ਜ਼ੀਰਾ, ਸਤੰਬਰ 2019-(ਸਤਪਾਲ ਸਿੰਘ ਦੇਹੜਕਾ )- ਫਿਰੋਜ਼ਪੁਰ ਜ਼ਿਲ੍ਹੇ ਦੀ ਜ਼ੀਰਾ ਤਹਿਸੀਲ ਦਾ ਛੋਟਾ ਜਿਹਾ ਪਿੰਡ ਹੈ ਮਰਖਾਈ। ਜ਼ੀਰੇ ਤੋਂ ਸੱਤ ਕੁ ਕਿਲੋਮੀਟਰ ਦੂਰ ਮਰਖਾਈ ਜਾਂਦਿਆਂ ਪੰਜ ਸੌ ਮੀਟਰ ਪਹਿਲਾਂ ਹੀ ਸੱਜੇ ਹੱਥ ਖੇਤ ’ਚ ਇੱਕੋ ਘਰ ਹੈ। ਰਮਨਦੀਪ ਕੌਰ ਦਾ ਨਾਂ ਪੁੱਛਣ ਉੱਤੇ ਨੌਜਵਾਨ ਤੁਰੰਤ ਦੱਸਦਾ ਹੈ ਅੱਛਾ! ਉਹ ਸੋਸ਼ਲ ਮੀਡੀਆ ਵਾਲੀ ਕੁੜੀ। ਪਿੱਛੇ ਖੇਤ ’ਚ ਬਰੋਟੇ ਨਾਲ ਜਾਂਦਾ ਰਾਹ ਉਸੇ ਦੇ ਘਰ ਨੂੰ ਜਾਂਦਾ ਹੈ। ਪੁਲੀਸ ਅਫਸਰਾਂ ਤੇ ਪਿੰਡ ਵਾਸੀਆਂ ਨੂੰ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੇ ਘਰ ਦੇ ਨਜ਼ਦੀਕ ਖਰੀਆਂ ਖਰੀਆਂ ਸੁਣਾਉਣ ਵਾਲੀ ਇਹ ਕੁੜੀ ਅਚਾਨਕ ਉਸੇ ਦਿਨ ਨਹੀਂ ਬੋਲੀ ਬਲਕਿ ਲੰਬੇ ਸਮੇਂ ਤੋਂ ਨਸ਼ਿਆਂ ਖ਼ਿਲਾਫ਼ ਜੂਝ ਰਹੀ ਹੈ। ਹਾਂ, ਸ਼ੋਸ਼ਲ ਮੀਡੀਆ ਨੇ ਰਾਤੋ ਰਾਤ ਉਸ ਨੂੰ ਖਿੱਚ ਦਾ ਕੇਂਦਰ ਜ਼ਰੂਰ ਬਣਾ ਦਿੱਤਾ।
ਰਮਨਦੀਪ ਦੋ ਵਾਰ ਵਿਆਹੀ ਗਈ ਅਤੇ ਦੋਵੇਂ ਹੀ ਪਤੀ ਨਸ਼ੇ ਦੀ ਲਤ ਦਾ ਸ਼ਿਕਾਰ ਨਿਕਲੇ। ਉਨ੍ਹਾਂ ਦੇ ਘਰ ਦੇ ਨਾਲ ਹੀ ਦਾਦਾ ਰਛਪਾਲ ਸਿੰਘ ਵੱਲੋਂ ਲਗਾਏ ਇੱਕ ਤੂਤ ਨਾਲ ਗੱਲਾਂ ਕਰਦੀ ਵੱਡੀ ਹੋਈ ਰਮਨਦੀਪ ਕਹਿੰਦੀ ਹੈ, ‘ਉਹ ਛੋਟੇ ਤੋਂ ਵੱਡੇ ਹੋਏ ਤੂਤ ਦੇ ਬੂਟੇ ਨੇ ਜੋ ਸੰਤਾਪ ਝੱਲੇ ਹਨ, ਮੈਨੂੰ ਇਹੀ ਲੱਗਦਾ ਹੈ ਕਿ ਸਾਡੀ ਹੋਣੀ ਇੱਕੋ ਜਿਹੀ ਹੈ। ਕਿਤੇ ਟਰੈਕਟਰ ਲੰਘਾਉਣ ਦੀ ਗੱਲ ਆਉਂਦੀ ਤਾਂ ਤੂਤ ਦੀਆਂ ਟਾਹਣੀਆਂ ਕੱਟ ਦਿਓ। ਕਦੇ ਕੰਧ ਬਣਾਉਣੀ ਹੁੰਦੀ ਤਾਂ ਉਸ ਨੂੰ ਦੂਸਰੇ ਪਾਸੇ ਖਿੱਚ ਕੇ ਬੰਨ੍ਹ ਦਿਓ।’ ਰਮਨਦੀਪ ਦੀ ਦਸਵੀਂ ਜਮਾਤ ਪਾਸ ਕਰਦਿਆਂ ਹੀ 2006 ’ਚ ਸ਼ਾਦੀ ਕਰ ਦਿੱਤੀ ਗਈ। ਦੱਸਿਆ ਗਿਆ ਸੀ ਕਿ ਲੜਕਾ ਸਰਕਾਰੀ ਨੌਕਰ ਹੈ ਜੋ ਝੂਠ ਨਿਕਲਿਆ ਪਰ ਇਸ ਤੋਂ ਵੀ ਵੱਡੀ ਸੱਟ ਉਸ ਵਕਤ ਲੱਗੀ ਜਦੋਂ ਪਤੀ ਦੇ ਨਸ਼ੇੜੀ ਹੋਣ ਦੀ ਸਚਾਈ ਸਾਹਮਣੇ ਆਈ। ਇਸ ਤੋਂ ਸਿਰਫ਼ ਇੱਕ ਮਹੀਨੇ ਅੰਦਰ ਰਮਨਦੀਪ ਨੇ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਤੇ ਦਾਦੀ ਨੇ ਉਸ ਦਾ ਸਾਥ ਦਿੱਤਾ। ਮੁਕੱਦਮਾ ਚੱਲਿਆ ਤੇ ਲਗਪਗ ਢਾਈ ਸਾਲ ਬਾਅਦ ਤਲਾਕ ਹੋ ਗਿਆ। ਇਸ ਮਗਰੋਂ ਉਸ ਨੇ 12ਵੀਂ ਤੇ ਲੈਬ ਟੈਕਨੀਸ਼ੀਅਨ ਦਾ ਡਿਪਲੋਮਾ ਕਰਕੇ ਕਈ ਹਸਪਤਾਲਾਂ ਵਿੱਚ ਨੌਕਰੀ ਵੀ ਕੀਤੀ। ਉਸ ਨੇ ਭਰੂਣ ਹੱਤਿਆ, ਨਸ਼ੇ ਅਤੇ ਹੋਰ ਮੁੱਦਿਆਂ ਬਾਰੇ ਨਾਟਕ ਲਿਖ ਕੇ ਵਿੱਦਿਅਕ ਸੰਸਥਾਵਾਂ ਵਿੱਚ ਖਿਡਾਉਣੇ ਵੀ ਸ਼ੁਰੂ ਕੀਤੇ। 2011 ’ਚ ਰਮਨਦੀਪ ਦੀ ਦੂਜੀ ਸ਼ਾਦੀ ਫਾਜ਼ਿਲਕਾ ਜ਼ਿਲ੍ਹੇ ਦੇ ਜੰਡਵਾਲਾ ਪਿੰਡ ’ਚ ਕਰ ਦਿੱਤੀ। ਲੜਕਾ ਦਸ ਪੜ੍ਹਿਆ ਸੀ। ਰਮਨਦੀਪ ਨੇ ਉਸ ਨੂੰ ਪੜ੍ਹਨ ਲਈ ਪ੍ਰੇਰਿਆ ਅਤੇ 12ਵੀਂ ਕਰਵਾ ਦਿੱਤੀ। ਨਸ਼ੇ ਦੀ ਲਤ ਇਸ ਲੜਕੇ ਨੂੰ ਵੀ ਪਹਿਲਾਂ ਹੀ ਲੱਗ ਚੁੱਕੀ ਸੀ। ਨਸ਼ਾ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅਖੀਰ ਤਿੰਨ ਸਾਲ ਦੀ ਇੱਕ ਬੇਟੀ ਤੇ ਨੌਂ ਮਹੀਨਿਆਂ ਦੇ ਬੇਟੇ ਸਮੇਤ ਰਮਨਦੀਪ ਨੂੰ ਛੱਡ 2016 ਵਿੱਚ ਉਹ ਜੀਵਨ ਨੂੰ ਅਲਵਿਦਾ ਕਹਿ ਗਿਆ।
ਸਹੁਰੇ ਪਰਿਵਾਰ ਵੱਲੋਂ ਰਮਨਦੀਪ ਤੇ ਬੱਚਿਆਂ ਦੀ ਜ਼ਿੰਮੇਵਾਰੀ ਨਾ ਚੁੱਕਣ ਕਾਰਨ ਪੇਕੇ ਘਰ ਰਹਿ ਰਹੀ ਰਮਨਦੀਪ ਅਜੇ ਵੀ ਉਨ੍ਹਾਂ ਪ੍ਰਤੀ ਹਮਦਰਦੀ ਦੇ ਬੋਲ ਹੀ ਬੋਲਦੀ ਹੈ। ਉਸ ਦਾ ਕਹਿਣਾ ਹੈ ਉਨ੍ਹਾਂ ਵੀ ਜਵਾਨ ਪੁੱਤ ਗੁਆਇਆ ਹੈ। ਇੱਕ ਹੋਰ ਮੁੰਡਾ ਸੀ ਉਹ ਵੀ ਨਸ਼ੇ ਦੀ ਜਕੜ ’ਚ ਆ ਗਿਆ ਪਰ ਰਮਨਦੀਪ ਦੀ ਨਸ਼ਾ ਵਿਰੋਧੀ ਆਵਾਜ਼ ਕਰਕੇ ਹੁਣ ਉਸ ਦਾ ਦਿਓਰ ਨਸ਼ਾ ਛੁਡਾਊ ਕੇਂਦਰ ਵਿੱਚ ਖੁਦ ਚਲਾ ਗਿਆ ਹੈ। ਰਮਨਦੀਪ ਨੇ ਨੇੜਲੇ ਪਿੰਡ ਲੈਬਾਰਟਰੀ ਖੋਲ੍ਹੀ ਪਰ ਨਸ਼ਾ ਮਾਫ਼ੀਆ ਦੇ ਹੱਥ ਉੱਥੇ ਤੱਕ ਪੁੱਜੇ ਤੇ ਲੈਬ ਵੀ ਤੋੜ ਦਿੱਤੀ। ਰਮਨਦੀਪ ਸਿਲਾਈ ਦਾ ਕੰਮ ਕਰਕੇ ਬੇਟੀ ਹੈਵਨਪ੍ਰੀਤ ਕੌਰ ਅਤੇ ਪੰਜ ਸਾਲ ਦੇ ਬੇਟੇ ਦੀਪਜੋਤ ਸਿੰਘ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਨਸ਼ੇ ਦੀ ਮਾਰ ਝੱਲ ਰਹੇ ਪਰਿਵਾਰਾਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰਦੀ ਹੈ।
ਮਰਖਾਈ ਵਿੱਚ ਹੀ ਤਿੰਨ ਦਿਨ ਪਹਿਲਾਂ ਨਸ਼ੇ ਦੀ ਭੇਟ ਚੜ੍ਹੇ ਨੌਜਵਾਨ ਦੇ ਘਰ ਹੋ ਕੇ ਆਈ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਨਸ਼ੇ ਦੇ ਮੁੱਦੇ ਉੱਤੇ ਪੁਲੀਸ ਨਾਲ ਮਿਲ ਕੇ ਬਹੁਤ ਸਾਰੇ ਸੈਮੀਨਾਰ ਕਰਵਾਏ। ਨੇੜੇ ਹੋ ਕੇ ਤੱਕਣ ਦਾ ਮੌਕਾ ਮਿਲਿਆ ਤਾਂ ਰੂਹ ਕੰਬ ਉੱਠੀ। ਉੱਚ ਅਧਿਕਾਰੀਆਂ ਤੱਕ ਪੁਲੀਸ ਦਾ ਇੱਕ ਵੱਡਾ ਹਿੱਸਾ ਨਸ਼ਾ ਤਸਕਰੀ ਵਿੱਚ ਲੱਗੇ ਲੋਕਾਂ ਦਾ ਮਦਦਗਾਰ ਦਿਖਾਈ ਦੇਣ ਲੱਗਿਆ। ਹੁਣ ਰਮਨਦੀਪ ਨੂੰ ਪੁਲੀਸ ਤੇ ਗੈਰ ਸਮਾਜੀ ਤੱਤਾਂ ਖ਼ਿਲਾਫ਼ ਨਾ ਬੋਲਣ ਦੀਆਂ ਧਮਕੀਆਂ ਵੀ ਮਿਲਣ ਲੱਗੀਆਂ ਹਨ ਪਰ ਲੋਕਾਂ ਦੇ ਮਿਲ ਰਹੇ ਸਹਿਯੋਗ ਨੇ ਹੌਸਲਾ ਵੀ ਦਿੱਤਾ। ਹੁਣ ਤਾਂ ਸਹੁਰੇ ਪਰਿਵਾਰ ਸਮੇਤ ਉਹ ਸਾਰੇ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਵੀ ਫੋਨ ਕਰਨ ਲੱਗੇ ਹਨ ਜੋ ਕਸ਼ਟ ਪਿਆਂ ਨਾਤਾ ਤੋੜ ਗਏ ਸਨ।
ਰਮਨਦੀਪ ਕੌਰ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਅਤੇ ਪੁਲੀਸ ਦੀ ਮਿਲੀਭੁਗਤ ਤੋਂ ਬਿਨਾਂ ਨਸ਼ਾ ਕਿਵੇਂ ਵਿਕ ਸਕਦਾ ਹੈ? ਲੋਕਾਂ ਦੇ ਬੱਚਿਆਂ ਨੂੰ ਕੋਈ ਕੰਮ ਨਹੀਂ, ਖੇਡਾਂ ਵੱਲ ਰੁਚਿਤ ਕਰਨ ਲਈ ਕੋਈ ਨੀਤੀ ਤੇ ਪਿੰਡਾਂ ਵਿੱਚ ਕੋਈ ਢਾਂਚਾ ਨਹੀਂ ਅਤੇ ਪ੍ਰੇਰਨਾ ਸਰੋਤ ਲੋਕਾਂ ਦੀ ਕਮੀ ਹੈ। ਸਿਆਸੀ ਆਗੂਆਂ ਨੂੰ ਚੰਡੀਗੜ੍ਹ ਵਿੱਚ ਮਿਲਣਾ ਹੀ ਨਾਮੁਮਕਿਨ ਹੋਇਆ ਹੈ। ਧਾਰਮਿਕ, ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਉੱਤੇ ਇਸ ਗੰਭੀਰ ਮੁੱਦੇ ਨੂੰ ਵਿਸਾਰਨ ਦਾ ਦੋਸ਼ ਲਗਾਉਂਦਿਆਂ ਰਮਨਦੀਪ ਦਾ ਕਹਿਣਾ ਹੈ ਕਿ ਹੁਣ ਇੱਕੋ ਇੱਕ ਰਾਹ ਜਨਤਕ ਅੰਦੋਲਨ ਦਾ ਬਚਿਆ ਹੈ। ਮੌਜੂਦਾ ਪੀੜ੍ਹੀ ਬਚਾਈ ਨਹੀਂ ਜਾ ਸਕਦੀ ਪਰ ਇਸ ਤੋਂ ਅਗਲੀ ਹੀ ਬਚਾ ਲਈਏ ਤਾਂ ਕਾਫੀ ਹੈ। ਨਸ਼ਾ ਕਰਦੇ ਇੱਕ ਅੱਠ ਸਾਲ ਦੇ ਬੱਚੇ ਦੀ ਕਹਾਣੀ ਸੁਣਾਉਂਦਿਆਂ ਰਮਨਦੀਪ ਖੁਦ ਵੀ ਭਾਵੁਕ ਹੋ ਜਾਂਦੀ ਹੈ। ਧਮਕੀਆ ਜਾਂ ਚਿਤਾਵਨੀਆਂ ਬਾਰੇ ਪੰਜਾਬ ਦੀ ਇਹ ਦਲੇਰ ਧੀ ਕਹਿੰਦੀ ਹੈ ਕਿ ਕਿਸੇ ਮਿਸ਼ਨ ਲਈ ਮਰ ਜਾਣਾ ਹਰ ਰੋਜ਼ ਮਰਨ ਨਾਲੋਂ ਬਿਹਤਰ ਹੁੰਦਾ ਹੈ।