ਕਪਤਾਨ ਪੁਲਿਸ ਜਗਰਾਉਂ ਦੀਆਂ ਹਦਾਇਤਾਂ ਅਨੁਸਾਰ ਨਸ਼ਿਆ ਖਿਲਾਫ ਚਲਾਈ ਮੁਹਿੰਮ ਨੂੰ ਬਰਕਰਾਰ ਰੱਖਦੇ ਹੋਏ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਪਾਰਟੀ ਵੱਲੋਂ ਖੋਲਿਆਂ ਵਾਲਾ ਪੁੱਲ, ਮਲਸੀਹਾਂ ਬਾਜਣ ਵਿਖੇ ਰੇਡ ਕਰਕੇ 35,500/ ਲੀਟਰ ਲਾਹਣ ਬ੍ਰਾਮਦ ਹੋਣ ਪਰ, ਉਕਤ ਲਾਹਣ ਮੌਕਾ ਪਰ ਨਸ਼ਟ ਕੀਤੀ ਗਈ ਅਤੇ ਸਬਰਾ ਬਾਈ ਪਤਨੀ ਲੇਟ ਮੱਖਣ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਖੋਲਿਆ ਵਾਲਾ ਪੁਲ ਮਲਸੀਹਾ ਬਾਜਣ ਦੇ ਘਰੋਂ 50 ਬੋਤਲਾਂ ਸਰਾਬ ਨਜੈਜ ਬ੍ਰਾਮਦ ਹੋਣ ਪਰ ਮੁੱਕਦਮਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ

ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋ ਮਹੀਨੇ ਦੇ ਅਖੀਰਲੇ ਸ਼ਨੀਵਾਰ ਵਾਲੇ ਸਮਾਗਮ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮੱਰਪਿਤ ਕੀਤਾ ਗਿਆ

ਮੁੱਲਾਂਪੁਰ ਦਾਖਾ 31 ਮਾਰਚ ( ਸਤਵਿੰਦਰ  ਸਿੰਘ ਗਿੱਲ) ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਮਹੀਨੇ ਦੇ ਅਖੀਰਲੇ ਸ਼ਨੀਵਾਰ ਵਾਲੇ ਸਮਾਗਮ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ,ਸੁਖਦੇਵ ਨੂੰ ਸਮੱਰਪਿਤ ਕੀਤਾ ਗਿਆ।ਇਸ ਸਮਾਗਮ ਦੀ ਸੁਰੂਆਤ ਬੜੇ ਨਿਵੇਕਲੇ ਢੰਗ ਨਾਲ ਕੀਤੀ ਗਈ।ਗੁਰਸ਼ਰਨ ਕਲਾ ਭਵਨ ਵਿਖੇ ਸ਼ਹਾਦਤ ਦੀ ਦਾਸਤਾਨ ਝਾਕੀ ਬਣਾਈ ਗਈ ਸੀ।ਜਿੱਥੇ ਤੇਈ ਮਾਰਚ ਦੇ ਸ਼ਹੀਦਾਂ ਮਿਸ਼ਾਲ ਬਾਲਕੇ ਅਤੇ ਮੋਮਬੱਤੀਆਂ ਬਾਲਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ  ਕੀਤੀ ਗਈ।ਇਸ ਮੌਕੇ ਤੇ ਪੰਜਾਬ ਲੋਕ ਸਭਿਆਚਾਰ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਲਈ ਯਤਨਾਂਂ ਦੀ ਜਰੂਰਤ ਤੇ ਜੋਰ ਦਿੱਤਾ।ਇਸ ਮੌਕੇ ਤੇ ਉੱਘੇ ਕਵੀ ਪ੍ਰੋ਼. ਗੁਰਭਜਨ ਗਿੱਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਡਾ.ਗੁਲਜਾਰ ਪੰਧੇਰ ਨੇ ਲੋਕ ਕਲਾ ਮੰਚ ਦੇ ਯਤਨਾਂ ਦੀ ਭਰਪੂਰ ਪ੍ਰਸੰਸਾਂ ਕੀਤੀ।ਪ੍ਰੋ਼.ਮਨਜੀਤ ਸਿੰਘ ਛਾਬੜਾ ਨੇ ਵੀ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ।ਮਾ. ਉਜਾਗਰ ਸਿੰਘ,ਕੰਵਲਜੀਤ ਖੰਨਾ,ਕਸਤੂਰੀ ਲਾਲ, ਨੇ ਵੀ ਸ਼ਰਧਾਂਜਲੀ ਅਰਪਿਤ ਕੀਤੀ।ਇਸ ਉਪਰੰਤ ਸੁਚੇਤਕ ਰੰਗਮੰਚ ਮੋਹਾਲੀ ਵੱਲੋ ਸ਼ਬਦੀਸ਼ ਦਾ ਲਿਖਿਆ ਅਨੀਤਾ ਸ਼ਬਦੀਸ਼ ਦਾ ਨਿਰਦੇਸ਼ਨ ਤੇ ਅਦਾਕਾਰੀ ਵਾਲਾ ਨਾਟਕ "ਗੁੰਮਸ਼ੁਦਾ ਔਰਤ" ਨਾਟਕ ਖੇਡਿਆ ਗਿਆ।ਨਾਟਕ ਵਿੱਚ ਔਰਤ ਦੀ ਦਸ਼ਾ ਨੂੰ ਬਿਆਨਦਾ ਨਾਟਕ ਪੇਸ਼ ਹੋਇਆ।ਅਨੀਤਾ ਰੰਗਮੰਚ ਦੀ ਮੱਝੀਂ ਹੋਈ ਅਦਾਕਾਰਾ ਹੈ।ਉਸ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ।ਇਸ ਮੌਕੇ ਤੇ ਪ੍ਰੋ. ਹਰਦੇਵ ਸਿੰਘ ਗਰੇਵਾਲ ਅਤੇ ਪ੍ਰੋ.ਰਣਜੀਤ ਕੌਰ ਗਰੇਵਾਲ ਨੂੰ ,ਪ੍ਰੋ.ਗੁਰਭਜਨ ਗਿੱਲ,ਡਾ.ਗੁਲਜਾਰ ਪੰਧੇਰ,ਅਤੇ ਸੁਚੇਤਕ ਰੰਗਮੰਚ ਦੀ ਟੀਮ ਨੂੰ  ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਹਰਕੇਸ਼ ਚੌਧਰੀ ਨੇ ਕੀਤਾ।ਇਸ ਮੌਕੇ ਤੇ ਰਿਸ਼ੀ ਵਿਕਟਰ,ਲੈਕ.ਇਕਬਾਲ ਸਿੰਘ,ਲੈਕ.ਪ੍ਰਗਟ ਸਿੰਘ,ਗੁਰਮੀਤ ਸਿੰਘ,ਪ੍ਰਦੀਪ ਲੋਟੇ,ਹਰਜੀਤ ਸਿੰਘ ਐਸ.ਡੀ.ਓ.ਪੱਤਰਕਾਰ ਸੰਤੋਖ ਗਿੱਲ,ਐਡਵੋਕੇਟ ਹਰਪ੍ਰੀਤ ਸਿੰਘ ਜੀਰਖ,ਮੈਡਮ ਗੁਰਜੀਤ ਕੌਰ ਮੈਡਮ ਗਗਨਜੀਤ ਕੌਰ ਹਾਜਰ ਸਨ।ਇਸ ਸਮਾਗਮ ਨੂੰ ਕਾਮਯਾਬੀ ਨਾਲ ਨੇਪਰੇ ਚੜ੍ਹਾਉਣ ਵਿੱਚ ਦੀਪਕ ਰਾਏ,ਕਮਲਜੀਤ ਮੋਹੀ,ਭਾਗ ਸਿੰਘ,ਜੁਝਾਰ ਸਿੰਘ,ਗੁਰਿੰਦਰ ਗੁਰੀ, ਮਾ. ਗੁਰਜੀਤ ਸਿੰਘ,ਬਲਜੀਤ ਕੌਰ,ਅਨਿਲ ਸੇਠੀ,ਅਭਿਨੈ ਬਾਂਸਲ,ਕਰਨਵੀਰ ਸਿੰਘ,ਨੀਰਜਾ ਬਾਂਸਲ,ਸੁਖਦੀਪ ਸਿੰਘ,ਅੰਜੂ ਚੌਧਰੀ ,ਪ੍ਰਿਤਪਾਲ ਸਿੰਘ ਅਤੇ ਹਰਕੇਸ਼ ਚੌਧਰੀ ਦਾ ਯੋਗਦਾਨ ਰਿਹਾ।

ਠੁੱਲੀਵਾਲ ਪੁਲਸ ਵਲੋਂ ਲੰਮੇ ਸਮੇਂ ਭਗੌੜਾ ਵਿਅਕਤੀ ਕਾਬੂ

ਬਰਨਾਲਾ/ਮਹਿਲ ਕਲਾਂ 31ਮਾਰਚ ( ਗੁਰਸੇਵਕ ਸਿੰਘ ਸੋਹੀ )- ਥਾਣਾ ਠੁੱਲੀਵਾਲ ਦੀ ਪੁਲਿਸ ਪਾਰਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਭਗੋੜੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਸ੍ਰ ਅਜੈਬ ਸਿੰਘ ਨੇ ਦੱਸਿਆ ਕਿ ਮਿਤੀ  7/3/2011 ਨੂੰ ਮੁੱਕਦਮਾ ਨੰਬਰ 279,337 338,427 ਅਤੇ ਇਕ ਮੁੱਕਦਮਾ 9/03/20 ਨੂੰ ਥਾਣਾ ਠੁੱਲੀਵਾਲ ਵਿਖੇ ਦਰਜ ਹੈ ਉਕਤ ਦੋਨੋਂ ਮਾਮਲਿਆਂ ਵਿੱਚ ਦੋਸੀ ਭਗੌੜਾ ਵਿਅਕਤੀ ਹਨੁੰਮਾਨ ਬਿਸ਼ਨੋਈ ਪੁੱਤਰ ਖੋਜਰਾਮ ਵਾਸੀ ਚੱਕਵੀਰ ਸੰਗਤਪੁਰ (ਰਾਜਸਥਾਨ) ਨੂੰ ਛਾਪੇਮਾਰੀ ਦੌਰਾਨ ਸਫਲਤਾ ਹਾਸਿਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉਕਤ ਦੋਸੀ ਨੂੰ ਮਾਨਯੋਗ ਅਦਾਲਤ ਚ ਪੇਸ ਕਰਕੇ ਜੇਲ ਵਿੱਚ ਭੇਜ ਦਿੱਤਾ ਗਿਆ ਹੈ। ਇਸ ਮੌਕੇ ਸਹਾਇਕ ਥਾਣੇਦਾਰ ਮਨਜੀਤ ਸਿੰਘ,ਮੁੱਖ ਮੁਨਸ਼ੀ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।

ਥਾਣਾ ਮਹਿਲ ਕਲਾਂ, ਠੂੱਲੀਵਾਲ ਅਤੇ ਟੱਲੇਵਾਲ ਦੀ ਪੁਲਿਸ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ ।

ਬਰਨਾਲਾ/ ਮਹਿਲ ਕਲਾਂ 31 ਮਾਰਚ (ਗੁਰਸੇਵਕ ਸੋਹੀ) ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਸ੍ਰ ਕੰਵਲਪਾਲ ਸਿੰਘ ਬਾਜਵਾ ਦੀ ਅਗਵਾਈ ਹੇਠ ਅੱਜ ਕਸਬਾ ਮਹਿਲ ਕਲਾਂ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਨਸਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ ।ਜਿਸ ਵਿੱਚ ਥਾਣਾ ਮਹਿਲ ਕਲਾਂ ,ਥਾਣਾ ਠੁੱਲੀਵਾਲ ਅਤੇ ਥਾਣਾ ਟੱਲੇਵਾਲ ਦੀਆਂ ਪੁਲਿਸ ਪਾਰਟੀਆਂ ਤੋਂ ਇਲਾਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਕਲੱਬ ਮਹਿਲ ਕਲਾਂ ,ਵੱਖ ਵੱਖ ਖੇਡਾਂ ਨਾਲ ਸੰਬੰਧਿਤ ਖਿਡਾਰੀ, ਆਮ ਲੋਕਾਂ ਅਤੇ ਹੋਰਨਾ ਸਮਾਜ ਸੇਵੀ ਜਥੇਬੰਦੀਆਂ ਦੇ ਲੋਕਾਂ ਨੇ ਭਾਗ ਲਿਆ। ਇਹ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਤੋਂ ਸ਼ੁਰੂ ਹੋ ਕੇ ਕਸਮ ਮਹਿਲ ਕਲਾਂ ਦੇ ਬੱਸ ਸਟੈਂਡ ਆਦਿ ਉਪਰੋਂ ਦੀ ਕਰੀਬ ਪੰਜ ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਸਰਕਾਰੀ ਸਕੂਲ ਵਿੱਚ ਆ ਕੇ ਸਮਾਪਤ ਹੋਈ। ਇਸ ਮੌਕੇ ਬੋਲਦਿਆਂ ਡੀਐਸਪੀ ਮਹਿਲ ਕਲਾਂ ਕੰਵਲਪਾਲ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਭੈੜੀ ਦਲ ਦਲ ਚੋਂ ਨੌਜਵਾਨਾ ਨੂੰ ਕੱਢਣ ਅਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਨ ਤੇ ਮਕਸਦ ਨਾਲ ਕੀਤੀ ਗਈ ਉਕਤ ਰੈਲੀ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਅੱਜ ਜੋ ਨਸ਼ਿਆਂ ਨੂੰ ਤਿਆਗਣ ਦਾ ਪ੍ਰਣ ਲਿਆ ਹੈ।ਇਸ ਲਈ ਉਹ ਉਹਨਾਂ ਦੇ ਧੰਨਵਾਦੀ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਨੂੰ ਸੂਚਨਾ ਦੇਣ ਕਿ ਜੇਕਰ ਕੋਈ ਪਿੰਡਾਂ ਅੰਦਰ ਨਸ਼ੇ ਵਗੈਰਾ ਵੇਚਦਾ ਹੈ ਤਾਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ।ਇਸ ਮੌਕੇ ਵੱਖ ਵੱਖ ਖੇਡਾਂ ਵਿੱਚ ਨਾਮਣਾ ਕੱਟਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਦੇ ਕੇ ਸਨਮਾਨ ਵੀ ਕੀਤਾ ਗਿਆ। ਰੈਲੀ ਦੌਰਾਨ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਹੀਰਾ ਸਿੰਘ ਸੰਧੂ, ਥਾਣਾ  ਠੁੱਲੀਵਾਲ ਦੇ ਮੁੱਖ ਅਫਸਰ ਸ ਅਜੈਬ ਸਿੰਘ ਅਤੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਸੁਖਵਿੰਦਰ ਸਿੰਘ ਸੰਘਾ ਨੇ ਉਕਤ ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਸਮੂਹ ਲੋਕਾਂ ਅਤੇ ਖਾਸ ਕਰ ਖਿਡਾਰੀ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਫੁਟਬਾਲ ਦਾ ਮੈਚ ਵੀ ਖੇਡਿਆ ਗਿਆ ਜਿਸ ਵਿੱਚ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ।ਇਸ ਮੌਕੇ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਸਕੂਲ ਮੈਨੇਜਮੈਂਟ ਕਮੇਟੀ ਦੇ ਉਪ ਚੇਅਰਮੈਨ ਜਗਪਾਲ ਸਿੰਘ, ਸਕੂਲ ਪ੍ਰਿੰਸੀਪਲ ਰਜਿੰਦਰਪਾਲ ਸਿੰਘ, ਮਾਸਟਰ ਤਰਲੋਕ ਸਿੰਘ, ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਦੇ ਮਾਸਟਰ ਰਜਿੰਦਰ ਸਿੰਗਲਾ, ਹਰਪਾਲ ਸਿੰਘ ਪਾਲਾ, ਟੋਨੀ ਸਿੱਧੂ ,ਮਨਦੀਪ ਸਿੰਘ ਕੋਚ ਦੇਵਿੰਦਰ ਸਿੰਘ ਧਾਲੀਵਾਲ, ਮਨਦੀਪ ਨੋਨੀ ਮਹਿਲ ਖੁਰਦ, ਮਾਂ ਵਰਿੰਦਰ ਸਿੰਘ ਪੱਪੂ ,ਕੈਂਪਸ ਮੈਨੇਜਰ ਸੂਬੇਦਾਰ ਅਮਰੀਕ ਸਿੰਘ, ਡੀਪੀ ਹਰਪਾਲ ਸਿੰਘ ਤੋਂ ਇਲਾਵਾ ਡੀਐਸਪੀ ਮਹਿਲ ਕਲਾਂ ਦੇ ਰੀਡਰ ਗੁਰਦੀਪ ਸਿੰਘ  ਛੀਨੀਵਾਲ, ਏਐਸਆਈ ਦਰਸ਼ਨ ਸਿੰਘ ,ਏਐਸਆਈ ਬਲਦੇਵ ਸਿੰਘ ,ਏਐਸਆਈ ਸੁਖਵਿੰਦਰ ਸਿੰਘ ਖੇੜੀ, ਪੁਲਿਸ ਮੁਲਾਜ਼ਮ ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਧਨੌਲਾ,ਲਖਵੀਰ ਸਿੰਘ ਤੋਂ ਇਲਾਵਾ ਸੁਖ ਕੁਰੜ, ਅਮਨਜੋਤ ਸਿੰਘ, ਗੋਪਾਲ ਸਿੰਘ ਬਲਜੀਤ ਸਿੰਘ ਕੁਰੜ,ਮਾ ਜਸਵਿੰਦਰ ਪਾਲ ਸਿੰਘ ਮਹਿਲ ਕਲਾਂ ਆਦਿ ਹਾਜ਼ਰ ਸਨ।

ਵਿਰਸੇ ਨੂੰ ਸਤਿਕਾਰ ਕਰਨ ਵਾਲੇ ਤੇ ਵਿਰਸੇ ਪ੍ਰਤੀ ਗੱਲਬਾਤ ਸੁਨਣ ਵਾਲੇ ਇਨਸਾਨ ਹਾਲੇ ਵੀ ਮੌਜੂਦ ਹਨ: ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ (ਜਨ ਸ਼ਕਤੀ ਨਿਊਜ਼ ਬਿਊਰੋ) ਪਿਛਲੇ ਦਿਨੀਂ ਮੇਲਾ ਰੂਹਾਂ ਦਾ ਸਾਹਿਤਕ ਪਰਿਵਾਰ ਮੁੰਬਈ ਵੱਲੋਂ ਸ੍ਰੀ ਗੰਗਾਨਗਰ ਵਿਖੇ, ਭੰਗਚੜੀ ਸਾਹਿਤ ਸਭਾ ਵੱਲੋਂ ਮੋਗਾ ਵਿਖੇ ਅਤੇ ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਅਤੇ ਮੇਲਾ ਰੂਹਾਂ ਦੇ ਪਰਿਵਾਰ(ਦੋ ਸਭਾਵਾਂ)ਵੱਲੋਂ ਫਰੀਦਕੋਟ ਵਿਖੇ ਸਾਹਿਤਕ ਸਮਾਗਮ ਕਰਵਾਏ ਗਏ।ਦੋ ਥਾਈਂ ਪੁਸਤਕ ਰਿਲੀਜ਼ ਸਮਾਗਮ ਅਤੇ ਸਨਮਾਨ ਸਮਾਰੋਹ ਸੀ, ਜਦੋਂ ਕਿ ਗੰਗਾਨਗਰ ਵਿਖੇ ਸਨਮਾਨ ਸਮਾਰੋਹ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਨ੍ਹਾਂ ਉਪਰੋਕਤ ਸਾਰੀਆਂ ਥਾਵਾਂ ਤੇ ਹੀ ਦਾਸ ਨੇ ਆਪਣੀ ਬਣਾਈ ਹੋਈ ਪਹਿਚਾਣ ਅਨੁਸਾਰ ਵਿਰਸੇ ਦੀਆਂ ਰਚਨਾਵਾਂ ਹੀ ਸੁਣਾਈਆਂ,ਜਿਸ ਨੂੰ ਕਿ ਸਰੋਤਿਆਂ ਅਤੇ ਵਧੀਆ ਸਾਹਿਤਕਾਰਾਂ ਅਤੇ ਬੁੱਧੀਜੀਵੀ ਵਰਗ ਵੱਲੋਂ ਅਤਿਅੰਤ ਸ਼ਲਾਘਾ ਕੀਤੀ ਗਈ। ਹੈਰਾਨੀ ਹੋਈ ਕਿ ਐਨੀ ਅਗਾਂਹ ਵਧੂ ਦੁਨੀਆਂ ਵਿੱਚ ਹਾਲੇ ਵੀ ਵਿਰਸੇ ਨੂੰ ਦਿਲੋਂ ਮੁਹੱਬਤ ਕਰਨ ਵਾਲੇ ਬੈਠੇ ਹਨ,ਕਿ ਜਦੋਂ ਸਾਰੇ ਥਾਈਂ ਸਟੇਜ ਸਕੱਤਰਾਂ ਵੱਲੋਂ ਵੀ ਵਿਰਸੇ ਦੇ ਲੇਖਕ ਕਹਿ ਕੇ ਸੰਬੋਧਨ ਕੀਤਾ ਗਿਆ ਅਤੇ ਵਿਰਸੇ ਪ੍ਰਤੀ ਹੀ ਰਚਨਾ ਬੋਲਣ ਲਈ ਉਚੇਚੇ ਤੌਰ ਤੇ ਫਰਮਾਇਸ਼ ਕੀਤੀ। ਅਤੇ ਸਾਰੀਆਂ ਰਚਨਾਵਾਂ ਤੇ ਭਰਪੂਰ ਤਾੜੀਆਂ ਨਾਲ ਦਾਦ ਦਿੱਤੀ ਗਈ। ਕਿਸੇ ਵੀ ਸਾਹਿਤਕਾਰ ਜਾਂ ਲੇਖਕ ਦੀ ਖੁਸ਼ੀ ਹਮੇਸ਼ਾ ਓਦੋਂ ਦੁਗਣੀ ਚੌਗੁਣੀ ਹੋ ਜਾਂਦੀ ਹੈ ਜਦੋਂ ਉਸ ਨੂੰ ਓਹਦੀ ਲਿਖੀ ਅਤੇ ਬੋਲੀ ਰਚਨਾ ਤੇ ਭਰਪੂਰ ਤਾੜੀਆਂ ਅਤੇ ਸ਼ਾਬਾਸ਼ ਮਿਲਦੀ ਹੈ ਅਤੇ ਲੇਖਕ ਦੋਸਤ ਬੁਲਾ ਕੇ ਪੁਸਤਕਾਂ ਵੀ ਭੇਟ ਕਰਦੇ ਹਨ,ਸੱਚ ਜਾਣਿਓ ਇਹੀ ਕਿਸੇ ਲੇਖਕ ਲਈ ਟੌਣਕ ਦਾ ਕੰਮ ਕਰਦੀ ਹੈ ਅਤੇ ਹੋਰ ਵੀ ਲੇਖਣੀ ਵਿੱਚ ਪ੍ਰਪੱਕਤਾ ਲਈ ਪ੍ਰੇਰਿਤ ਵੀ ਕਰਦੀ ਹੈ। ਆਪਣੇ ਦਿਲ ਦੇ ਇਹ ਵਲਵਲੇ ਵਿਰਸੇ ਦੇ ਲੇਖਕ ਜਸਵੀਰ ਸ਼ਰਮਾਂ ਦੱਦਾਹੂਰ ਨੇ ਇਸ ਪੱਤਰਕਾਰ ਨਾਲ ਸਾਂਝੇ ਕੀਤੇ।

17ਵਾਂ ਸੂਬਾ ਪੱਧਰੀ ਸੱਭਿਆਚਾਰਕ ਮੇਲਾ ਲਵ ਪੰਜਾਬ ਫਾਰਮ ਕੋਟਕਪੂਰਾ ਵਿਖ਼ੇ ਅੱਜ  - ਪ੍ਰੋ. ਭੋਲਾ ਯਮਲਾ

ਗਾਇਕ ਨਿਰਮਲ ਸਿੱਧੂ, ਅਮਨ ਰੋਜੀ ਸਮੇਤ  ਕਈ ਪ੍ਰਸਿੱਧ ਕਲਾਕਾਰ ਲਾਉਣਗੇ ਰੌਣਕਾਂ- ਅਸ਼ੋਕ ਵਿੱਕੀ 

 
ਕੋਟਕਪੂਰਾ (ਰਮੇਸ਼ਵਰ ਸਿੰਘ )  ਵੱਖ ਵੱਖ ਖੇਤਰਾਂ ਵਿੱਚ  ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਉਤਸਾਹਿਤ ਕਰਨ ਦੇ ਮਨਸ਼ੇ ਨਾਲ  ਇਲਾਕੇ ਦੀ ਸਿਰਮੌਰ ਸੰਸਥਾ 'ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ (ਰਿਪਾ) ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਤੇ ਵਿੱਕੀ ਬਾਲੀਵੁੱਡ ਫੋਟੋਗ੍ਰਾਫੀ ਕੋਟਕਪੂਰਾ ਵੱਲੋਂ  ਚੇਅਰਮੈਨ ਬਾਈ ਭੋਲਾ ਯਮਲਾ (ਸਟੇਟ ਐਵਾਰਡੀ) ਤੇ ਉੱਘੇ ਵੀਡੀਓ ਨਿਰਦੇਸ਼ਕ ਅਸ਼ੋਕ ਵਿੱਕੀ ਹੋਰਾਂ ਦੀ ਯੋਗ ਅਗਵਾਈ ਤੇ ਸੰਤ ਸਮਾਜ ਵੈਲਫੇਅਰ ਸੋਸਾਇਟੀ ਪੰਜਾਬ ਦੀ ਸਰਪ੍ਰਸਤੀ ਹੇਠ  ਮਿਤੀ 24 ਮਾਰਚ ਦਿਨ ਐਤਵਾਰ ਨੂੰ ਲਵ ਪੰਜਾਬ ਫਾਰਮ NH 54 ਹਾਈਵੇ ਕੋਟਕਪੂਰਾ  (ਫਰੀਦਕੋਟ ) ਵਿਖੇ 17ਵਾਂ 'ਰਿਪਾ ਸ਼ਾਇਨਿੰਗ ਸਟਾਰ ਸਟੇਟ ਐਵਾਰਡ ਸਮਾਰੋਹ ਤੇ ਰਾਜ ਪੱਧਰੀ ਵਿਰਾਸਤ ਮੇਲਾ- 2024  ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤਕ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਰਾਜ ਪੱਧਰੀ ਸਮਾਗਮ ਦੌਰਾਨ ਹੈ ਹਰ ਸਾਲ ਦੀ ਤਰ੍ਹਾਂ ਵੱਖ ਵੱਖ ਖੇਤਰਾਂ  ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਚੁਣੇ ਗਏ ਨਾਵਾਂ ਦਾ ਐਲਾਨ ਰਿਪਾ ਰਾਜ ਪੁਰਸਕਾਰ ਕੋਰ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਬਾਈ ਭੋਲਾ ਯਮਲਾ ਨੇ ਕਰਦਿਆਂ ਦੱਸਿਆ ਕਿ ਲੋਕ ਸੰਗੀਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ  ਉੱਘੇ ਲੋਕ ਗਾਇਕ ਜਨਾਬ ਨਿਰਮਲ ਸਿੱਧੂ ਨੂੰ 'ਲੋਕ ਸੰਗੀਤ ਰਤਨ ਸਟੇਟ ਅਵਾਰਡ-2024, ਬੁਲੰਦ ਆਵਾਜ਼ ਦੀ ਮਾਲਿਕ ਲੋਕ ਗਾਇਕਾ ਅਮਨ ਰੋਜ਼ੀ, ਸਾਫ ਸੁਥਰੀ ਗਾਇਕੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਬਦਲੇ ਉੱਘੇ ਲੋਕ ਗਾਇਕ ਹਰਿੰਦਰ ਸੰਧੂ, ਸੁਰੀਲੀ ਤੇ ਦਮਦਾਰ ਗਾਇਕੀ ਦਾ ਵਾਰਸ ਵੋਇਸ ਆਫ ਪੰਜਾਬ ਦਰਸ਼ਨਜੀਤ, ਉੱਘੀ ਦੋਗਾਣਾ ਜੋੜੀ ਜਨਾਬ ਕੁਲਵਿੰਦਰ ਕੰਵਲ ਤੇ ਸਪਨਾ ਕੰਵਲ, ਅਜੋਕੇ ਸਮੇਂ ਵਿੱਚ ਚਰਚਿਤ ਆਵਾਜ਼ ਚੰਦਰਾ ਬਰਾੜ, ਉੱਘੇ ਲੋਕ ਗਾਇਕ ਹਰਦੇਵ ਮਾਹੀਨੰਗਲ ਹੋਰਾਂ ਨੂੰ "ਰਿਪਾ ਸ਼ਾਇਨਿੰਗ ਸਟਾਰ ਸਟੇਟ ਐਵਾਰਡ-2024' ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
 ਇਸ ਸੂਬਾ ਪੱਧਰੀ ਸਮਾਗਮ ਦੌਰਾਨ ਸੰਸਾਰ ਪ੍ਰਸਿੱਧ ਕਲਾਕਾਰ ਨਿਰਮਲ ਸਿੱਧੂ, ਅਮਨ ਰੋਜੀ ਹਰਿੰਦਰ ਸੰਧੂ ਦਰਸ਼ਨਜੀਤ ਹਰਦੇਵ ਮਾਹੀ ਨੰਗਲ ਚੰਦਰਾ ਬਰਾੜ, ਅਵਨੂਰ, ਹੈਪੀ ਰਨਦੇਵ,ਰਿਧਮਜੀਤ ਸਤਵੀਰ ਚਹਿਲ, ਜੈ ਕਟਾਰੀਆ, ਬਬਲੀ ਖੋਸਾ, ਸੰਧੂ ਸੁਰਜੀਤ ਗੁਰਵਿੰਦਰ ਬਰਾੜ, ਆਪਣੀ ਦਮਦਾਰ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਪੰਜਾਬੀ ਸੱਭਿਆਚਾਰਕ ਵੰਨਗੀਆਂ ਨਾਲ ਲੋਕ ਨਾਚ ਅਤੇ ਵਿਰਾਸਤੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਸਨਮਾਨ ਦੇਣ ਦੀ ਰਸਮ ਸੰਤ ਸਮਾਜ ਵੈਲਫ਼ੇਅਰ ਸੋਸਾਇਟੀ ਪੰਜਾਬ ਦੇ ਚੇਅਰਮੈਨ ਸਾਈ ਮਧੂ ਜੀ ਜਲੰਧਰ ਵਾਲੇ ,ਸੂਬਾ ਪ੍ਰਧਾਨ ਪ੍ਰੋ ਸੁੱਖਵਿੰਦਰ ਸਾਗਰ, ਸਾਈ ਸੋਮ ਨਾਥ ਸਿੱਧੂ ਕੁੱਲੇ ਵਾਲੀ ਸਰਕਾਰ, ਸਾਈ ਜੋਗੀ ਸੁਲਤਾਨਪੁਰ ਵਾਲੇ, ਸਾਈ ਜਸਵੀਰ ਪਾਸਲੇ ਵਾਲੇ, ਸਾਈ ਓਂਕਾਰ ਸ਼ਾਹ ਜੀ,ਸਿਮਰਨ ਸਿੰਮੀ ਜੀ, ਸਾਈ ਪਪੀ ਸ਼ਾਹ ਕਾਦਰੀ ,
ਸਮਾਜ ਸੇਵੀ ਡਾ. ਜਸਵਿੰਦਰ ਸਿੰਘ ਕੋਟਕਪੂਰਾ, ਸਮਾਜਸੇਵੀ ਗੁਰਮਿੰਦਰ ਸਿੰਘ ਚਹਿਲ, ਸਟੇਟ ਐਵਾਰਡੀ (ਰਿਪਾ) ਸੰਤੋਖ ਸਿੰਘ ਸੰਧੂ, ਜਸਪਾਲ ਸਿੰਘ ਪੰਜਗਰਾਈਂ,ਹਰਜਿੰਦਰ ਸਿੰਘ ਗੋਲਾ, ਸੁਨੀਤ ਗਿਰਧਰ, ਮਨੋਹਰ ਧਾਲੀਵਾਲ ਅਪਣੇ ਕਰ ਕਮਲਾ ਨਾਲ ਕਰਨਗੇ। ਸਰਦਾਰ ਮਿੱਠੂ ਸਿੰਘ ਰੁਪਾਣਾ, ਰਾਜੇਸ਼ ਬਾਂਸਲ ਡੀ ਕੇ ਜਵੈਲਰਜ਼ , ਮਹੰਤ ਸੀਤਲ ਪਰਕਾਸ਼, ਬਲਵੰਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਡੱਬਵਾਲਾ, ਐਡਵੋਕੇਟ ਅਵਤਾਰ ਕ੍ਰਿਸ਼ਨ ਤੇ ਤਲਵਿੰਦਰ ਢਿੱਲੋਂ ਯੂਕੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ। ਮੰਚ ਸੰਚਾਲਨ ਦੀ ਭੂਮਿਕਾ ਜਸਬੀਰ ਜੱਸੀ ਤੇ ਗੁਲਸ਼ਨ ਮਲਹੋਤਰਾ ਅਦਾ ਕਰਨਗੇ।
ਇਸ ਮੌਕੇ ਵਿਰਾਸਤੀ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ | ਪੰਜਾਬ ਦਾ ਲੋਕ ਨਾਚ ਭੰਗੜਾ ਗਿੱਧਾ ਮੁੱਖ ਆਕਰਸ਼ਣ ਹੋਵੇਗਾ | ਇਸ ਇਹ ਸਮਾਗਮ ਲਈ ਸਵਾਗਤ ਕਮੇਟੀ ਦੇ  ਕੋਆਰਡੀਨੇਟਰ ਭਿੰਦਰਜੀਤ ਕੌਰ ਰੁਪਾਣਾ, ਮਨਜੀਤ ਸਿੰਘ ਬੁੱਕਣ, ਰਿਧਮਜੀਤ , ਅਮਰਜੀਤ ਸਿੰਘ ਫੌਜੀ ਝੱਖੜਵਾਲਾ, ਵਿਜੈ ਕਟਾਰੀਆ, ਪੱਤਰਕਾਰ ਐਚ ਐਸ ਕਪੂਰ, ਸ਼ਰਨਜੀਤ ਸਿੰਘ ਕਾਲਾ , ਉੱਘੇ ਗੀਤਕਾਰ ਚਮਕੌਰ ਥਾਂਦੇਵਾਲਾ,ਹਰਮੀਤ ਸਿੰਘ ਦੂਹੇਵਾਲਾ,ਸੁਖਦੇਵ ਸਿੰਘ ਸਾਗਰ,ਗੋਰੀ ਪਾਨ, ਬਾਬਾ ਰਹਿਮਤ, ਗੁਰਬਖਸ਼ ਰੁਪਾਣਾ,ਗੁਰਸੇਵਕ ਰੁਪਾਣਾ ਵਿਕਰਮ ਵਿੱਕੀ, ਡਾ.ਕ੍ਰਿਸ਼ਨ ਮਿੱਡਾ,ਬਲਕਰਨ ਸਿੰਘ ਫ਼ੌਜੀ, ਨੀਲਾ ਗੋਨੇਆਣਾ, ਗੈਰੀ ਗੁਰੂ ਬਠਿੰਡਾ , ਲਖਵਿੰਦਰ ਬੁੱਗਾ, ਸਨੀ ਸਿੱਧੂ, ਅਸ਼ੀਸ਼, ਗੁਰਪ੍ਰੀਤ ਸਿੰਘ ਪੁੰਨੀ,ਨਿੰਦਰ ਸਿੰਘ ਭੂੰਦੜ, ਬਾਬਾ ਕਾਲਾ ਸਿੰਘ ਮਹਾਂਬਧਰ, ਇਕਬਾਲਜੀਤ ,ਗੀਤਕਾਰ ਪਰਗਟ ਸਿੰਘ ਸੰਧੂ ਮਰਾੜ,ਬਲਕਰਨ  ਭੰਗਚੜ੍ਹੀ, ਜੈ ਦੇਵ ਭੂਦੜ ਆਦਿ ਮੈਂਬਰ ਸਵਾਗਤ ਕਰਨਗੇ.।

ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਵੱਲੋੰ  ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼ ਇਕੱਤਰਤਾ* 

*ਪ੍ਰਲੇਸ ਚੰਡੀਗੜ੍ਹ ਇਕਾਈ ਦੀ ਨਵੀੰ ਟੀਮ ਦੀ ਵੀ ਹੋਈ ਚੋਣ*

ਚੰਡੀਗੜ੍ਹ, 24ਮਾਰਚ (ਬਲਵੀਰ ਸਿੰਘ ਬੱਬੀ)ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਵੱਲੋੰ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਵਸ ਮੌਕੇ ਭਾਈ ਸੰਤੋਖ ਸਿੰਘ ਹਾਲ ਸੈਕਟਰ 21 ਵਿਖੇ 'ਭਗਤ ਸਿੰਘ ਦੀ ਵਿਚਾਰਧਾਰਾ ਤੇ ਘਾਲਣਾ ਵਿਸ਼ੇ 'ਤੇ ਸਮਾਗਮ ਕਰਵਾਇਆ ਗਿਆ। ਮੁਖ ਸੁਰ ਭਾਸ਼ਣ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਸਰਬਜੀਤ ਸਿੰਘ ਨੇ ਦਿੱਤਾ। ਉਨ੍ਹਾਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ ਲਈ ਤਤਕਾਲੀ ਰਾਜਸੀ, ਧਾਰਮਿਕ ਤੇ ਸਮਾਜਿਕ ਸੰਦਰਭਾਂ ਨੂੰ ਧਿਆਨ 'ਚ ਰੱਖਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੀ ਬੁੱਤਕਾਰੀ ਦੀ ਨਹੀੰ, ਸਗੋੰ ਭਗਤ ਸਿੰਘ ਦੀ ਵਿਚਾਰਧਾਰਾ ਤੋੰ ਪ੍ਰੇਰਣਾ ਲੈਣ ਦੀ ਲੋੜ ਹੈ। ਪ੍ਰਲੇਸ, ਭਾਰਤ ਦੇ ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਆਪਣੇ ਪ੍ਰਧਾਨਗੀ ਭਾਸ਼ਣ 'ਚ ਕਿਹਾ ਕਿ ਅਜੋਕੇ ਸੰਕਟਗ੍ਰਸਤ ਸਮਿਆਂ 'ਚ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਹੀ ਪਰੀਪੇਖ ਵਿੱਚ ਰੱਖ ਕੇ ਦੇਖਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਉਸ ਦੇ ਸਖਸ਼ੀ ਬਿੰਬ ਨੂੰ ਤੋੜ ਮਰੋੜ ਕੇ ਦੇਖਣ ਤੇ ਵਰਤਣ ਦਾ ਰੁਝਾਨ ਵਧੇਗਾ।ਇਸ ਮੌਕੇ ਗੁਰਨਾਮ ਕੰਵਰ ਨੇ ਲੋਕਵਿਰੋਧੀ ਤਾਕਤਾਂ ਵੱਲੋੰ ਭਗਤ ਸਿੰਘ ਦੇ ਬਿੰਬ ਨੂੰ ਵਿਗਾੜਨ ਤੋੰ ਵੀ ਸੁਚੇਤ ਕੀਤਾ। ਬਲਕਾਰ ਸਿੱਧੂ ਨੇ ਕਿਹਾ ਕਿ ਅਜਿਹੇ ਗਿਆਨਭਰਪੂਰ ਲੈਕਚਰ ਸਮੇੰ ਦੀ ਲੋੜ ਹਨ। ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਪ੍ਰਲੇਸ ਚੰਡੀਗੜ੍ਹ ਅਜਿਹੇ ਸਾਰਥਿਕ ਸਮਾਗਮ ਕਰਵਾਉਣ ਲਈ ਵਚਨਬੱਧ ਰਹੇਗਾ। ਬਲਵਿੰਦਰ ਚਹਿਲ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਮੌਕੇ ਸੁਰਿੰਦਰ ਗਿੱਲ, ਸਿਰੀ ਰਾਮ ਅਰਸ਼, ਸਰਦਾਰਾ ਸਿੰਘ ਚੀਮਾ, ਸੰਜੀਵਨ ਸਿੰਘ,  ਗੁਰਮਿੰਦਰ ਸਿੱਧੂ, ਬਲਵਿੰਦਰ ਢਿੱਲੋਂ, ਦਰਸ਼ਨ ਤਿਉਣਾ, ਪਾਲ ਅਜਨਬੀ, ਸਿਮਰਜੀਤ ਕੌਰ ਗਰੇਵਾਲ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ ।ਸਮਾਗਮ ਤੋੰ ਬਾਅਦ ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਇਕਾਈ ਦੀ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਟੀਮ ਦੀ ਚੋਣ ਹੋਈ ਜਿਸ ਵਿੱਚ ਡਾ. ਲਾਭ ਸਿੰਘ ਖੀਵਾ ਨੂੰ ਸਰਪ੍ਰਸਤ, ਡਾ. ਗੁਰਮੇਲ ਸਿੰਘ ਨੂੰ ਪ੍ਰਧਾਨ, ਡਾ. ਰਾਜਿੰਦਰ ਸਿੰਘ (ਡੀ.ਏ.ਵੀ. ਕਾਲਜ) ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਬਲਵਿੰਦਰ ਚਹਿਲ ਨੂੰ ਜਨਰਲ ਸਕੱਤਰ, ਸਿਮਰਜੀਤ ਕੌਰ ਗਰੇਵਾਲ ਨੂੰ ਮੀਤ ਪ੍ਰਧਾਨ,  ਕਰਮ ਸਿੰਘ ਵਕੀਲ ਨੂੰ ਪ੍ਰੈੱਸ ਸਕੱਤਰ ਅਤੇ ਮਲਕੀਅਤ ਬਸਰਾ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਦੇਵੀ ਦਿਆਲ ਸ਼ਰਮਾ, ਖੁਸ਼ਹਾਲ ਸਿੰਘ ਨਾਗਾ, ਡਾ. ਬਲਦੇਵ ਖਹਿਰਾ, ਪ੍ਰਲਾਦ ਸਿੰਘ, ਊਸ਼ਾ ਕੰਵਰ, ਮਨਜੀਤ ਕੌਰ ਮੀਤ, ਕਰਮ ਸਿੰਘ ਵਕੀਲ,ਸੁਰਜੀਤ ਸੁਮਨ, ਸ਼ਿੰਗਾਰਾ ਸਿੰਘ, ਐਡਵੋਕੇਟ ਜੁਗਿੰਦਰ ਸ਼ਰਮਾ ਸਮੇਤ ਵਿਦਿਆਰਥੀ ਨੌਜਵਾਨਾਂ ਨੇ ਵੀ ਸ਼ਮੂਲੀਅਤ ਕੀਤੀ।

ਪਿੰਡ ਮੋਹੀ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਨਾਲ ਹੋਲੇ ਮੁਹੱਲੇ ਦੇ ਲੰਗਰ ਆਰੰਭ ਹੋਏ 

ਜੋਧਾਂ / ਸਰਾਭਾ 24 ਮਾਰਚ (ਦਲਜੀਤ ਸਿੰਘ ਰੰਧਾਵਾ) ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮੁਹੱਲੇ ਨੂੰ ਮੁੱਖ ਰੱਖਦਿਆਂ ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਅਤੇ ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਮੋਹੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਪਿੰਡ ਮੋਹੀ ਵਿਖੇ ਲੰਗਰ ਲਗਾਏ ਗਏ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕਰਕੇ ਗੁਰੂ ਕੇ ਲੰਗਰਾਂ ਦੀ ਆਰੰਭਤਾ ਕੀਤੀ ਗਈ । ਇਸ ਮੌਕੇ ਲੰਗਰ ਪ੍ਰਧਾਨ ਬੀਬੀ ਪਰਮਜੀਤ ਕੌਰ ਥਿੰਦ, ਸਾਬਕਾ ਪ੍ਰਧਾਨ ਬੀਬੀ ਬਲਵਿੰਦਰ ਕੌਰ, ਸੁਸਾਇਟੀ ਪ੍ਰਧਾਨ ਚਰਨਜੀਤ ਕੌਰ, ਜਸਵੰਤ ਕੌਰ, ਪਰਮਿੰਦਰ ਕੌਰ, ਜਗਦੀਸ਼ ਕੌਰ, ਭਿੰਦਰ ਕੌਰ, ਹਰਪ੍ਰੀਤ ਕੌਰ, ਕਰਮਜੀਤ ਕੌਰ ,ਮਨਪ੍ਰੀਤ ਕੌਰ, ਹਰਜੀਤ ਕੌਰ, ਜਤਿੰਦਰ ਕੌਰ , ਚਰਨਜੀਤ ਕੌਰ, ਸਤਵੰਤ ਕੌਰ ਗਿੱਲ, ਰਣਜੀਤ ਕੌਰ, ਕੁਲਵਿੰਦਰ ਕੌਰ ਤੋ ਇਲਾਵਾ ਗੁਰਦੀਪ ਸਿੰਘ ਕਾਕਾ ਕਲੱਬ ਪ੍ਰਧਾਨ, ਸਤਨਾਮ ਸਿੰਘ ਖੰਗੂੜਾ, ਗੁਰਦੀਪ ਸਿੰਘ ਖਾਲਸਾ , ਸੁਖਰਾਜ ਸਿੰਘ ਰਾਜੂ, ਦਲਜੀਤ ਸਿੰਘ ਰੰਧਾਵਾ,ਅਨੁਰਾਗ ਸਿੰਘ, ਜਸਵੀਰ ਸਿੰਘ ਗੈਰੀ, ਗੁਰਵਿੰਦਰ ਸਿੰਘ ਗੋਗ, ਸੁਖਰਾਜ ਸਿੰਘ, ਹਰਪ੍ਰੀਤ ਸਿੰਘ ਹੈਪੀ, ਵਿਸ਼ਵਜੀਤ ਸਿੰਘ ਕੋਮਲ, ਕੇਵਲ ਸਿੰਘ, ਬਲਵੀਰ ਸਿੰਘ, ਤਾਰੀ ਮੋਹੀ, ਗੁਰਪ੍ਰੀਤ ਸਿੰਘ ਮਾਮੂ,ਸੱਜਣ ਸਿੰਘ , ਕਾਮਰੇਡ ਗੁਰਮੇਲ ਸਿੰਘ, ਨੰਬਰਦਾਰ ਜਗਰੂਪ ਸਿੰਘ, ਦਿਲਪ੍ਰੀਤ ਸਿੰਘ, ਰਵਿੰਦਰ ਸਿੰਘ ਗਿੱਲ, ਬਲਵੀਰ ਸਿੰਘ ਫੌਜੀ, ਸੁਖਮਿੰਦਰ ਸਿੰਘ, ਗੁਰਜੀਤ ਸਿੰਘ ਪੰਚ, ਭਰਤ ਵਾਲੇ ਆਦਿ ਹਾਜਰ ਸਨ। ਇਸ ਮੌਕੇ ਲੰਗਰ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੰਗਰ ਹਰ ਸਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਜਾਂਦੇ ਹਨ ਲੰਗਰਾਂ ਦੀ ਸਮਾਪਤੀ ਮਿਤੀ 27 ਮਾਰਚ ਨੂੰ ਕੀਤੀ ਜਾਵੇਗੀ।

ਗਿਆਨਦੀਪ ਮੰਚ ਵੱਲੋਂ  “ਨਾਰੀ ਦਿਵਸ” ਨੂੰ ਸਮਰਪਿਤ ਸਮਾਗਮ ਕਰਵਾਇਆ!

ਪਟਿਆਲਾ, 24 ਮਾਰਚ ( ਜਨ ਸ਼ਕਤੀ ਨਿਊਜ਼ ਬਿਊਰੋ)
         ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ “ਵਿਸ਼ਵ ਨਾਰੀ ਦਿਵਸ” ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਵੱਲੋਂ ਹਾਜ਼ਰ ਸਮੂਹ ਕਵੀਆਂ ਅਤੇ ਕਵਿੱਤਰੀਆਂ ਨੂੰ ਨਾਰੀ ਸੰਵੇਦਨਾ ਦੇ ਸੰਦਰਭ ਵਿੱਚ ਰਚਨਾਵਾਂ ਪੜ੍ਹਨ ਦਾ ਸੱਦਾ ਦਿੱਤਾ ਗਿਆ। ਸਮਾਗਮ ਵਿੱਚ ਸੋਲਾਂ ਦੇ ਕਰੀਬ ਕਵਿੱਤਰੀਆਂ ਦਾ ਸਨਮਾਨ ਵੀ ਕੀਤਾ ਗਿਆ। ਮਹਿਫਲ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ ਜੀ ਐਸ ਅਨੰਦ ਨੇ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ ਡੇਜ਼ੀ ਵਾਲੀਆ (ਪ੍ਰੋਫੈਸਰ ਰਿਟਾ. ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਕਿਹਾ ਕਿ ਅਜੋਕੇ ਖਪਤਕਾਰੀ ਯੁੱਗ ਵਿੱਚ ਵਿਚਰਦਿਆਂ ਨਾਰੀ ਨੂੰ ਸੁਚੇਤ ਰਹਿਣਾ ਪਵੇਗਾ ਕਿ ਉਹ ਆਪਣੇ ਨਾਰੀ ਗੌਰਵ ਨੂੰ ਆਂਚ ਨਾ ਆਉਣ ਦੇਵੇ। ਉੱਘੇ ਸ਼ਾਇਰ  ਅਤੇ ਸਹਾਇਕ ਡਾਇਰੈਕਟਰ ( ਰਿਟਾ.) ਭਾਸ਼ਾ ਵਿਭਾਗ ਪੰਜਾਬ ਸ.ਧਰਮ ਸਿੰਘ ਕੰਮੇਆਣਾ ਜੀ ਨੇ ਨਵੀਆਂ ਕਵਿੱਤਰੀਆਂ ਵੱਲੋਂ ਰਚੀ ਜਾ ਰਹੀ ਨਾਰੀ ਚਿੰਤਨ ਸੰਬੰਧੀ ਕਵਿਤਾ ਦੀ ਤਾਰੀਫ ਕੀਤੀ। ਉਪਰੋਕਤ ਤੋਂ ਇਲਾਵਾ ਨਾਰੀ ਦੇ ਸਨਮਾਨ ਵਿੱਚ ਕੁਲਦੀਪ ਕੌਰ ਧੰਜੂ, ਨਿਰਮਲਾ ਗਰਗ, ਪੋਲੀ ਬਰਾੜ, ਕੁਲਜੀਤ ਕੌਰ, ਅਨੀਤਾ ਪਟਿਆਲਵੀ, ਸੰਤੋਸ਼ ਸੰਧੀਰ, ਅਤੇ ਕੁਲਵੰਤ ਸਿੰਘ ਨਾਰੀਕੇ ਨੇ ਵੀ ਖੂਬਸੂਰਤ ਗੱਲਾਂ ਕੀਤੀਆਂ।
       ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਅਤੇ ਕਵਿੱਤਰੀਆਂ ਵਿੱਚੋਂ ਚਰਨਜੀਤ ਜੋਤ, ਮਨਦੀਪ ਕੌਰ, ਸਰਬਜੀਤ ਕੌਰ ਰਾਜਲਾ, ਸਨੇਹਦੀਪ ਕੌਰ, ਕਿਰਨ ਸਿੰਗਲਾ, ਹਰਜੀਤ ਕੌਰ, ਜਸਵਿੰਦਰ ਕੌਰ, ਇੰਦਰਜੀਤ ਕੌਰ, ਕੁਲਵੰਤ ਸੈਦੋਕੇ, ਗੁਰਚਰਨ ਸਿੰਘ ਚੰਨ ਪਟਿਆਲਵੀ, ਕੁਲਵੰਤ ਖਨੌਰੀ, ਗੁਰਦਰਸ਼ਨ ਸਿੰਘ ਗੁਸੀਲ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਪਸਿਆਣਾ, ਪਰਵਿੰਦਰ ਸ਼ੋਖ, ਜਗਪਾਲ ਚਹਿਲ, ਤਜਿੰਦਰ ਅਨਜਾਣਾ, ਮੰਗਤ ਖਾਨ, ਸੰਤ ਸਿੰਘ ਸੋਹਲ, ਬਜਿੰਦਰ ਠਾਕੁਰ, ਲਾਲ ਮਿਸਤਰੀ, ਤਰਲੋਕ ਢਿੱਲੋਂ, ਸੁਖਵਿੰਦਰ ਚਹਿਲ, ਜਸਵਿੰਦਰ ਖਾਰਾ,ਜਗਤਾਰ ਨਿਮਾਣਾ, ਕ੍ਰਿਸ਼ਨ ਧੀਮਾਨ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਦਵਿੰਦਰ ਪਟਿਆਲਵੀ, ਗੁਰਪ੍ਰੀਤ ਜਖਵਾਲੀ, ਰਘਬੀਰ ਮਹਿਮੀ, ਸੁਖਵਿੰਦਰ ਸਿੰਘ, ਜੋਗਾ ਸਿੰਘ ਧਨੌਲਾ, ਸ਼ਾਮ ਸਿੰਘ ਪ੍ਰੇਮ, ਜੱਗਾ ਰੰਗੂਵਾਲ, ਧੰਨਾ ਸਿੰਘ ਸਿਉਣਾ, ਸਮੇਤ ਗੁਰਦੀਪ ਸਿੰਘ ਸੱਗੂ, ਗੋਪਾਲ ਸ਼ਰਮਾ, ਮਹਿੰਦਰ ਸਿੰਘ, ਸਤਗੁਰ ਸਿੰਘ, ਅਤੇ ਰਾਜੇਸ਼ ਕੋਟੀਆ ਵੀ ਹਾਜ਼ਰ ਰਹੇ। ਸਮਾਗਮ ਦੀ ਫੋਟੋ ਅਤੇ ਵੀਡੀਓਗ੍ਰਾਫੀ ਦੇ ਫਰਜ਼ ਗੁਰਪ੍ਰੀਤ ਜਖਵਾਲੀ ਵੱਲੋਂ ਬਾਖੂਬੀ ਨਿਭਾਏ ਗਏ।

ਸ਼ਹੀਦੀ ਦਿਹਾੜੇ ਤੇ ਭਾਕਿਯੂ ਡਕੌਂਦਾ ਦੇ ਸੰਘਰਸ਼ ਦੀ ਹੋਈ ਜਿੱਤ।

ਖੁੱਡੀ ਕਲਾਂ, 24 ਮਾਰਚ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ ਬਜ਼ੁਰਗ ਬਲਦੇਵ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਵਿੱਢੇ ਸੰਘਰਸ਼ ਨੂੰ ਅੱਜ ਉਸ ਸਮੇਂ ਬੂਰ ਪਿਆ ਜਦ ਜੱਥੇਬੰਦੀ ਦੇ ਦਬਾਅ ਅੱਗੇ ਝੁਕਦਿਆਂ ਐਸ ਐਸ ਇੰਟਰਨੈਸ਼ਨ ਸਕੂਲ ਦੇ ਮਾਲਕਾਂ ਨੇ ਬਜ਼ੁਰਗ ਬਲਦੇਵ ਸਿੰਘ ਨੂੰ 30 ਲੱਖ ਰੁਪਏ ਰਕਮ ਜੱਥੇਬੰਦੀ ਅਤੇ ਪੁਲਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਚੈੱਕਾਂ ਰਾਹੀਂ ਵਾਪਿਸ ਕਰ ਦਿੱਤੀ। ਇਸ ਸਮੇਂ ਜੱਥੇਬੰਦੀ ਨੇ ਦੋਵੇਂ ਧਿਰਾਂ ਦੀ ਪੁਰਾਣੀ ਰੰਜਿਸ਼ ਖਤਮ ਕਰਵਾ ਜਿੰਨੇ ਵੀ ਇੱਕ ਦੂਸਰੇ ਤੇ ਕੋਰਟ,ਪੁਲਸ ਕੇਸ ਕੀਤੇ ਹੋਏ ਨੇ ਵਾਪਸ ਲੈਣ ਦਾ ਲਿਖਤੀ ਸਮਝੌਤਾ ਕਰਵਾਇਆ। ਇੱਥੇ ਦੱਸਣਯੋਗ ਹੈ ਕਿ ਐਸ ਐਸ ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ਅੱਗੇ ਜੱਥੇਬੰਦੀ ਵੱਲੋ ਪਿਛਲੇ ਲੱਗਭਗ 9 ਮਹੀਨੇ ਤੋਂ ਉੱਪਰ ਸਮੇਂ ਤੋਂ ਮੀਂਹ, ਹਨੇਰੀਆਂ, ਧੂੰਦਾ ਤੇ ਗਰਮੀਆਂ ਨੂੰ ਸਹਿਣ ਕਰਦਾ ਬਜੁਰਗ ਬਲਦੇਵ ਸਿੰਘ ਇਨਸਾਫ਼ ਦੀ ਆਸ ਵਿੱਚ ਸਕੂਲ ਅੱਗੇ ਜੱਥੇਬੰਦੀ ਦੇ ਸਹਿਯੋਗ ਨਾਲ ਡੱਟਿਆ ਹੋਇਆ ਸੀ।ਇਸ ਸਮੇਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ  ਕਿਹਾ ਕਿ ਪੀੜਤ ਬਜੁਰਗ ਬਲਦੇਵ ਸਿੰਘ ਪਿੰਡ ਦਿਆਲਪੁਰਾ ਭਾਈਕਾ ਹਾਲ ਆਬਾਦ ਨਵੀਂ ਦਿੱਲੀ ਨਾਲ ਉਸਦੇ ਰਿਸ਼ਤੇਦਾਰਾਂ ਰਾਜਿੰਦਰ ਸਿੰਘ ਅਤੇ ਚਰਨਜੀਤ ਸਿੰਘ ਜ਼ੋ ਕੀ ਐਸ.ਐਸ. ਇੰਟਰਨੈਸ਼ਨਲ ਸਕੂਲ ਖੁੱਡੀ ਰੋਡ ਦੇ ਮਾਲਕ ਹਨ ਨੇ ਪੀੜ੍ਹਤ ਬਜੁਰਗ ਬਲਦੇਵ ਸਿੰਘ ਨਾਲ 48 ਲੱਖ ਦੀ ਧੋਖਾਧੜੀ 2011 ਵਿੱਚ ਕੀਤੀ ਸੀ। ਦੋਸ਼ੀ ਵਿਅਕਤੀਆਂ ਵੱਲੋਂ ਜ਼ਮੀਨ ਖਰੀਦਣ ਦਾ ਝਾਂਸਾ ਦੇ ਕੇ ਖੁੱਡੀ ਰੋਡ ਤੇ ਸਥਿਤ ਸਕੂਲ ਵਾਲੀ ਜਮੀਨ ਦਾ ਬਿਆਨਾਂ ਆਪਣੇ ਨਾਮ ਤੇ ਲਿੱਖਵਾ ਲਿਆ ਪ੍ਰੰਤੂ ਬਿਆਨੇ ਦੀ ਲਿੱਖਤ ਤੇ ਬਿਆਨੇ ਦੀ ਰਕਮ 48 ਲੱਖ ਦੇਣ ਦਾ ਵਿਰਵਾ  ਬਲਦੇਵ ਸਿੰਘ ਦੇ ਨਾਮ ਤੇ ਪਾ ਦਿੱਤਾ। ਇਸ ਜਮੀਨ ਦੀ ਕੁੱਲ ਕੀਮਤ 70 ਲੱਖ ਰੁਪਏ ਸੀ ਪਰ ਇਸਦੀ ਅੱਧ ਤੋਂ ਵੱਧ ਰਕਮ ਇਕੱਲੇ ਪੀੜ੍ਹਤ ਬਲਦੇਵ ਸਿੰਘ ਵੱਲੋ ਦਿੱਤੀ ਗਈ ਸੀ ਪਰ ਜਮੀਨ ਸਾਰੀ ਆਪਣੇ ਨਾਮ ਕਰਵਾ ਗਏ।ਇਸ ਬਾਬਤ ਪੀੜ੍ਹਤ ਬਲਦੇਵ ਸਿੰਘ ਵੱਲੋ ਅਦਾਲਤ ਵਿੱਚ ਪਾਇਆ ਕੇਸ ਵੀ ਉਸਦੇ ਹੱਕ ਵਿੱਚ ਹੋ ਚੁੱਕਾ ਹੈ ਅਤੇ ਅਦਾਲਤ ਨੇ ਜਮੀਨ ਵਿੱਚੋ ਵਸੂਲੀ ਕਰਨ ਦਾ ਹੁਕਮ ਸੁਣਾਇਆ ਹੋਇਆ ਹੈ ਪ੍ਰੰਤੂ ਦੂਜੀ ਧਿਰ ਨੇ ਜਮੀਨ ਅੱਗੇ ਟਰਾਂਸਫਰ ਕਰਵਾ ਦਿੱਤੀ ਹੈ । ਹੁਣ ਪਿੱਛਲੇ ਬਾਰਾ ਸਾਲਾਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਬਜੁਰਗ ਦੀ ਬਾਹ ਜੱਥੇਬੰਦੀ ਨੇ ਫੜੀ ਹੈ। ਪਿੱਛਲੇ ਦੋ ਸਾਲਾਂ ਤੋਂ ਲਗਾਤਾਰ ਜੱਥੇਬੰਦੀ ਦੇ ਆਗੂਆਂ ਦਾ ਚਾਹੇ ਬਰਨਾਲਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਹੋਣ ਚਾਹੇ ਬਠਿੰਡਾ ਜ਼ਿਲ੍ਹੇ ਨਾਲ ਸੰਬਧਿਤ ਆਗੂ ਹੋਣ ਨਾਲ ਸਕੂਲ ਮਾਲਕਾਂ ਰਾਜਿੰਦਰ ਸਿੰਘ, ਚਰਨਜੀਤ ਸਿੰਘ ਦਾ ਗੱਲ ਬਾਤ ਦਾ ਸਿਨਸਲਾ ਚੱਲਿਆ ਪਰ ਇਹਨਾਂ ਲੋਕਾਂ ਨੇ ਕੋਈ ਗੱਲ ਸਿਰ੍ਰੇ ਨਾ ਲਾਈ। ਜੱਥੇਬੰਦੀ ਨੇ ਪ੍ਰਸ਼ਾਸਨ ਰਾਹੀਂ ਕਈ ਵਾਰ ਪਹੁੰਚ ਕੀਤੀ ਪਰ ਗੱਲ ਸਿਰੇ ਨਾ ਲੱਗਦੀ ਵੇਖ ਜੱਥੇਬੰਦੀ ਨੇ ਅੱਕ ਕੇ 20 ਜੁਲਾਈ 2023  ਨੂੰ ਸਕੂਲ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਜੌ ਦਿਨ ਰਾਤ ਦਾ ਜਾਰੀ ਰਿਹਾ ਅਤੇ ਜਿਸਦੀ ਅੱਜ ਹਕੀਕੀ ਜਿੱਤ ਹੋਈ ਹੈ। ਇਸ ਸਮੇਂ ਸੂਬਾ ਪ੍ਰੈਸ ਸਕੱਤਰ ਇੰਦਰਪਾਲ ਸਿੰਘ ਕਿਹਾ ਕੀ 11 ਅਪ੍ਰੈਲ ਨੂੰ ਪਹਿਲਾ ਚੈੱਕ ਬਲਦੇਵ ਸਿੰਘ ਦੇ ਖਾਤੇ ਵਿੱਚ ਲੱਗਣਾ ਹੈ ਜਦ ਉਸ ਚੈੱਕ ਦੀ ਰਕਮ ਬਲਦੇਵ ਸਿੰਘ ਦੇ ਖਾਤੇ ਵਿੱਚ ਆ ਗਈ ਤਾਂ ਮੋਰਚਾ ਸਮਾਪਤ ਕਰ ਦਿੱਤਾ ਜਾਵੇਗਾ। ਇਸ ਸਮੇਂ ਜ਼ਿਲ੍ਹਾ ਖਜਾਨਚੀ ਹਰਚਰਨ ਸਿੰਘ ਸੁਖਪੁਰਾ, ਜ਼ਿਲ੍ਹਾ ਆਗੂ ਮੇਲਾ ਸਿੰਘ ਖੁੱਡੀ ਕਲਾਂ, ਸਿਕੰਦਰ ਭੂਰੇ, ਬਲਾਕ ਆਗੂ ਅਮਰਜੀਤ ਮਹਿਲ ਖੁਰਦ,ਭਿੰਦਾ ਢਿੱਲਵਾਂ,ਜਗਸੀਰ ਸੀਰਾ,ਰਣਜੀਤ ਭੂਰੇ,ਪਰਮਿੰਦਰ ਹੰਡਿਆਇਆ, ਗੁਰਜੰਟ ਧੌਲਾ,ਧਰਮ ਸਿੰਘ, ਬਲਵੰਤ ਸਿੰਘ ਚੀਮਾ ਆਦਿ ਆਗੂ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮਤੇ "ਸਾਡੇ ਸਿਧਾਂਤ ਰਾਜਨੀਤੀ ਤੋਂ ਉੱਪਰ ਹਨ" ਦਾ ਸਵਾਗਤ: ਸਰਨਾ

ਨਵੀਂ ਦਿੱਲੀ, 23 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਮੁੱਖ ਮੁੱਦਿਆਂ, ਨੀਤੀਆਂ ਅਤੇ ਸਿਧਾਂਤਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਜੋ ਪਾਰਟੀ ਦੀ ਸਿਆਸੀ ਪਹੁੰਚ ਨੂੰ ਅੱਗੇ ਵਧਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਆਪਣੀਆਂ ਮੂਲ ਕਦਰਾਂ-ਕੀਮਤਾਂ ਅਤੇ ਤਰਜੀਹਾਂ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਰਨਾ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਵੱਲੋਂ ਆਪਣੇ ਮਤੇ ਰਾਹੀਂ ਭੇਜਿਆ ਗਿਆ ਸੰਦੇਸ਼ ਬਹੁਤ ਸਪੱਸ਼ਟ ਹੈ - ਸਾਡੇ ਸਿਧਾਂਤ ਰਾਜਨੀਤੀ ਤੋਂ ਉੱਪਰ ਹਨ।" "ਖਾਲਸਾ ਪੰਥ, ਸਾਰੀਆਂ ਘੱਟ ਗਿਣਤੀਆਂ ਅਤੇ ਹਰ ਪੰਜਾਬੀ ਦੇ ਨੁਮਾਇੰਦੇ ਹੋਣ ਦੇ ਨਾਤੇ, ਅਸੀਂ ਉਹਨਾਂ ਦੇ ਹਿੱਤਾਂ ਦੀ ਰਾਖੀ ਅਤੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹਾਂ।"
ਸਰਨਾ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਾਂ ਲਈ ਵਧੇਰੇ ਸ਼ਕਤੀਆਂ ਅਤੇ ਅਸਲ ਖੁਦਮੁਖਤਿਆਰੀ ਦੀ ਵਕਾਲਤ ਕਰਨ 'ਤੇ ਪਾਰਟੀ ਦਾ ਫੋਕਸ ਲੋਕਾਂ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੀ ਇਹ ਪ੍ਰਤੀਨਿਧਤਾ ਕਰਦੀ ਹੈ। ਉਨ੍ਹਾਂ ਕਿਹਾ, "ਸਾਡੀ ਪਾਰਟੀ ਇਨ੍ਹਾਂ ਬੁਨਿਆਦੀ ਮੁੱਦਿਆਂ 'ਤੇ ਲਗਾਤਾਰ ਡਟ ਕੇ ਖੜ੍ਹੀ ਹੈ, ਅਤੇ ਅਸੀਂ ਇਸ ਨੂੰ ਜਾਰੀ ਰੱਖਾਂਗੇ।"
ਸ੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀਆਂ ਭਾਵਨਾਵਾਂ ਦੀ ਗੂੰਜ ਵਿੱਚ, ਸਰਨਾ ਨੇ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਵਚਨਬੱਧਤਾਵਾਂ, ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ, ਜੋ ਆਪਣੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਹਨ, ਨੂੰ ਪੂਰਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ । ਪੰਥਕ ਆਗੂ ਨੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਪਾਰਟੀ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ, ਉਨ੍ਹਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਦੀ ਵਕਾਲਤ ਕਰਨ ਲਈ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਅਸੀਂ ਉਨ੍ਹਾਂ ਦੇ ਹੱਕਾਂ ਦੀ ਪੈਰਵੀ ਕਰਦੇ ਰਹਾਂਗੇ। ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਲਏ ਗਏ ਫੈਸਲੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜ਼ੋਰਦਾਰ ਮੁਹਿੰਮ ਵਿੱਢਣ ਦਾ ਰਾਹ ਪੱਧਰਾ ਕਰਦੇ ਹਨ।

ਬਾਬਾ ਅਜੈਬ ਸਿੰਘ ਮੱਖਣ ਵਿੰਡੀ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

 

ਨਵੀਂ ਦਿੱਲੀ, 23 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਅਜੈਬ ਸਿੰਘ ਮੱਖਣ ਵਿੰਡੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬਾਬਾ ਅਜੈਬ ਸਿੰਘ ਦਾ ਕਾਰ ਸੇਵਾ ਕਾਰਜਾਂ ਵਿਚ ਵੱਡਾ ਯੋਗਦਾਨ ਰਿਹਾ ਹੈ। ਇਨ੍ਹਾਂ ਨੇ ਗੁਰੂ ਘਰਾਂ ਦੀਆਂ ਸੇਵਾਵਾਂ ਵਿਚ ਵੱਡੇ ਕਾਰਜ ਕੀਤੇ ਹਨ। ਐਡਵੋਕੇਟ ਧਾਮੀ ਨੇ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਬਾਬਾ ਅਜੈਬ ਸਿੰਘ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬੱਲ ਪ੍ਰਦਾਨ ਕਰਨ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਸ. ਗੁਰਬਖ਼ਸ਼ ਸਿੰਘ ਖਾਲਸਾ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਸਕੱਤਰ ਸ. ਪ੍ਰਤਾਪ ਸਿੰਘ ਨੇ ਵੀ ਬਾਬਾ ਅਜੈਬ ਸਿੰਘ ਮੱਖਣਵਿੰਡੀ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਛੋਟੇ ਸੁਭਦੀਪ ਨੂੰ ਲੈ ਕੇ ਹੋਏ ਤਖਤ ਸ਼੍ਰੀ ਦਮਦਮਾ ਸਾਹਿਬ ਨਤਮਸਤਕ।

(ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਫਿਰ ਪਰਤੀਆਂ ਰੌਣਕਾਂ, ਛੋਟੇ ਸੁਭਦੀਪ ਦਾ ਹੋਇਆ ਗ੍ਰਹਿ ਪ੍ਰਵੇਸ਼)

ਤਲਵੰਡੀ ਸਾਬੋ, 23 ਮਾਰਚ  (ਗੁਰਜੰਟ ਸਿੰਘ ਨਥੇਹਾ)- ਛੋਟਾ ਸਿੱਧੂ ਮੂਸੇਵਾਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੀ ਹਵੇਲੀ ਵਿੱਚ ਆ ਗਿਆ ਹੈ ਅਤੇ ਮੂਸੇਵਾਲਾ ਦੀ ਹਵੇਲੀ ‘ਚ ਵਿਆਹ ਵਰਗਾ ਮਾਹੌਲ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਛੋਟੇ ਸ਼ੁਭਦੀਪ ਸਿੰਘ ਸਿੱਧੂ ਨੂੰ ਬਠਿੰਡਾ ਦੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਛੋਟੇ ਸੁਭਦੀਪ ਨੂੰ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਦਮਦਮਾ ਸਾਹਿਬ ਪਹੁੰਚੇ ਨਿੱਕੇ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਸਿਰੋਪਾ ਭੇਂਟ ਕੀਤਾ ਗਿਆ। ਪ੍ਰਮਾਤਮਾ ਵਾਹਿਗੁਰੂ ਦਾ ਓਟ ਆਸਰਾ ਲੈਣ ਉਪਰੰਤ ਪਿੰਡ ਮੂਸਾ ਆਪਣੇ ਘਰ ਪਹੁੰਚੇ, ਜਿੱਥੇ ਪਿੰਡ ਵਾਸੀਆਂ ਤੇ ਦੁਨੀਆਂ ਭਰ ‘ਚੋਂ ਲੋਕਾਂ ਨੇ ਵਧਾਈਆਂ ਦਿੰਦਿਆਂ ਪਰਿਵਾਰ ਦੀਆਂ ਖੁਸ਼ੀਆਂ ‘ਚ ਸ਼ਮੂਲੀਅਤ ਕੀਤੀ।  ਜਦੋਂ ਦੋਵਾਂ ਨੂੰ ਛੁੱਟੀ ਮਿਲੀ ਤਾਂ ਪਿੰਡ ਦੀਆਂ ਔਰਤਾਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਖੁਸ਼ੀ ਮਨਾਈ। ਪਰਿਵਾਰਕ ਮੈਂਬਰਾਂ ਨੇ ਹਵੇਲੀ ਅਤੇ ਪੁਰਾਣੇ ਘਰ ਨੂੰ ਖੂਬਸੂਰਤੀ ਨਾਲ ਸਜਾਇਆ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਖੁਸ਼ੀ ‘ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ‘ਚ ਸਿੱਧੂ ਨੂੰ ਚਚਾਹੁਣ ਵਾਲੇ ਲੋਕ ਮੌਜ਼ੂਦ ਹਨ।
ਦੱਸ ਦੇਈਏ ਕਿ ਬੀਤੇ 17 ਮਾਰਚ ਨੂੰ ਨਿੱਕੇ ਸਿੱਧੂ ਦਾ ਜਨਮ ਹੋਇਆ ਸੀ। ਹੁਣ ਫਿਰ ਤੋਂ ਸਿੱਧੂ ਆਪਣੀ ਹਵੇਲੀ ਵਿਚ ਵਾਪਸ ਆਏਗਾ। ਬਾਪੂ ਬਲਕੌਰ ਸਿੰਘ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣਾ ਸ਼ੁਭਦੀਪ ਵਾਪਸ ਮਿਲ ਗਿਆ ਹੈ। ਇਸ ਮੌਕੇ ਮਾਤਾ ਚਰਨ ਕੌਰ ਦੀਆਂ ਅੱਖਾਂ ਨਮ ਸਨ। ਪਰਿਵਾਰ ਲਈ ਬਹੁਤ ਹੀ ਖੁਸ਼ੀ ਦੇ ਪਲ ਹਨ।

ਮਾਲਵਾ ਵੈਲਫੇਅਰ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ।

-ਲੋਕ ਗਾਇਕ ਹਰਦੇਵ ਮਾਹੀਨੰਗਲ ਨੇ ਕੀਤਾ ਉਦਘਾਟਨ-

ਤਲਵੰਡੀ ਸਾਬੋ, 23 ਮਾਰਚ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀ ਨਾਮੀ ਸਮਾਜ ਸੇਵੀ ਸੰਸਥਾ ਮਾਲਵਾ ਵੈਲਫੇਅਰ ਕਲੱਬ ਵੱਲੋਂ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਪੁਰਾਤਨ ਲੋਕ ਗਾਇਕੀ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਲੋਕ ਗਾਇਕ ਹਰਦੇਵ ਮਾਹੀਨੰਗਲ ਅਤੇ ਡਾਕਟਰ ਵਿਵੇਕ ਜਿੰਦਲ ਵੱਲੋਂ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਇਸ ਕੈਂਪ ਵਿੱਚ ਬਲੱਡ ਦੀਆਂ 60 ਯੂਨਿਟਾਂ ਇਕੱਤਰ ਕੀਤੀਆਂ ਗਈਆਂ। ਕਲੱਬ ਪ੍ਰਧਾਨ ਵਿਕਾਸ ਸਿੰਗਲਾ ਅਤੇ ਸਰਪਰਸਤ ਅੰਮ੍ਰਿਤਪਾਲ ਸਿੰਘ ਬਰਾੜ ਦੁਆਰਾ ਸਾਰਿਆਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ। ਇਸ ਕੈਂਪ ਵਿੱਚ ਡਾਕਟਰ ਵਿਵੇਕ ਜਿੰਦਲ ਗੋਲਡ ਮੈਡੀਕਾ ਹਸਪਤਾਲ ਬਠਿੰਡਾ ਅਤੇ ਡਾਕਟਰ ਆਸ਼ੂ ਗੁਪਤਾ ਡੀ ਐਮ ਕਾਰਡੀਓਲੋਜਿਸਟ ਵੱਲੋਂ ਸੀਪੀਆਰ ਫਸਟ ਏਡ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਸ੍ਰ. ਗੁਰਚਰਨ ਸਿੰਘ ਬੀਐਸਸੀ ਅਤੇ ਸਰਦਾਰ ਕੇਹਰ ਸਿੰਘ ਸੰਧੂ ਰਿਟਾਇਰ ਐਸਡੀਓ ਪਹੁੰਚੇ। ਇਸ ਪ੍ਰੋਗਰਾਮ ਵਿੱਚ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਸ਼ਾਂਤ ਸਿਟੀ-2 ਬਠਿੰਡਾ ਸਾਈਕਲ ਚੇਤਨਾ ਰੈਲੀ ਸ੍ਰ. ਨਿਰਮਲ ਸਿੰਘ ਮਾਨ, ਸ੍ਰ. ਹਰਕਮਲਪੀ੍ਤ ਸਿੰਘ ਸਿੱਧੂ, ਜਗਰੂਪ ਸਿੰਘ ਜੌੜਾ, ਗੁਰਜੰਟ ਸਿੰਘ ਡੀਪੀਈ ਭਾਗੀਵਾਂਦਰ ਆਦਿ ਦੀ ਅਗਵਾਈ ਵਿੱਚ ਇਸ ਖੂਨਦਾਨ ਕੈਂਪ ਵਿੱਚ ਪਹੁੰਚੀ। ਇਸ ਪ੍ਰੋਗਰਾਮ ਵਿੱਚ ਲੋਕ ਗਾਇਕ ਹਰਦੇਵ ਮਾਹੀਨੰਗਲ ਦੁਆਰਾ ਆਪਣੇ ਗੀਤਾਂ ਰਾਹੀਂ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਨਾਲ ਹੀ ਮਨਪ੍ਰੀਤ ਜਲਾਲ ਦੀ ਟੀਮ ਵੱਲੋਂ ਪੁਰਾਤਨ ਲੋਕ ਗਾਇਕੀ ਦਾ ਰੂਪ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਰੇਵਤੀ ਪ੍ਰਸ਼ਾਦ ਦੀ ਟੀਮ ਵੱਲੋਂ ਵੀ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀਸ਼ਰੀ ਰਾਹੀਂ ਆਪਣੀ ਹਾਜ਼ਰੀ ਲਵਾਈ ਗਈ। ਕਲੱਬ ਵੱਲੋਂ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਸਨਮਾਨ ਚਿੰਨ ਦੁਆਰਾ ਸਨਮਾਨ ਕੀਤਾ ਗਿਆ।ਸਮੁੱਚੇ ਪ੍ਰੋਗਰਾਮ ਲਈ ਮੰਚ ਸੰਚਾਲਨ ਦੀ ਸੇਵਾ ਕਲੱਬ ਦੇ ਸਕੱਤਰ ਗਗਨਦੀਪ ਸਿੰਘ ਹੈਪੀ ਦੁਆਰਾ ਕੀਤੀ ਗਈ। ਕਲੱਬ ਦੇ ਚੇਅਰਮੈਨ ਸ਼ੇਖਰ ਤਲਵੰਡੀ ਅਤੇ ਖਜਾਨਚੀ ਮਨਦੀਪ ਸਿੰਘ ਧਾਲੀਵਾਲ ਦੁਆਰਾ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸਹਾਰਾ ਕਲੱਬ ਦੇ ਸਰਪ੍ਰਸਤ ਡਾਕਟਰ ਸੁਖਦੇਵ ਸਿੰਘ ਵੱਲੋਂ ਕਲੱਬ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਕੈਂਪ ਵਿੱਚ ਮਿਸਟਰ ਸਿੰਘ ਵੱਲੋਂ ਕਿਤਾਬਾਂ ਦੀ ਸਟਾਲ ਲਗਾਈ ਗਈ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਅੰਗਰੇਜ਼ ਸਿੰਘ ਠੇਕੇਦਾਰ, ਰੋਕੀ ਬਾਂਸਲ, ਬਰਿੰਦਰ ਪਾਲ ਮਹੇਸ਼ਵਰੀ, ਗੁਰਦੇਵ ਸਿੰਘ ਚੱਠਾ, ਬਾਬਾ ਪਾਲੀ ਮਹੰਤ ਜੀ, ਡਾਕਟਰ ਨਵਦੀਪ ਕਾਲੜਾ, ਜਸਵਿੰਦਰ ਸ਼ਰਮਾ, ਡਾਕਟਰ ਪਰਮਜੀਤ ਕੌਰੇਆਣਾ, ਤਰਸੇਮ ਕੁਮਾਰ ਸਿੰਗਲਾ, ਰੁਪਿੰਦਰ ਸਿੱਧੂ, ਮਲਕੀਤ ਖਾਂਨ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਸਮੇਂ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਸ੍ਰੀ ਚਿਮਨ ਲਾਲ, ਅਰਸ਼ਦੀਪ ਸਿੰਘ ਗਿੱਲ, ਜਗਨਦੀਪ ਸਿੰਘ, ਹਰਬੰਸ ਮਾਨ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਰਾਜਿੰਦਰ ਚੱਠਾ, ਜਸਵੰਤ ਸਿੰਘ ਠੇਕੇਦਾਰ, ਬਲਕਰਨ ਮਾਨ, ਰਾਜਦੀਪ ਢਿੱਲੋਂ, ਬਲਰਾਜ ਸਿੰਘ, ਸ਼ੁਭਦੀਪ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਰਜਤ ਕੁਮਾਰ, ਬਲਵਿੰਦਰ ਬੱਡੂ, ਰਣਜੀਤ ਸਿੰਘ ਬਰਾੜ, ਰਾਜੀਵ ਕੁਮਾਰ, ਵਿਜੇ ਚੌਧਰੀ, ਪ੍ਰੀਤ ਤਲਵੰਡੀ, ਮੁਨੀਸ਼ ਚੌਧਰੀ ਆਦਿ ਹਾਜ਼ਰ ਸਨ।