ਸਾਬਕਾ ਵਿਧਾਇਕ ਕਲੇਰ ਚੇਅਰਮੈਨ ਅਤੇ ਮਾ:ਸਰਬਜੀਤ ਹੇਰਾਂ ਪ੍ਰਧਾਨ ਚੁਣੇ ਗਏ
ਜਗਰਾਂਉ, 9 ਫਰਵਰੀ ( ਹਰਵਿੰਦਰ ਸਿੰਘ ਸੱਗੂ )—ਸਥਾਨਕ ਸ਼ਹਿਰ ਦੇ ਪ੍ਰਮੁੱਖ ਬੱਸ ਸਟੈਂਡ ਨਜ਼ਦੀਕ ਬਣੀ ਕਲੋਨੀ ਗਰੀਨ ਸਿਟੀ ਦੇ ਵਾਸੀਆਂ ਵੱਲੋਂ ਬਣਾਈ ਗਈ 'ਗਰੀਨ ਸਿਟੀ ਵੈਲਫੇਅਰ ਸੁਸਾਇਟੀ' ਦੀ ਸਲਾਨਾ ਚੋਣ ਸਰਬਸੰਮਤੀ ਨਾਲ ਹੋਈ। ਜਿਸ ਵਿੱਚ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਇਸ ਵਾਰ ਫਿਰ ਕਮੇਟੀ ਦੇ ਚੇਅਰਮੈਨ ਚੁਣੇ ਗਏ ਅਤੇ ਮਾ:ਸਰਬਜੀਤ ਸਿੰਘ ਹੇਰਾਂ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆਂ ਗਿਆ। ਬਾਕੀ ਚੁਣੀ ਗਈ ਕਮੇਟੀ ਵਿੱਚ ਸੂਬੇਦਾਰ ਪਵਿੱਤਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਹਰਵੀਰ ਸਿੰਘ ਢਿੱਲੋਂ ਮੁੱਖ ਕੈਸ਼ੀਅਰ, ਸੌਰਵ ਕਲਸੀ ਜੁਆਇੰਟ ਕੈਸ਼ੀਅਰ, ਪਰਮਜੀਤ ਸਿੰਘ ਚੀਮਾਂ ਸਕੱਤਰ, ਮਨਪ੍ਰੀਤ ਸਿੰਘ ਜੁਆਇੰਟ ਸਕੱਤਰ ਅਤੇ ਕੈਪਟਨ ਬਖ਼ਤਾਵਰ ਸਿੰਘ, ਅਮਰਜੀਤ ਸਿੰਘ ਗਰੇਵਾਲ, ਮਾ:ਹਰਬੰਸ ਸਿੰਘ ਜੰਡੀ, ਜਗਰੂਪ ਸਿੰਘ ਗੋਰਸੀਆਂ ਆਦਿ ਸਰਬਸੰਮਤੀ ਨਾਲ ਸਲਾਹਕਾਰ ਚੁਣੇ ਗਏ। ਇਕੱਤਰ ਹੋਏ ਗਰੀਨ ਸਿਟੀ ਵਾਸੀਆਂ ਵੱਲੋਂ ਕਲੋਨੀ ਦੀ ਸਾਫ-ਸਫ਼ਾਈ, ਸੁੰਦਰਤਾ, ਮੁਰੰਮਤ ਅਤੇ ਸੁਰੱਖਿਆ ਦੇ ਸਬੰਧ ਵਿੱਚ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਅਤੇ ਕਲੋਨੀ ਵਿੱਚ ਰਹਿਣ ਵਾਲੇ ਪਰਿਵਾਰਾਂ ਸਬੰਧੀ ਏਜੰਡਾ ਤਿਆਰ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰਤੇ ਪਹੁੰਚੇ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਦਾ ਉਚੇਚੇ ਤੌਰਤੇ ਸਨਮਾਨ ਕੀਤਾ ਗਿਆ ਅਤੇ ਇਸ ਸਨਮਾਨ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਾਬਕਾ ਵਿਧਾਇਕ ਅਤੇ ਸੁਸਾਇਟੀ ਦੇ ਚੇਅਰਮੈਨ ਐਸ.ਆਰ.ਕਲੇਰ ਨੇ ਆਖਿਆ ਕਿ ਅਮਰਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪਹਿਲ ਪੱਧਰ 'ਤੇ ਜੋ ਬੀੜਾ ਚੁੱਕਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਚੰਗੇ ਕਾਰਜ ਕਰਨ ਵਾਲਿਆਂ ਦਾ ਸਨਮਾਨ ਕਰਕੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ। ਨਗਰ ਕੌਂਸਲ ਅਧਿਕਾਰੀ ਅਮਰਿੰਦਰ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਮੰਨਜ਼ੂਰੀ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਅਤੇ ਮੰਨਜ਼ੂਰੀ ਉਪਰੰਤ ਰਹਿੰਦੇ ਕਾਰਜਾਂ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ।