You are here

ਭਾਰਤ

ਦਿੱਲੀ ਗੁਰਦਵਾਰਾ ਚੋਣ ਲੜਨ ਵਾਲੇ ਉਮੀਦਵਾਰ ਨੂੰ ਹੁਣ ਉਨ੍ਹਾਂ ਤੇ ਦਰਜ਼ ਅਪਰਾਧੀਕ ਮਾਮਲਿਆਂ ਦਾ ਦੇਣਾ ਪਵੇਗਾ ਵੇਰਵਾ : ਐਡਵੋਕੇਟ ਸੱਚਦੇਵਾ

ਉਮੀਦਵਾਰ ਦੇ ਵੇਰਵੇ ਵੈੱਬਸਾਈਟਾਂ, ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਜਾਣ ਦੇ ਨਾਲ ਅਖਬਾਰਾਂ ਵਿਚ ਹੋਣਗੇ ਪਬਲਿਸ਼  

ਨਵੀਂ ਦਿੱਲੀ 7 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਵਕੀਲ ਸਰਦਾਰ ਕੁਲਜੀਤ ਸਿੰਘ ਸੱਚਦੇਵਾ ਵਲੋਂ ਦਿੱਲੀ ਦੀ ਹਾਈ ਕੋਰਟ ਅੰਦਰ ਗੁਰਦੁਆਰਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਤੇ ਚਲ ਰਹੇ ਅਪਰਾਧੀਕ ਮੁਕੱਦਮਿਆਂ ਦਾ ਵੇਰਵਾ ਲਿਖਣਾ ਅਤੇ ਵੈਬਸਾਈਟ ਤੇ ਲਾਜ਼ਮੀ ਤੌਰ ਤੇ ਅਪਲੋਡ ਕਰਣ ਦੀ ਅਪੀਲ ਦਾਇਰ ਕੀਤੀ ਸੀ ਜਿਸ ਤੇ ਅਦਾਲਤ ਵਲੋਂ ਉਨ੍ਹਾਂ ਦੀ ਅਪੀਲ ਤੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਜਾਣ ਵਾਲੇ ਫਾਰਮ ਨਾਲ ਹੁਣ ਉਨ੍ਹਾਂ ਨੂੰ ਇਕ ਨਵਾਂ ਫਾਰਮ ਵੀ ਭਰਨਾ ਲਾਜ਼ਮੀ ਕਰ ਦਿੱਤਾ ਹੈ । ਇਸ ਫਾਰਮ ਵਿੱਚ ਉਨ੍ਹਾਂ ਨੂੰ ਮੋਟੇ ਅੱਖਰਾਂ ਵਿੱਚ ਆਪਣੇ ਵਿਰੁੱਧ ਦਰਜ ਸਾਰੇ ਬਕਾਇਆ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦੇਣੀ ਹੋਵੇਗੀ। ਸਰਦਾਰ ਸੱਚਦੇਵਾ ਨੇ ਦਸਿਆ ਕਿ ਉਨ੍ਹਾਂ ਨੇ ਅਦਾਲਤ ਨੂੰ ਸੁਪਰੀਮ ਕੋਰਟ ਦੇ ਸਾਲ 2011 ਅਤੇ 2019 ਵਿਚ ਦਿੱਤੇ ਗਏ ਦੋ ਆਦੇਸ਼ਾਂ ਬਾਰੇ ਦਸਿਆ ਕਿ ਜਿਸ ਤਰ੍ਹਾਂ ਰਾਜ ਅਤੇ ਦੇਸ਼ ਦੀ ਚੋਣ ਪ੍ਰਕਰੀਆ ਅੰਦਰ ਉਮੀਦਵਾਰ ਨੂੰ ਆਪਣੇ ਸਾਰੇ ਵੇਰਵੇ ਦੇਣੇ ਪੈਂਦੇ ਹਨ ਇਸੇ ਤਰ੍ਹਾਂ ਇਹ ਨਿਯਮ ਦਿੱਲੀ ਗੁਰੂਦੁਆਰਾ ਕਮੇਟੀ ਦੇ ਚੋਣਾਂ ਤੇ ਵੀ ਲਾਗੂ ਕੀਤੀ ਜਾਏ। ਅਦਾਲਤ ਦੇ ਹੁਕਮਾਂ ਤੋਂ ਬਾਅਦ ਹੁਣ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਉਣ ਲਈ ਇਹ ਫੈਸਲਾ ਲਿਆ ਹੈ। ਗੁਰਦੁਆਰਾ ਚੋਣ ਡਾਇਰੈਕਟੋਰੇਟ ਅਨੁਸਾਰ ਇਹ ਪਹਿਲਕਦਮੀ ਖਾਸ ਤੌਰ 'ਤੇ ਉਮੀਦਵਾਰਾਂ ਵਿਰੁੱਧ ਲੰਬਿਤ ਅਪਰਾਧਿਕ ਮਾਮਲਿਆਂ ਨੂੰ ਦੂਰ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਨੂੰ ਲਾਗੂ ਕਰਣ ਲਈ ਗੁਰਦੁਆਰਾ ਚੋਣ ਡਾਇਰੈਕਟੋਰੇਟ ਲੋੜ ਅਨੁਸਾਰ ਨਿਯਮਾਂ ਵਿੱਚ ਸੋਧ ਕਰਕੇ ਇਨ੍ਹਾਂ ਪਾਰਦਰਸ਼ੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕਦਮ ਚੁੱਕਣੇ ਪੈਣਗੇ ।  ਸਿਆਸੀ ਪਾਰਟੀਆਂ ਇਹ ਯਕੀਨੀ ਬਣਾਉਣਗੀਆਂ ਕਿ ਉਨ੍ਹਾਂ ਵਲੋਂ ਚੋਣ ਲੜਨ ਵਾਲੇ ਉਮੀਦਵਾਰ ਦੇ ਪੂਰੇ ਵੇਰਵੇ ਉਨ੍ਹਾਂ ਦੀਆਂ ਵੈੱਬਸਾਈਟਾਂ, ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਜਾਣ ਦੇ ਨਾਲ ਅਖਬਾਰਾਂ ਵਿਚ ਪਬਲਿਸ਼ ਕੀਤੇ ਜਾਣ । ਤਾਂ ਜੋ ਆਮ ਵੋਟਰਾਂ ਨੂੰ ਇਨ੍ਹਾਂ ਮਾਮਲਿਆਂ ਬਾਰੇ ਜਾਣਕਾਰੀ ਮਿਲ ਸਕੇ। ਜੇਕਰ ਓਹ ਇਸ ਮਾਮਲੇ ਨੂੰ ਅਣਦੇਖੀ ਕਰਦੇ ਹਨ ਤਾਂ ਸੁਪਰੀਮ ਕੋਰਟ ਉਨ੍ਹਾਂ ਤੇ ਬਣਦੀ ਕਾਰਵਾਈ ਕਰ ਸਕਦੀ ਹੈ ।

ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤਖ਼ਤ ਪਟਨਾ ਸਾਹਿਬ ਕਮੇਟੀ ਨੇ ਰਿਹਾਇਸ਼ ਲਈ ਬਣੇ ਕਮਰਿਆਂ ਦੀ ਬੁਕਿੰਗ ਲਈ ਜਾਰੀ ਕੀਤਾ ਟੋਲ ਫ਼ਰੀ ਨੰਬਰ 

ਨਵੀਂ ਦਿੱਲੀ 7 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਵੱਲੋਂ ਟੋਲਫ਼੍ਰੀ ਨੰਬਰ 18008918967 ਜਾਰੀ ਕੀਤਾ ਗਿਆ ਹੈ ਜਿਸ ਦੇ ਚਲਦੇ ਸੰਗਤਾਂ ਦੇਸ਼-ਵਿਦੇਸ਼ ਤੋਂ ਟੈਲੀਫ਼ੋਨ ਕਰਕੇ 8 ਤੋਂ 20 ਜਨਵਰੀ ਤੱਕ ਰਿਹਾਇਸ਼ ਵਾਸਤੇ ਬੁਕਿੰਗ ਕਰ ਸਕਦੀਆਂ ਹਨ।
    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਬੁਲਾਰੇ ਸੁਦੀਪ ਸਿੰਘ ਨੇ ਦੱਸਿਆ ਕਿ ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਸਾਧ ਸੰਗਤ ਅਤੇ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 15 ਤੋਂ 17 ਜਨਵਰੀ ਤੱਕ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦਾ ਅੰਦਾਜ਼ਾ ਹੈ। ਇਸ ਲਈ ਸੰਗਤ ਨੂੰ ਰਿਹਾਇਸ਼ ਸਬੰਧੀ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ ਇਸ ਲਈ ਤਖ਼ਤ ਸਾਹਿਬ ਦੀ ਕਮੇਟੀ ਵੱਲੋਂ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ’ਤੇ ਸੰਗਤ ਕਾਲ ਕਰਕੇ ਆਪਣੀ ਰਿਹਾਇਸ਼ ਬੁੱਕ ਕਰ ਸਕਦੀ ਹੈ। 
ਉਨ੍ਹਾਂ ਦੱਸਿਆ ਕਿ ਇਹ ਸਹੂਲਤ 8 ਜਨਵਰੀ ਤੋਂ 20 ਜਨਵਰੀ ਤੱਕ ਸੰਗਤਾਂ ਲਈ ਮੌਜੂਦ ਰਹੇਗੀ। ਇਸ ਦੇ ਨਾਲ ਹੀ ਸੰਗਤਾਂ ਲਈ ਲੰਗਰ-ਪ੍ਰਸ਼ਾਦਿ ਪ੍ਰਬੰਧ ਵੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ।

25 ਸਾਲਾਂ ਤੋਂ ਇਕ ਦੂਜੇ ਨੂੰ ਗਾਲ੍ਹਾਂ ਕੱਢਣ ਵਾਲੇ ਅੱਜ ਨਿੱਜੀ ਮੁਫਾਦਾਂ ਵਾਸਤੇ ਇਕਜੁੱਟ ਹੋਏ: ਕਾਲਕਾ, ਕਾਹਲੋਂ

ਮਾਮਲਾ ਬੀਤੇ ਦਿਨੀਂ ਬਾਦਲ, ਸਰਨਾ ਅਤੇ ਜੀਕੇ ਦੇ ਇੱਕਠੇ ਹੋਣ ਦਾ 

ਨਵੀਂ ਦਿੱਲੀ, 26 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਬੀਤੇ ਕੱਲ੍ਹ ਦਿੱਲੀ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਦਰਮਿਆਨ ਹੋਏ ਸਮਝੌਤੇ ਨੂੰ ਨਿੱਜੀ ਮੁਫਾਦਾਂ ਲਈ ਕੀਤਾ ਗਿਆ ਸਮਝੌਤਾ ਕਰਾਰ ਦਿੰਦਿਆਂ ਕਿਹਾ ਹੈ ਕਿ 25 ਸਾਲ ਤੱਕ ਇਕ ਦੂਜੇ ਨੂੰ ਗਾਲ੍ਹਾਂ ਕੱਢਣ ਵਾਲੇ ਅੱਜ ਕੌਮ ਨੂੰ ਗੁੰਮਰਾਹ ਕਰਨ ਵਾਸਤੇ ਇਕਜੁੱਟ ਹੋਏ ਹਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਤਿੰਨਾਂ ਆਗੂਆਂ ਵੱਲੋਂ ਇਕ ਦੂਜੇ ਨੂੰ ਮੰਦਾ ਬੋਲਣ ਦੀਆਂ ਵੀਡੀਓ ਵਿਖਾਉਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਗੋਲਕ ਚੋਰੀ ਦੇ ਦੋਸ਼ਾਂ ਵਿਚ ਮਨਜੀਤ ਸਿੰਘ ਜੀ.ਕੇ. ਨੂੰ ਪਾਰਟੀ ਵਿਚੋਂ ਕੱਢਿਆ ਸੀ ਤੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਗੋਲਕ ਵਿਚੋਂ 10 ਕਰੋੜ ਰੁਪਏ ਦੀ ਦੁਰਵਰਤੋਂ ਕੀਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਮਨਜੀਤ ਸਿੰਘ ਜੀ.ਕੇ. ਨੇ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਤੇ 328 ਸਰੂਪ ਗਾਇਬ ਕਰਨ ਦੇ ਦੋਸ਼ ਲਾਏ ਸਨ। ਉਹਨਾਂ ਕਿਹਾ ਕਿ ਹੁਣ ਇਹਨਾਂ ਵਿਚ ਆਪਸੀ ਸਮਝੌਤਾ ਹੋ ਗਿਆ ਹੈ ਕਿ ਇਕ ਧਿਰ ਦੂਜੇ ਨੂੰ ਗੋਲਕ ਚੋਰ ਨਹੀਂ ਕਹੇਗੀ ਤੇ ਦੂਜੀ ਧਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ 328 ਸਰੂਪ ਚੋਰੀ ਹੋਣ ਦਾ ਹਿਸਾਬ ਨਹੀਂ ਮੰਗੇਗੀ।
ਉਹਨਾਂ ਕਿਹਾ ਕਿ ਇਸੇ ਤਰੀਕੇ ਪਰਮਜੀਤ ਸਿੰਘ ਸਰਨਾ ਜਿਹਨਾਂ ਨੇ ਅਕਾਲੀ ਦਲ ਤੇ ਬਾਦਲ ਪਰਿਵਾਰ ’ਤੇ ਪੰਜਾਬ ਨੂੰ ਬਰਬਾਦ ਕਰਨ, ਇਸਦੀ ਨੌਜਵਾਨੀ ਨੂੰ ਨਸ਼ਿਆਂ ਵਿਚ ਡੋਬਣ, ਬੇਅਦਬੀਆਂ ਕਰਨ ਤੇ ਪੰਥ ਤੇ ਕੌਮ ਦਾ ਅਤੇ ਅਕਾਲੀ ਦਲ ਦਾ ਬੇੜਾ ਗਰਕ ਕਰਨ ਦੇ ਦੋਸ਼ ਲਾਏ ਸਨ ਪਰ ਹੁਣ ਸੁਖਬੀਰ ਸਿੰਘ ਬਾਦਲ ਤੇ ਸਰਨਾ ਵਿਚਾਲੇ ਸਮਝੌਤਾ ਹੋ ਗਿਆ ਹੈ ਕਿ ਪਿਛਲੇ ਕੁਝ ਨਹੀਂ ਚੁੱਕਣੇ ਅਤੇ ਅਗਲਾ ਟੀਚਾ ਸਰਨਾ ਨੂੰ ਦਿੱਲੀ ਗੁਰਦੁਆਰਾ ਕਮੇਟੀ ’ਤੇ ਕਾਬਜ਼ ਕਰਵਾਉਣਾ ਦਾ ਮਿਥਿਆ ਹੈ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਦੀ ਸੰਗਤ ਬਹੁਤ ਸੁਲਝੀ ਹੋਈ ਅਤੇ ਸਿਆਣੀ ਹੈ ਜਿਸਨੇ ਪਹਿਲਾਂ 2021 ਦੀਆਂ ਚੋਣਾਂ ਵਿਚ ਇਹਨਾਂ ਧਿਰਾਂ ਨੂੰ ਕਰਾਰੀ ਮਾਤ ਦਿੱਤੀ। ਉਹਨਾਂ ਕਿਹਾ ਕਿ ਜਿਥੇ ਸਰਨਾ ਭਰਾਵਾਂ ਨੂੰ ਤੀਜੀ ਵਾਰ ਸੰਗਤ ਨੇ ਨਕਾਰਿਆ, ਉਥੇ ਹੀ ਮਨਜੀਤ ਸਿੰਘ ਜੀ.ਕੇ. ਤੇ ਉਹਨਾਂ ਦੀ ਜਾਗੋ ਪਾਰਟੀ ਨੂੰ ਸੰਗਤਾਂ ਨੇ ਬੁਰੀ ਤਰ੍ਹਾਂ ਨਕਾਰਿਆ।
ਉਹਨਾਂ ਕਿਹਾ ਕਿ ਅੱਜ ਇਹ ਲੋਕ ਕੌਮ ਨੂੰ ਗੁੰਮਰਾਹ ਕਰਨ ਦੀ ਖ਼ਾਤਰ ਇਕਜੁੱਟ ਹੋਏ ਹਨ ਤੇ ਫਿਰ ਤੋਂ ਦਿੱਲੀ ਵਿਚ ਪੈਰ ਜਮਾਉਣਾ ਚਾਹੁੰਦੇ ਹਨ ਪਰ ਇਹਨਾਂ ਦੇ ਇਹ ਯਤਨ ਕਦੇ ਵੀ ਸਫਲ ਨਹੀਂ ਹੋਣਗੇ। ਪੰਥਕ ਏਕਤਾ ਦੇ ਦਾਅਵੇ ’ਤੇ ਸਵਾਲ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਪੰਥਕ ਉਹ ਹਨ ਜਿਹਨਾਂ ਨੂੰ ਸੰਗਤ ਨੇ ਸੇਵਾ ਬਖਸ਼ੀ ਤੇ ਅੱਜ ਉਹ ਦਿੱਲੀ ਗੁਰਦੁਆਰਾ ਕਮੇਟੀ ਰਾਹੀਂ ਸੰਗਤਾਂ ਦੀ ਸੇਵਾ ਕਰ ਰਹੇ ਹਨ ਨਾ ਕਿ ਉਹ ਪੰਥਕ ਹਨ ਜਿਹਨਾਂ ਨੂੰ ਬੁਰੀ ਤਰ੍ਹਾਂ ਨਕਾਰਿਆ ਗਿਆ।
ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜਿਸ ਢੰਗ ਨਾਲ ਮੁਆਫੀ ਮੰਗੀ ਹੈ ਤੇ ਆਪਣੀ ਮੁਆਫੀ ਨੂੰ ਸਹੀ ਠਹਿਰਾਇਆ ਹੈ, ਉਹ ਬਹੁਤ ਹੀ ਗਲਤ ਹਰਕਤ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ’ਤੇ ਮੁਆਫੀ ਮੰਗਣ ਲਈ ਇਕ ਸਥਾਪਿਤ ਵਿਧੀ ਵਿਧਾਨ ਹੈ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ, ਸਾਬਕਾ ਗ੍ਰਹਿ ਮੰਤਰੀ ਸ੍ਰੀ ਬੂਟਾ ਸਿੰਘ ਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਵੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫੀ ਮੰਗੀ ਸੀ ਤੇ ਉਹਨਾਂ ਨੂੰ ਤਨਖਾਹ ਲਗਾਈ ਗਈ ਸੀ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਆਪ ਹੀ ਜੱਜ ਬਣ ਕੇ ਆਪਣੀ ਮੁਆਫੀ ਨੂੰ ਸਹੀ ਠਹਿਰਾ ਦਿੱਤਾ ਹੈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਛੋਟਾ ਕਰਨ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ’ਤੇ ਹਮੇਸ਼ਾ ਪਹਿਰਾ ਦਿੰਦੀ ਰਹੀ ਹੈ ਤੇ ਦੇਵੇਗੀ ਤੇ ਇਸ ਵਾਸਤੇ ਲੋੜੀਂਦਾ ਹਰ ਕਦਮ ਚੁੱਕੇਗੀ।
ਉਹਨਾਂ ਕਿਹਾ ਕਿ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਸੀ ਜਿਸਦਾ ਮਕਸਦ ਕੌਮ ਤੇ ਪੰਥ ਦੀ ਆਵਾਜ਼ ਬੁਲੰਦ ਕਰਨਾ ਸੀ, ਜਿਸਦਾ ਮਕਸਦ ਸਿੱਖ ਕੌਮ ਦੀ ਚੜ੍ਹਦੀਕਲਾ ਦੀ ਗੱਲ ਕਰਨੀ ਸੀ ਪਰ ਪਿਛਲੇ ਇਕ ਦਹਾਕੇ ਤੋਂ ਵੇਖਿਆ ਕਿ ਕਿਵੇਂ ਪਾਰਟੀ ਨੂੰ ਪੰਜਾਬ ਵਿਚ ਰੋਲ ਕੇ ਰੱਖ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸੇ ਲਈ ਸੰਗਤ ਨੇ ਉਹਨਾਂ ਨੂੰ ਨਕਾਰਿਆ ਕਿਉਂਕਿ ਉਹ ਮਕਸਦ ਤੋਂ ਭਟਕ ਗਏ ਤੇ ਸਿੱਖ ਕੌਮ ਤੇ ਪੰਥ ਨੂੰ ਚੜ੍ਹਦੀਕਲਾ ਦੀ ਥਾਂ ਨਿਘਾਰ ਵੱਲ ਲੈ ਗਏ। ਉਹਨਾਂ ਕਿਹਾ ਕਿ  ਇਹ ਲੋਕ ਸੰਗਤ ਨੂੰ ਬੇਵਾਕੂਫ ਸਮਝ ਰਹੇ ਹਨ ਪਰ ਸੰਗਤ ਸਭ ਤੋਂ ਜ਼ਿਆਦਾ ਸਿਆਣੀ ਹੈ ਤੇ ਸਹੀ ਫੈਸਲੇ ਲੈਂਦੀ ਹੈ। ਉਹਨਾਂ ਕਿਹਾ ਕਿ ਸਾਡਾ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਹੈ ਕਿ ਕੀ ਹੁਣ ਗੋਲਕ ਚੋਰੀਆਂ ਦਾ ਹਿਸਾਬ ਮਿਲ ਗਿਆ ? ਉਹਨਾਂ ਕਿਹਾ ਕਿ ਜਾਂ ਤਾਂ ਤੁਸੀਂ ਉਸ ਦਿਨ ਗਲਤ ਸੀ ਜਦੋਂ ਜੀ.ਕੇ. ਨੂੰ ਕੱਢਿਆ ਜਾਂ ਅੱਜ ਗਲਤ ਹੋ ਕਿ ਜਿਸਨੂੰ ਗੋਲਕ ਚੋਰ ਕਿਹਾ ਸੀ, ਜਿਸਨੂੰ ਕੋਰਟ ਤੇ ਪੰਥ ਤੋਂ ਕਲੀਨ ਚਿੱਟ ਨਾ ਮਿਲਣ ਦੇ ਬਾਵਜੂਦ ਉਸਨੂੰ ਪਾਰਟੀ ਵਿਚ ਸ਼ਾਮਲ ਕਰ ਰਹੇ ਹੋ, ਇਸਦਾ ਜਵਾਬ ਸੰਗਤ ਮੰਗਦੀ ਹੈ।
ਇਸ ਮੌਕੇ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਸਰਦਾਰ ਐਮ ਪੀ ਐਸ ਚੱਢਾ ਨੇ ਕਿਹਾ ਕਿ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਪਹਿਲਾਂ ਦਿੱਲੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਸਨ ਜਿਸ ਵਿਚ ਕੇਂਦਰ ਸਰਕਾਰ ਦੇ ਮੰਤਰੀ, ਪ੍ਰਧਾਨ ਮੰਤਰੀ ਤੇ ਸਾਰੀਆਂ ਪਾਰਟੀਆਂ ਦੇ ਆਗੂ ਪਹੁੰਚਦੇ ਸਨ ਪਰ ਸਰਕਾਰ ਨਾਲ ਨਾਅਤਾ ਟੁੱਟਣ ਮਗਰੋਂ ਉਹਨਾਂ ਗੁਰਪੁਰਬ ਮਨਾਉਣਾ ਹੀ ਛੱਡ ਦਿੱਤਾ ਤੇ ਦਿੱਲੀ ਵੀ ਛੱਡ ਦਿੱਤੀ ਪਰ ਹੁਣ ਉਹ ਫਿਰ ਤੋਂ ਦਿੱਲੀ ਵਾਪਸੀ ਲਈ ਯਤਨਸ਼ੀਲ ਹੋ ਗਏ ਹਨ। ਉਹਨਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਪਾਰਟੀ ਵਿਚ ਲਿਆ ਰਹੇ ਹਨ ਜਿਹਨਾਂ ਨੇ ਉਹਨਾਂ ਦੀ ਪਾਰਟੀ ਖਿਲਾਫ ਪਾਰਟੀਆਂ ਬਣਾਈਆਂ ਸਨ। ਉਹਨਾਂ ਸਵਾਲ ਕੀਤਾ ਕਿ ਕੀ ਮਨਜੀਤ ਸਿੰਘ ਜੀ.ਕੇ. ਜੀ ਉਦੋਂ ਜਾਗੇ ਸਨ ਜਾਂ ਹੁਣ ਜਾਗੇ ਹਨ। ਸਵਾਲ ਦੇ ਜਵਾਬ ਵਿਚ ਕਿਹਾ ਕਿ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਜੇਕਰ ਉਹ ਆਪਣੀ ਮੁਆਫੀ ਨੂੰ ਸਹੀ ਠਹਿਰਾਉਂਦੇ ਹਨ ਤਾਂ ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ।

ਸਾਹਿਬਜ਼ਾਦਿਆਂ ਦੀ ਕੁਰਬਾਨੀ ਭਾਰਤ ਲਈ ਪ੍ਰੇਰਨਾ ਸਰੋਤ ਹੈ: ਨਰਿੰਦਰ ਮੋਦੀ 

ਨਵੀਂ ਦਿੱਲੀ 26 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਮੰਡਪਮ ਵਿੱਚ ਆਯੋਜਿਤ ਵੀਰ ਬਾਲ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਦੇਸ਼ ਅੱਜ ਬਹਾਦਰ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਿਹਾ ਹੈ। ਵੀਰ ਬਾਲ ਦਿਵਸ ਸਾਨੂੰ ਬਹਾਦਰੀ ਦੀ ਯਾਦ ਦਿਵਾਉਂਦਾ ਹੈ। ਬੇਇਨਸਾਫ਼ੀ ਅਤੇ ਜ਼ੁਲਮ ਦਾ ਸਮਾਂ ਆਉਣ 'ਤੇ ਵੀ ਅਸੀਂ ਨਿਰਾਸ਼ਾ ਨੂੰ ਇਕ ਪਲ ਲਈ ਵੀ ਹਾਵੀ ਨਹੀਂ ਹੋਣ ਦਿੱਤਾ। ਅਸੀਂ ਭਾਰਤੀਆਂ ਨੇ ਆਤਮ-ਸਨਮਾਨ ਨਾਲ ਜ਼ਾਲਮਾਂ ਦਾ ਸਾਹਮਣਾ ਕੀਤਾ ਅਤੇ ਸਾਡੇ ਪੁਰਖਿਆਂ ਨੇ ਮਹਾਨ ਕੁਰਬਾਨੀ ਦਿੱਤੀ। ਉਨ੍ਹਾਂ ਨੇ ਆਪਣੇ ਪਿਆਰਿਆਂ ਲਈ ਜਿਉਣ ਨਾਲੋਂ ਦੇਸ਼ ਲਈ ਮਰਨ ਨੂੰ ਤਰਜੀਹ ਦਿੱਤੀ। ਅੱਜ ਸਾਨੂੰ ਆਪਣੇ ਵਿਰਸੇ 'ਤੇ ਮਾਣ ਹੈ। ਦੇਸ਼ ਗੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਆ ਰਿਹਾ ਹੈ। ਅਸੀਂ ਪੰਜ ਕਸਮਾਂ ਦੀ ਪਾਲਣਾ ਕਰਨੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਨੌਜਵਾਨਾਂ ਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਇਸ ਲਈ ਸਰੀਰਕ ਗਤੀਵਿਧੀਆਂ ਕਰਨਾ ਜ਼ਰੂਰੀ ਹੈ। ਨਸ਼ਾ ਅੱਜ ਦੇਸ਼ ਲਈ ਵੱਡੀ ਸਮੱਸਿਆ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਸਰਕਾਰ ਦੇ ਨਾਲ-ਨਾਲ ਸਮਾਜ ਅਤੇ ਪਰਿਵਾਰਾਂ ਨੂੰ ਵੀ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ। ਨਸ਼ਿਆਂ ਨੂੰ ਰੋਕਣ ਲਈ ਸਮਾਜ ਨੂੰ ਅੱਗੇ ਆਉਣਾ ਪਵੇਗਾ। ਆਜ਼ਾਦੀ ਦੇ ਅੰਮ੍ਰਿਤ ਵਿੱਚ ਵੀਰ ਬਾਲ ਦਿਵਸ ਦੇ ਰੂਪ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਪਿਛਲੇ ਸਾਲ ਦੇਸ਼ ਨੇ ਪਹਿਲੀ ਵਾਰ ਵੀਰ ਬਾਲ ਦਿਵਸ ਮਨਾਇਆ ਸੀ ਅਤੇ ਪੂਰੇ ਦੇਸ਼ ਨੇ ਬੜੇ ਭਾਵੁਕ ਹੋ ਕੇ ਸਾਹਬਜ਼ਾਦੇ ਦੀ ਗੱਲ ਸੁਣੀ। ਉਹ ਭਾਰਤੀਤਾ ਦੀ ਰੱਖਿਆ ਲਈ ਕੁਝ ਵੀ ਕਰਨ ਦਾ ਪ੍ਰਤੀਕ ਹੈ। ਬਹਾਦਰੀ ਦੀ ਉਚਾਈ ਲਈ ਛੋਟੀ ਉਮਰ ਮਾਇਨੇ ਨਹੀਂ ਰੱਖਦੀ। ਦੇਸ਼ ਮਾਤਾ ਗੁਜਰੀ, ਗੁਰੂ ਗੋਬਿੰਦ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਦੀਵਾਨ ਟੋਡਰ ਮੱਲ ਅਤੇ ਮੋਤੀ ਲਾਲ ਨਹਿਰਾ ਨੂੰ ਵੀ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀਰ ਬਾਲ ਦਿਵਸ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਵੀ ਮਨਾਇਆ ਜਾ ਰਿਹਾ ਹੈ ਜਿਸ ਨਾਲ ਸਾਹਿਬਜ਼ਾਦਿਆਂ ਨੂੰ ਹੁਣ ਦੁਨੀਆ ਜਾਣੇਗੀ । ਉਨ੍ਹਾਂ ਕਿਹਾ ਕਿ ਚਮਕੌਰ ਅਤੇ ਸਰਹਿੰਦ ਦੀ ਲੜਾਈ ਇਤਿਹਾਸ ਵਿੱਚ ਮਿਸਾਲ ਹੈ। ਬੇਇਨਸਾਫ਼ੀ ਅਤੇ ਜ਼ੁਲਮ ਦਾ ਅਥਾਹ ਹਨੇਰਾ ਹੋਣ ਦੇ ਬਾਵਜੂਦ ਵੀ ਉਸ ਨੇ ਨਿਰਾਸ਼ਾ ਨੂੰ ਹਾਵੀ ਨਹੀਂ ਹੋਣ ਦਿੱਤਾ। ਹਰ ਯੁੱਗ ਦੇ ਸਾਡੇ ਪੁਰਖਿਆਂ ਨੇ ਮਹਾਨ ਕੁਰਬਾਨੀ ਦਿੱਤੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅੱਜ ਦੇ ਭਾਰਤ ਲਈ ਪ੍ਰੇਰਨਾ ਸਰੋਤ ਹੈ।
ਇਥੇ ਧਿਆਨਦੇਣ ਯੋਗ ਹੈ ਕਿ ਵੀਰ ਬਾਲ ਦਿਵਸ ਦੇ ਮੌਕੇ 'ਤੇ ਸਰਕਾਰ ਦੇਸ਼ ਵਾਸੀਆਂ ਖਾਸ ਕਰਕੇ ਛੋਟੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਦਲੇਰੀ ਦੀ ਕਹਾਣੀ ਸੁਣਾ ਰਹੀ ਹੈ। ਸਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੇ ਜੀਵਨ ਅਤੇ ਕੁਰਬਾਨੀ ਬਾਰੇ ਇੱਕ ਡਿਜੀਟਲ ਪ੍ਰਦਰਸ਼ਨੀ ਦੇਸ਼ ਭਰ ਦੇ ਸਕੂਲਾਂ ਅਤੇ ਬਾਲ ਸੰਭਾਲ ਸੰਸਥਾਵਾਂ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਦੇ ਸਾਹਮਣੇ ਗੱਤਕੇ ਸਮੇਤ ਤਿੰਨ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕੀਤਾ ਗਿਆ।

ਕਾਲਕਾ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰ ਨਹੀਂ, ਰੋਸ ਮਾਰਚ ਰੱਦ ਕਰਵਾ ਕੇ ਪੰਥ ਨਾਲ ਕੀਤੀ ਗੱਦਾਰੀ: ਸਰਨਾ 

ਨਵੀਂ ਦਿੱਲੀ 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ$@ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੁੱਚੀ ਸਿੱਖ ਕੌਮ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਰਾਸ਼ਟਰਪਤੀ ਭਵਨ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ । ਜਿਸ ਵਿੱਚ ਸਿੱਖਾਂ ਦਾ ਇਤਿਹਾਸਕ ਇਕੱਠ ਹੋਣ ਜਾ ਰਿਹਾ ਸੀ । ਪਰ ਦਿੱਲੀ ਕਮੇਟੀ ਦੇ ਕਠਪੁਤਲੀ ਪ੍ਰਧਾਨ ਹਰਮੀਤ ਸਿੰਘ ਕਾਲਕੇ ਵੱਲੋਂ ਅੜਿੱਕੇ ਖੜ੍ਹੇ ਕਰਨ ਕਰਕੇ ਉਸਨੂੰ ਮੁਲਤਵੀ ਕਰਨਾ ਪਿਆ । ਇਸ ਇਤਿਹਾਸਿਕ ਇਕੱਠ ਨੂੰ ਤਾਰਪੀਡੋ ਕਰਕੇ ਹਰਮੀਤ ਸਿੰਘ ਕਾਲਕੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲਾਲ ਸਿੰਘ ਤੇ ਤੇਜ ਸਿੰਘ ਵਰਗੇ ਗੱਦਾਰ ਜਿੰਨਾ ਖ਼ਾਲਸਾ ਫ਼ੌਜਾਂ ਨਾਲ ਗੱਦਾਰੀ ਕੀਤੀ । ਉਹ ਮੁੱਕੇ ਨਹੀਂ ਸਗੋਂ ਹਰਮੀਤ ਸਿੰਘ ਕਾਲਕੇ ਵਰਗਿਆਂ ਦਾ ਰੂਪ ਵਟਾ ਕੇ ਅੱਜ ਵੀ ਕੌਮ ਨਾਲ ਦਗ਼ਾ ਕਮਾ ਰਹੇ ਹਨ । 
ਬੰਦੀ ਸਿੰਘਾਂ ਦੀ ਖਾਤਰ ਵੀਹ ਤਰੀਕ ਦੇ ਇਕੱਠ ਲਈ ਸਾਰੀ ਕੌਮ ਪੱਬਾਂ ਭਾਰ ਸੀ । ਦਿੱਲੀ ਦੀ ਸੰਗਤ ਨੇ ਵੀ ਪੂਰੇ ਕਮਰਕੱਸੇ ਕੀਤੇ ਹੋਏ ਸਨ ਤੇ ਪੰਜਾਬ ਤੇ ਦੇਸ਼ ਦੇ ਹੋਰ ਸੂਬਿਆਂ ‘ਚੋਂ ਵੀ ਸਿੱਖਾਂ ਨੇ ਇਸ ਪ੍ਰਦਰਸ਼ਨ ਲਈ ਤਿਆਰੀ ਕੀਤੀ ਹੋਈ ਸੀ । ਇਸ ਮੌਕੇ ਹਰਮੀਤ ਸਿੰਘ ਕਾਲਕੇ ਨੇ ਜੋ ਭੂਮਿਕਾ ਨਿਭਾਕੇ ਇਸ ਪ੍ਰਦਰਸ਼ਨ ਨੂੰ ਰੱਦ ਕਰਵਾਇਆ ਹੈ । ਇਹ ਪੰਥ ਨਾਲ ਵੱਡੀ ਗੱਦਾਰੀ ਹੈ । ਇਸਦੀ ਆਉਣ ਵਾਲੀਆਂ ਪੀੜ੍ਹੀਆਂ ਕੋਲ਼ੋਂ ਵੀ ਇਹ ਦਾਗ਼ ਨਹੀਂ ਧੋਤਾ ਜਾ ਸਕੇਗਾ । 
ਜਿਸ ਪੰਜ ਮੈਂਬਰੀ ਕਮੇਟੀ ਦਾ ਹਵਾਲਾ ਦੇ ਕੇ ਇਸਨੇ ਇਹ ਸਾਰਾ ਪ੍ਰੋਗਰਾਮ ਰੱਦ ਕਰਵਾਇਆ ਹੈ । ਉਸ ਕਮੇਟੀ ਦਾ ਹਿੱਸਾ ਇਹ ਛੇ ਦਸੰਬਰ ਨੂੰ ਬਣਿਆ ਸੀ । ਤੇ ਇਹ ਪ੍ਰੋਗਰਾਮ ਤਿੰਨ ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਤਹਿ ਹੋ ਚੁੱਕਾ ਸੀ ਤੇ ਉਸਤੋਂ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਸ ਸਬੰਧੀ ਰੂਪ ਰੇਖਾ ਤਿਆਰ ਕੀਤੀ ਗਈ ਸੀ । ਬਾਅਦ ਵਿੱਚ ਬਣੀ ਕਮੇਟੀ ਦੀ ਏਕਤਾ ਨੂੰ ਆਧਾਰ ਬਣਾਕੇ ਪਹਿਲਾਂ ਉਲੀਕੇ ਪ੍ਰੋਗਰਾਮ ਨੂੰ ਰੱਦ ਕਰਨ ਦਾ ਤਰਕ ਕਿਵੇਂ ਦਿੱਤਾ ਦਾ ਸਕਦਾ ਹੈ ? ਇਹ ਸਪੱਸ਼ਟ ਹੈ ਕਿ ਇਹ ਸਿਰਫ ਬਹਾਨੇ ਹਨ ਇਸਦਾ ਮੁੱਖ ਮਕਸਦ ਤਾਂ ਪ੍ਰੋਗਰਾਮ ਨੂੰ ਤਾਰਪੀਡੋ ਕਰਨਾ ਸੀ । 
ਹਰਮੀਤ ਸਿੰਘ ਕਾਲਕਾ ਵਾਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦੀਆਂ ਗੱਲਾਂ ਕਰਦਾ ਹੈ । ਅਸੀ ਚੇਤੇ ਕਰਵਾ ਦੇਣਾ ਚਾਹੁੰਦੇ ਹਾਂ ਕਿ ਇਹ ਉਹੋ ਹਰਮੀਤ ਸਿੰਘ ਕਾਲਕਾ ਹੈ ਜਦੋਂ ਪਿਛਲੇ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਪ੍ਰਤੀ ਜੋ ਆਦੇਸ਼ ਜਾਰੀ ਹੋਇਆ ਸੀ । ਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਹੀ ਮਨਾਇਆ ਜਾਵੇ ਤੇ ਦਿੱਲੀ ਕਮੇਟੀ ਨੂੰ ਜਥੇਦਾਰ ਸਾਹਿਬ ਵੱਲੋਂ ਉਚੇਚੀ ਚਿੱਠੀ ਵੀ ਲਿਖੀ ਗਈ ਸੀ ਪਰ ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਦਰਕਿਨਾਰ ਕਰਦਿਆਂ ਸਰਕਾਰੀ ਹੁਕਮ ਮੰਨਦਿਆਂ ਉਸ ਵਕਤ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਸੀ । ਕੀ ਇਹ ਹੁਕਮ ਅਦੂਲੀ ਨਹੀ ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਤੌਹੀਨ ਕਰਨ ਵਾਲਾ ਵਿਅਕਤੀ ਤਾਂ ਵੈਸੇ ਵੀ ਕਮੇਟੀ ਵਿੱਚ ਸ਼ਾਮਲ ਹੀ ਨਹੀਂ ਕਰਨਾ ਚਾਹੀਦਾ । ਕਾਲਕਾ ਇਹ ਯਾਦ ਰੱਖੇ ਕਿ ਉਸਦੀ ਆਪਣੀ ਕੋਈ ਔਕਾਤ ਨਹੀ । ਉਸਨੂੰ ਸਿਰਫ ਦਿੱਲੀ ਕਮੇਟੀ ਕਰਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੰਦੀ ਸਿੰਘਾਂ ਲਈ ਕਮੇਟੀ ਵਿੱਚ ਸ਼ਾਮਲ ਕੀਤਾ ਸੀ । ਪਰ ਇਸਨੇ ਕੌਮ ਨਾਲ ਗੱਦਾਰੀ ਕੀਤੀ ਹੈ । 
ਅੰਤ ਵਿਚ ਉਨ੍ਹਾਂ ਕਿਹਾ ਕਿ ਸਾਡੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਹੈ ਕਿ ਇਹੋ ਜਿਹੇ ਗ਼ੱਦਾਰ ਜੋ ਕੌਮ ਦੀਆਂ ਜੜ੍ਹਾਂ ‘ਚ ਤੇਲ ਦੇ ਰਹੇ ਹਨ । ਇਹਨਾਂ ਤੋਂ ਸੁਚੇਤ ਹੋਇਆ ਜਾਵੇ ।

ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੰਗਤਾਂ ਵਲੋਂ ਕੀਤੀ ਗਈ ਚੌਥੇ ਪੜਾਅ ਦੀ ਅਰਦਾਸ 

ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਣ ਲਈ ਜ਼ਾਲਮ ਸਰਕਾਰਾਂ ਵੱਲੋਂ ਬੁਣਿਆ ਜਾਲ ਬੰਦੀ ਛੋੜ ਸਤਿਗੁਰੂ ਅਵੱਸ਼ ਕੱਟਣਗੇ ਇਹ ਅਟੱਲ ਵਿਸ਼ਵਾਸ ਹੈ:-ਮਾਤਾ ਬਲਵਿੰਦਰ ਕੌਰ

ਪਟਨਾ ਸਾਹਿਬ/ ਨਵੀ ਦਿੱਲੀ 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਚੌਥੇ ਪੜਾਅ ਦੀ ਅਰਦਾਸ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹੋਈ । ਅੱਜ ਇਸ ਤੋਂ ਪਹਿਲਾਂ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ  ਭੋਗ ਪਾਏ ਗਏ ।ਇਸ ਉਪਰੰਤ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਤਰਫ਼ੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਸ. ਤਰਸੇਮ ਸਿੰਘ ਨੇ ਕਿਹਾ ਕਿ ਅਰਦਾਸ ਸਮਾਗਮ ਦੌਰਾਨ ਅਗਾਂਹ ਹੋ ਕੇ ਮਿਲਦੀਆਂ ਉੱਚੀਆਂ ਸੁੱਚੀਆਂ ਰੂਹਾਂ ਵਾਲੇ ਤਪੱਸਵੀ ਸਿੰਘਾਂ ਦਾ ਵਿਸ਼ਵਾਸ ਹੈ ਕਿ ਅੰਮ੍ਰਿਤਪਾਲ ਸਿੰਘ ਬਹੁਤ ਦਹਾਕਿਆਂ ਬਾਦ ਕੌਮ ਨੂੰ ਮਿਲਿਆ ਅਜਿਹਾ ਸਿੰਘ ਹੈ ਜਿਸ ਦੇ ਅਲਫਾਜ (ਲਫ਼ਜ਼) ਹਕੂਮਤ ਨੂੰ ਏ ਕੇ ਸੰਤਾਲੀ ਜਿਹੇ ਆਧੁਨਿਕ ਹਥਿਆਰਾਂ  ਤੋਂ ਵੀ ਵੱਧ ਖ਼ਤਰਨਾਕ ਲਗ ਰਹੇ ਸਨ । ਕਿਉਂਕਿ ਉਹ ਕੌਮ ਦੀ ਲੜਾਈ ਦੁਨਿਆਵੀ ਤਾਕਤਾਂ ਦੇ ਸਿਰ ਤੇ ਨਹੀਂ ਬਲਕਿ ਦਸਮ ਪਾਤਸ਼ਾਹ ਵੱਲੋਂ ਬਖ਼ਸ਼ੀ ਤੇਗ਼ ਤੇ ਭਰੋਸਾ ਰੱਖ ਕੇ ਲੜ ਰਿਹਾ ਹੈ । 
ਉਨ੍ਹਾਂ ਕਿਹਾ ਕਿ ਸਮੇਂ ਨਾਲ ਦੁਨਿਆਵੀ ਹਕੂਮਤਾਂ ਤਾਂ ਹਕੂਮਤ ਦੀਆਂ ਏਜੰਸੀਆਂ ਖ਼ਰੀਦ ਸਕਦੀਆਂ । ਏਸੇ ਕਾਰਨ ਹੀ ਅੱਜ ਇਹ ਹਾਲ ਹੈ ਕਿ ਉੱਥੋਂ ਚਲਣ ਵਾਲੀ ਸੂਈ ਵੀ ਸਿੱਖ ਵਿਰੋਧੀ ਹਕੂਮਤਾਂ ਨੂੰ ਅੱਜ ਪਤਾ ਹੁੰਦੀ ਹੈ । ਅੱਜ ਡਰੋਨਾਂ ਰਾਹੀ ਨੌਜਵਾਨੀ ਨੂੰ ਖ਼ਤਮ ਕਰਨ ਲਈ ਸਿਰਫ਼ ਨਸ਼ਾ ਹੀ ਕਥਿਤ ਜੈਡ ਸੁਰੱਖਿਆ ਵਾਲੀਆਂ ਹੂਟਰ ਮਾਰਦੀਆਂ ਗੱਡੀਆਂ ਰਾਹੀ ਅੱਗੇ ਲੰਘਦਾ ਹੈ  । 
ਉਨ੍ਹਾਂ ਕਿਹਾ ਸੋ ਅੰਮ੍ਰਿਤਪਾਲ ਸਿੰਘ ਦਾ ਵਿਸ਼ਵਾਸ ਦਸਮ ਪਾਤਸ਼ਾਹ ਤੇ ਉਸ ਦੇ ਭਗਤੀ ਤੇ ਸ਼ਕਤੀ ਦੇ ਸੁਮੇਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਅਮਰ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਤੇ ਮੌਜੂਦਾ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿਹੇ ਮਹਾਂਪੁਰਖਾਂ ਨੂੰ ਕਲਗ਼ੀਧਰ ਪਾਤਸ਼ਾਹ ਵੱਲੋਂ ਬਖ਼ਸ਼ੀ ਮੀਰੀ ਪੀਰੀ ਦੀ ਸ਼ਕਤੀ ਤੇ ਹੈ । ਉਸ ਦਾ ਵਿਸ਼ਵਾਸ ਹੈ ਕਿ ਜੰਗ ਸਿੱਖ ਰੂਹ ਦੇ ਜ਼ੋਰ ਤੇ ਲੜਦਾ ਹੈ ਨਾ ਕਿ ਤਾਕਤਾਂ ਦੇ ਜ਼ੋਰ ਤੇ ਲੜਦਾ ਹੈ ।ਇਸ ਲਈ ਹੀ ਅੰਮ੍ਰਿਤਪਾਲ ਸਿੰਘ ਰੂਪੋਸ਼ ਜ਼ਿੰਦਗੀ ਦੌਰਾਨ ਕੁਝ ਭਦਰਪੁਰਸ਼ਾਂ ਵੱਲੋਂ ਗਵਾਂਢੀ ਮੁਲਕਾਂ  ਵਿੱਚ ਚਲੇ ਜਾਣ ਦੇ ਸੱਦੇ ਨੂੰ ਠੁਕਰਾ ਕੇ ਗਰਜਵੀਂ ਅਵਾਜ਼ ਵਿੱਚ ਕਹਿੰਦਾ ਹੈ ਕਿ ਏਸੇ ਧਰਤੀ ਤੇ ਰਹਿ ਕੇ ਲੜਾਂਗਾ ਮਰਾਂਗਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਨੂੰ ਪ੍ਰਚੰਡ ਕਰਾਂਗਾ । 
ਉਹ ਜਦੋਂ ਕਹਿੰਦਾ ਹੈ ਕਿ ਕਿ ਜ਼ਾਲਮ ਹਕੂਮਤ ਦੀ ਹਾਰ ਇਸ ਵਿੱਚ ਹੈ ਕਿ ਕਲਗ਼ੀਧਰ ਪਾਤਸ਼ਾਹ ਵੱਲੋਂ ਬਖ਼ਸ਼ੀ ਖੰਡੇ ਬਾਟੇ ਦੀ ਪਾਹੁਲ ਨੌਜਵਾਨ ਛਕਣ ਤਾਂ ਹਕੂਮਤ ਨੂੰ ਇਸ ਤੋਂ ਕਿਤੇ ਜ਼ਿਆਦਾ ਡਰ ਭਾਂਪਦਾ ਹੈ । ਅੰਮ੍ਰਿਤਪਾਲ ਸਿੰਘ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਿੱਖ ਨੇ ਆਪਣੀ ਧਰਮ ਦੀ ਲੜਾਈ ਵਿੱਚ ਦੁਨਿਆਵੀ ਹਕੂਮਤਾਂ ਦਾ ਸਹਾਰਾ ਨਾ ਲੈ ਕੇ ਕਲਗ਼ੀਧਰ ਪਾਤਸ਼ਾਹ ਵੱਲੋਂ ਬਖ਼ਸ਼ੇ “ ਯਹੈ ਹਮਾਰੇ ਪੀਰ”  ਅਤੇ ਭਗਤੀ ਨਾਲ ਪ੍ਰਾਪਤ ਹੋਈ ਰੂਹ ਦੀ ਸ਼ਕਤੀ ਨਾਲ ਜੰਗ ਲੜਨੀ ਹੈ ਤਾਂ ਫਿਰ ਅਰਬਾਂ ਰੁਪੈ ਖ਼ਰਚ ਕਰਕੇ ਵੱਖ ਵੱਖ ਖ਼ਿੱਤਿਆਂ ਵਿੱਚ ਆਪਣਾ ਜਾਲ ਵਿਛਾਈ ਬੈਠੀਆਂ ਹਕੂਮਤ ਦੀਆਂ ਕਥਿਤ ਏਜੰਸੀਆਂ ਨੂੰ ਆਪਣੀ ਹਾਰ ਸਪਸ਼ਟ ਦਿਖਾਈ ਦੇਂਦੀ ਹੈ। ਇਸ ਦੇ ਤਹਿਤ ਹੀ ਹਕੂਮਤਾਂ ਵੱਲੋਂ ਨੌਜਵਾਨੀ ਨੂੰ ਖ਼ਤਮ ਕਰਨ ਲਈ 1992-93 ਦੇ ਦਹਾਕੇ ਤੋਂ ਬਾਦ ਸਿੱਖ ਨੌਜਵਾਨੀ ਨੂੰ ਸਿੱਖੀ ਤੋਂ ਦੂਰ ਕਰਨ ਲਈ ਸਭਿਆਚਾਰ ਦੇ ਨਾਮ ਤੇ ਜੋ ਕਲੀਨ ਸ਼ੇਵ ਕਲਚਰ ਨਸ਼ਾ ਕਲਚਰ ਗੈਂਗਸਟਰ ਕਲਚਰ ਪੰਜਾਬ ਦੀ ਧਰਤੀ ਤੇ ਲਿਆਉਣ ਲਈ ਜਾਲ ਬੁਣਿਆ ਉਹ ਕੱਟਦਾ ਦਿਖਾਈ ਦੇਂਦਾ ਹੈ । ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਜ਼ਾਲਮ ਸਰਕਾਰਾਂ ਨੂੰ ਪੰਜ ਤਖ਼ਤ ਸਾਹਿਬਾਨਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੇ ਨਿਰੋਲ ਧਾਰਮਿਕ ਅਰਦਾਸ ਸਮਾਗਮਾਂ ਤੋਂ ਡਰ ਲਗ ਰਿਹਾ ਹੈ । ਕਿਉਂਕਿ ਸਰਕਾਰਾਂ ਸਮਝਦੀਆਂ ਕਿ ਇਸ ਨਾਲ ਨੌਜਵਾਨੀ ਧਰਮ ਨਾਲ ਜੁੜਦੀ ਹੈ ,ਜਦੋਂ ਨੌਜਵਾਨੀ ਵਿੱਚ ਵੱਧ ਤੋਂ ਵੱਧ ਜਪੁਜੀ ਸਾਹਿਬ ਚੌਪਈ ਸਾਹਿਬ ਦੇ ਪਾਠਾਂ ਨੂੰ ਕਰਨ ਦੀ ਹੋੜ ਲਗ ਜਾਏ ਕਲਗ਼ੀਧਰ ਪਾਤਸ਼ਾਹ ਦੇ ਉਪਰ ਵਿਸ਼ਵਾਸ ਬਣ ਜਾਏ ਦਿਲ ਦਾ ਡਰ ਇਸ ਭਗਤੀ ਨਾਲ ਖੰਭ ਲਾ ਕੇ ਉੱਡ ਜਾਏ ਫਿਰ ਜ਼ਾਲਮ ਹਕੂਮਤਾਂ ਨੂੰ ਕਥਿਤ ਜੈਡ ਸੁਰੱਖਿਆ ਵਾਲੀਆਂ ਗੱਡੀਆਂ ਰਾਹੀਂ ਵਰਤਾਏ ਜਾਂਦੇ ਨਸ਼ਿਆਂ ਰਾਹੀ ਸਿੱਖ ਨੌਜਵਾਨੀ ਨੂੰ ਬਰਬਾਦ ਕਰਨ ਲਈ ਰਚੀ ਸਾਜਿਸ਼ ਖ਼ਤਮ ਹੁੰਦੀ ਨਜ਼ਰ ਆਉਂਦੀ ਹੈ ।  ਇਸ ਦੀ ਸਪਸ਼ਟ ਮਿਸਾਲ ਹੈ ਕਿ ਉੱਚ ਅਦਾਲਤਾਂ ਵਿੱਚ ਨਸ਼ਿਆਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਕਥਿਤ ਪੁਲਿਸ ਅਫ਼ਸਰਾਂ ਤੇ ਸਿਆਸੀ ਲੀਡਰਾਂ ਦੇ ਨੈਕਸਜ ਦੀ ਦਿੱਤੀ ਲਿਸਟ ਕਈ ਸਾਲ ਬਾਦ ਵੀ ਜੱਗ ਜ਼ਾਹਰ ਨਹੀਂ ਕੀਤੀ ਗਈ । ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਵਿੱਚ ਧਰਮ ਦੀ ਭਰੀ ਜਾ ਰਹੀ ਸਪਿਰਿਟ ਤੋਂ ਡਰਦੇ ਹੀ ਕਥਿਤ ਸਿਆਸੀ ਧੌਸ ਨਾਲ ਚਲਦੇ ਨਸ਼ਿਆਂ ਦੇ ਵਪਾਰੀ ਵੀ ਭਾਈ ਸਾਹਿਬ ਦੀ ਰੂਪੋਸ਼ੀ ਦੌਰਾਨ ਆਪਣੇ ਖ਼ਾਸਮ ਖ਼ਾਸ ਪੁਲਿਸ ਅਫ਼ਸਰਾਂ ਨੂੰ ਦਸ ਦਸ ਕਰੋੜ ਦੀਆਂ ਸੁਪਾਰੀਆਂ ਦੇਣ ਲਈ ਅੋਫਰ ਦੇਂਦੇ ਰਹੇ ਕਿ ਅੰਮ੍ਰਿਤਪਾਲ ਸਿੰਘ ਦਾ ਮੁਕਾਬਲਾ ਜਿਹੜਾ ਜ਼ਿਲ੍ਹਾ ਮੁਖੀ ਬਣਾ ਦੇਵੇ ਉਸ ਨੂੰ ਦਸ ਕਰੋੜ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਕਲਗ਼ੀਧਰ ਪਾਤਸ਼ਾਹ ਦਾ ਪ੍ਰਤਾਪ ਹੀ ਸੀ ਕਿ ਨਸ਼ਿਆਂ ਦੇ ਸੌਦਾਗਰਾਂ ਵੱਲੋਂ ਜ਼ਿਲਿਆਂ ਦੇ ਮਾਲਕ ਅਫ਼ਸਰਾਂ ਨੂੰ ਦਿੱਤੀਆਂ ਦਸ ਦਸ ਕਰੋੜ ਦੇ ਇਨਾਮ ਲੈਣ ਦੀਆਂ ਆਫਰਾਂ ਕਾਰਨ ਉਨ੍ਹਾਂ ਸਾਰਿਆਂ ਅਫ਼ਸਰਾਂ ਵਿੱਚ ਆਪਸੀ ਹੋੜ ਲਗ ਗਈ ਕਿ ਦੂਸਰੇ ਜ਼ਿਲ੍ਹੇ ਵਾਲਾ ਨਾ ਕਿਤੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਸ਼ਹੀਦ ਕਰ ਕੇ ਇਨਾਮ ਲੈ ਜਾਵੇ ਤੇ ਏਸੇ ਕਾਰਨ ਹੀ ਇਨ੍ਹਾਂ ਸਾਰੀਆਂ ਫੋਰਸ ਦਾ ਆਪਸੀ ਤਾਲਮੇਲ ਹੀ ਕਲਗ਼ੀਧਰ ਪਾਤਸ਼ਾਹ ਨੇ ਤੋੜ ਦਿੱਤਾ । ਸੰਗਤਾਂ ਨੇ ਪੰਜਾਬ ਦੇ ਮੈਦਾਨੀ ਇਲਾਕੇ ਨੂੰ ਮਨੁੱਖੀ ਜੰਗਲ ਬਣਾ ਦਿੱਤਾ ਤੇ ਜ਼ਾਲਮ ਹਕੂਮਤਾਂ ਨੂੰ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਮੋਸ਼ੀ ਭਰੀ ਹਾਰ ਹੀ ਨਸੀਬ ਹੋਈ । ਉਨ੍ਹਾਂ ਕਿਹਾ ਕਿ ਫਿਰ ਭਾਈ ਅੰਮ੍ਰਿਤਪਾਲ ਸਿੰਘ ਨੇ ਰੂਪੋਸ਼ ਜ਼ਿੰਦਗੀ ਤੋਂ ਬਾਹਰ ਆ ਕੇ ਆਪ ਗ੍ਰਿਫ਼ਤਾਰੀ ਦਿੱਤੀ ਤਾਂ ਕਿ ਸੰਘਰਸ਼ ਲਈ ਨਿੱਤਰੀ ਜਵਾਨੀ ਨੂੰ ਆਸ ਬੱਝ ਜਾਏ ਕਿ ਜਦੋਂ ਭਾਈ ਸਾਹਿਬ ਬਾਹਰ ਆਉਣ ਤਾਂ ਖ਼ਾਲਸਾ ਵਹੀਰ ਦੁਬਾਰਾ ਸ਼ੁਰੂ ਕਰਨਗੇ ਤੇ ਕੌਮੀ ਨਿਸ਼ਾਨੇ ਵੱਲ ਕੌਮ ਵਧੇਗੀ ।
ਉਨ੍ਹਾਂ ਕਿਹਾ ਕਿ ਸਿੱਖ ਜਵਾਨੀ ਹੁਣ ਕਲਗ਼ੀਧਰ ਪਾਤਸ਼ਾਹ ਵੱਲੋਂ ਕੌਮ ਨੂੰ ਬਖ਼ਸ਼ੇ ਇਸ ਯੋਧੇ ਅੰਮ੍ਰਿਤਪਾਲ ਸਿੰਘ ਨਾਲ ਹੀ ਖ਼ਾਲਸਾ ਵਹੀਰ ਦਾ ਹਿੱਸਾ ਬਣਨਾ ਚਾਹੁੰਦੀ ਹੈ ਜੋ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਨੂੰ ਪ੍ਰਚੰਡ ਕਰਕੇ ਜ਼ਾਲਮ ਹਕੂਮਤਾਂ ਨੂੰ ਹਾਰ ਦੇਣ ਲਈ ਕੌਮ ਦੀ ਆਸ ਹੈ ।
ਉਨ੍ਹਾਂ ਕਿਹਾ ਦੇਖਣਾ ਜਦੋਂ ਪੰਜਾਂ ਤਖ਼ਤ ਸਾਹਿਬਾਨਾਂ ਤੇ ਅਰਦਾਸ ਸਮਾਗਮ ਸੰਪੂਰਨ ਹੋਏ ਫਿਰ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਵਿਰੁੱਧ ਜ਼ਾਲਮ ਹਕੂਮਤਾਂ ਦਾ ਬੁਣਿਆ ਜਾਲ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਅਵੱਸ਼ ਕੱਟਣਗੇ ਇਹ ਸਾਡਾ ਸਭ ਦਾ ਅਟੱਲ ਵਿਸ਼ਵਾਸ ਹੈ ।ਇਸ ਅਰਦਾਸ ਸਮਾਗਮ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਬੰਦੀ ਸਿੰਘਾਂ ਦੇ ਪਰਿਵਾਰਾਂ ਨਾਲ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਅਖੰਡ ਕੀਰਤਨੀ ਜੱਥਾ ਦਿੱਲੀ ਦੇ ਭਾਈ ਅਰਵਿੰਦਰ ਸਿੰਘ ਰਾਜਾ, ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਗੁਰਪ੍ਰੀਤ ਸਿੰਘ ਤੋਂ ਇਲਾਵਾ ਭਾਈ ਸਾਹਿਬ ਵੱਲੋਂ ਅਰੰਭੀ ਖ਼ਾਲਸਾ ਵਹੀਰ ਦੌਰਾਨ ਨਸ਼ਾ ਛੱਡ ਕੇ ਗੁਰੂ ਵਾਲੇ ਬਣਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਪੰਜਾਬ ਤੋਂ ਚੱਲ ਕੇ ਸ਼ਾਮਲ ਹੋਈਆਂ। ਖ਼ਾਲਸਾ ਵਹੀਰ ਦੌਰਾਨ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ ਸਮੇਤ ਪੰਜਾਬ ਤੋਂ ਪਹੁੰਚੀਆਂ ਸੈਂਕੜੇ ਸੰਗਤਾਂ ਨੇ ਹਿੱਸਾ ਲਿਆ ।

ਅਖੰਡ ਕੀਰਤਨੀ ਜੱਥੇ ਵਲੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖਤ ਪਟਨਾ ਸਾਹਿਬ ਵਿਖੇ ਕੀਰਤਨੀ ਅਖਾੜੇ ਸਜਾਏ ਗਏ

 ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਜੀ ਨੇ ਭਰੀ ਹਾਜ਼ਿਰੀ 

ਨਵੀਂ ਦਿੱਲੀ/ਪਟਨਾ ਸਾਹਿਬ 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਪੰਥ ਦੇ ਨੌਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਕੀਰਤਨੀ ਜੱਥੇ ਵਲੋਂ ਤਖਤ ਪਟਨਾ ਸਾਹਿਬ ਵਿਖੇ ਕੀਰਤਨੀ ਅਖਾੜੇ ਸਜਾਏ ਗਏ । ਇਸ ਮੌਕੇ ਤਖਤ ਪਟਨਾ ਸਾਹਿਬ ਜੀ, ਗੁਰੂਦੁਆਰਾ ਬਾਲ ਲੀਲਾ ਸਾਹਿਬ, ਗੁਰਦੁਆਰਾ ਕੰਗਨ ਘਾਟ ਵਿਖੇ ਦਿਵਸ ਅਤੇ ਸੰਧਿਆਂ ਦੇ ਦੀਵਾਨ ਲਗਾਏ ਗਏ ਸਨ ਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਕੀਰਤਨ ਰੈਣ ਸਬਾਈ ਦੇ ਅਖਾੜੇ ਸਜਾਏ ਗਏ । ਸਮਾਗਮ ਵਿਚ ਉਚੇਚੇ ਤੌਰ ਤੇ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਨ ਉੱਥੇ ਹੀ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਜੀ ਭਾਈ ਤਰਸੇਮ ਨੇ ਵੀ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨਾਲ ਆਪਣੀ ਹਾਜ਼ਿਰੀ ਭਰੀ ਸੀ । ਭਾਈ ਜਗਜੀਤ ਸਿੰਘ ਯੂਐਸ, ਭਾਈ ਦੀਦਾਰ ਸਿੰਘ ਯੂਐਸ, ਭਾਈ ਕੁਲਵੰਤ ਸਿੰਘ ਕਾਕੀਪਿੰਡ, ਭਾਈ ਸੁਰਿੰਦਰ ਸਿੰਘ ਬਰੇਲੀ, ਭਾਈ ਅੰਮ੍ਰਿਤਪਾਲ ਸਿੰਘ ਲੁਧਿਆਣਾ ਸਮੇਤ ਬਹੁਤ ਸਾਰੇ ਸਿੰਘ ਸਿੰਘਣੀਆਂ ਨੇ ਕੀਰਤਨੀ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਸੀ ਓਥੇ ਨਾਲ ਹੀ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ, ਸਾਬਕਾ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਸੰਗਤਾਂ ਨਾਲ ਹਾਜ਼ਿਰੀ ਭਰੀ ਸੀ । ਸੰਗਤਾਂ ਦੀ ਰਿਹਾਇਸ਼ ਦਾ ਇੰਤਜਾਮ ਪ੍ਰਬੰਧਕਾਂ ਵਲੋਂ ਗੁਰਦੁਆਰਾ ਸਾਹਿਬ ਦੇ ਵੱਖ ਵੱਖ ਰਿਹਾਇਸ਼ੀ ਅਸਥਾਨਾਂ ਤੇ ਅਤੇ ਲੰਗਰ ਗੁਰੂ ਗੋਬਿੰਦ ਸਿੰਘ ਸਕੂਲ ਵਿਖੇ ਕੀਤੇ ਗਏ ਸਨ  । ਅਖੰਡ ਕੀਰਤਨੀ ਜਥੇ ਵਲੋਂ ਸਮਾਗਮ ਉਲੀਕਣ ਅਤੇ ਉਸਾਰੂ ਪ੍ਰਬੰਧ ਲਈ ਤਖਤ ਪਟਨਾ ਸਾਹਿਬ ਜੀ ਦੀ ਕਮੇਟੀ ਦਾ ਧੰਨਵਾਦ ਕੀਤਾ ਗਿਆ  ।

ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦਾ ਪ੍ਰਸਤਾਵ ਸੰਯੁਕਤ ਰਾਸ਼ਟਰ ਵਿੱਚ ਰੱਦ, ਅਮਰੀਕਾ ਨੇ ਕੀਤਾ ਵੀਟੋ

ਹਮਾਸ ਦੇ 'ਖ਼ਾਤਮੇ' ਨਾਲ ਹੀ ਜੰਗਬੰਦੀ ਸੰਭਵ ਹੋਵੇਗੀ: ਇਜਰਾਇਲ

 ਹਮਾਸ ਨੇ ਮਤੇ ਨੂੰ ਵੀਟੋ ਕਰਨ ਦੇ ਅਮਰੀਕੀ ਫੈਸਲੇ ਦੀ ਨਿੰਦਾ ਕੀਤੀ

ਨਵੀਂ ਦਿੱਲੀ 10 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਇਜ਼ਰਾਈਲ-ਹਮਾਸ ਜੰਗ ਰੁਕਣ ਦਾ ਕੋਈ ਸੰਕੇਤ ਨਹੀਂ ਹੈ। ਯੂਐਸ ਨੇ ਸੰਯੁਕਤ ਰਾਸ਼ਟਰ (ਯੂਐਨ) ਵਿੱਚ ਇੱਕ ਮਤੇ ਨੂੰ ਵੀਟੋ ਕਰ ਦਿੱਤਾ ਜਿਸ ਵਿੱਚ ਗਾਜ਼ਾ ਵਿੱਚ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ ਸੀ।
ਬੀਤੇ ਸ਼ੁੱਕਰਵਾਰ ਨੂੰ, 13 ਮੈਂਬਰ ਦੇਸ਼ਾਂ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੁਆਰਾ ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤੇ ਇੱਕ ਛੋਟੇ ਡਰਾਫਟ ਮਤੇ ਦੇ ਹੱਕ ਵਿੱਚ ਵੋਟ ਦਿੱਤੀ, ਜਦੋਂ ਕਿ ਬ੍ਰਿਟੇਨ ਵੋਟਿੰਗ ਪ੍ਰਕਿਰਿਆ ਤੋਂ ਦੂਰ ਰਿਹਾ। ਇਸ ਦੌਰਾਨ ਅਮਰੀਕਾ ਵੱਲੋਂ ਵੀਟੋ ਕਰਨ ਤੋਂ ਬਾਅਦ ਪ੍ਰਸਤਾਵ ਪਾਸ ਨਹੀਂ ਹੋ ਸਕਿਆ। ਵੀਟੋ 'ਤੇ, ਯੂਐਸ ਦੇ ਉਪ ਰਾਜਦੂਤ ਰਾਬਰਟ ਵੁੱਡ ਨੇ ਕਿਹਾ ਕਿ ਗਾਜ਼ਾ ਪੱਟੀ ਜੰਗਬੰਦੀ ਮਤੇ 'ਤੇ ਖਰੜਾ ਤਿਆਰ ਕਰਨ ਅਤੇ ਵੋਟਿੰਗ ਦੀ ਪ੍ਰਕਿਰਿਆ ਜਲਦੀ ਕੀਤੀ ਗਈ ਸੀ ਅਤੇ ਸਹੀ ਸਲਾਹ-ਮਸ਼ਵਰੇ ਦੀ ਘਾਟ ਸੀ।
ਉਨ੍ਹਾਂ ਕਿਹਾ, "ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤੇ ਗਏ ਮਤੇ ਨੇ ਬਦਕਿਸਮਤੀ ਨਾਲ ਸਾਡੀਆਂ ਲਗਭਗ ਸਾਰੀਆਂ ਸਿਫ਼ਾਰਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਹ ਅਸੰਤੁਲਿਤ ਅਤੇ ਹਕੀਕਤ ਤੋਂ ਪਰੇ ਸੀ ਅਤੇ 'ਬਿਨਾਂ ਸ਼ਰਤ ਜੰਗਬੰਦੀ' ਦਾ ਸੱਦਾ ਸਭ ਤੋਂ ਗ਼ੈਰ-ਯਕੀਨੀ ਸੀ।"
ਵੁੱਡ ਨੇ ਕਿਹਾ, "ਅਮਰੀਕਾ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਦਾ ਸਮਰਥਨ ਨਹੀਂ ਕਰਦਾ ਹੈ ਅਤੇ ਇਹ ਸਿਰਫ ਅਗਲੀ ਜੰਗ ਲਈ ਬੀਜ ਬੀਜੇਗਾ ਕਿਉਂਕਿ ਹਮਾਸ ਦੀ ਸ਼ਾਂਤੀ ਅਤੇ ਦੋ-ਰਾਜੀ ਹੱਲ ਦੇਖਣ ਦੀ ਕੋਈ ਇੱਛਾ ਨਹੀਂ ਹੈ।" ਉਸਨੇ ਕਿਹਾ, "ਅਮਰੀਕਾ ਇੱਕ ਸਥਾਈ ਸ਼ਾਂਤੀ ਦਾ ਸਮਰਥਨ ਕਰਦਾ ਹੈ ਜਿਸ ਵਿੱਚ ਇਜ਼ਰਾਈਲ ਅਤੇ ਫਲਸਤੀਨ ਦੋਵੇਂ ਸੁਰੱਖਿਅਤ ਰਹਿਣ। 
ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ ਗਿਲਾਡ ਏਰਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਜੰਗਬੰਦੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਨੂੰ ਦੁਹਰਾਇਆ । ਉਨ੍ਹਾਂ ਕਿਹਾ, "ਸਭ ਬੰਧਕਾਂ ਦੀ ਵਾਪਸੀ ਅਤੇ ਹਮਾਸ ਦੇ 'ਖ਼ਾਤਮੇ' ਨਾਲ ਹੀ ਜੰਗਬੰਦੀ ਸੰਭਵ ਹੋਵੇਗੀ ਅਤੇ ਅਸੀਂ ਹੁਣ ਪਿੱਛੇ ਨਹੀਂ ਹਟਾਂਗੇ। ਜੰਗਬੰਦੀ ਮਤੇ ਵਿੱਚ ਕਿਤੇ ਵੀ ਹਮਾਸ ਦੇ ਇਜ਼ਰਾਈਲ 'ਤੇ ਹਮਲੇ ਦੀ ਨਿੰਦਾ ਨਹੀਂ ਕੀਤੀ ਗਈ ਹੈ।"
ਸੰਯੁਕਤ ਰਾਸ਼ਟਰ 'ਚ ਮਤੇ 'ਤੇ ਵੋਟਿੰਗ ਦੌਰਾਨ ਫਲਸਤੀਨ ਦੇ ਰਾਜਦੂਤ ਰਿਆਦ ਮਨਸੂਰ ਨੇ ਕਿਹਾ, ਮਤੇ ਦੇ ਖਿਲਾਫ ਵੋਟਿੰਗ ਦੇ ਵਿਨਾਸ਼ਕਾਰੀ ਨਤੀਜੇ ਹੋਣਗੇ। ਗਾਜ਼ਾ 'ਚ ਲੱਖਾਂ ਫਲਸਤੀਨੀਆਂ ਦੀ ਜ਼ਿੰਦਗੀ ਸੰਤੁਲਨ 'ਚ ਲਟਕ ਰਹੀ ਹੈ। ਉਨ੍ਹਾਂ ਨਾਗਰਿਕਾਂ 'ਚੋਂ ਹਰ ਇਕ ਦੀ ਜਾਨ ਅਨਮੋਲ ਹੈ।
ਯੂਏਈ ਦੇ ਰਾਜਦੂਤ ਮੁਹੰਮਦ ਅਬੂਸ਼ਾਬ ਨੇ ਸੰਯੁਕਤ ਰਾਸ਼ਟਰ ਨੂੰ ਪੁੱਛਿਆ, "ਜੇ ਅਸੀਂ ਗਾਜ਼ਾ 'ਤੇ ਲਗਾਤਾਰ ਬੰਬਾਰੀ ਨੂੰ ਰੋਕਣ ਦੇ ਸੱਦੇ ਦੇ ਪਿੱਛੇ ਇਕਜੁੱਟ ਨਹੀਂ ਹੋ ਸਕਦੇ, ਤਾਂ ਅਸੀਂ ਫਲਸਤੀਨੀਆਂ ਨੂੰ ਕੀ ਸੰਦੇਸ਼ ਦੇ ਰਹੇ ਹਾਂ?" ਫਲਸਤੀਨੀ ਜੇਹਾਦੀ ਸਮੂਹ ਹਮਾਸ ਦੇ ਪੋਲਿਟ ਬਿਊਰੋ ਦੇ ਮੈਂਬਰ ਏਜ਼ਾਤ ਅਲ-ਰੇਸ਼ਿਕ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ 'ਅਨੈਤਿਕ ਅਤੇ ਅਣਮਨੁੱਖੀ' ਸੀ ਅਤੇ ਹਮਾਸ ਨੇ ਮਤੇ ਨੂੰ ਵੀਟੋ ਕਰਨ ਦੇ ਅਮਰੀਕੀ ਫੈਸਲੇ ਦੀ ਨਿੰਦਾ ਕੀਤੀ।

ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਵਾਸਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੰਸਦ ਵਲ ਕਢਿਆ ਗਿਆ ਰੋਸ ਮਾਰਚ 

ਦੇਸ਼ ਅੰਦਰ ਸਿੱਖਾਂ ਨਾਲ 2 ਨੰਬਰ ਦੇ ਸ਼ਹਿਰੀਆਂ ਵਾਲਾ ਸਲੂਕ ਅਤੇ ਘੱਟ ਗਿਣਤੀਆਂ ਦੇ ਕੁਚਲੇ ਜਾ ਰਹੇ ਮਨੁੱਖੀ ਹੱਕਾਂ ਦੀ ਆਵਾਜ਼  ਕੀਤੀ ਗਈ ਬੁਲੰਦ 

ਨਵੀਂ ਦਿੱਲੀ 10 ਦਸੰਬਰ (ਮਨਪ੍ਰੀਤ ਸਿੰਘ ਖਾਲਸਾ) ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਵਾਸਤੇ ਅਤੇ ਦੇਸ਼ ਵਿੱਚ ਸਿੱਖਾਂ ਨਾਲ 2 ਨੰਬਰ ਦੇ ਸ਼ਹਿਰੀਆਂ ਵਾਲਾ ਸਲੂਕ ਕਰਨ, ਘੱਟ ਗਿਣਤੀਆਂ ਦੇ ਕੁਚਲੇ ਜਾ ਰਹੇ ਮਨੁੱਖੀ ਹੱਕਾਂ ਦੀ ਆਵਾਜ਼ ਵਿਸ਼ਵ ਦੇ ਲੋਕਾਂ ਸਾਹਮਣੇ ਰੱਖ ਲਈ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ, ਵਪਾਰਕ, ਕਿਸਾਨ, ਮਜਦੂਰਾਂ, ਮੁਲਾਜਮਾਂ ਦੀਆਂ ਜਥੇਬੰਦੀਆਂ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਸੰਸਦ ਵੱਲ ਰੋਸ ਮਾਰਚ ਕਢਿਆ ਗਿਆ । ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸਰਪ੍ਰਸਤ ਇੰਟਰਨੈਸ਼ਨਲ ਪੰਥਕ ਅਕਾਲੀ ਦਲ ਦੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ 10 ਦਸੰਬਰ ਨੂੰ ਜਦੋਂ ਸਮੁੱਚੇ ਵਿਸ਼ਵ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਸਬੰਧੀ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਉਸ ਸਮੇਂ ਅਸੀਂ ਦਿੱਲੀ ਦੇ ਸੰਸਦ ਭਵਨ ਅੱਗੇ ਭਾਰਤੀ ਸਿੱਖਾਂ ਦੇ ਕੁਚਲੇ ਜਾ ਰਹੇ ਹੱਕਾਂ ਬਾਰੇ ਵਿਸ਼ਵ ਨੂੰ ਜਾਣੂ ਕਰਵਾਉਣ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਸੰਸਦ ਭਵਨ ਤੱਕ ਸ਼ਾਂਤਮਈ ਰੋਸ ਮਾਰਚ ਕਰ ਰਹੇ ਹਾਂ। ਰੋਸ ਮਾਰਚ ਵਿਚ ਸੰਗਤਾਂ ਸਤਿਨਾਮ ਵਾਹਿਗੁਰੂ ਦੇ ਜਾਪ ਦੌਰਾਨ ਸਿੱਖਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ, ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਦੀ ਆਵਾਜ਼ ਹੀ ਬੁਲੰਦ ਕਰ ਰਹੀਆਂ ਸਨ । ਜਿਕਰਯੋਗ ਹੈ ਕਿ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਹੈ ਅਤੇ ਉਸੇ ਦਿਨ ਦੇਸ਼ ਅਤੇ ਦੁਨੀਆਂ ਨੂੰ ਦਸਿਆ ਜਾ ਰਿਹਾ ਹੈ ਕਿ ਸਿੱਖਾਂ ਨਾਲ, ਸਿੱਖ ਕੌਮ ਨਾਲ ਦੋਹਰਾ ਮਾਪਦੰਡ ਅਪਣਾਇਆ ਜਾ ਰਿਹਾ ਹੈ, ਸਿੱਖ ਪੰਥ ਨਾਲ ਸੰਬੰਧਿਤ ਬਹੁਤ ਸਾਰੇ ਸਿੱਖ ਕੈਦੀ ਜਿਹੜੇ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ, ਪਰੰਤੂ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ । ਇਸ ਕਰਕੇ ਕੁਚਲੇ ਜਾ ਰਹੇ ਮਨੁੱਖੀ ਅਧਿਕਾਰਾਂ ਸਬੰਧੀ ਦੁਨੀਆਂ ਭਰ ਨੂੰ ਜਾਣੂ ਕਰਵਾਉਣ ਲਈ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਦਿੱਲੀ ਵਿਖੇ ਰੋਸ ਮਾਰਚ ਕਢਿਆ ਗਿਆ ਸੀ । ਉਨ੍ਹਾਂ ਨੇ ਕਿਹਾ ਕਿ ਭਾਰਤੀ ਸਰਕਾਰਾਂ ਅਤੇ ਵਿਸ਼ਵ ਦੀਆਂ ਸਰਕਾਰਾਂ, ਸੰਸਥਾਵਾਂ ਵੱਲੋਂ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਓਹ ਦਸਣ ਕਿ ਸਿੱਖ ਪੰਥ ਦੇ ਅਧਿਕਾਰ ਕਿੱਥੇ ਹਨ.? ਸਾਨੂੰ ਤਾਂ ਇਸ ਤਰਾਂ ਪ੍ਰਤੀਤ ਹੁੰਦਾ ਹੈ ਕਿ ਸਾਡੇ ਮਨੁੱਖੀ ਅਧਿਕਾਰ ਤਾਂ ਹੈ ਹੀ ਨਹੀਂ ਹਨ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਸਿੱਖ ਕੈਦੀ ਹਨ, ਜਿਹੜੇ ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤੇ ਜਾ ਰਹੇ। ਉਨਾਂ ਸਮੇਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਵਿੱਚ ਆਪਣਾ ਰਹਿੰਦਾ ਜੀਵਨ ਸ਼ਾਂਤੀ ਨਾਲ ਜਿਉਂ ਸਕਣ।  ਰੋਸ ਮਾਰਚ ਵਿਚ ਹਾਜ਼ਿਰੀ ਭਰਣ ਵਾਸਤੇ ਬੀਤੀ ਦੇਰ ਰਾਤ ਤੱਕ ਅਣਗਿਣਤ ਸੰਗਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਆਗੂਆਂ ਦੀ ਅਗਵਾਈ ਵਿੱਚ ਦਿੱਲੀ ਪਹੁੰਚ ਚੁੱਕੀਆਂ ਸਨ ਅਤੇ ਇਨ੍ਹਾਂ ਸਭ ਦੇ ਰਹਿਣ ਅਤੇ ਲੰਗਰ ਆਦਿ ਦੇ ਪ੍ਰਬੰਧ ਗੁਰਦੁਆਰਾ ਸ੍ਰੀ ਰਕਾਬਗੰਜ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਕੀਤਾ ਗਿਆ ਸੀ ।

ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਤਹਿਤ ਕੀਤੇ ਜਾਂਦੇ ਭੁਗਤਾਨ ਦੇ 50% ਦਾਅਵੇ ਆਪਣੇ ਆਪ ਹੀ ਰਿਹਾ ਹੈ ਨਿਪਟਾ: ਸਾਹਨੀ 

ਸੰਸਦ ਨੂੰ ਦਿੱਤੇ ਗਏ ਅੰਕੜੇ ਅਤੇ ਆਰਟੀਆਈ ਵਿੱਚ ਮਿਲੇ ਜਵਾਬ ਅੰਦਰ ਵੱਡਾ ਫਰਕ

ਨਵੀਂ ਦਿੱਲੀ 6 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਵਿੱਚ ਆਯੂਸ਼ਮਾਨ ਭਾਰਤ ਦੇ ਅਧੀਨ ਦਾਅਵਿਆਂ ਵਿੱਚ ਵਿਸੰਗਤੀਆਂ ਦਾ ਮੁੱਦਾ ਉਠਾਇਆ।
ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੋਲ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਤਹਿਤ ਭੁਗਤਾਨ ਦੇ ਦਾਅਵਿਆਂ ਦੇ ਸਬੰਧ ਵਿੱਚ ਵਿਸੰਗਤੀਆਂ ਦੇ ਸਬੰਧ ਵਿੱਚ ਸਵਾਲ ਉਠਾਏ। ਉਹਨਾ ਨੇ ਮੰਤਰਾਲੇ ਵਲੋਂ ਸੰਸਦ ਨੂੰ ਦਿੱਤੇ ਅੰਕੜਿਆਂ ਅਤੇ ਆਰ ਟੀ ਆਈ ਵਿੱਚ ਦਿੱਤੇ ਜਵਾਬ ਵਿੱਚ ਵੱਡੇ ਫਰਕ ਦਾ ਪਰਦਾ ਫਾਸ਼ ਕੀਤਾ।
ਸ੍ਰ. ਸਾਹਨੀ ਨੇ ਕਿਹਾ ਕਿ ਜੂਨ 2023 ਵਿੱਚ ਆਰ ਟੀ ਆਈ ਦੇ ਅਧੀਨ ਇੱਕ ਜਵਾਬ ਵਿੱਚ ਸਿਹਤ ਮੰਤਰਾਲੇ ਨੇ ਸਵਿਕਾਰ ਕੀਤਾ ਹੈ ਕਿ ਆਯੂਸ਼ਮਾਨ ਭਾਰਤ ਦੇ ਅਧੀਨ ਸਾਲ 2022 ਅਤੇ 2023 ਵਿੱਚ ਕ੍ਰਮਵਾਰ 53% ਅਤੇ 74% ਕੇਸਾਂ ਦੀ ਅਦਾਇਗੀ ਬਾਕਾਇਆ ਪਈ ਹੈ, ਜਦਕਿ ਸੰਸਦ ਵਿਚ ਮੰਤਰਾਲੇ  ਨੇ ਕਿਹਾ ਹੈ ਕਿ ਇਨ੍ਹਾਂ ਦੋ ਵਿੱਤੀ ਸਾਲਾਂ ਦੀ ਬਾਕਾਇਆ ਅਦਾਇਗੀ ਸਿਰਫ਼ 2.2% ਅਤੇ 5.22% ਹੈ।
ਸ੍ਰ. ਸਾਹਨੀ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿਹੜਾ ਡੇਟਾ ਸਹੀ ਹੈ ਅਤੇ ਸਿਹਤ ਮੰਤਰਾਲੇ ਨੂੰ ਡਾਟਾ ਪ੍ਰਬੰਧਨ ਨੂੰ ਠੀਕ ਕਰਨਾ ਚਾਹੀਦਾ ਹੈ। ਉਹਨਾ ਨੇ ਪੰਜਾਬ ਰਾਜ ਵਿੱਚ ਆਯੁਸ਼ਮਾਨ ਭਾਰਤ ਦੇ ਦਾਅਵਿਆਂ ਦੇ ਤਹਿਤ ਦਾਇਰ ਕੀਤੇ ਗਏ ਅਤੇ ਨਿਪਟਾਏ ਗਏ ਦਾਅਵਿਆਂ ਦਾ ਸਹੀ ਡਾਟਾ ਦੇਣ ਦੀ ਮੰਗ ਕੀਤੀ।
ਸ੍ਰ ਸਾਹਨੀ ਨੇ ਆਸ ਪ੍ਰਗਟ ਕੀਤੀ ਕਿ ਜਿਵੇਂ ਕਿ ਜਵਾਬ ਵਿੱਚ ਦੱਸਿਆ ਗਿਆ ਹੈ, ਅਸਲੀਅਤ ਵਿਚ ਵੀ ਭਾਰਤ ਆਯੂਸ਼ੁਮਾਨ ਦੇ 50% ਦਾਅਵੇ ਪੇਸ਼ ਕਰਨ ਦੇ ਸਮੇਂ ਆਪਣੇ ਆਪ ਹੀ ਨਿਪਟਾ ਦਿੱਤੇ ਜਾਂਦੇ ਹਨ ।
ਸ੍ਰ. ਸਾਹਨੀ ਨੇ ਇਹ ਵੀ ਕਿਹਾ ਕਿ ਆਯੂਸ਼ੁਮਾਨ ਭਾਰਤ ਦੇ ਦਾਅਵਿਆਂ ਦੇ ਕੁੱਲ ਲਾਭਪਾਤਰੀਆਂ ਦੇ ਅੰਕੜਿਆਂ ਵਿੱਚ ਵੀ ਗੰਭੀਰ ਵਿਸੰਗਤੀ ਹੈ। ਆਰ ਟੀ ਆਈ ਅਨੁਸਾਰ ਪਿਛਲੇ ਸਾਲ ਦੌਰਾਨ ਯੋਜਨਾ ਦੇ 14.85 ਲੱਖ ਲਾਭਾਰਥੀ ਹਨ ਅਤੇ ਸੰਸਦ ਦੇ ਜਵਾਬ ਵਿੱਚ ਇਹ ਗਿਣਤੀ 1.63 ਕਰੋੜ ਦੱਸੀ 

ਪੰਥ ਦੋਖੀ ਨੂਰਮਹਿਲੀਆਂ ਨੂੰ ਗੁਰਮਤਿ ਸਮਾਗਮ ’ਚ ਪ੍ਰਮੁੱਖਤਾ ਦੇਣ ਬਦਲੇ ਸ. ਇਲਬਾਲ ਸਿੰਘ ਲਾਲਪੁਰਾ ਨੂੰ ਕੀਤਾ ਜਾਵੇ ਤਲਬ- ਸ਼੍ਰੋਮਣੀ ਕਮੇਟੀ

ਨਵੀਂ ਦਿੱਲੀ, 3 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਪੰਥ ਵਿਰੋਧੀ ਨੂਰਮਹਿਲੀਆਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਤੇ ਸਮਾਗਮ ਵਿਚ ਸ਼ਮੂਲੀਅਤ ਕਰਵਾਉਣ ਦੀ ਕਰੜੀ ਨਿੰਦਾ ਕਰਦਿਆਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਤੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਬੀਤੇ ਦਿਨੀਂ ਸ. ਇਕਬਾਲ ਸਿੰਘ ਲਾਲਪੁਰਾ ਵੱਲੋਂ ਦਿੱਲੀ ਸਥਿਤ ਆਪਣੇ ਘਰ ਵਿਖੇ ਕੀਤੇ ਇਕ ਗੁਰਮਤਿ ਸਮਾਗਮ ਦੌਰਾਨ ਨੂਰਮਹਿਲੀਆਂ ਨੂੰ ਸ਼ਾਮਲ ਕਰਕੇ ਮੰਚ ’ਤੇ ਪ੍ਰਮੁੱਖਤਾ ਦੇਣ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਦੀ ਇਹ ਹਰਕਤ ਬਰਦਾਸ਼ਤਯੋਗ ਨਹੀਂ ਹੈ। ਸ਼੍ਰੋਮਣੀ ਕਮੇਟੀ ਆਗੂਆਂ ਨੇ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਸ. ਇਕਬਾਲ ਸਿੰਘ ਲਾਲਪੁਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ। ਉਨ੍ਹਾਂ ਕਿਹਾ ਕਿ ਸਾਲ 2002 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਨੂਰਮਹਿਲੀਆਂ ਵੱਲੋਂ ਗੁਰੂ ਸਾਹਿਬਾਨ ਅਤੇ ਸਿੱਖੀ ਸਿਧਾਂਤਾਂ ਨੂੰ ਅਪਮਾਨਤ ਕਰਨ ਦਾ ਗੁਨਾਹ ਕੀਤਾ ਹੋਣ ਕਰਕੇ, ਸਿੱਖ ਜਗਤ ਨੂੰ ਇਨ੍ਹਾਂ ਤੋਂ ਦੂਰ ਰਹਿਣ ਲਈ ਆਦੇਸ਼ ਕੀਤਾ ਹੋਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਆਦੇਸ਼ ਦੀ ਉਲੰਘਣਾ ਕਰਕੇ ਸ. ਇਕਬਾਲ ਸਿੰਘ ਲਾਲਪੁਰਾ ਨੇ ਪੰਥ ਦੋਖੀ ਹੋਣ ਦਾ ਸਬੂਤ ਦਿੱਤਾ ਹੈ। ਇਸ ਲਈ ਪੰਥਕ ਤੌਰ ’ਤੇ ਸ. ਲਾਲਪੁਰਾ ’ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਇਸ ਸਮਾਗਮ ਦੌਰਾਨ ਕੀਰਤਨ ਕਰਨ ਵਾਲੇ ਰਾਗੀ ਜਥੇ ਅਤੇ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘ ਦੀ ਵੀ ਜਵਾਬਤਲਬੀ ਕਰਨ ਦੀ ਮੰਗ ਕੀਤੀ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ਤੇ ਸ਼ੁਰੂ ਕੀਤੀ ਅਰਦਾਸ ਸਮਾਗਮਾਂ ਦੀ ਤੀਸਰੇ ਪੜਾਅ ਦੀ ਅਰਦਾਸ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈ ਸੰਪੂਰਨ 

 ਨਵੀਂ ਦਿੱਲੀ 3 ਦਸੰਬਰ (ਮਨਪ੍ਰੀਤ ਸਿੰਘ ਖਾਲਸਾ) ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਅਤੇ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ਤੇ ਸ਼ੁਰੂ ਕੀਤੀ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਤੀਸਰੇ ਪੜਾਅ ਦੀ ਅਰਦਾਸ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੰਪੂਰਨ ਹੋਈ।
ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ 1984 ਵਿੱਚ ਭਾਰਤੀ ਸਰਕਾਰ ਵਲੋਂ ਸਿੱਖਾਂ ਦੀ ਨਸਲਕੁਸ਼ੀ ਲਈ ਘੜੀ ਗਈ ਸਾਜ਼ਿਸ਼ ਦਾ ਹੀ ਇਕ ਹਿੱਸਾ ਸੀ ਕਿ 1990 -93 ਵਿੱਚ ਹਜਾਰਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਉਪਰੰਤ ਵਿੱਦਿਅਕ ਅਦਾਰਿਆਂ ਵਿੱਚ ਮਹੌਲ ਐਸਾ ਸਿਰਜਿਆ ਕਿ ਨੌਜਵਾਨੀ ਵਿੱਚ ਇਹ ਸੋਚ ਪਾਈ ਕਿ ਤੁਸੀਂ ਸਿੱਖੀ ਸਰੂਪ ਵਿੱਚ ਸੋਹਣੇ ਨਹੀਂ ਲੱਗਦੇ । ਸਰਕਾਰ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਦੀ ਸਾਜ਼ਿਸ਼ ਤਹਿਤ ਹੀ ਨੌਜਵਾਨੀ ਨੂੰ ਕਲੀਨ ਸੇਵ ਕਲਚਰ, ਨਸ਼ਾ ਕਲਚਰ ਅਤੇ ਗੈਂਗਸਟਰ ਕਲਚਰ ਵਿੱਚ ਗ੍ਰਸਤ ਕਰ ਦਿੱਤਾ ਗਿਆ । ਸਰਕਾਰ ਦਾ ਇਕੋ ਮਕਸਦ ਸੀ ਕਿ ਸਿੱਖ ਨੌਜਵਾਨੀ ਧਰਮ ਨਾਲੋਂ ਟੁਟੇ ਤਾਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਅਰੰਭੇ ਸੰਘਰਸ਼ ਵਿੱਚ ਸ਼ਾਮਲ ਹੋਣ ਤੋਂ ਸਿੱਖ ਨੌਜਵਾਨੀ ਨੂੰ ਰੋਕਿਆ ਜਾ ਸਕਦਾ ਹੈ । 
ਉਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਖ਼ਾਲਸਾ ਵਹੀਰ ਨੇ ਨੌਜਵਾਨੀ ਨੂੰ ਧਰਮ ਨਾਲ ਜੋੜ ਕੇ ਨਸ਼ਿਆਂ ਦੇ ਕਲਚਰ ਵਿੱਚੋਂ  ਕੱਢਿਆ ਅਤੇ ਉਹਨਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਵਿੱਚ ਕੀਮਤੀ ਜਾਨਾਂ ਗਵਾਉਣ ਨਾਲੋਂ ਚੰਗਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਆਰੰਭੇ ਸੰਘਰਸ਼ ਵਿੱਚ ਸ਼ਾਮਿਲ ਹੋਵੋ, ਕੌਮੀ ਸੰਘਰਸ਼ ਵਿੱਚ ਜੇ ਤੁਹਾਡੀ ਜਾਨ ਚੱਲੀ ਵੀ ਗਈ ਤਾਂ ਤੁਹਾਡੇ ਮਾਪਿਆ ਨੂੰ ਘੱਟੋ ਘੱਟ ਤੁਹਾਡੇ ਤੇ ਮਾਣ ਤਾਂ ਹੋਵੇ ਕਿ ਸਾਡਾ ਪੁਤ ਕੌਮ ਲਈ ਸ਼ਹੀਦ ਹੋਇਆ ਹੈ ।
ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨੀ ਨੂੰ ਦਿੱਤੀ ਪ੍ਰੇਰਨਾ ਸਦਕਾ ਨੌਜਵਾਨ ਨਸ਼ੇ ਛੱਡ ਕੇ ਖ਼ਾਲਸਾ ਵਹੀਰ ਦਾ ਹਿੱਸਾ ਬਣ ਗਏ ਅਤੇ ਨੌਜਵਾਨੀ 1990 ਤੋਂ ਪਹਿਲਾਂ ਜਿਸ ਤਰਾਂ ਸਿੱਖੀ ਸਰੂਪ ਵਿੱਚ ਆਪਣੀ ਸ਼ਾਨ ਸਮਝਦੀ ਸੀ ਹੁਣ ਖਾਲਸਾ ਵਹੀਰ ਸ਼ੁਰੂ ਹੋਣ ਨਾਲ ਫਿਰ ਕਈ ਦਹਾਕਿਆਂ ਬਾਅਦ ਨੌਜਵਾਨੀ ਸਿੱਖੀ ਸਰੂਪ ਵਿੱਚ ਆਪਣੀ ਸ਼ਾਨ ਸਮਝਣ ਲੱਗੀ ਅਤੇ ਨੌਜਵਾਨੀ ਬਾਣੀ ਬਾਣੇ ਦੀ ਧਾਰਨੀ ਹੋਣ ਲਗੀ ।
ਉਹਨਾਂ ਕਿਹਾ ਕਿ ਇਸ ਤਰਾਂ ਨਾਲ ਸਰਕਾਰਾਂ ਵੱਲੋਂ ਦਹਾਕਿਆਂ ਤੋਂ ਸਿੱਖ ਨੌਜਵਾਨੀ ਨੂੰ ਬਰਬਾਦ ਕਰਨ ਲਈ ਬੁਣੇ ਜਾਲ ਨੂੰ ਖ਼ਾਲਸਾ ਵਹੀਰ ਨੇ ਐਸਾ ਕੱਟਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸੰਘਰਸ਼ ਵਿੱਚ ਆਈ ਖੜੋਤ ਨੂੰ ਕਲਗੀਧਰ ਪਾਤਸ਼ਾਹ ਦੀ ਕ੍ਰਿਪਾ ਨਾਲ ਖਤਮ ਕਰ ਦਿੱਤਾ । ਇਸ ਤੋਂ ਘਬਰਾ ਕੇ ਸਰਕਾਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਰੰਭੀ ਖ਼ਾਲਸਾ ਵਹੀਰ ਨੂੰ ਰੋਕਣ ਲਈ ਅਜਨਾਲੇ ਵਾਲੇ ਕੇਸ ਦਾ ਬਹਾਨਾ ਬਣਾ ਕੇ ਉਸ ’ਤੇ ਐਨਐਸਏ ਲਗਾ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬਰੂਗੜ ਦੀ ਜੇਲ੍ਹ ਵਿੱਚ ਸਾਥੀਆਂ ਸਮੇਤ ਕੈਦ ਕਰ ਦਿੱਤਾ ਅਤੇ ਕਈ ਸਿੰਘ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ । ਇਹੀ ਨਹੀਂ ਸੈਂਕੜੇ ਸਿੰਘਾਂ ਨੂੰ ਪੁਲਿਸ ਨੇ ਭਾਰੀ ਤਸ਼ੱਦਦ ਕਰਕੇ ਇਹ ਸੁਨੇਹਾ ਦਿਤਾ ਗਿਆ ਕਿ ਖ਼ਾਲਸਾ ਵਹੀਰ ਤਾਂ ਦੂਰ ਦੀ ਗੱਲ ਹੈ, ਜੇ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਵੀ ਗਏ ਤਾਂ ਦੁਬਾਰਾ ਪੁਲਿਸ ਤਸ਼ੱਦਦ ਲਈ ਤਿਆਰ ਰਹੋ । ਉਨਾਂ ਕਿਹਾ ਕਿ ਹਰਿਆਣਾ ਦੇ ਨੂਹ ਵਿੱਚ ਥਾਣੇ ਤੇ ਹਮਲੇ ਦੌਰਾਨ ਪੁਲਿਸ ਮੁਲਾਜਮਾਂ ਤਹਿਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਪਰ ਕਿਸੇ ਤੇ ਐਨਐਸਏ ਨਹੀ ਲਗੀ ਦੋ ਹਫਤਿਆਂ ਬਾਦ ਜਮਾਨਤਾਂ ਹੋ ਗਈਆਂ ਪਰ ਸਿੱਖਾਂ ਨਾਲ ਉਹੀ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਨਿਰੰਤਰ ਜਾਰੀ ਹੈ, ਕੋਈ ਅਦਾਲਤ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਦੇ ਕੇਸਾਂ ਵਿੱਚ ਇਕ ਅੱਖਰ ਸਾਡੇ ਵਕੀਲਾਂ ਦਾ ਸੁਣਨ ਨੂੰ ਤਿਆਰ ਨਹੀਂ । ਸਿੱਖਾਂ ਦੇ ਕੇਸਾਂ ਵਿੱਚ ਅਦਾਲਤਾਂ ਨੂੰ ਅਜਨਾਲਾ ਥਾਣੇ ਦਾ ਕੇਸ ਨੂਹ ਥਾਣੇ ਦੇ ਕਿਸੇ ਜਿਥੇ ਚਾਰ ਮੌਤਾਂ ਹੋਈਆਂ ਉਸ ਤੋ ਕਿਤੇ ਵੱਡਾ ਦਿਸਦਾ ਹੈ । ਕਈ ਜੱਜਾਂ ਵਲੋਂ ਅਜਨਾਲੇ ਕੇਸ ਵਿੱਚ ਦਿਤੀਆਂ ਪਰੋਸੀਡਿੰਗਜ ਤੋਂ ਇਸ ਤਰਾਂ ਲਗਦਾ ਉਹ ਜੱਜ ਨਹੀ ਜਾਲਮ ਸਰਕਾਰਾਂ ਦਾ ਵਕੀਲ ਹੋਵੇ। 
ਉਹਨਾਂ ਕਿਹਾ ਕਿ ਇਹੀ ਨਹੀਂ ਦੇਖੋ! ਭਾਈ ਅੰਮ੍ਰਿਤਪਾਲ ਸਿੰਘ ਉੱਪਰ 18 ਮਾਰਚ ਨੂੰ ਕੀਤੇ ਜ਼ਾਲਮ ਹਕੂਮਤ ਦੇ  ਹਮਲੇ ਬਾਅਦ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਫਿਰਦੀਆਂ ਫੋਰਸਾਂ ਨੇ ਪੰਜਾਬ ਦੀ ਜਨਤਾ ਵਿੱਚ ਐਸੀ ਦਹਿਸ਼ਤ ਪਾਈ ਕਿ ਜੇਕਰ ਕੋਈ ਸੋਸ਼ਲ ਮੀਡੀਆ ’ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਪੋਸਟ ਸ਼ੇਅਰ ਕਰਦਾ ਤਾਂ ਉਸ ਨੂੰ ਤੁਰੰਤ ਚੁੱਕ ਲਿਆ ਜਾਂਦਾ ਰਿਹਾ ਅੱਜ ਤੱਕ ਸੋਸ਼ਲ ਮੀਡੀਆ ਅਕਾਉਂਟ ਬੈਨ ਹਨ । ਪਰ ਕਲਗ਼ੀਧਰ ਪਾਤਸ਼ਾਹ ਦੀ ਮਿਹਰ ਨਾਲ ਸੰਗਤ ਨੇ ਪੰਜਾਬ ਦੇ ਮੈਦਾਨੀ ਇਲਾਕੇ ਨੂੰ ਮਨੁੱਖੀ ਜੰਗਲ ਬਣਾ ਕੇ ਰੱਖ ਦਿੱਤਾ । ਸੰਗਤ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਰੱਖਿਆ ਲਈ ਅਨੇਕਾਂ ਸਹਿਜ ਪਾਠ, ਚੌਪਈ ਸਾਹਿਬ ਦੇ ਪਾਠ, ਅਖੰਡ ਪਾਠ ਸਾਹਿਬ ਅਤੇ ਵੱਡੀ ਗਿਣਤੀ ਵਿੱਚ ਸੰਪਟ ਪਾਠ ਸਾਹਿਬ ਕੀਤੇ ਤੇ ਅੱਜ ਵੀ ਜਾਰੀ ਹਨ । ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਦੀਆਂ ਅਰਦਾਸਾਂ ਸਦਕਾ ਹੀ ਸਰਕਾਰਾਂ ਦੀਆਂ ਫੋਰਸਾਂ ਅਤੇ ਏਜੰਸੀਆਂ ਦੀ ਵੱਡੀ ਹਾਰ ਹੋਈ । ਭਾਰਤੀ ਸਰਕਾਰ ਦੀਆਂ ਸੱਭ ਫੋਰਸਾਂ ਤੇ ਏਜੰਸੀਆਂ ਸੰਗਤਾਂ ਦੀਆਂ ਅਰਦਾਸਾਂ ਨੇ ਫੇਲ ਕਰ ਕੇ ਰੱਖ ਦਿੱਤੀਆਂ । 
ਭਾਈ ਅੰਮ੍ਰਿਤਪਾਲ ਸਿੰਘ ਨੇ ਸੰਤਾਂ ਦੇ ਜਨਮ ਅਸਥਾਨ ਜਿੱਥੇ ਉਨਾਂ ਦੀ ਸਿੱਖ ਸੰਗਤ ਨੇ ਦਸਤਾਰਬੰਦੀ ਕੀਤੀ ਸੀ ਉਥੇ ਹੀ ਰੋਡੇ ਪਿੰਡ ਵਿਖੇ ਆਪ ਗ੍ਰਿਫਤਾਰੀ ਦਿੱਤੀ ਅਤੇ ਗ੍ਰਿਫਤਾਰੀ ਸਮੇਂ ਸੰਗਤਾਂ ਨੂੰ ਸੰਦੇਸ਼ ਦਿੱਤਾ ਕਿ ਸਿੱਖ ਦੁਸ਼ਮਣ ਸਰਕਾਰਾਂ ਦੀ ਹਾਰ ਇਸੇ ਵਿੱਚ ਹੈ ਕਿ ਕਲਗ਼ੀਧਰ ਪਾਤਸ਼ਾਹ ਦੀ ਖੰਡੇ ਬਾਟੇ ਦੀ ਪਾਹੁਲ ਛਕੀਏ । ਸੋ ਪੰਜ ਤਖ਼ਤਾਂ ’ਤੇ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਇਸ ਕਰਕੇ ਹੀ ਅੰਮ੍ਰਿਤ ਸੰਚਾਰ ਲਈ ਨੌਜਵਾਨੀ ਨੂੰ ਸਦਾ ਦਿੱਤਾ ਜਾਂਦਾ ਹੈ ਅਤੇ ਕਕਾਰਾਂ ਦੀ ਸੇਵਾ ਕੀਤੀ ਜਾਂਦੀ ਹੈ ।
ਉਹਨਾਂ ਕਿਹਾ ਕਿ ਅਗੇ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਸੰਗਤਾਂ ਅੱਜ ਦੀ ਤਰ੍ਹਾਂ ਹੀ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਕਿਉਂਕਿ ਸੰਗਤ ਦੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਸਦਕਾ ਹੀ ਸਰਕਾਰਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਵਿਰੁੱਧ ਬੁਣੇ ਜਾਲ ਨੂੰ ਕੱਟਿਆ ਜਾ ਸਕਦਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ ਨੇ ਹਾਜਰੀ ਲਵਾਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਮੈਨੇਜਰ ਸ ਰਣਜੀਤ ਸਿੰਘ, ਐਸਜੀਪੀਸੀ ਮੈਬਰ ਅਵਤਾਰ ਸਿੰਘ ਵਣਵਾਲਾ, ਸੁਖਵਿੰਦਰ ਸਿੰਘ ਅਗਵਾਨ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਅਨੇਕਾਂ ਸ਼ਖਸ਼ੀਅਤਾਂ ਨੇ ਹਾਜਰੀ ਭਰੀ ।

 ਸਿਰਸਾ ਨੂੰ ਪੰਥ ਵਿਚ ਛੇਕਣ ਦੀ ਕੀਤੀ ਅਪੀਲ

ਸਿਰਸਾ ਵਲੋਂ ਕੀਤੇ ਗਏ ਮਨੀ ਲਾਂਡਰਿੰਗ ਘੁਟਾਲੇ ਦੇ ਮਾਮਲੇ 'ਚ ਸਰਨਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ, 19 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇੱਕ ਵਫ਼ਦ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੀਟਿੰਗ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ 10 ਹਜਾਰ ਕਰੋੜ ਰੁਪਏ ਦਾ ਮਨੀ-ਲਾਂਡਰਿੰਗ ਘੋਟਾਲਾ ਦਾ ਹਵਾਲਾ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਪੰਥ ‘ਚੋਂ ਛੇਕਣ ਦੀ ਅਪੀਲ ਕੀਤੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ.ਸਰਨਾ ਨੇ ਗੰਭੀਰ ਵਿੱਤੀ ਅਪਰਾਧਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੁਰਵਰਤੋਂ ਕਰਨ ਲਈ ਸਿਰਸਾ ਖ਼ਿਲਾਫ਼ ਕਾਰਵਾਈ ਲਈ ਜ਼ੋਰ ਦਿੱਤਾ। ਸਿਰਸਾ ਦੇ ਕਥਿਤ ਮਾੜੇ ਕੰਮਾਂ ਦੇ ਸਬੂਤ ਪੇਸ਼ ਕਰਨ ਵਾਲੀ ਇੱਕ ਵਾਇਰਲ ਵੀਡੀਓ ਦਾ ਹਵਾਲਾ ਦਿੰਦੇ ਹੋਏ, ਸਰਨਾ ਨੇ ਕਿਹਾ, “ਸਿਰਸਾ ਅਤੇ ਉਸਦੇ ਸਾਥੀਆਂ ਵੱਲੋਂ ਇਸ ਤੋਂ ਇਨਕਾਰ ਕਰਨਾ ਹੀ ਕਾਫ਼ੀ ਨਹੀਂ ਹੈ, ਸਿਰਸਾ ਦੇ ਵਿੱਤੀ ਅਪਰਾਧਾਂ ਦੇ ਇਤਿਹਾਸ ਦੇ ਨਾਲ-ਨਾਲ ਦੋਸ਼ਾਂ ਦੀ ਗੰਭੀਰਤਾ ਧਿਆਨ ਦੀ ਮੰਗ ਕਰਦੀ ਹੈ।
ਸ.ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿਰਸਾ ਨੂੰ ਤੁਰੰਤ ਪੰਥ ‘ਚੋਂ ਛੇਕਣ ਜਾਂ ਤਨਖਾਹੀਆਂ ਕਰਾਰ ਦੇਣ ਦੀ ਅਪੀਲ ਨੂੰ ਦੁਹਰਾਉਂਦਿਆਂ ਕਿਹਾ ਕਿ ਅਜਿਹੀ ਕਾਰਵਾਈ ਗੁਰੂ ਘਰ ਅੰਦਰ ਵਿੱਤੀ ਅਪਰਾਧਾਂ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਐਲਾਨ ਕੀਤਾ, "ਅਸੀਂ ਨਿੱਜੀ ਤੌਰ 'ਤੇ ਜਥੇਦਾਰ ਸਾਹਿਬ ਨੂੰ ਇਸ ਸੰਬੰਧੀ ਕਾਰਵਾਈ ਲਈ ਅਪੀਲ ਕੀਤੀ ਹੈ। ਇਹ ਪਵਿੱਤਰ ਅਸਥਾਨਾਂ ਦੇ ਅੰਦਰ ਵਿੱਤੀ ਦੁਰਵਿਵਹਾਰਾਂ ਦੇ ਵਿਰੁੱਧ ਇੱਕ ਰੋਕਥਾਮ ਲਈ ਬਹੁਤ ਜ਼ਰੂਰੀ ਹੈ । ਇਸ ਤੋਂ ਇਲਾਵਾ, ਉਨ੍ਹਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਜਵਾਬਦੇਹੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਸਿਰਸਾ ਦੀਆਂ ਵਿੱਤੀ ਗਤੀਵਿਧੀਆਂ ਦੀ ਸੁਤੰਤਰ ਜਾਂਚ ਸ਼ੁਰੂ ਕਰਨ ਦੀ ਅਪੀਲ ਕੀਤੀ।
ਸਿੱਖ ਫੋਰਮ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਅਧਿਕਾਰਤ ਚਾਰਟਰਡ ਅਕਾਊਂਟੈਂਟ ਆਰਐਸ ਆਹੂਜਾ ਦੁਆਰਾ ਡੈਲੋਇਟ ਆਡਿਟ ਰਿਪੋਰਟ ਨੂੰ ਕਥਿਤ ਤੌਰ 'ਤੇ ਦਬਾਉਣ 'ਤੇ ਚਾਨਣਾ ਪਾਉਂਦਿਆਂ ਸਰਨਾ ਨੇ ਆਹੂਜਾ ਨੂੰ ਗੁਰੂ ਪੰਥ ਦੇ ਭਲੇ ਲਈ ਸਹਿਯੋਗ ਦੇਣ ਅਤੇ ਜਾਣਕਾਰੀ ਦਾ ਖੁਲਾਸਾ ਕਰਨ ਦੀ ਅਪੀਲ ਕੀਤੀ।
ਅੰਤ ਵਿੱਚ ਸ. ਸਰਨਾ ਨੇ ਕਿਹਾ ਕਿ,”ਈਡੀ ਨੂੰ ਸੁਤੰਤਰ ਅਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸਿਰਸਾ ਸਮੇਤ ਕੋਈ ਵੀ, ਕਾਨੂੰਨ ਜਾਂ ਗੁਰੂ ਪੰਥ ਤੋਂ ਉੱਪਰ ਨਹੀਂ ਹੈ ।”

 ਐਸਜੀਪੀਸੀ ਬੰਦੀ ਸਿੰਘ ਭਾਈ ਰਾਜੋਆਣਾ ਦੀਆਂ ਭਾਵਨਾਵਾ ਨੂੰ ਨਜਰ ਅੰਦਾਜ ਕਿਉਂ ਕਰ ਰਹੀ ਹੈ

ਐਸਜੀਪੀਸੀ ਦੇ ਵੱਡੇ ਅਹੁਦੇਦਾਰ, ਅਧਿਕਾਰੀ ਅਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਮੌਜੂਦਾ ਹੁਕਮਰਾਨਾਂ ਅੱਗੇ ਸਿੱਖ ਮਸਲਿਆ ਤੇ ਲਿਲਕੜੀਆ ਕੱਢਕੇ ਸਿੱਖ ਕੌਮ ਨੂੰ ਨੀਵਾ ਦਿਖਾਉਣ ਦੇ ਅਮਲ ਕਿਉਂ ਕਰ ਰਹੇ ਹਨ-ਮਾਨ 

ਨਵੀਂ ਦਿੱਲੀ, 10 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-“ਸਾਨੂੰ ਮੀਡੀਏ ਅਤੇ ਅਖ਼ਬਾਰਾਂ ਵਿਚ ਇਹ ਸੁਣਕੇ ਅਤੇ ਜਾਣਕੇ ਕਿ ਐਸ.ਜੀ.ਪੀ.ਸੀ ਦੇ ਵੱਡੇ ਅਹੁਦੇਦਾਰ, ਅਧਿਕਾਰੀ ਅਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਵੱਲੋਂ ਹੁਕਮਰਾਨਾਂ ਨੂੰ ਵਾਰ-ਵਾਰ ਸਿੱਖ ਕੌਮ ਵੱਲੋ ਕੀਤੀਆ ਕੁਰਬਾਨੀਆ ਦਾ ਹਵਾਲਾ ਦੇ ਕੇ ਮੌਜੂਦਾ ਸਮੇ ਵਿਚ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਵੱਡੇ ਮਸਲਿਆ ਨੂੰ ਹੱਲ ਕਰਵਾਉਣ ਦੀ ਗੁਹਾਰ ਲਗਾਉਣ ਦੇ ਬਾਵਜੂਦ ਵੀ ਜਦੋਂ ਹੁਕਮਰਾਨਾਂ ਦੇ ਮਨ-ਆਤਮਾ ਉਤੇ ਕੋਈ ਅਸਰ ਨਹੀ ਹੁੰਦਾ, ਫਿਰ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਵਾਰ-ਵਾਰ ਦੁਹਰਾਉਣ ਦੇ ਅਮਲਾਂ ਉਤੇ ਤਾਂ ਸਾਨੂੰ ਸ਼ਰਮ ਆਉਦੀ ਹੈ ਕਿ ਅਜਿਹਾ ਕਰਕੇ ਇਹ ਆਗੂ ਉਨ੍ਹਾਂ ਹੁਕਮਰਾਨਾਂ ਅੱਗੇ ਅਜਿਹੇ ਮਸਲਿਆ ਤੇ ਲਿਲਕੜੀਆ ਕੱਢਕੇ ਸਿੱਖ ਕੌਮ ਨੂੰ ਨੀਵਾ ਦਿਖਾਉਣ ਦੇ ਅਮਲ ਕਿਉਂ ਕਰ ਰਹੇ ਹਨ ? ਇਨ੍ਹਾਂ ਨੇ ਅੱਜ ਦੇ ਬਿਆਨ ਵਿਚ ਆਪ ਪ੍ਰਵਾਨ ਕੀਤਾ ਹੈ ਕਿ ਗਵਰਨਰ ਪੰਜਾਬ ਇਨ੍ਹਾਂ ਮਸਲਿਆ ਉਤੇ ਸਾਨੂੰ ਸਮਾਂ ਹੀ ਨਹੀ ਦਿੰਦੇ । ਇੰਡੀਆ ਦੀ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਵੱਲੋ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਤੇ ਇਨ੍ਹਾਂ ਵੱਲੋ ਦਿੱਤੇ ਗਏ ਸਿੱਖ ਮਸਲਿਆ ਸੰਬੰਧੀ ਯਾਦ ਪੱਤਰ ਉਤੇ ਕੋਈ ਅਮਲ ਨਹੀ ਹੋਇਆ ਜਿਸ ਨੂੰ ਇਨ੍ਹਾਂ ਨੇ ਅਪ੍ਰਵਾਨ ਕੀਤਾ ਹੈ । ਫਿਰ ਵਾਰ-ਵਾਰ ਹੋਰ ਜ਼ਲਾਲਤ ਕਿਉਂ ਸਹਿ ਰਹੇ ਹਨ ? ਜਦੋਕਿ ਜੋ ਬੀਤੇ ਸਮੇ ਵਿਚ ਕੁਰਬਾਨੀਆ ਦਿੱਤੀਆ ਗਈਆ ਹਨ, ਸਿੰਘ ਸਭਾ ਲਹਿਰ ਦੇ ਸੰਘਰਸ਼ ਨੂੰ ਮੱਦੇਨਜਰ ਰੱਖਦੇ ਹੋਏ ਅੰਗਰੇਜ਼ਾਂ ਨੇ ਤਾਂ ਗੁਰਦੁਆਰਾ ਐਕਟ 1925 ਬਣਾ ਦਿੱਤਾ ਸੀ ਅਤੇ ਉਨ੍ਹਾਂ ਨੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਉਜਾਗਰ ਕਰਦੇ ਹੋਏ ਆਨੰਦ ਮੈਰਿਜ ਐਕਟ 1909 ਵੀ ਹੋਦ ਵਿਚ ਲਿਆਂਦਾ ਸੀ । ਫਿਰ ਉਹ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਜਿਥੇ ਮੁਸਲਿਮ, ਸਿੱਖ, ਹਿੰਦੂ ਸਭ ਉਨ੍ਹਾਂ ਦੇ ਗੁਲਾਮ ਸਨ ਅਤੇ ਸਭ ਨੂੰ ਬਰਾਬਰਤਾ ਦਾ ਹੱਕ ਹਾਸਿਲ ਸੀ ਜਾਂ ਫਿਰ ਹੁਣ ਵਾਲਾ ਇੰਡੀਆ ਦਾ ਹਿੰਦੂ ਰਾਜ ਜਿਥੇ ਸਿੱਖ ਗੁਲਾਮ ਹਨ, ਪਾਕਿਸਤਾਨ ਜਿਥੇ ਮੁਸਲਿਮ ਹਕੂਮਤ ਹੈ ਉਥੇ ਵੀ ਸਿੱਖ ਗੁਲਾਮ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ ਦੇ ਮੌਜੂਦਾ ਅਹੁਦੇਦਾਰਾਂ ਤੇ ਅਧਿਕਾਰੀਆ ਅਤੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਉਤੇ ਸਿੱਖ ਕੌਮ ਦੀਆਂ ਕੁਰਬਾਨੀਆ ਦਾ ਹਵਾਲਾ ਦੇਣ ਦੇ ਬਾਵਜੂਦ ਵੀ ਇਸ ਗੰਭੀਰ ਵਿਸੇ ਉਤੇ ਕੋਈ ਹੱਲ ਨਾ ਹੋਣਾ ਅਤੇ ਵਾਰ-ਵਾਰ ਹੁਕਮਰਾਨਾਂ ਅੱਗੇ ਖੁਦ ਜ਼ਲੀਲ ਹੋਣ ਅਤੇ ਕੌਮ ਨੂੰ ਜਲੀਲ ਕਰਨ ਦੀਆਂ ਕਾਰਵਾਈਆ ਨੂੰ ਦਿਸ਼ਾਹੀਣ ਕਰਾਰ ਦਿੰਦੇ ਹੋਏ ਅਤੇ ਜੋ ਸਿੱਖ ਕੌਮ ਦੀ ਸੰਪੂਰਨ ਆਜਾਦੀ ਦੀ ਗੱਲ ਹੈ, ਉਸ ਤੋ ਮੂੰਹ ਮੋੜਨ ਜਾਂ ਉਸ ਵਿਰੁੱਧ ਹੁਕਮਰਾਨਾਂ ਨਾਲ ਸਾਂਠ-ਗਾਂਠ ਰੱਖਣ ਦੀਆਂ ਕਾਰਵਾਈਆ ਨੂੰ ਅਤਿ ਸਰਮਿੰਦਗੀ ਭਰੀਆ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਗੁਰਦੁਆਰਾ ਐਕਟ 1925 ਵਿਚ ਅੰਗਰੇਜ਼ਾਂ ਨੇ ਹੋਦ ਵਿਚ ਲਿਆਂਦਾ ਸੀ, ਉਸ ਅਨੁਸਾਰ ਐਸ.ਜੀ.ਪੀ.ਸੀ ਦੀ ਧਾਰਮਿਕ ਸੰਸਥਾਂ ਦੀਆਂ ਚੋਣਾਂ ਹਰ 5 ਸਾਲ ਦੀ ਮਿਆਦ ਖਤਮ ਹੋਣ ਉਪਰੰਤ ਚੋਣਾਂ ਹੋਣੀਆ ਚਾਹੀਦੀਆ ਹਨ । ਪਰ 13 ਸਾਲਾਂ ਤੋ ਇਹ ਚੋਣਾਂ ਨਹੀ ਕਰਵਾਈਆ ਗਈਆ । ਜਿਸ ਤਾਕਤ ਅਤੇ ਜਿਨ੍ਹਾਂ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਕਾਨੂੰਨ ਅਨੁਸਾਰ ਮਿਲੇ ਵਿਧਾਨਿਕ ਹੱਕ ਨੂੰ ਕੁੱਚਲਿਆ ਹੋਵੇ, ਅੱਜ ਸੁਪਰੀਮ ਕੋਰਟ ਦੇ ਨਵੇ ਜੱਜਾਂ ਦੀ ਨਿਯੁਕਤੀ ਕੀਤੀ ਹੈ ਜਿਨ੍ਹਾਂ ਵਿਚ ਕੋਈ ਵੀ ਸਿੱਖ ਜੱਜ ਨਹੀ, ਫਿਰ ਬਰਗਾੜੀ ਕਤਲ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸੰਬੰਧੀ ਕੋਈ ਇਨਸਾਫ਼ ਨਹੀ ਦਿੱਤਾ ਗਿਆ ਅਤੇ ਜੋ ਮੌਜੂਦਾ ਸਿੱਖ ਕੌਮ ਦੇ ਮਸਲਿਆ, ਬੰਦੀ ਸਿੰਘਾਂ ਦੀ ਰਿਹਾਈ, ਐਸ.ਜੀ.ਪੀ.ਸੀ ਸੰਸਥਾਂ ਦੀ ਸਹੀ ਸਮੇ ਤੇ ਚੋਣ ਕਰਵਾਉਣ, ਸਿੱਖਾਂ ਦੀ ਫ਼ੌਜ ਵਿਚ ਭਰਤੀ ਦੇ 33% ਕੋਟੇ ਨੂੰ ਬਹਾਲ ਕਰਵਾਉਣ, ਪੰਜਾਬ ਦੇ ਪਾਣੀਆ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਵਿਧਾਨਿਕ ਹੱਕ ਨੂੰ ਪ੍ਰਦਾਨ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਤੋਂ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ ਅਤੇ ਪੰਜਾਬ ਦੇ ਹੈੱਡਵਰਕਸ ਤੋਂ ਪੈਦਾ ਹੋਣ ਵਾਲੀ ਬਿਜਲੀ ਉਤੇ ਪੰਜਾਬ ਦਾ ਕਾਨੂੰਨੀ ਹੱਕ ਨੂੰ ਪ੍ਰਵਾਨ ਕਰਨ ਆਦਿ ਗੰਭੀਰ ਮਸਲਿਆ ਨੂੰ ਲੰਮੇ ਸਮੇ ਤੋ ਹੱਲ ਹੀ ਨਹੀ ਕਰ ਰਹੇ, ਉਨ੍ਹਾਂ ਅੱਗੇ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਦੇ ਨੁਮਾਇੰਦੇ ਲਿਲਕੜੀਆ ਕੱਢਣ, ਇਹ ਤਾਂ ਸਿੱਖ ਕੌਮ ਦੀ ਜ਼ਲਾਲਤ ਕਰਨ ਵਾਲੀ ਕਾਰਵਾਈ ਹੈ । ਜਦੋ ਇਨ੍ਹਾਂ ਨੂੰ ਜਾਣਕਾਰੀ ਹੈ ਕਿ ਇਹ ਇਨ੍ਹਾਂ ਨੇ ਮਸਲੇ ਹੱਲ ਨਹੀ ਕਰਨੇ ਫਿਰ ਸਿੱਖ ਕੌਮ ਦੀਆਂ ਕੁਰਬਾਨੀਆਂ ਆਦਿ ਨੂੰ ਵਾਰ-ਵਾਰ ਉਚਾਰਕੇ ਇਹ ਸਿੱਖ ਆਗੂ ਸਿੱਖ ਕੌਮ ਦੇ ਅਕਸ ਨੂੰ ਅਤੇ ਸੰਸਾਰ ਪੱਧਰ ਦੇ ਸਤਿਕਾਰ-ਮਾਣ ਨੂੰ ਠੇਸ ਕਿਉਂ ਪਹੁੰਚਾ ਰਹੇ ਹਨ ? ਉਨ੍ਹਾਂ ਕਿਹਾ ਕਿ ਇਨ੍ਹਾਂ ਦਿਸ਼ਾਹੀਣ ਆਗੂਆਂ ਦੀ ਹੁਕਮਰਾਨਾਂ ਅੱਗੇ ਇਸ ਲਈ ਕੋਈ ਨਹੀ ਚੱਲ ਰਹੀ ਕਿਉਂਕਿ ਇਨ੍ਹਾਂ ਵੱਲੋ ਕੈਨੇਡਾ ਵਿਚ ਇੰਡੀਅਨ ਏਜੰਸੀਆ ਅਤੇ ਹੁਕਮਰਾਨਾਂ ਵੱਲੋ ਕਤਲ ਕੀਤੇ ਗਏ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਆਦਿ ਦੇ ਹੋਏ ਸਾਜਸੀ ਕਤਲਾਂ ਸੰਬੰਧੀ ਕੋਈ ਆਵਾਜ ਨਹੀ ਉਠਾਈ ਜਾ ਰਹੀ । ਬਲਕਿ ਬੁਜਦਿੱਲਾਂ ਦੀ ਤਰ੍ਹਾਂ ਅਮਲ ਕਰ ਰਹੇ ਹਨ । ਹੁਕਮਰਾਨਾਂ ਨੂੰ ਇਨ੍ਹਾਂ ਦੇ ਇਖਲਾਕ ਦਾ ਗਿਆਨ ਹੈ, ਇਹੀ ਵਜਹ ਹੈ ਕਿ ਇਨ੍ਹਾਂ ਦੀ ਕੋਈ ਗੱਲ ਉਹ ਨਹੀ ਸੁਣਦੇ ਅਤੇ ਨਾ ਹੀ ਅਮਲ ਕਰਦੇ ਹਨ । ਜੋ ਐਸ.ਜੀ.ਪੀ.ਸੀ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਸੰਬੰਧੀ ਸਜ਼ਾ ਮੁਆਫ਼ੀ ਕਰਨ ਦੀ ਅਪੀਲ ਕੀਤੀ ਹੋਈ ਹੈ, ਜਦੋ ਸ੍ਰੀ ਰਾਜੋਆਣਾ ਵੱਲੋ ਉਸ ਅਪੀਲ ਨੂੰ ਰੱਦ ਕਰਨ ਜਾਂ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ, ਫਿਰ ਐਸ.ਜੀ.ਪੀ.ਸੀ. ਉਨ੍ਹਾਂ ਦੀਆਂ ਭਾਵਨਾਵਾ ਨੂੰ ਨਜਰ ਅੰਦਾਜ ਕਿਉਂ ਕਰ ਰਹੀ ਹੈ ?
ਸ. ਮਾਨ ਨੇ ਕਿਹਾ ਕਿ ਐਸ.ਜੀ.ਪੀ.ਸੀ. ਜਿਸ ਕੋਲ ਅਸੀਮਤ ਸਾਧਨ ਹਨ ਉਨ੍ਹਾਂ ਵੱਲੋ ਗੁਰੂਘਰਾਂ ਦੀ ਦਿੱਖ ਨੂੰ ਅਧਿਆਤਮਕ ਪੱਖੀ ਬਣਾਉਣ ਹਿੱਤ ਅਤੇ ਇਨ੍ਹਾਂ ਗੁਰੂਘਰਾਂ ਦੀ ਖੂਬਸੂਰਤੀ ਨੂੰ ਕਾਇਮ ਰੱਖਣ ਲਈ ਕਿਸੇ ਤਰ੍ਹਾਂ ਦੀ ਲੈਡ ਸਕੇਪਿੰਗ ਨਹੀ ਕੀਤੀ ਜਾ ਰਹੀ । ਜਦੋਕਿ ਚਾਹੀਦਾ ਇਹ ਹੈ ਕਿ ਸਮੁੱਚੇ ਗੁਰੂਘਰਾਂ ਵਿਚ ਉਸ ਸਥਾਂਨ ਨੂੰ ਅਕਰਸਿਕ ਬਣਾਉਣ ਹਿੱਤ ਹਰ ਤਰ੍ਹਾਂ ਦੇ ਬੂਟੇ, ਫੁੱਲ, ਫਲ ਆਦਿ ਲਗਾਏ ਜਾਣੇ ਚਾਹੀਦੇ ਹਨ ਜਿਸ ਨਾਲ ਇਨ੍ਹਾਂ ਧਾਰਮਿਕ ਸਥਾਨਾਂ ਦਾ ਮਾਹੌਲ ਰੁਹਾਨੀਅਤ ਵਿਚ ਵਾਧਾ ਕਰ ਸਕੇ, ਉਥੇ ਆਉਣ ਵਾਲੇ ਹਰ ਵਰਗ ਦੇ ਸਰਧਾਲੂ ਬਾਣੀ ਦੇ ਆਨੰਦ ਦੇ ਨਾਲ-ਨਾਲ ਉਥੋ ਦੀ ਆਬੋਹਵਾ ਅਤੇ ਮਨਮੋਹਕ ਮਾਹੌਲ ਵਿਚੋ ਹੋਰ ਵੀ ਸੰਤੁਸਟੀ ਤੇ ਖੁਸ਼ੀ ਪ੍ਰਾਪਤ ਕਰ ਸਕਣ । ਇਥੋ ਤੱਕ ਕਿ ਗੁਰੂਘਰਾਂ ਵਿਚ ਇਨ੍ਹਾਂ ਵੱਲੋ ਬਣਾਵਟੀ ਕਾਗਜ ਦੇ ਫੁੱਲਾਂ ਨੂੰ ਲਗਾਇਆ ਜਾਂਦਾ ਹੈ ਜੇਕਰ ਲੈਡ ਸਕੇਪਿੰਗ ਤੇ ਫੁੱਲ-ਫਲ ਬੂਟਿਆ ਨਾਲ ਭਰਪੂਰ ਹੋਣਗੇ, ਤਾਂ ਨਿੱਤ ਗੁਰੂਘਰਾਂ ਵਿਚ ਗੁਰੂ ਸਾਹਿਬ ਜੀ ਦੀ ਹਾਜਰੀ ਵਿਚ ਤਾਜੇ ਫੁੱਲਾਂ ਦੀ ਖੁਸਬੋ ਉਸ ਮਾਹੌਲ ਨੂੰ ਹੋਰ ਰੁਹਾਨੀਅਤ ਭਰਿਆ ਬਣਾਉਣ ਵਿਚ ਸਹਿਯੋਗ ਕਰੇਗੀ ।

ਦਿੱਲੀ ਤੇ ਇਗਨਊ ਯੂਨੀਵਰਸਿਟੀਆਂ ਵਿਚ ਸਿੱਖਿਆ ਮੰਤਰੀ ਪੰਜਾਬੀ ਦਾ ਨਵਾਂ ਡਿਸਟੈਂਸ ਲਰਨਿੰਗ ਕੋਰਸ ਡਿਪਲੋਮਾ, ਬੈਚਲਰ ਤੇ ਮਾਸਟਰਜ਼ ਪੱਧਰ ’ਤੇ ਕਰਵਾਣ ਸ਼ੁਰੂ -ਜਸਵਿੰਦਰ ਸਿੰਘ ਜੌਲੀ

ਦਿੱਲੀ ਗੁਰਦਵਾਰਾ ਕਮੇਟੀ ਵਲੋਂ ਹਰ ਤਰੀਕੇ ਦੇ ਸਹਿਯੋਗ ਦੀ ਪੇਸ਼ਕਸ਼

ਨਵੀਂ ਦਿੱਲੀ, 5 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨਊ) ਯੂਨੀਵਰਸਿਟੀਆਂ ਵਿਚ ਪੰਜਾਬੀ ਦਾ ਨਵਾਂ ਡਿਸਟੈਂਸ ਲਰਨਿੰਗ ਕੋਰਸ ਡਿਪਲੋਮਾ, ਬੈਚਲਰ ਤੇ ਮਾਸਟਰਜ਼ ਪੱਧਰ ’ਤੇ ਸ਼ੁਰੂ ਕੀਤਾ ਜਾਵੇ।
ਸਿੱਖਿਆ ਮੰਤਰੀ ਦੇ ਨਾਲ-ਨਾਲ ਦਿੱਲੀ ਤੇ ਇਗਨਊ ਦੋਵੇਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਲਿਖੇ ਪੱਤਰ ਵਿਚ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਇਹ ਕੋਰਸ ਸ਼ੁਰੂ ਕਰਨ ਨਾਲ ਵਿਦਿਆਰਥੀਆਂ ਤੇ ਯੂਨੀਵਰਸਿਟੀਆਂ ਨੂੰ ਵੀ ਚੋਖਾ ਲਾਭ ਮਿਲੇਗਾ ਕਿਉਂਕਿ ਪੰਜਾਬੀ ਬਹੁਤ ਵੱਡੀ ਪੱਧਰ ’ਤੇ ਬੋਲੀ ਜਾਂਦੀ ਹੈ ਤੇ ਪੰਜਾਬ ਖਿੱਤੇ ਦੀ ਸਭਿਆਚਾਰਕ ਵਿਰਾਸਤ ਦਾ ਹਿੱਸਾ ਹੈ ਜਿਸਦੀ ਅੱਜ ਦੇ ਬਹੁ ਭਾਂਤੀ ਤੇ ਵਿਸ਼ਵੀਕ੍ਰਿਤ ਯੁੱਗ ਵਿਚ ਬਹੁਤ ਅਹਿਮੀਅਤ ਹੈ।ਉਹਨਾਂ ਕਿਹਾ ਕਿ ਇਗਨਊ ਅਤੇ ਦਿੱਲੀ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਵਿਚ ਪੰਜਾਬੀ ਭਾਸ਼ਾ ਦਾ ਕੋਰਸ ਸ਼ਾਮਲ ਕਰਨ ਨਾਲ ਅਸੀਂ ਨਾ ਸਿਰਫ ਅਮੀਰ ਭਾਸ਼ਾ ਦੀ ਰਾਖੀ ਵਾਸਤੇ ਯੋਗਦਾਨ ਪਾ ਸਕਾਂਗੇ ਬਲਕਿ ਅਸੀਂ ਪੰਜਾਬੀ ਬੋਲਦੇ ਭਾਈਚਾਰਿਆਂ ਨਾਲ ਗੱਲਬਾਤ ਦਾ ਜ਼ਰੀਆ ਬਣਾ ਕੇ ਆਪਣੇ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਮੁਹਾਰਤ ਵਿਚ ਵਾਧਾ ਕਰ ਸਕਾਂਗੇ ਅਤੇ ਪ੍ਰੋਫੈਸ਼ਨਲ ਮੌਕੇ ਵੀ ਤਲਾਸ਼ ਸ਼ਕਾਂਗੇ।
ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਕੋਰਸ ਸ਼ੁਰੂ ਕਰਨ ਨਾਲ ਵਿਦਿਆਰਥੀ ਪੰਜਾਬੀ ਬੋਲਣ ਵਾਲੇ ਲੋਕਾਂ ਦੇ ਅਮੀਰ ਵਿਰਸੇ, ਸਾਹਿਤ, ਇਤਿਹਾਸ ਤੇ ਰਵਾਇਤਾਂ ਤੋਂ ਜਾਣੂ ਹੋ ਸਕਣਗੇ। ਇਸ ਨਾਲ ਸਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹ ਮਿਲੇਗਾ ਤੇ ਆਪਸੀ ਭਾਸ਼ਾਈ ਸਾਂਝ ਹੋਰ ਗੂੜ੍ਹੀ ਹੋਵੇਗੀ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਦੁਨੀਆਂ ਭਰ ਵਿਚ 15 ਕਰੋੜ ਲੋਕ ਪੰਜਾਬੀ ਬੋਲਦੇ ਹਨ ਤੇ ਇਸ ਭਾਸ਼ਾ ਵਿਚ ਮੁਹਾਰਤ ਹਾਸਲ ਕਰਨ ਨਾਲ ਵੱਖ-ਵੱਖ ਕੈਰੀਅਰ ਦੇ ਰਾਹ ਖੁੱਲ੍ਹਣਗੇ। ਉਹਨਾਂ ਕਿਹਾ ਕਿ ਸੈਰ ਸਪਾਟਾ, ਪ੍ਰਾਹੁਣਾਚਾਰੀ, ਮੀਡੀਆ, ਅਨੁਵਾਦ ਤੇ ਕੌਮਾਂਤਰੀ ਸੰਬੰਧ ਦੇ ਖੇਤਰ ਬਹੁ ਭਾਂਤੀ ਮੁਹਾਰਤ ਰੱਖਣ ਵਾਲਿਆਂ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੇ ਹਨ। ਪੰਜਾਬੀ ਭਾਸ਼ਾ ਦਾ ਕੋਰਸ ਸ਼ੁਰੂ ਕਰਨ ਨਾਲ ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ।
ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਕੋਰਸ ਸ਼ੁਰੂ ਕਰਨ ਨਾਲ ਭਾਸ਼ਾਈ ਸਾਹਿਤ, ਸਭਿਆਚਾਰਕ ਅਧਿਐਨ ਤੇ ਇਤਿਹਾਸ ਵਰਗੇ ਖੇਤਰਾਂ ਵਿਚ ਖੋਜ ਤੇ ਅਕਾਦਮਿਕ ਅਧਿਐਨ ਕਰਨ ਵਾਲਿਆਂ ਨੂੰ ਉਤਸ਼ਾਹ ਮਿਲੇਗਾ। ਇਸ ਨਾਲ ਵਿਦਵਾਨਾਂ ਤੇ ਮਾਹਿਰਾਂ ਨੂੰ ਆਕਰਸ਼ਤ ਕੀਤਾ ਜਾ ਸਕੇਗਾ ਤੇ ਬੁੱਧੀਜੀਵੀ ਜਗਤ ਦਾ ਵਿਕਾਸ ਹੋਵੇਗਾ ਤੇ ਯੂਨੀਵਰਸਿਟੀ ਪੰਜਾਬੀ ਭਾਸ਼ਾ ਅਧਿਐਨ ਲਈ ਸੈਂਟਰ ਆਫ ਐਕਸੀਲੈਂਸ ਬਣ ਸਕਣਗੀਆਂ।
ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਭਾਸ਼ਾ ਪ੍ਰੋਗਰਾਮ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਤੇ ਇਸਦੀ ਛਵੀ ਵਿਚ ਹੋਰ ਵਾਧਾ ਕਰੇਗਾ।
ਉਹਨਾਂ ਨੇ ਇਹਨਾਂ ਕੋਰਸਾਂ ਦੇ ਵਿਕਾਸ ਤੇ ਇਹਨਾਂ ਨੂੰ ਲਾਗੂ ਕਰਨ ਵਾਸਤੇ ਹਰ ਤਰੀਕੇ ਦੇ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਦੱਸਿਆ ਕਿ ਸਾਡੇ ਕੋਲ ਪੰਜਾਬੀ ਭਾਸ਼ਾ ਵਿਚ ਮੁਹਾਰਤ ਰੱਖਣ ਵਾਸਤੇ ਇਸਟ੍ਰਕਟਰਾਂ ਦਾ ਪੂਰਾ ਨੈਟਵਰਕ ਹੈ ਜੋ ਇਸ ਕੰਮ ਵਿਚ ਸਾਂਝ ਪਾ ਕੇ ਆਪਣੇ ਤਜ਼ਰਬੇ ਸਾਂਝੇ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਆਪ ਵੀ ਸੂਚਨਾ ਸੈਸ਼ਨਾਂ, ਸਭਿਆਚਾਰਕ ਪ੍ਰੋਗਰਾਮਾਂ ਤੇ ਹੋਰ ਪ੍ਰੋਮੋਸ਼ਨਲ ਪ੍ਰੋਗਰਾਮਾਂ ’ਤੇ ਜਾਗਰੂਕਤਾ ਤੇ ਵਿਦਿਆਰਥੀਆਂ ਵਿਚ ਦਿਲਚਸਪੀ ਪੈਦਾ ਕਰਨ ਵਿਚ ਮਦਦ ਕਰ ਸਕਦੇ ਹਨ।

ਗੁਰਦੁਆਰੇ ਅਤੇ ਮਸੀਤਾਂ ਵਿਰੁੱਧ ਨਫਰਤੀ ਭਾਸਣ ਦੇਣ ਵਾਲੇ ਸੰਦੀਪ ਦਾਇਮਾ ਨੂੰ ਭਾਜਪਾ ਪਾਰਟੀ ਤੋਂ ਕੀਤਾ ਗਿਆ ਬਰਖ਼ਾਸਤ

ਨਵੀਂ ਦਿੱਲੀ, 05 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਜਪਾ ਨੇਤਾ ਸੰਦੀਪ ਦਾਇਮਾ ਵਲੋਂ ਗੁਰਦੁਆਰੇ ਅਤੇ ਮਸੀਤਾਂ ਵਿਰੁੱਧ ਦਿੱਤੇ ਗਏ ਇਕ ਨਫਰਤੀ ਭਾਸ਼ਣ ਨਾਲ ਸਿੱਖ ਪੰਥ ਦੇ ਵੱਧ ਰਹੇ ਰੋਹ ਨੂੰ ਦੇਖਦਿਆਂ ਭਾਜਪਾ ਵੱਲੋਂ ਤੀਜਾਰਾ ਅੰਦਰ ਇਕ ਚੋਣ ਰੈਲੀ ਦੌਰਾਨ ਨਫ਼ਰਤੀ ਭਾਸ਼ਣ ਦਿੱਤੇ ਜਾਣ ਦਾ ਨੋਟਿਸ ਲੈਂਦਿਆਂ ਇਸ ਲੀਡਰ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਦਾਇਮਾ ਨੇ ਇੱਕ ਚੋਣ ਰੈਲੀ ਵਿੱਚ ਬੋਲਦਿਆਂ ਕਿਹਾ ਸੀ ਕਿ ਗੁਰਦੁਆਰੇ ਅਤੇ ਮਸੀਤਾਂ ਕਦੇ ਨਾਸੂਰ ਬਣ ਜਾਣਗੇ ਇਸ ਲਈ ਇਨ੍ਹਾਂ ਨੂੰ ਉਖ਼ਾੜ ਸੁੱਟਣਾ ਚਾਹੀਦਾ ਹੈ। ਉਸ ਵਲੋਂ ਦਿੱਤੇ ਗਏ ਬਿਆਨ ਸਮੇਂ ਰੈਲੀ ਦੇ ਮੰਚ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਪਾਰਟੀ ਦੇ ਹੋਰ ਬਹੁਤ ਸਾਰੇ ਸੀਨੀਅਰ ਆਗੂ ਹਾਜ਼ਰ ਸਨ।ਹਾਲਾਂਕਿ ਸੰਦੀਪ ਦਾਇਮਾ ਵੱਲੋਂ ਬਾਅਦ ਵਿੱਚ ਮੁਆਫ਼ੀ ਮੰਗ ਲੈਣ ਦੇ ਬਾਵਜੂਦ 5 ਰਾਜਾਂ ਵਿੱਚ ਵੋਟਾਂ ਪੈਣ ਵਾਲੀਆਂ ਹੋਣ ਕਰਕੇ ਇਹ ਮੁੱਦਾ ਭਾਜਪਾ ਲਈ ਵੱਡਾ ਸਿਆਸੀ ਸੰਕਟ ਬਣਦਾ ਨਜ਼ਰ ਆ ਰਿਹਾ ਸੀ । ਸੰਦੀਪ ਦਾਇਮਾ ਦੇ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਹੀ ਨਹੀਂ ਸਗੋਂ ਭਾਜਪਾ ਦੇ ਅੰਦਰ ਵੀ ਚਿੰਤਾ ਪੈਦਾ ਕਰ ਦਿੱਤੀ ਸੀ ਜਿਸ ਨੂੰ ਦੇਖਦਿਆਂ ਪਾਰਟੀ ਨੇ ਸਖ਼ਤ ਫ਼ੈਸਲਾ ਲੈਂਦਿਆਂ ਸੰਦੀਪ ਦਾਇਮਾ ਦੀ ਛੁੱਟੀ ਕਰ ਦਿੱਤੀ ਹੈ।

ਲੇਖਕ ਕਦੇ ਜਲਾਵਤਨ ਨਹੀਂ ਹੁੰਦਾ: ਡਾ. ਸੁਖਦੇਵ ਸਿੰਘ ਸਿਰਸਾ

'ਸਮਕਾਲ ਅਤੇ ਪੰਜਾਬੀ ਸਾਹਿਤ' ਵਿਸ਼ੇ 'ਤੇ ਹੋਇਆ ਰਾਸ਼ਟਰੀ ਸੈਮੀਨਾਰ

ਸਿਰਸਾ , 29 ਅਕਤੂਬਰ (ਸਤੀਸ਼ ਬਾਂਸਲ ) ਸਮਾਜ ਹਮੇਸ਼ਾ ਲੇਖਕ ਤੋਂ ਇਹ ਆਸ ਰੱਖਦਾ ਹੈ ਕਿ ਉਹ ਹਰ ਹਾਲ ਵਿੱਚ ਆਮ ਲੋਕਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਨੂੰ ਜ਼ੁਬਾਨ ਪ੍ਰਦਾਨ ਕਰੇ, ਇਸ ਲਈ ਹਰ ਸੰਕਟ ਦੀ ਘੜੀ ਵਿੱਚ ਲੇਖਕਾਂ ਨੂੰ ਸਮਾਜ ਦੀ ਇਸ ਉਮੀਦ 'ਤੇ ਖ਼ਰਾ ਉਤਰਨਾ ਚਾਹੀਦਾ ਹੈ। ਬਦਲੇ ਦੇ ਆਤੰਕ ਕਾਰਨ ਸਮਾਜ ਜੇਕਰ ਬੋਲ਼ਾ ਅਤੇ ਗੂੰਗਾ ਵੀ ਹੋ ਜਾਵੇ ਤਾਂ ਇਸ ਨੂੰ ਜਗਾਉਣ ਲਈ ਨਿਜ਼ਾਮ ਦੇ ਟਾਕਰੇ ਲਈ ਲੇਖਕ ਦੀ ਕੂਕ ਜ਼ਰੂਰੀ ਹੈ ਲੇਖਕ ਨੂੰ ਹਰ ਹਾਲਾਤ ਵਿੱਚ ਆਮ ਲੋਕਾਂ ਦੇ ਸਰੋਕਾਰਾਂ ਪ੍ਰਤੀ ਪ੍ਰਤਿਬੱਧ ਰਹਿਣਾ ਚਾਹੀਦਾ ਹੈ, ਇਸ ਕਰਕੇ ਜ਼ੁਲਮ ਦੇ ਸਮੇਂ ਵੀ ਲੇਖਕ ਕਦੇ ਜਲਾਵਤਨ ਨਹੀਂ ਹੁੰਦਾ ਸਗੋਂ ਆਪਣੇ ਲੋਕਾਂ ਦੇ ਨਾਲ ਖੜਾ ਰਹਿੰਦਾ ਹੈ। ਇਹ ਵਿਚਾਰ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਲੇਖਕ ਸਭਾ, ਸਿਰਸਾ ਦੇ ਸਹਿਯੋਗ ਨਾਲ 'ਸਮਕਾਲ ਅਤੇ ਪੰਜਾਬੀ ਸਾਹਿਤ' ਵਿਸ਼ੇ 'ਤੇ ਪੰਚਾਇਤ ਭਵਨ, ਸਿਰਸਾ ਵਿਖੇ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਦੌਰਾਨ ਮੁੱਖ ਬੁਲਾਰੇ ਵਜੋਂ ਆਪਣੇ ਮੁੱਖ ਸੁਰ ਭਾਸ਼ਣ ਵਿੱਚ ਪ੍ਰਗਟ ਕੀਤੇ। ਉਹਨਾਂ ਅਜੋਕੇ ਸਮੇਂ ਵਿੱਚ ਲੇਖਕਾਂ ਦੀ ਸਮਾਜਕ ਜ਼ਿੰਮੇਵਾਰੀ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਈਡੀ ਅਤੇ ਬੁਲਡੋਜ਼ਰ ਦੇ ਇਸ ਦੌਰ ਵਿੱਚ ਵੀ ਲੇਖਕਾਂ ਨੇ ਲਿਖਣਾ ਬੰਦ ਨਹੀਂ ਕੀਤਾ। ਉਹਨਾਂ ਨੇ ਸਿੱਖ ਗੁਰੂਆਂ, ਨੇਰੂਦਾ, ਲੋਰਕਾ, ਬ੍ਰੈਖ਼ਤ, ਮਹਿਮੂਦ ਦਰਵੇਸ਼, ਨਿਖਿਲ ਸੁਚਾਨ, ਸਲਮਾਨ ਹੈਦਰ, ਅਹਿਮਦ ਬਦਰ, ਪੁਸ਼ਪਾ ਮਿੱਤਰਾ, ਜਾਵੇਦ ਅਖ਼ਤਰ, ਗ਼ਦਰ, ਸੁਰਜੀਤ ਜੱਜ, ਦੇਵਨੀਤ, ਪ੍ਰੋ. ਗੁਰਦਿਆਲ ਸਿੰਘ ਆਦਿ ਲੇਖਕਾਂ ਦੇ ਹਵਾਲੇ ਨਾਲ ਲੇਖਕ ਦੀ ਜਵਾਬਦੇਹੀ ਨੂੰ ਪਰਿਭਾਸ਼ਿਤ ਕੀਤਾ। ਇਸ ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਉਪਰ ਅਧਾਰਿਤ ਪ੍ਰਧਾਨਗੀਮੰਡਲ ਨੇ ਕੀਤੀ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ-ਪ੍ਰਧਾਨ ਅਤੇ ਸੈਮੀਨਾਰ ਕਨਵੀਨਰ ਡਾ. ਹਰਵਿੰਦਰ ਸਿੰਘ ਸਿਰਸਾ ਵੱਲੋਂ ਪ੍ਰਧਾਨਗੀਮੰਡਲ ਅਤੇ ਬੁਲਾਰਿਆਂ ਨਾਲ ਜਾਣ-ਪਛਾਣ ਤੋਂ ਬਾਅਦ ਪਰਮਾਨੰਦ ਸ਼ਾਸਤਰੀ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਇਤਿਹਾਸਕ ਪਿਛੋਕੜ, ਇਸਦੀ ਕਾਰਜ-ਪ੍ਰਣਾਲੀ ਅਤੇ ਸੈਮੀਨਾਰ ਦੀ ਰੂਪ-ਰੇਖਾ ਬਾਰੇ ਜਾਣੂੰ ਕਰਵਾਏ ਜਾਣ ਉਪਰੰਤ ਪ੍ਰੋਗ਼ਰਾਮ ਦਾ ਆਗ਼ਾਜ਼ ਮਹਿਕ ਭਾਰਤੀ ਅਤੇ ਕੁਲਦੀਪ ਸਿਰਸਾ ਵੱਲੋਂ ਗੀਤ ਗਾਇਨ ਦੀ ਪੇਸ਼ਕਾਰੀ ਨਾਲ ਹੋਇਆ। ਸੈਮੀਨਾਰ ਵਿੱਚ ਚਰਚਾ ਨੂੰ ਅੱਗੇ ਤੋਰਦਿਆਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋ. ਸਰਬਜੀਤ ਸਿੰਘ ਨੇ ਪੰਜਾਬੀ ਸਮਾਜ, ਇਤਿਹਾਸਕ ਵੰਗਾਰਾਂ ਅਤੇ ਸਾਹਿਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਦੇ ਨਿਜ਼ਾਮ ਦਾ ਚਿਹਰਾ ਤਾਂ ਮਾਨਵਵਾਦੀ ਨਜ਼ਰ ਆਉਂਦਾ ਹੈ ਪਰ ਇਸ ਦੀ ਨੀਅਤ ਲੋਕ ਵਿਰੋਧੀ ਹੈ। ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਇਸ ਦੇ ਖ਼ਤਰਨਾਕ ਮਨਸੂਬਿਆਂ ਬਾਰੇ ਵੀ ਸੁਚੇਤ ਕੀਤਾ। ਸੈਮੀਨਾਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਪੀ.ਜੀ.ਕਾਲਜ, ਸ਼੍ਰੀ ਗੰਗਾਨਗਰ ਦੇ ਪ੍ਰਿੰਸੀਪਲ ਡਾ. ਸੰਦੀਪ ਸਿੰਘ ਮੁੰਡੇ ਨੇ ਰਾਜਸਥਾਨ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਇਸ ਦੇ ਸੱਭਿਆਚਾਰਕ ਸੰਦ੍ਰਿਸ਼ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਰਾਜਸਥਾਨ ਵਿੱਚ ਪੰਜਾਬੀ ਨੂੰ ਤੀਜੀ ਭਾਸ਼ਾ ਵਜੋਂ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਹਾਲਤ ਤਸੱਲੀਬਖ਼ਸ਼ ਨਾ ਹੋਣ ਦੇ ਬਾਵਜੂਦ ਕੋਸ਼ਿਸ਼ਾਂ ਜਾਰੀ ਹਨ ਅਤੇ ਉਮੀਦਾਂ ਬਰਕਰਾਰ ਹਨ। ਡਾ. ਰਤਨ ਸਿੰਘ ਢਿੱਲੋਂ ਨੇ ਹਰਿਆਣਾ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਇਸ ਦੇ ਸੱਭਿਆਚਾਰਕ ਸੰਦ੍ਰਿਸ਼ ’ਤੇ ਚਾਨਣਾ ਪਾਉਂਦੇ ਹੋਏ ਹਰਿਆਣਾ ਵਿੱਚ ਇਸ ਸਭ ਪ੍ਰਤੀ ਉਦਾਸੀਨਤਾ ਲਈ ਸਿਸਟਮ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੇ ਦੂਜੇ ਦਰਜ਼ੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਅਤੇ ਹਰਿਆਣਵੀ ਭਾਸ਼ਾ ਦੇ ਵਿਕਾਸ ਲਈ ਵਿਆਪਕ ਲਾਮਬੰਦੀ ਜ਼ਰੂਰੀ ਹੈ।

ਡਾ. ਸੁਭਾਸ਼ ਮਾਨਸਾ ਨੇ ਹਰਿਆਣਾ ਦੇ ਸਭਿਆਚਾਰਕ ਅੰਤਰ-ਸੰਵਾਦ ਅਤੇ ਹਰਿਆਣੇ ਦੇ ਪੰਜਾਬੀ ਸਾਹਿਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰਿਆਣਵੀ ਸਮਾਜ ਅਜੇ ਤੱਕ ਵੀ ਆਪਣੀ ਸੌੜੀ ਸੋਚ ਤੋਂ ਮੁਕਤ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਮਨੁੱਖੀ ਕਦਰਾਂ-ਕੀਮਤਾਂ ਸੱਤਾ ਦੇ ਅਨੁਕੂਲ ਨਹੀਂ ਹੁੰਦੀਆਂ ਸਗੋਂ ਉਹ ਆਪਣਾ ਰਾਹ ਆਪ ਤੈਅ ਕਰਦੀਆਂ ਹਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਾਡੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਵਿਸ਼ਾਲ ਲੋਕ-ਲਾਮਬੰਦੀ ਹੀ ਕਾਰਗਰ ਹੋ ਸਕਦੀ ਹੈ। ਉਨ੍ਹਾਂ ਇਸ ਸਮਾਗਮ ਨੂੰ ਸਫ਼ਲ ਅਤੇ ਲਾਹੇਵੰਦ ਦੱਸਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਲਗਾਤਾਰ ਯਤਨ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਹਿਤ ਕਦੇ ਵੀ ਸੱਤਾ ਦੇ ਇਰਾਦਿਆਂ ਅਨੁਸਾਰ ਨਹੀਂ ਰਚਿਆ ਜਾ ਸਕਦਾ ਕਿਉਂਕਿ ਸਾਹਿਤ ਆਮ ਲੋਕਾਂ ਦੀ ਆਵਾਜ਼ ਨੂੰ ਅਭੀਵਿਅਕਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਇਸ ਵਿਸ਼ਾਲ, ਸਫਲ ਅਤੇ ਸਾਰਥਕ ਸਮਾਗ਼ਮ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਪ੍ਰੋਗ਼ਰਾਮ ਦਾ ਸੰਚਾਲਨ ਸੈਮੀਨਾਰ ਕਨਵੀਨਰ ਡਾ. ਹਰਵਿੰਦਰ ਸਿੰਘ ਸਿਰਸਾ ਅਤੇ ਪੰਜਾਬੀ ਲੇਖਕ ਸਭਾ, ਸਿਰਸਾ ਦੇ ਜਨਰਲ ਸਕੱਤਰ ਸੁਰਜੀਤ ਸਿਰੜੀ ਨੇ ਕੀਤਾ।  ਸੈਮੀਨਾਰ ਦੌਰਾਨ ਡਾ. ਸੁਖਦੇਵ ਸਿੰਘ ਸਿਰਸਾ ਦੇ ਅਨੁਵਾਦਿਤ ਸਮੀਖਿਆ ਸੰਗ੍ਰਹਿ 'ਪੰਜਾਬੀ ਕਵਿਤਾ ਕੀ ਪ੍ਰਤਿਰੋਧੀ ਪਰੰਪਰਾ', ਪਰਮਾਨੰਦ ਸ਼ਾਸਤਰੀ ਦੁਆਰਾ ਹਿੰਦੀ ਵਿਚ ਅਨੁਵਾਦਤ ਪਰਗਟ ਸਤੌਜ ਦੇ ਨਾਵਲ '1947', ਛਿੰਦਰ ਕੌਰ ਸਿਰਸਾ ਦੇ ਕਾਵਿ-ਸੰਗ੍ਰਹਿ 'ਭਰ ਜੋਬਨ ਬੰਦਗੀ', ਡਾ. ਕੁਲਵਿੰਦਰ ਸਿੰਘ ਪਦਮ ਦੇ ਨਾਟਕ 'ਕੂਕਦੀ ਕੂੰਜ' ਡਾ. ਮੰਗਲ ਸਿੰਘ ਰਤੀਆ ਦੇ ਕਾਵਿ-ਸੰਗ੍ਰਹਿ 'ਸੁਲਗਦੇ ਦਰਿਆ', ਭੁਪਿੰਦਰ ਪੰਨੀਵਾਲੀਆ ਦੁਆਰਾ ਸੰਪਾਦਤ 'ਇਕ ਸੀ ਗੁਰਮੇਲ ਸਰਾ' ਅਤੇ ਮਨਜੀਤ ਸਿੰਘ ਮੂਸਾਖੇੜਾ ਦੀ 'ਲਾਗੂਵਾਦ: ਆਖ਼ਰ ਤਕ ਇਨਕਲਾਬ' ਪੁਸਤਕਾਂ ਦਾ ਲੋਕ-ਅਰਪਣ ਵੀ ਕੀਤਾ ਗਿਆ।  ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਰਪ੍ਰਸਤ ਮੈਂਬਰ ਸੁਰਿੰਦਰ ਸਿੰਘ ਸੁੰਨੜ, ਪ੍ਰਬੰਧਕੀ ਬੋਰਡ ਦੇ ਮੈਂਬਰ ਜਸਵੀਰ ਝੱਜ ਤੇ ਹਰਦੀਪ ਢਿੱਲੋਂ, ਪ੍ਰਲੇਸ ਪੰਜਾਬ ਦੇ ਜਨਰਲ ਸਕੱਤਰ ਡਾ. ਕੁਲਦੀਪ ਦੀਪ, ਸੁਖਜੀਵਨ, ਕਾ. ਸੁਵਰਨ ਸਿੰਘ ਵਿਰਕ, ਪ੍ਰੋ. ਆਰ ਪੀ ਸੇਠੀ, ਪ੍ਰੋ. ਰੂਪ ਦੇਵਗੁਣ, ਪ੍ਰੋ. ਇੰਦਰਜੀਤ ਢੀਂਗਰਾ, ਪ੍ਰੋ. ਹਰਭਗਵਾਨ ਚਾਵਲਾ, ਗੁਰਜੀਤ ਸਿੰਘ ਮਾਨ, ਪ੍ਰੋ. ਗੁਰਦੇਵ ਸਿੰਘ ਦੇਵ, ਡਾ. ਕੇ ਕੇ ਡੂਡੀ, ਡਾ. ਨਿਰਮਲ ਸਿੰਘ, ਡਾ. ਗੁਰਪ੍ਰੀਤ ਸਿੰਧਰਾ, ਪ੍ਰਦੀਪ ਸਚਦੇਵਾ, ਡਾ. ਸੁਖਦੇਵ ਹੁੰਦਲ, ਹਰਜਿੰਦਰ ਸਿੰਘ ਭੰਗੂ, ਕਾ. ਹਰਦੇਵ ਸਿੰਘ ਸੰਧੂ, ਲਖਵਿੰਦਰ ਸਿੰਘ ਬਾਜਵਾ, ਪ੍ਰੋ. ਹਰਜਿੰਦਰ ਸਿੰਘ, ਡਾ. ਹਰਵਿੰਦਰ ਕੌਰ, ਪ੍ਰੋ. ਦਿਲਰਾਜ ਸਿੰਘ, ਡਾ. ਹਰਮੀਤ ਕੌਰ, ਪ੍ਰੋ. ਗੁਰਸਾਹਿਬ ਸਿੰਘ, ਡਾ. ਸੁਨੀਤਾ ਰਾਣੀ, ਡਾ. ਕਰਮਜੀਤ ਕੌਰ, ਡਾ. ਹਰਦੇਵ ਸਿੰਘ, ਡਾ. ਲਖਵੀਰ ਸਿੰਘ, ਪ੍ਰੋ. ਸਤਵਿੰਦਰ ਸਿੰਘ ਪੁੰਨੀ, ਡਾ. ਨਛੱਤਰ ਸਿੰਘ, ਪ੍ਰੋ. ਕਾਜਲ, ਪ੍ਰੋ. ਗੁਰਦੱਤ, ਗੁਰਤੇਜ ਸਿੰਘ, ਡਾ. ਸਿਕੰਦਰ ਸਿੰਘ ਸਿੱਧੂ, ਕਾ. ਤਿਲਕ ਰਾਜ ਵਿਨਾਇਕ, ਸ਼ੀਲਾ ਵਿਨਾਇਕ, ਜਗਦੇਵ ਫੋਗਾਟ, ਕ੍ਰਿਸ਼ਨਾ ਫੋਗਾਟ, ਸੰਜੀਵ ਸ਼ਾਦ, ਡਾ. ਸੁਖਦੇਵ ਜੰਮੂ, ਅਰਵੇਲ ਸਿੰਘ ਵਿਰਕ, ਜਗਮਿੰਦਰ ਸਿੰਘ ਕੰਵਰ, ਕਾ. ਰਾਜ ਕੁਮਾਰ ਸ਼ੇਖੂਪੁਰੀਆ, ਕਾ. ਸੁਰਜੀਤ ਸਿੰਘ, ਕਾ. ਸਰਬਜੀਤ ਸਿੰਘ, ਡਾ. ਹਰਰਤਨ ਸਿੰਘ ਗਾਂਧੀ, ਬਲਬੀਰ ਕੌਰ ਗਾਂਧੀ, ਗੁਰਤੇਜ ਸਿੰਘ ਬਰਾੜ, ਮਾ. ਬੂਟਾ ਸਿੰਘ, ਡਾ. ਸ਼ੇਰ ਚੰਦ, ਮਹਿੰਦਰ ਸਿੰਘ ਨਾਗੀ, ਹੀਰਾ ਸਿੰਘ, ਰਮੇਸ਼ ਸ਼ਾਸਤਰੀ, ਅਨੀਸ਼ ਕੁਮਾਰ, ਹਰਭਜਨ ਬੇਦੀ, ਅਮਰਜੀਤ ਸਿੰਘ ਸੰਧੂ, ਸੁਰਜੀਤ ਰੈਣੂ, ਨਵਦੀਪ ਸਿੰਘ, ਲੇਖ ਰਾਜ ਢੋਟ, ਅੰਸ਼ੁਲ ਛਤਰਪਤੀ, ਗੌਰਵਦੀਪ ਕੌਰ, ਕੁਲਦੀਪ ਸਿੰਘ ਬੰਗੀ, ਬਲਬੀਰ ਕੌਰ ਰਾਏਕੋਟੀ, ਪ੍ਰੋ. ਗੁਰਪ੍ਰੀਤ ਕੌਰ, ਦਵੀ ਸਿੱਧੂ, ਵੀਰਪਾਲ ਕੌਰ ਸੋਹਲ, ਸੂਰਿਆ ਖ਼ੁਸ਼, ਸਰਬਜੀਤ ਸਿੰਘ ਟੋਹਾਣਾ, ਛਿੰਦਰ ਸਿੰਘ ਦਿਓਲ ਤੋਂ ਬਿਨਾ ਹਰਿਆਣਾ, ਪੰਜਾਬ ਅਤੇ ਰਾਜਸਥਾਨ ਤੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰਨਾਂ ਪ੍ਰਬੁੱਧਜਨ ਸਮੇਤ ਸਾਢੇ ਤਿੰਨ ਦੇ ਕਰੀਬ ਪ੍ਰਤਿਭਾਗੀਆਂ ਨੇ ਆਪਣੀ ਹਾਜ਼ਰੀ ਦਰਜ਼ ਕਰਵਾਈ।

ਮਨਜਿੰਦਰ ਸਿੰਘ ਸਿਰਸਾ ਸਿੱਖ ਪੰਥ ਦੀ ਸੇਵਾ ਛੱਡ ਪੀਐਮ ਮੋਦੀ ਦੇ ਗਾ ਰਹੇ ਹਨ ਸੋਹਿਲੇ 

ਨਵੀਂ ਦਿੱਲੀ, 28 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜੋ ਕੰਮ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਿਛਲੇ 9 ਸਾਲਾਂ ਵਿਚ ਸਿੱਖ ਕੌਮ ਵਾਸਤੇ ਕੀਤੇ ਹਨ, ਉਹ ਬਾਕੀ ਸਾਰੇ ਪ੍ਰਧਾਨ ਮੰਤਰੀ ਪਿਛਲੇ 70 ਸਾਲਾਂ ਵਿਚ ਨਹੀਂ ਕਰ ਸਕੇ।
ਅੱਜ ਉੱਤਰ ਪ੍ਰਦੇਸ਼ ਦੇ ਸਿਕੰਦਰਾਬਾਦ, ਬੁਲੰਦਸ਼ਹਿਰ ਤੇ ਅਲੀਗੜ੍ਹ ਸ਼ਹਿਰਾਂ ਵਿਚ ਪ੍ਰਭਾਵਸ਼ਾਲੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿਚ ਸਿੱਖ ਕੌਮ ਨੂੰ 1984 ਦੇ ਸਿੱਖ ਕਤਲੇਆਮ ਸਮੇਤ ਕਈ ਮੁਸ਼ਕਿਲ ਦੌਰਾਂ ਵਿਚੋਂ ਗੁਜ਼ਰਨਾ ਪਿਆ। ਉਹਨਾਂ ਕਿਹਾ ਕਿ ਇਹ ਵੀ ਬਹੁਤ ਪੀੜਾਦਾਇਕ ਸੀ ਕਿ ਦੇਸ਼ ਵਿਚ 1984 ਵਿਚ 8 ਹਜ਼ਾਰ ਸਿੱਖਾਂ ਦੇ ਕਤਲੇਆਮ ਮਗਰੋਂ ਪ੍ਰਧਾਨ ਮੰਤਰੀ ਇਹ ਕਹਿ ਕੇ ਕਤਲੇਆਮ ਨੂੰ ਜਾਇਜ਼ ਠਹਿਰਾਉਂਦਾ ਹੈ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ, ਧਰਤੀ ਹਿਲਦੀ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਹਨ ਜਿਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਨਾ ਸਿਰਫ ਸਿੱਖ ਕੌਮ ਨੂੰ ਵਧਾਈ ਦਿੱਤੀ ਬਲਕਿ ਤਿੰਨ ਖੇਤੀ ਕਾਨੂੰਨਾਂ ਲਈ ਮੁਆਫੀ ਵੀ ਮੰਗੀ ਤੇ ਉਹਨਾਂ ਨੂੰ ਖਾਰਜ ਕਰਨ ਦਾ ਐਲਾਨ ਵੀ ਕੀਤਾ। ਉਹਨਾਂ ਕਿਹਾ ਕਿ ਹੁਣ ਦੇਸ਼ ਦੇ ਸਾਹਮਣੇ ਦੋ ਪ੍ਰਧਾਨ ਮੰਤਰੀ ਹਨ ਇਕ ਜਿਸਨੇ 8 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਇਆ ਤੇ ਦੂਜਾ ਜਿਸਨੇ ਸਿੱਖ ਕੌਮ ਤੋਂ ਮੁਆਫੀ ਮੰਗੀ।
ਭਾਜਪਾ ਦੇ ਕੌਮੀ ਸਕੱਤਰ ਨੇ ਸਿੱਖ ਭਾਈਚਾਰੇ ਨੂੰ ਇਕਜੁੱਟ ਹੋਣ ਦਾ ਵੀ ਸੱਦਾ ਦਿੱਤਾ ਤਾਂ ਜੋ ਦੇਸ਼ ਵਿਚ ਵੱਧ ਸਿਆਸੀ ਤਾਕਤ ਹਾਸਲ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਵੀ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਸੀ ਤਾਂ ਜੋ ਸਿਆਸੀ ਤੌਰ ’ਤੇ ਅਸੀਂ ਤਾਕਤਵਰ ਹੋ ਸਕੀਏ। ਉਹਨਾਂ ਕਿਹਾ ਕਿ ਹੁਣ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਹਮਾਇਤ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਤੇ ਕੌਮ ਨੂੰ ਤਾਕਤਵਰ, ਖੁਸ਼ਹਾਲ ਤੇ ਸੁਪਰ ਪਾਵਰ ਬਣਾਇਆ ਜਾ ਸਕੇ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵੱਲੋਂ ਸਿੱਖਾਂ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਇਸ ਸਰਕਾਰ ਨੇ ਸਿੱਖ ਦੇ ਚਾਰੋਂ ਪਹਿਲੂਆਂ ਸਿੱਖ ਧਰਮ, ਇਤਿਹਾਸ, ਸਭਿਆਚਾਰ ਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਸੰਪੂਰਨ ਸੋਚ ਅਪਣਾਈ ਹੈ।
ਉਹਨਾਂ ਕਿਹਾ ਕਿ 70 ਸਾਲਾਂ ਵਿਚ ਦੇਸ਼ ਨੇ ਪਹਿਲੀ ਵਾਰ ਵੇਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਲਾਲ ਕਿਲ੍ਹੇ ’ਤੇ ਮਨਾਇਆ ਗਿਆ ਹੋਵੇ। ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਦੇਸ਼ ਤੇ ਵਿਦੇਸ਼ ਵਿਚ ਭਾਰਤੀ ਦੂਤਘਰਾਂ ਵਿਚ ਵੀਰ ਬਾਲ ਦਿਵਸ ਮਨਾ ਕੇ ਦੁਨੀਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪਹਿਲੀ ਵਾਰ ਦੇਸ਼ ਵਿਚ ਕੇਂਦਰ ਸਰਕਾਰ ਨੇ ਬੀ ਐਸ ਐਫ, ਸੀ ਆਈ ਐਸ ਐਫ ਸਮੇਤ ਨੀਮ ਫੌਜੀ ਦਸਤਿਆਂ ਵਿਚ ਭਰਤੀ ਵਾਸਤੇ ਅਤੇ ਮੈਡੀਕਲ ਪ੍ਰੀਖਿਆ ਨੀਟ ਤੇ ਇੰਜੀਨੀਅਰਿੰਗ ਪ੍ਰੀਖਿਆ ਜੇ ਈ ਈ ਵਾਸਤੇ ਪੰਜਾਬੀ ਭਾਸ਼ਾ ਵਿਚ ਟੈਸਟ ਦੇਣ ਦੀ ਛੋਟ ਦਿੱਤੀ ਹੈ।
ਭਾਜਪਾ ਦੇ ਕੌਮੀ ਸਕੱਤਰ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ  ਅਨੇਕਾਂ ਵਾਰੀ ਸਿੱਖ ਆਗੂਆਂ ਨੂੰ ਆਪਣੇ ਘਰ ਸੱਦਿਆ ਤੇ ਉਹਨਾਂ ਨਾਲ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਚਰਚਾ ਕੀਤੀ ਤੇ ਉਹਨਾਂ ਨੂੰ ਹੱਲ ਕਰਨ ਵਾਸਤੇ ਕੰਮ ਕੀਤਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਮੋਦੀ ਸਰਕਾਰ ਵੱਲੋਂ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਐਸ ਆਈ ਟੀ ਦਾ ਦੁਬਾਰਾ ਗਠਨ ਕੀਤੇ ਜਾਣ ਮਗਰੋਂ ਸੱਜਣ ਕੁਮਾਰ ਵਰਗੇ ਮੁੱਖ ਦੋਸ਼ੀ ਜੇਲ੍ਹਾਂ ਵਿਚ ਗਏ ਹਨ ਜਿਹਨਾਂ ਨੂੰ ਪਹਿਲੀਆਂ ਕਾਂਗਰਸ ਸਰਕਾਰਾਂ ਨੇ ਕਲੀਨ ਚਿੱਟਾਂ ਦੇ ਦਿੱਤੀਆਂ ਸਨ।
ਸਰਦਾਰ ਸਿਰਸਾ ਨੂੰ ਗੁਰਦੁਆਰਾ ਸਿੰਘ ਸਭਾ ਲਾਲ ਤਲਾਬ ਬੁਲੰਦਸ਼ਹਿਰ ਤੇ ਹੋਰ ਥਾਵਾਂ ’ਤੇ ਵਿਖੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਵਿਧਾਇਕ ਲਕਸ਼ਮੀ ਰਾਜ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਰਿੰਕੀ ਸਿੰਘ ਪ੍ਰਧਾਨ, ਪ੍ਰਦੀਪ ਦੀਕਸ਼ਿਤ, ਭਜਨ ਲਾਲ ਵੋਹਰਾ, ਹਰਿੰਦਰ ਸਿੰਘ, ਪਿੰਕੀ ਵੋਹਰਾ, ਸ਼ੈਂਕੀ ਸਿੰਘ, ਰਾਮ ਚੋਪੜਾ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਦਲਜੀਤ ਸਿੰਘ, ਵਰਿੰਦਰ ਸਿੰਘ, ਕੁਲਜੀਤ ਸਿੰਘ, ਇੰਦਰਜੀਤ ਸਿੰਘ, ਨਵਤੇਜ ਸਿੰਘ, ਹਰਭਜਨ ਸਿੰਘ ਨਿਮਾਣਾ, ਰਾਜਿੰਦਰ ਸਿੰਘ ਘੁੱਗੀ, ਪਰਵਿੰਦਰ ਸਿੰਘ ਲੱਕੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਚੌਹਾਨ ਤੇ ਹੋਰ ਪਤਵੰਤੇ ਹਾਜ਼ਰ ਸਨ।

ਐਸਜੀਪੀਸੀ ਅਤੇ ਸਿੱਖ ਪੰਥ ਸਨਮਾਨ ਚਿੰਨ੍ਹ ਵਜੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਮਾਡਲ ਨੂੰ ਦੇਣਾ ਕਰੇ ਬੰਦ: ਇੰਦਰਜੀਤ ਸਿੰਘ

ਪੀਐਮ ਵਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਮਾਡਲ ਦੀ ਨਿਲਾਮੀ ਦੀ ਕੀਤੀ ਸਖ਼ਤ ਨਿਖੇਧੀ 

ਨਵੀਂ ਦਿੱਲੀ 28 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਇੰਦਰਜੀਤ ਸਿੰਘ ਵਿਕਾਸ ਪੁਰੀ ਪ੍ਰਧਾਨ ਸਿੱਖ ਮਿਸ਼ਨ ਫਾਉਂਡੇਸ਼ਨ ਨੇ ਮੀਡੀਆ ਨੂੰ ਜਾਰੀ ਕੀਤੀ ਪ੍ਰੈਸ ਰਿਲੀਜ਼ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਦੀ ਪ੍ਰਧਾਨ ਮੰਤਰੀ ਵੱਲੋਂ ਨਿਲਾਮੀ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਹਰ ਧਰਮ ਦੇ ਲੋਕਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ, ਤਾਂ ਕਿ ਕਿਸੇ ਸੰਸਥਾ ਵੱਲੋਂ ਦਿੱਤਾ ਗਿਆ ਧਾਰਮਿਕ ਸਨਮਾਨ ਦੀ ਨਿਲਾਮੀ ਦੀ ਕਿਤੇ ਜਾਣ ਵਾਲੀ ਉਲਟੀ ਰਵਾਇਤ ਨਾ ਸ਼ੂਰੂ ਹੋ ਜਾਵੇ। ਇੰਦਰਜੀਤ ਸਿੰਘ ਵਿਕਾਸ ਪੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੇਸ਼ਕਸ਼ ਕਰਦੇਂ ਕਿਹਾ ਜੇ ਆਪ ਜੀ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਰੱਖਣ ਵਿਚ ਕੋਈ ਦਿਕੱਤ ਹੈ ਤਾਂ ਸਿੱਖ ਮਿਸ਼ਨ ਫਾਉਂਡੇਸ਼ਨ ਨੂੰ ਇਹ ਮਾਡਲ ਪ੍ਰਧਾਨ ਮੰਤਰੀ ਨਿਵਾਸ ਤੋਂ ਲਿਜਾਉਣ ਦੀ ਆਗਿਆ ਦੇ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਜੀ ਦੇ ਮਾਡਲ ਨੂੰ ਸਨਮਾਨ ਚਿੰਨ੍ਹ ਵਜੋਂ ਦੇਣਾ ਬੰਦ ਕਰ ਦੇਣ ਅਤੇ ਇਸ ਦੀ ਥਾਂ ਸਿੱਖ ਇਤਿਹਾਸ ਦਾ ਲਿਟਰੇਚਰ ਦੇਣ ਤਾਂ ਕਿ ਲੋਕਾਂ ਨੂੰ ਸਿੱਖ ਧਰਮ ਅਤੇ ਉਸ ਦੇ ਵਡਮੁੱਲੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ।

ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਬੀਬੀ ਨਰਿੰਦਰ ਕੌਰ ਦੀ ਸਿਹਤਯਾਬੀ ਵਾਸਤੇ ਕੀਤੀ ਅਰਦਾ

ਦਿੱਲੀ ਸਾਲਾਨਾ ਸਮਾਗਮ 18 ਤੋਂ 24 ਅਕਤੂਬਰ ਤਕ ਹੋਣਗੇ 

ਨਵੀਂ ਦਿੱਲੀ 15 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਇਤਿਹਾਸਿਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖ਼ੇ ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਹਫ਼ਤਾਵਾਰੀ ਸਮਾਗਮ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਬੀਬੀ ਨਰਿੰਦਰ ਕੌਰ ਦੀ ਸਿਹਤਯਾਬੀ, ਬੰਦੀ ਸਿੰਘਾਂ ਦੀ ਬੰਦਖਲਾਸੀ ਅਤੇ ਚੜ੍ਹਦੀਕਲਾ ਲਈ ਉਚੇਚੇ ਤੌਰ ਤੇ ਅਰਦਾਸ ਕੀਤੀ ਗਈ । ਜ਼ਿਕਰਯੋਗ ਹੈ ਕਿ ਮਾਤਾ ਨਰਿੰਦਰ ਕੌਰ ਬੀਤੇ ਕੁਝ ਸਮੇਂ ਤੋਂ ਸਿਹਤ ਪੱਖੋਂ ਢਿਲੇ ਚਲ ਰਹੇ ਹਨ ਤੇ ਉਨ੍ਹਾਂ ਨੂੰ ਅਸਪਤਾਲ ਵਿਚ ਵੀਂ ਇਲਾਜ ਕਰਵਾਉਣਾ ਪਿਆ ਸੀ । ਸਮਾਗਮ ਵਿਚ ਭਾਈ ਜਸਪ੍ਰੀਤ ਸਿੰਘ ਬਠਿੰਡਾ, ਭਾਈ ਜਸਵਿੰਦਰ ਸਿੰਘ, ਬੀਬੀ ਕ੍ਰਿਪਾ ਕੌਰ ਅਤੇ ਹੋਰ ਕਈ ਕੀਰਤਨੀ ਸਿੰਘ ਸਿੰਘਣੀਆਂ ਨੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਅਰਦਾਸ ਉਪਰੰਤ ਕੜਾਹ ਪ੍ਰਸਾਦਿ ਦੀ ਦੇਗ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ ਸੀ । ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਦਿੱਲੀ ਅਖੰਡ ਕੀਰਤਨੀ ਜੱਥੇ ਦਾ ਸਾਲਾਨਾ ਸਮਾਗਮ ਜੋ ਕਿ ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਵਿਖ਼ੇ ਹੁੰਦਾ ਹੈ ਓਹ 18 ਅਕਤੂਬਰ ਤੋਂ 24 ਅਕਤੂਬਰ ਤਕ ਹੋਏਗਾ, 23 ਅਕਤੂਬਰ ਨੂੰ ਰੈਣ ਸਬਾਈ ਕੀਰਤਨੀ ਅਖਾੜੇ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖ਼ੇ ਹੋਣਗੇ ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਗੁਰੂ ਤੇਗ ਬਹਾਦਰ ਸਕੂਲ ਦੇਵ ਨਗਰ ਵਿਖ਼ੇ ਹੋਵੇਗੀ ।