You are here

ਸਾਹਿਤ

 ਨਰਸ!  ✍️ਸਲੇਮਪੁਰੀ ਦੀ ਚੂੰਢੀ

       ਨਰਸ! 

 

ਮੈਂ ਇੱਕ ਨਰਸ ਹਾਂ

ਜੋ ਹਮੇਸ਼ਾਂ,

ਆਪਣੀ ਜਿੰਦਗੀ

ਜੋਖਮ ਵਿਚ ਪਾ ਕੇ

ਦੂਜਿਆਂ ਨੂੰ

ਜਿੰਦਗੀ ਦਿੰਦੀ ਆਂ!

ਹੁਣ  ਸਾਰਾ ਆਲਮ

ਘਰਾਂ 'ਚ ਬੈਠਾ! 

ਮੈਂ ਹਸਪਤਾਲਾਂ ' ਚ

ਆਦਮਖੋਰ ਦੁਸ਼ਮਣ

ਕੋਰੋਨਾ  ਨਾਲ

ਲੜਦੀ  ਆਂ,

ਜਿਵੇਂ - 

ਸਰਹੱਦ 'ਤੇ ਡੱਟੇ

 ਫੌਜੀ ਨੂੰ 

 ਆਪਣਾ

ਘਰ ਨਹੀਂ!

ਪਰਿਵਾਰ ਨਹੀਂ!

 ਸਿਰਫ ਦੇਸ਼ ਦਿਸਦਾ ਏ!

ਮੈਂ ਦੁਖੀਆਂ ਲਈ

ਉਵੇਂ ਕੰਮ ਕਰਦੀ ਆਂ! 

ਮੈਂ ਵੀ ਹੱਡ-ਮਾਸ ਦਾ ਪੁਤਲਾ ਵਾਂ! 

 ਕਦੀ ਕਦਾਈੰ

ਪ੍ਰੇਸ਼ਾਨ ਹੋ ਜਾਨੀ ਆਂ! 

ਕਦੀ ਡਾਕਟਰ ਦੀਆਂ

 ਝਿੜਕਾਂ ਖਾਨੀ ਆਂ

ਕਦੀ ਮਰੀਜ

ਤੇ 

ਕਦੀ ਮਰੀਜ ਦੇ

 ਰਿਸ਼ਤੇਦਾਰਾਂ ਦਾ

 ਗੁੱਸਾ ਸਹਿੰਨੀ ਆਂ!

ਪਰ ਮਾਨਵਤਾ ਨੂੰ

ਪੱਲੇ ਰੱਖਕੇ ਬਹਿੰਨੀ ਆਂ!

 ਉਂਝ ਤਾਂ-

ਮੈਂ ਆਉਂਦੀ ਜਾਂਦੀ

ਮੁਸ਼ਟੰਡਿਆਂ ਤੇ

ਸੌੜੀ ਮੱਤ ਦੇ

ਲੋਕਾਂ ਦੀਆਂ 

ਚਗਲ ਚੋਟਾਂ ਵੀ

ਸਹਿੰਨੀ ਆਂ!

ਪਰ -

ਬਿਮਾਰਾਂ ਨੂੰ ਵੇਖ ਕੇ

ਖਿੱਝਦੀ ਨਹੀਂ!

ਉਦਾਸੀ ਦੇ ਵਿੱਚ

ਰਿੱਝਦੀ ਨਹੀਂ ਹੁੰਦੀ!

ਕਿਉਂਕਿ-

ਮੇਰੀ ਉਦਾਸੀ

ਮਰੀਜ ਨੂੰ ਉਦਾਸ ਕਰਦੀ ਆ!

ਮੇਰੀ ਖੁਸ਼ੀ

ਡੂੰਘੇ ਜਖਮ ਭਰਦੀ ਆ!

ਦਰਦਾਂ 'ਤੇ ਟਕੋਰ ਕਰਦੀ ਆ! 

ਬਿਮਾਰਾਂ ਨੂੰ ਤੰਦਰੁਸਤ ਕਰਦੀ ਆ!

ਮੈੰ-

ਮੁਰਝਾਵਾਂਗੀ ਨਹੀਂ

ਮੇਰੇ ਮੁਰਝਾਇਆਂ

ਜਗ ਮੁਰਝਾਏਗਾ! 

ਇਸੇ ਲਈ -

ਟਹਿਕਦੀ ਰਹਿੰਨੀ ਆਂ!

ਮੇਰਾ ਖੁਸ਼ ਚਿਹਰਾ

ਜਗ ਰੁਸ਼ਨਾਏਗਾ!

ਇਸੇ ਲਈ

ਹਰ ਦੁੱਖ ਸਹਿੰਨੀ ਆਂ। 

ਫਿਰ ਵੀ

 ਖੁਸ਼ ਰਹਿੰਨੀ ਆਂ!

ਲਾਪ੍ਰਵਾਹ ਨਹੀਂ!

ਬੇਪ੍ਰਵਾਹ ਹਾਂ!

ਘੱਟ ਤਨਖਾਹ 'ਤੇ

ਨਿਰਬਾਹ ਕਰਦੀ ਆਂ!

ਫਿਰ ਵੀ -

ਹੌਂਸਲਾ ਬੁਲੰਦ ਰੱਖਦੀ ਆਂ!

ਸੱਭ ਦੀ ਸਿਹਤਯਾਬੀ ਮੰਗਦੀ ਆਂ! 

 

-ਸੁਖਦੇਵ ਸਲੇਮਪੁਰੀ

09780620233

12ਅਪ੍ਰੈਲ,2020

ਮਨੁੱਖ, ਰੂੱਖ , ਪੱਤੇ ਤੇ ਵੇਲ!  ✍️ ਸਲੇਮਪੁਰੀ ਦੀ ਚੂੰਢੀ

ਮਨੁੱਖ, ਰੂੱਖ , ਪੱਤੇ ਤੇ ਵੇਲ! 

 

ਰੁੱਖ ਅਤੇ ਮਨੁੱਖ ਦੀ ਆਪਸੀ ਅਟੁੱਟ ਸਾਂਝੇਦਾਰੀ ਹੈ। ਮਾਂ ਦੀ ਕੁੱਖ ਵਿੱਚ ਪਲ ਰਹੇ ਬੱਚੇ  ਨੂੰ ਮਾਂ ਦੇ ਮਾਧਿਅਮ ਰਾਹੀਂ ਸਾਹ ਲੈਣ ਲਈ ਜੋ ਆਕਸੀਜਨ ਮਿਲਦੀ ਹੈ, ਰੁੱਖ ਹੀ ਪੈਦਾ ਕਰਦੇ ਹਨ। ਇਸ ਤਰ੍ਹਾਂ ਰੁੱਖ ਮਨੁੱਖ ਦੀ ਮੌਤ ਤੱਕ ਨਾਲ ਰਹਿੰਦੇ ਹਨ। ਰੁੱਖ ਮਨੁੱਖ ਲਈ ਬਹੁਤ ਵੱਡਾ ਰਾਹ ਦਿਸੇਰਾ ਵੀ ਹਨ ਜੋ ਮਨੁੱਖ ਨੂੰ ਔਕੜਾਂ, ਦੁੱਖਾਂ ਵੇਲੇ ਆਪਣੇ ਵਾਂਗੂੰ ਮੀਹਾਂ, ਹਨੇਰੀਆਂ, ਤੁਫਾਨਾਂ, ਕਾਲੀਆਂ ਡਰਾਉਣੀਆਂ ਰਾਤਾਂ, ਸੋਕਾ, ਹੜਾਂ ਵਰਗੀਆਂ ਪ੍ਰਸਿੱਥਤੀਆਂ ਵਿਚ ਵੀ ਅਡੋਲ ਅਤੇ ਸ਼ਾਂਤ ਖੜ੍ਹੇ ਰਹਿਣ ਦਾ ਪਾਠ ਪੜਾਉੰਦੇ ਹਨ।ਇਥੇ ਹੀ ਬਸ ਨਹੀਂ ਰੁੱਖ ਸਾਨੂੰ ਇਹ ਵੀ ਦੱਸਦੇ ਹਨ ਕਿ ਜਦੋਂ ਉਸ ਦੇ ਪੱਤੇ ਸੁੱਕ ਜਾਂਦੇ ਹਨ ਤਾਂ ਟਾਹਣੀਆਂ ਸਾਥ ਛੱਡ ਜਾਂਦੀਆਂ ਹਨ ਜਦੋਂ ਕਿ ਪੱਤਿਆਂ ਸਦਕਾ ਹੀ ਰੁੱਖ ਨੇ ਵੱਡਾ ਹੋ ਕੇ ਅਸਮਾਨ ਨੂੰ ਛੂਹਣਾ ਹੁੰਦਾ ਹੈ।ਫਿਰ ਜਦੋਂ ਰੁੱਖ ਨਾਲੋਂ ਜਿਹੜੇ ਪੱਤੇ ਭਾਵੇਂ ਹਰੇ ਹੋਣ ਜਾਂ ਸੁੱਕੇ ਝੜਦੇ ਹਨ, ਉਹ ਜਾਂਦੇ ਜਾਂਦੇ ਵੀ ਮਨੁੱਖ ਦਾ ਬਹੁਤ ਕੁੱਝ ਸੁਆਰ ਜਾਂਦੇ ਹਨ। ਸੁੱਕੇ ਪੱਤੇ ਖੇਤਾਂ ਵਿਚ ਜਾ ਕੇ ਖਾਦ ਦੇ ਰੂਪ ਵਿਚ ਫਸਲਾਂ ਉਗਾਉਣ ਲਈ ਸਹਾਈ ਹੁੰਦੇ ਹਨ ਅਤੇ ਬਚੇ ਖੁਚੇ ਪੱਤੇ ਚੁੱਲ੍ਹੇ ਵਿਚ ਸੜ ਕੇ ਮਨੁੱਖ ਦਾ ਢਿੱਡ ਭਰਨ ਲਈ ਖਾਣਾ ਬਣਾਉਣ ਦੇ ਕੰਮ ਆਉਂਦੇ ਹਨ। ਇਸ ਤਰ੍ਹਾਂ ਰੁੱਖਾਂ ਦੇ ਮਰੇ ਹੋਏ ਭਾਵ ਸੁੱਕੇ ਪੱਤੇ ਵੀ ਕੰਮ ਆਉਂਦੇ ਹਨ, ਪਰ ਅੱਜ ਸਾਡਾ ਲਹੂ ਸੱਚਮੁੱਚ ਹੀ ਚਿੱਟਾ ਹੋ ਗਿਆ ਹੈ। ਧੀਆਂ - ਪੁੱਤ ਆਪਣੇ ਮ੍ਰਿਤਕ ਮਾਂ-ਪਿਉ ਦੀਆਂ ਮ੍ਰਿਤਕ ਦੇਹਾਂ ਲੈਣ ਤੋਂ ਬੇ-ਮੁੱਖ ਹੋ ਰਹੇ ਹਨ।

   ਅਸੀਂ ਵੇਖਦੇ ਹਾਂ ਕਿ ਕਈ ਰੁੱਖ ਜਿਹੜੇ ਸਿਉਂਕ ਜਾਂ ਕੋਈ ਬਿਮਾਰੀ ਲੱਗਣ ਕਾਰਨ ਸੁੱਕ ਜਾਂਦੇ ਹਨ ਤਾਂ ਕੁਦਰਤੀ ਉਨ੍ਹਾਂ ਦੀਆਂ ਜੜ੍ਹਾਂ ਵਿਚ ਆਪਣੇ ਆਪ ਕੋਈ ਵੇਲ ਉੱਗ ਆਉਂਦੀ ਹੈ, ਜਿਹੜੀ ਉਸ ਉਪਰ ਚੜ੍ਹ ਜਾਂਦੀ ਹੈ। ਵੇਲ ਸੁੱਕੇ ਰੁੱਖ ਦੇ ਆਲੇ-ਦੁਆਲੇ ਇਸ ਤਰ੍ਹਾਂ ਲਿਪਟੀ ਜਾਂਦੀ ਹੈ ਜਿਵੇਂ ਕੋਈ ਮਾਂ ਜਾਂ ਪਿਉ ਆਪਣੇ ਬੱਚੇ ਨੂੰ ਘੁੱਟ ਕੇ ਗਲ-ਵੱਕੜੀ ਪਾ ਕੇ ਕਲਾਵੇ ਵਿਚ ਲੈ ਲੈਂਦਾ ਹੈ। ਸੁੱਕੇ ਰੁੱਖ ਦੇ ਆਲੇ-ਦੁਆਲੇ ਲਿਪਟੀ ਵੇਲ ਦੇ ਪੱਤੇ ਇਸ ਤਰ੍ਹਾਂ ਭੁਲੇਖਾ ਪਾਉਂਦੇ ਹਨ, ਜਿਵੇਂ ਰੁੱਖ ਦੇ ਹੀ ਪੱਤੇ ਹੋਣ। ਵੇਲ  ਸੁੱਕੇ ਰੁੱਖ ਦੇ ਗਲ ਲਗ ਕੇ ਉਸ ਨੂੰ ਦਿਲਾਸਾ ਦਿੰਦੀ ਹੈ ਕਿ,' ਐਹ! ਰੁੱਖ ਉਦਾਸ ਨਾ ਹੋ, ਮੈਂ ਤੇਰੇ ਨਾਲ ਹਾਂ, ਭਾਵੇਂ ਮੈਂ ਵੇਲ ਹਾਂ, ਤੇਰਾ ਮੇਰਾ ਆਪਸ ਵਿਚ ਖੂਨ ਦਾ ਕੋਈ ਰਿਸ਼ਤਾ ਨਹੀਂ , ਪਰ ਮੇਰੀ ਆਤਮਾ ਮਰੀ ਨਹੀਂ, ਜਾਗਦੀ ਆ, ਤੇਰੇ ਨਾਲ ਖੜੀ ਆਂ, ਭਾਵੇਂ ਕਮਜੋਰ ਆਂ, ਮਨੁੱਖ ਵਾਂਗੂੰ ਦੁੱਖ ਵਿਚ ਸਾਥ ਛੱਡਣ ਵਾਲਿਆਂ ਵਿਚ ਮੈਂ ਸ਼ਾਮਿਲ ਨਹੀਂ ਆਂ' 

 ਅੱਜ ਸੰਸਾਰ ਵਿੱਚ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਕਾਰਨ ਹਾਹਾਕਾਰ ਮਚੀ ਹੋਈ ਹੈ। ਪੀੜਤ ਮਰੀਜਾਂ ਅਤੇ ਮ੍ਰਿਤਕ ਮਰੀਜਾਂ ਦੇ ਪਰਿਵਾਰਕ ਮੈਂਬਰ ਆਪਣਿਆਂ ਤੋਂ ਬੇ-ਮੁੱਖ ਹੋ ਰਹੇ ਹਨ, ਮ੍ਰਿਤਕ ਦੇਹਾਂ ਵੇਖ ਕੇ ਸਿਵਿਆਂ ਨੇ ਬੂਹੇ ਭੇੜ ਲਏ ਹਨ। ਹੁਣ ਪੀੜ੍ਹਤਾਂ ਅਤੇ ਮ੍ਰਿਤਕਾਂ ਲਈ ਕੇਵਲ ਤੇ ਕੇਵਲ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ, ਐਂਬੂਲੈਂਸਾਂ ਦੇ ਡਰਾਈਵਰ, ਸਫਾਈ ਸੇਵਕ ਅਤੇ ਪੁਲਿਸ ਮੁਲਾਜ਼ਮ ਹੀ ਇੱਕ ਮਾਤਰ ਸਹਾਰਾ ਹਨ, ਜਿਵੇਂ ਸੁੱਕੇ ਰੁੱਖ ਨੂੰ ਉਸ ਨਾਲ ਲਿਪਟੀ ਵੇਲ ਸਹਾਰਾ ਦਿੰਦੀ ਹੋਈ ਛਾਂ ਦਿੰਦੀ ਹੈ।

ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ, ਲੁਧਿਆਣਾ ਵਿਚ ਬੀਬੀ ਸੁਰਿੰਦਰ ਕੌਰ ਅਤੇ ਚੰਡੀਗੜ੍ਹ ਲਾਗੇ ਨਵਾਂ ਗਾਉੰ ਵਿਚ ਹੋਈ ਬਜੁਰਗ ਦੀ ਮੌਤ ਪਿੱਛੋਂ ਵਾਪਰੀਆਂ ਘਟਨਾਵਾਂ ਨਾਲ ਮਨੁੱਖਤਾ ਸ਼ਰਮਸਾਰ ਹੋਈ ਹੈ। ਲੁਧਿਆਣਾ ਵਿਚ ਵਧੀਕ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ, ਐਸ ਡੀ ਐਮ ਅਮਰਿੰਦਰ ਸਿੰਘ ਮੱਲ੍ਹੀ 

ਅਤੇ ਜਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ ਵਲੋ ਮ੍ਰਿਤਕ ਸੁਰਿੰਦਰ ਕੌਰ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਚੁੱਕੀ ਜਿੰਮੇਵਾਰੀ ਇੱਕ ਇਤਿਹਾਸਿਕ ਗੱਲ ਹੋ ਨਿਬੜੀ ਹੈ, ਪਰ ਇਸ ਤੋਂ ਵੀ ਵੱਧਕੇ ਸ਼ਮਸ਼ਾਨਘਾਟ ਵਿਚ ਇੱਕ ਗਰੀਬ ਸੇਵਾਦਾਰ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮ੍ਰਿਤਕ ਸੁਰਿੰਦਰ ਕੌਰ ਦੀ ਚਿਖਾ ਨੂੰ ਅਗਨੀ ਭੇਟ ਕਰਨਾ ਇੱਕ ਕੁਰਬਾਨੀ ਤੋਂ ਘੱਟ ਨਹੀਂ ਹੈ। ਮ੍ਰਿਤਕਾ ਦੇ ਅੰਤਿਮ ਸਸਕਾਰ ਵੇਲੇ ਤਹਿਸੀਲਦਾਰ ਜਗਸੀਰ ਸਿੰਘ ਵਲੋਂ ਨਿਭਾਈ ਦਲੇਰਾਨਾ ਜਿੰਮੇਵਾਰੀ ਵੀ ਸ਼ਲਾਘਾਯੋਗ ਹੈ।

-ਸੁਖਦੇਵ ਸਲੇਮਪੁਰੀ

09780620233

7 ਅਪ੍ਰੈਲ, 2020

ਤੂੰ ਉਦਾਸ ਨਾ ਹੋਵੀੰ!✍️ਸਲੇਮਪੁਰੀ ਦੀ ਚੂੰਢੀ -

ਤੂੰ ਉਦਾਸ ਨਾ ਹੋਵੀੰ!

 

ਸ਼ਬਦ ਤੇ ਸੁਰਾਂ ਦੇ ਬਾਦਸ਼ਾਹ

ਭਾਈ ਨਿਰਮਲ ਸਿਹਾਂ

ਤੂੰ ਉਦਾਸ ਨਾ ਹੋਵੀੰ

ਕਿ -

ਤੇਰੀ ਮ੍ਰਿਤਕ ਦੇਹ ਨੂੰ

ਠੋਕਰਾਂ ਪਈਆਂ ਨੇ!

ਕਿਉਂਕਿ -

ਤੂੰ  ਤਾਂ ਖੁਦ

ਜਾਣਦੈ ਸੈੰ

ਇਸ ਸਮਾਜ ਦੇ ਵਰਤਾਰੇ ਨੂੰ!

ਕੋਰੋਨਾ ਤਾਂ ਅੱਜ

ਪਨਪਿਆ

ਇਥੇ ਤਾਂ ਸਦੀਆਂ ਤੋਂ

ਧਰਮਾਂ,

ਜਾਤਾਂ ਕੁਜਾਤਾਂ

ਭੁੱਖਮਰੀ

ਗਰੀਬੀ ਦਾ ਕੋਰੋਨਾ

ਨਾਗ ਵਾਂਗੂੰ ਡੱਸਦਾ ਫਿਰਦੈ!

ਜਿਥੇ -

ਤਾੜੀਆਂ ਵਜਾਕੇ,

ਥਾਲੀਆਂ ਖੜਕਾ ਕੇ,

ਦੀਵੇ ਜਗਾ ਕੇ,

ਰੋਗ ਭਜਾਉਣ ਦਾ

ਵਰਤਾਰਾ ਭਾਰੂ ਹੈ,

ਉਥੇ ਕੁਝ ਵੀ ਸੰਭਵ ਹੈ!

ਉਥੇ ਉਸ ਕੌਮ ਦੇ

 ਚੌਧਰੀਆਂ ਦਾ ' ਲਹੂ

ਚਿੱਟਾ' ਹੋ ਜਾਣਾ

ਵੀ ਸੰਭਵ ਹੈ,

ਜਿਸ ਦਾ ਮੁੱਢ ਹੀ

ਦੂਜਿਆਂ ਲਈ

ਆਪਾ ਵਾਰਨ ਲਈ

ਬੱਝਾ ਸੀ!

ਭਾਈ ਨਿਰਮਲ ਸਿਹਾਂ!

ਤੂੰ ਉਦਾਸ ਨਾ ਹੋਵੀੰ!

ਕਿਉਂਕਿ -

ਤੂੰ ਤਾਂ ਜਾਣਦੈ ਸੈੰ 

ਕਿ-

ਇਥੇ ਤਾਂ ਜਿਉਦਿਆਂ ਨੂੰ

ਵੀ ਧੱਕੇ ਪੈਂਦੇ ਨੇ!

ਮਰਿਆਂ ਨੂੰ ਧੱਕੇ ਪੈਣਾ

ਕੋਈ ਵੱਡੀ ਗੱਲ ਨਹੀਂ!

ਇਸ ਲਈ -

ਤੂੰ ਉਦਾਸ ਨਾ ਹੋਵੀੰ!

-ਸੁਖਦੇਵ ਸਲੇਮਪੁਰੀ

ਝੇਢਾਂ !✍️ ਸੁਖਦੇਵ ਸਲੇਮਪੁਰੀ

ਝੇਢਾਂ !

ਭਾਵੇਂ ਬੁੱਢੇ, ਭਾਵੇਂ ਮੁੰਡੇ।

ਘਰਾਂ 'ਚ ਬੈਠੋ ਲਾ ਕੇ ਕੁੰਡੇ।

ਨਾਗ ਦੇ ਵਾਂਗੂੰ ਫਿਰਦਾ ਡੱਸਦਾ,

ਕੋਰੋਨਾ ਆਪਾਂ ਹਰਾ ਦੇਣਾ।

'ਕੱਲੇ 'ਕੱਲੇ ਹੋ ਕੇ ਆਪਾਂ

ਇਸ ਨੂੰ ਮਾਰ ਮੁਕਾ ਦੇਣਾ।

ਮੌਕਾ ਵੇਖੋ, ਕਰੋ ਨਾ ਝੇਢਾਂ।

ਨਾ ਇੱਜੜ ਬਣਾਓ, ਵਾਂਗਰ ਭੇਡਾਂ।

ਸਮਝਦਾਰੀ ਤੋਂ ਕੰਮ ਲੈਂਦਿਆਂ,

ਨਵਾਂ ਇਤਿਹਾਸ ਰਚਾ ਦੇਣਾ।

ਨਾਗ ਦੇ ਵਾਂਗੂੰ ਫਿਰਦਾ ਡੱਸਦਾ,

ਕੋਰੋਨਾ ਆਪਾਂ ਹਰਾ ਦੇਣਾ।

ਬੰਦ ਘਰਾਂ 'ਚ ਰਹਿ ਕੇ ਆਪਾਂ,

ਇਸ ਨੂੰ ਮਾਰ ਮੁਕਾ ਦੇਣਾ।

-ਸੁਖਦੇਵ ਸਲੇਮਪੁਰੀ

ਜ਼ਿੰਦਗੀ ਦੀ ਡੋਰ✍️ਜਸਵੰਤ ਕੌਰ ਬੈਂਸ

ਜ਼ਿੰਦਗੀ ਦੀ ਡੋਰ

ਦੁਨੀਆਂ ਦਾ
ਹਰ ਮਨੁੱਖ ਖੜ੍ਹਾ ਹੈ
ਚੁਰੱਸਤੇ ਤੇ,
ਹੱਥਾਂ ਵਿੱਚ ਲੈ ਕੇ
ਪ੍ਰਸ਼ਨ ਸੂਚਕ?
ਫਸਿਆ ਹੈ ਖਤਰੇ ਦੀ
ਲਪੇਟ ਵਿੱਚ।
ਨਹੀਂ ਸਮਝ ਆ ਰਹੀ
ਉਸਨੂੰ
 ਦੁਨੀਆਂ ਦੀ ਇਹ
ਪੇਚੀਦਾ ਉਲਝਣ।
ਭਰ ਰਿਹਾ ਹੈ
ਨਾਸਤਿਕ ਲੋਕਾਂ ਦੀਆਂ
ਗੁਸਤਾਖ਼ੀਆਂ ਦੇ
ਹਰਜਾਨੇ।
ਦੁਨਿਆਵੀ ਵਸਤਾਂ ਦੀਆਂ
ਚੁਕਾ ਕੇ ਚੌਗਣੀਆਂ
ਕੀਮਤਾਂ।
ਰੱਬ ਆਪ ਹੀ,
ਅਪ੍ਰਤੱਖ ਰੂਪ ਵਿੱਚ
ਦੇ ਰਿਹਾ ਹੈ
ਕੋਈ ਸੰਕੇਤ।
ਕਰ ਰਿਹਾ ਹੈ
ਕੋਈ ਗੁੱਝਾ ਇਸ਼ਾਰਾ।
ਤਾਹੀਓਂ ਮਨੁੱਖ,
ਹੋ ਰਿਹਾ ਮਜਬੂਰ
ਆਪਣੇ ਹੀ ਘਰ ਵਿੱਚ
ਹੋਣ ਲਈ
ਨਜ਼ਰਬੰਦ ।
ਆਵੇਗਾ ਜਰੂਰ
ਉਸ ਦਸਤਾਵੇਜ਼ ਵਿੱਚ
ਪਰਿਵਰਤਨ।
ਰੱਖੇਗਾ ਮਹਿਫੂਜ਼ ਉਹੀ
 ਜਿਸਦੇ ਹੱਥਾਂ ਵਿੱਚ ਹੈ,
ਸਭ ਦੀ ਜ਼ਿੰਦਗੀ
ਦੀ ਡੋਰ।
ਜਸਵੰਤ ਕੌਰ ਬੈਂਸ

ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਤੋਂ ਤੂੰ ਡਰਦਾ ਏਂ,

ਬੇਈਮਾਨੀ ਦੇ ਵਾਇਰਸ ਤੋਂ ਵੀ ਡਰਿਆ ਕਰ!

ਧਰਮ ਦਾ ਵਾਇਰਸ ਫਿਰੇੰ ਫੈਲਾਉਂਦਾ,

ਨਾ ਧਰਮ ਦੇ ਨਾਂ 'ਤੇ ਲੜਿਆ ਕਰ।

ਜਾਤ ਪਾਤ ਦਾ ਵਾਇਰਸ ਜਹਿਰੀ ,

ਊਚ ਨੀਚ ਨਾ ਕਰਿਆ ਕਰ।

ਹੇਰਾਫੇਰੀ ਦਾ ਵਾਇਰਸ ਮੁਕਾਕੇ ,

ਇਮਾਨਦਾਰੀ ਦਾ ਪੱਲਾ ਫੜਿਆ ਕਰ।

ਝੂਠ ਦਾ ਵਾਇਰਸ ਹੈ ਮੰਡਰਾਉੰਦਾ,

ਕਦੀ ਸੱਚੀ ਗੱਲ ਵੀ ਕਰਿਆ ਕਰ।

ਨਫਰਤ ਦਾ ਵਾਇਰਸ ਫਿਰੇੰ ਬੀਜ ਦਾ,

ਕਦੀ ਪਿਆਰ ਦਾ ਅੱਖਰ ਪੜਿਆ ਕਰ।

-ਸੁਖਦੇਵ ਸਲੇਮਪੁਰੀ

ਹੋਲੀ! ✍️ ਸਲੇਮਪੁਰੀ ਦੀ ਚੂੰਢੀ

ਮਿੱਤਰਾ!

ਸਮਝ ਨਹੀਂ ਆਉਂਦੀ ਕਿ -

ਮੈਂ ਤੇਰੇ ਨਾਲ

ਹੋਲੀ ਕਿਵੇਂ ਮਨਾਵਾਂ?

ਤੇਰੇ ਰੰਗ ਵਿਚ

ਕਿਵੇਂ ਰੰਗੀ ਜਾਵਾਂ!

ਤੂੰ ਤਾਂ

ਰੱਬ ਰੂਪੀ ਸੰਵਿਧਾਨ ਵਰਗੇ

ਮੇਰੇ ਸਿਰ 'ਤੇ

ਹੱਥ ਰੱਖ ਕੇ 

ਸਤਿਕਾਰ ਦੀ,

ਪਿਆਰ ਦੀ,

ਵਾਅਦੇ ਨਿਭਾਉਣ ਦੀ 

ਸਹੁੰ ਖਾ ਕੇ

ਕਿੰਨੀ ਵਾਰੀ

ਮੇਰੇ ਦਿਲ 

ਦਿੱਲੀ ਨੂੰ

ਪਿਆਰ ਦੇ ਰੰਗਾਂ

 ਵਿੱਚ ਨਹੀਂ 

 ਲਹੂ ਦੇ ਰੰਗਾਂ

ਵਿਚ ਰੰਗਿਆ!

ਤੂੰ ਮੇਰੇ

 ਦਿਲ ਦੀ ਬੈੰਕ

ਵਿਚ ਪਿਆਰ ਦੇ ਭਰੇ

ਰੰਗ-ਬਿਰੰਗੇ ਨੋਟਾਂ

ਨੂੰ ਲੁੱਟ ਕੇ

ਬੈਂਕ ਦੇ ਲਾਕਰਾਂ 'ਤੇ 

ਬਦ-ਸ਼ਗਨੀ ਦਾ

ਕਾਲਾ ਰੰਗ

ਮਲ ਦਿੱਤਾ ਹੈ।

ਤੂੰ ਤਾਂ

ਪਿਆਰ ਦੇ ਜਾਲ

ਵਿਚ ਫਸਾਉਣ ਤੋਂ ਪਹਿਲਾਂ

ਬਹੁਤ ਫੜ੍ਹਾਂ

ਮਾਰਦਾ ਸੀ।

ਤੂੰ ਤਾਂ

ਚੰਦ 'ਤੇ ਜਾ ਕੇ

ਪਲਾਟ ਖ੍ਰੀਦ ਕੇ

ਮੈਨੂੰ ਬੰਗਲਾ ਉਸਾਰ ਕੇ

ਦੇਣ ਲਈ

ਵਾਅਦੇ ਕਰਦੇ ਸੀ,

ਪਰ ਤੇਰੇ ਕੋਲੋਂ ਤਾਂ

ਮੈਨੂੰ ਦੇਣ ਲਈ 

ਹੋਲੀ ਖੇਡਣ ਲਈ

ਦਸ ਰੁਪਈਆਂ ਦੀ 

ਪਿਚਕਾਰੀ ਵੀ ਨ੍ਹੀੱ

ਸਰੀ!

ਉੰਝ ਤਾਂ ਤੂੰ

ਫੜ੍ਹਾਂ ਬਹੁਤ ਮਾਰਦੈੰ!

ਪਰ-

ਪਿਚਕਾਰੀ ਲਈ ਵੀ

ਤੂੰ ਗੁਆਂਢੀ ਵਲ

ਵੇਖਦੈੰ!

ਮਿੱਤਰਾ!

ਤੂੰ ਜਿਵੇਂ ਮਰਜੀ

ਮੇਰੇ ਨਾਲ ਚਲਾਕੀਆਂ ਕਰ!

ਮੈਂ ਤੇਰੇ ਨਾਲ

ਹੋਲੀ ਜਰੂਰ ਖੇਡਾਂਗੀ!

ਤੂੰ ਭਾਵੇਂ 

ਚਿੱਟੇ, 

ਭਗਵੇੰ,

ਲਾਲ,

ਨੀਲੇ

ਰੰਗ ਦੇ ਕੱਪੜੇ ਪਾ ਲੈ!

ਭਾਵੇਂ

ਜਿਹੜਾ ਮਰਜੀ ਸੂਟ ਸਵਾ ਲੈ!

ਪਰ -

ਮੈਂ ਤੇਰੇ ਨਾਲ

ਜਰੂਰ ਹੋਲੀ ਖੇਡਾਂਗੀ-

 ਪਿਆਰਾਂ ਦੀ!

ਮੁਹੱਬਤਾਂ ਦੀ!

ਫੁੱਲਾਂ ਵਰਗੇ

ਸੁੱਚੇ ਰੰਗਾਂ ਦੀ!

ਤੂੰ ਜਿੰਨੇ ਮਰਜੀ

ਰੰਗ ਵਟਾ ਲੈ!

ਮੈਂ ਤਾਂ ਤੇਰੇ

ਰੰਗ ਵਿਚ

 ਰੰਗੀ ਗਈ ਆਂ!

ਤੂੰ ਭਾਵੇਂ ਗੁੜ ਦੇ ਦੇ

ਭਾਵੇਂ ਜਹਿਰ! 

-ਸੁਖਦੇਵ ਸਲੇਮਪੁਰੀ

09780620233

ਕੁੱਖ ਚ ਕਤਲ ✍️ ਰਜਨੀਸ਼ ਗਰਗ

ਉਹ ਪਿੰਡ ਮੇਰੇ ਦੀ ਕੁੜੀ 

ਵਿੱਚ ਸ਼ਹਿਰ ਦੀਆ ਗਲੀਆ ਦੇ

ਕਈ ਅੱਖਾਂ ਦੇ ਬੋਝਾ ਨੂੰ ਲੈ ਕੇ ਸੀ ਚੱਲ ਰਹੀ,

ਮਾਂ ਦੀ ਚੁੰਨੀ, ਪਿਉ ਦੀ ਪੱਗ

ਘਰ ਦੀਆ ਮਜਬੂਰੀਆ ਨੂੰ ਰੱਖ ਦਿਮਾਗ ਚ 

ਮੁਸੀਬਤਾ ਆਪਣੀਆ ਨੂੰ ਸੀ ਠੱਲ ਰਹੀ,

ਉਸ ਵੱਲ ਵੱਧ ਰਹੇ ਗਲਤ ਹੱਥਾ ਨੇ

ਜੇ ਇੱਜਤ ਉਸਦੀ ਕਰੀ ਹੁੰਦੀ,

ਫਿਰ ਸਾਇਦ ਕਦੇ ਵੀ ਧੀ ਕਿਸੇ ਦੀ 

ਵਿੱਚ ਕੁੱਖ ਦੇ ਨਾ ਮਰੀ ਹੁੰਦੀ ।

ਫਿਰ ਸਾਇਦ ਕਦੇ ਵੀ ਧੀ ਕਿਸੇ ਦੀ 

ਇੰਝ ਸੜਕਾ ਤੇ ਨਾ ਡਰੀ ਹੁੰਦੀ ।

 

ਕਾਲਜ ਦਾ ਸਮਾਂ ਪੂਰਾ ਕਰਕੇ

ਘਰ ਆਉਣ ਵਾਲੇ ਰਾਸਤੇ ਨੂੰ

ਬੱਸ ਸਫਰ ਰਾਹੀ ਖਤਮ ਕਰਦੀ ਐ,

ਸਹਿਮੀ ਸਹਿਮੀ,ਪਲਕਾ ਝੁਕੀਆ

ਅੱਖਾ ਦੇ ਵਿੱਚ ਅਨੇਕਾ ਸੁਪਨੇ

ਸੁਪਨੇ ਆਪਣਿਆ ਨਾਲ ਲੜਦੀ ਐ,

ਰਜਨੀਸ਼ ਨਜ਼ਰਾ ਜੇ ਆਪਣੀਆ ਮੈਲੀਆ ਨਾ ਹੁੰਦੀਆ 

ਉਹ ਵੀ ਬਹੁਤਾ ਪੜ੍ਹੀ ਹੁੰਦੀ,

ਫਿਰ ਸਾਇਦ ਕਦੇ ਵੀ ਧੀ ਕਿਸੇ ਦੀ 

ਵਿੱਚ ਕੁੱਖ ਦੇ ਨਾ ਮਰੀ ਹੁੰਦੀ ।

ਫਿਰ ਸਾਇਦ ਕਦੇ ਵੀ ਧੀ ਕਿਸੇ ਦੀ 

ਇੰਝ ਸੜਕਾ ਤੇ ਨਾ ਡਰੀ ਹੁੰਦੀ ।

ਲਿਖਤ✍️ਰਜਨੀਸ਼ ਗਰਗ(90412-50087)

     (ਐਸ. ਐਮ. ਫਾਇਨਾਂਸ ਕੈਸਿਅਰ)

ਅੰਗਿਆਰ✍️ਜਸਵੰਤ ਕੌਰ ਬੈਂਸ

ਅੰਗਿਆਰ
ਕਾਸ਼
ਜੇ ਆ ਜਾਂਦਾ,
ਉਹ
ਰਾਹ ਵਿੱਚ ਆਏ
ਤੁਫਾਨਾਂ ਨੂੰ,
ਚੀਰ ਕੇ।
 ਜਾਂ ਫਿਰ
ਪਹਾੜਾਂ ਤੇ
ਨਦੀਆਂ ਨੂੰ ਪਾਰ
ਕਰਦਾ ਹੋਇਆ।
ਸਮੁੰਦਰੀ ਪਾਣੀਆਂ
ਨੂੰ ਤੈਰਦੇ ਹੋਏ,
ਅੱਗ ਦਾ ਦਰਿਆ,
ਕਰ ਲੈਂਦਾ ਪਾਰ।
ਪਹੁੰਚ ਜਾਂਦਾ
ਇੱਕ ਵੇਰ,
ਉਸ ਮੰਜ਼ਿਲ ਤੇ।
ਜਿੱਥੇ ਉਡੀਕ ਸੀ
ਉਹਦੇ
ਆਉਣ ਦੀ।
ਬੈਠੇ ਸੀ ਵਿਛਾ
ਕੇ ਅੱਖਾਂ।
ਨਹੀਂ ਪਹੁੰਚ ਸਕਿਆ
ਗੁਲ ਬਣ ਕੇ,
ਨਾ ਹੀ ਬਾਗਾਂ ਦਾ,
ਫੁੱਲ ਬਣਕੇ।
ਸੋਚਦੇ ਸੀ,
ਸ਼ਾਇਦ
ਮਾਰੂਥਲ ਦੇ ਰੇਤੇ,
ਖਾ ਗਏ।
ਜਾਂ ਫਿਰ,
ਨਿਗਲ ਗਏ
ਬੰਜਰ ਦਿਲ ਦੀ,
ਧਰਤੀ ਤੇ
ਸੋਚਾਂ ਦੇ ਜਲਦੇ ਹੋਏ
ਭਾਬੜਾਂ ਦੇ,
ਅੰਗਿਆਰ।

✍️ਜਸਵੰਤ ਕੌਰ ਬੈਂਸ
 

ਸਲੇਮਪੁਰੀ ਦੀ ਚੂੰਢੀ ✍️ ਦੇਸ਼ ਪ੍ਰੇਸ਼ਾਨ ਹੈ!

ਦੇਸ਼ ਪ੍ਰੇਸ਼ਾਨ ਹੈ!

ਦਿੱਲੀ ਸੜ ਰਹੀ ਹੈ,
ਦੇਸ਼ ਪ੍ਰੇਸ਼ਾਨ ਹੈ।
ਹੱਦਾਂ 'ਤੇ ਸੁਰੱਖਿਆ ,
ਅੰਦਰ ਤੁਫਾਨ ਹੈ।
ਲੋਕਾਂ ਨੂੰ ਲੜਾ ਰਿਹਾ,
ਕੌਣ ਸ਼ੈਤਾਨ ਹੈ?
ਦਿਲ ਲਹੂ ਲੁਹਾਣ ਹੋਇਆ
ਖਾਮੋਸ਼ ਹੁਕਮਰਾਨ ਹੈ।
ਕੌਣ ਦੇਸ਼ ਭਗਤ ਹੈ,
ਕੀ ਇਸ ਦੀ ਪਛਾਣ ਹੈ?
ਕੌਣ ਹੈ ਇਮਾਨਦਾਰ, 
ਕੌਣ ਬੇਈਮਾਨ ਹੈ।
ਕੌਣ ਪਾਵੇ ਵੰਡੀਆਂ,
ਇਨਸਾਨ ਤਾਂ ਇਨਸਾਨ ਹੈ।
 ਹੋ ਗਿਆ ਸਫੈਦ  ਖੂਨ, 
ਜਾਨ  ਬੇਜਾਨ ਹੈ।
ਕੁਰਸੀਆਂ ਦੀ ਖੇਡ ਪਿਛੇ,
ਰੁਲਦਾ ਈਮਾਨ ਹੈ।
ਕੌਣ ਸੱਚਾ ਸੁੱਚਾ ਇਥੇ,
ਕੀ ਪ੍ਰਮਾਣ ਹੈ?
ਦਿੱਲੀ ਸੜ ਰਹੀ ਹੈ,
ਦੇਸ਼ ਪ੍ਰੇਸ਼ਾਨ ਹੈ।

✍️ ਸੁਖਦੇਵ ਸਲੇਮਪੁਰੀ
28 ਫਰਵਰੀ, 2020

ਦਿੱਲੀ ਜਲ ਰਹੀ ਹੈ..!✍️ਸਲੇਮਪੁਰੀ ਦੀ ਚੂੰਢੀ

ਦਿੱਲੀ ਜਲ ਰਹੀ ਹੈ..!

 ਦਿੱਲੀ ਜਲ ਰਹੀ ਹੈ!

ਦਿੱਲੀ ਜਲ ਰਹੀ ਹੈ,
ਮਾਸੂਮ ਮਰ ਰਹੇ ਨੇ।
ਧਰਮ ਦੇ ਠੇਕੇਦਾਰ,
ਕਿਸੇ ਦੀ ਸ਼ਹਿ 'ਤੇ
 ਗੁੰਡਾਗਰਦੀ ਕਰ ਰਹੇ ਨੇ।
ਪੁਲਿਸ ਨੇ ਵਰਦੀ ਦੀ
ਲਾਜ ਨਹੀਂ ਰੱਖੀ।
ਅਮਰੀਕਾ ਨੇ ਵੇਖ ਲਿਆ
ਸਭ ਕੁਝ ਅੱਖੀਂ। 
ਘਰ ਸੜ ਰਹੇ ਨੇ। 
ਜਖਮੀ ਤੜਫ ਰਹੇ ਨੇ। 
ਲਾਸ਼ਾਂ ਨਾਲ
ਹਸਪਤਾਲ ਭਰ ਰਹੇ ਨੇ।
ਦੇਸ਼ ਲਈ ਮਰਨ ਵਾਲੇ
ਅੱਜ ਵੀ ਦੇਸ਼ ਵਿਚ
  ਬਿਗਾਨਿਆਂ ਵਾਂਗ
ਖੜ ਰਹੇ ਨੇ।
ਇਹ ਖੇਡ ਸਿਰਫ਼
ਕੁਰਸੀਆਂ ਦੀ,
ਤਾਹੀਓਂ ਆਪਣੇ ਹੀ
ਆਪਣਿਆਂ ਦੀ ਹਿੱਕ 'ਤੇ
ਬੰਦੂਕ ਧਰ ਰਹੇ ਨੇ।
20-20 ਵੀ '84' ਵਾਂਗ
ਕਰ ਰਹੇ ਨੇ।
ਘਰ ਸੜ ਰਹੇ ਨੇ।
ਦੁਕਾਨਾਂ ਮੱਚ ਰਹੀਆਂ ਨੇ।
ਟਾਇਰ ਮੱਚ ਰਹੇ ਨੇ।
ਦਿੱਲੀ ਜਲ ਰਹੀ ਹੈ,
ਮਾਸੂਮ ਮਰ ਰਹੇ ਨੇ।
ਕਈ ਖੁਸ਼ੀਆਂ ਮਨਾ
ਰਹੇ ਹੋਣਗੇ,
ਕਈ - ਤੁਰਗਿਆਂ ਦੀਆਂ
ਲਾਸ਼ਾਂ ਵੇਖ ਕੇ,
 ਹੌਕੇ ਭਰ ਰਹੇ ਨੇ।
ਸੜਕਾਂ 'ਤੇ ਘੁੰਮਦੇ
ਗੁੰਡਿਆਂ ਨੂੰ ਵੇਖ ਕੇ,
 ਬੰਦ ਕਮਰਿਆਂ 'ਚ
ਮਜਲੂਮ ਡਰ ਰਹੇ ਨੇ।
ਅੰਗਰੇਜਾਂ ਨੂੰ
ਹਰਾਉਣ ਵਾਲੇ,
ਅੱਜ ਆਪਣਿਆਂ ਕੋਲੋਂ
ਹਰ ਰਹੇ ਨੇ!
ਦਿੱਲੀ ਜਲ ਰਹੀ ਹੈ।
ਲੋਕ ਮਰ ਰਹੇ ਨੇ!

✍️ਸੁਖਦੇਵ ਸਲੇਮਪੁਰੀ

ਨਾ ਗੱਲ ਕੋਈ ਬਹੁਤੀ ਚੰਗੀ ਏ -✍️ਰਜਨੀਸ਼ ਗਰਗ  

ਨਾ ਗੱਲ ਕੋਈ ਬਹੁਤੀ ਚੰਗੀ ਏ            

ਜੱਗ ਤੇ ਜੌ ਬੀਤ ਰਹੀ ਨਾ ਗੱਲ ਕੋਈ ਚੰਗੀ ਏ

ਬੇਮਤਲਬ ਹੀ ਨੇ ਲੜ ਰਹੇ ਇਕ ਦੂਜੇ ਦੀ ਕਰਦੇ ਭੰਡੀ ਏ

ਕਹਿੰਦੇ ਗੀਤਕਾਰ ਬਹੁਤੀ ਲੱਚਰਤਾ ਨੇ ਫਲਾ ਰਹੇ 

ਬੰਦ ਕਿੳ ਨਹੀ ਕਰਦੇ ਸੁਣਨਾ ਆਪਾ ਖੁਦ ਇੰਨਾ ਨੂੰ ਚੜਾ ਰਹੇ 

ਨਾ ਇਸ ਤਰ੍ਹਾ ਕਦੇ ਲੱਚਰਤਾ ਦੀ ਬੰਦ ਹੋਣੀ ਮੰਡੀ ਏ

ਜੱਗ ਤੇ ਜੋ ਬੀਤ ਰਹੀ ਨਾ ਗੱਲ ਕੋਈ ਬਹੁਤੀ ਚੰਗੀ ਏ

ਰਾਜਨਿਤਿਕ ਲੋਕ ਆਪਾ ਨੂੰ ਲੁੱਟ ਕੇ ਖਾ ਰਹੇ 

ਲੋਕਾ ਦੀਆ ਵੇਚ ਘਰ ਜਮੀਨਾ ਖੁਦ ਮਹਿਲ ਉਸਾਰ ਰਹੇ 

ਕਿੳ ਨਹੀ ਕਰਦੇ ਇਕ ਹੋਕੇ ਵਿਰੋਧ ਇੰਨ੍ਹਾ ਦਾ ਆਈ ਆਰਥਿਕ ਮੰਦੀ ਏ 

ਜੱਗ ਤੇ ਜੋ ਬੀਤ ਰਹੀ ਨਾ ਗੱਲ ਕੋਈ ਬਹੁਤੀ ਚੰਗੀ ਏ

ਨਸ਼ਿਆ ਦੀ ਨਾ ਗੱਲ ਕਰਦਾ ਕੋਈ ਹਿੰਦੀ ਪੰਜਾਬੀ ਪਿੱਛੇ ਪੈ ਗਏ ਨੇ

ਅਣਆਈਆ ਮੌਤਾ ਨੇ ਨੋਜਵਾਨ ਮਰਨ ਲੱਗੇ ਨਸ਼ੇ ਕਈ ਘਰ ਉਜਾੜ ਕੇ ਲੈ ਗਏ ਨੇ

“ਰਜਨੀਸ਼” ਨਸ਼ੇ ਦਾ ਖਾਤਮਾ ਨੇ ਕਰੇ ਕੋਈ ਇਹ ਰਾਜਨੀਤੀ ਬੜੀ ਗੰਦੀ ਏ

ਜੱਗ ਤੇ ਜੋ ਬੀਤ ਰਹੀ ਨਾ ਗੱਲ ਕੋਈ ਬਹੁਤੀ ਚੰਗੀ ਏ

      ਹੱਥ ਲਿਖਤ✍️ਰਜਨੀਸ਼ ਗਰਗ

ਜਸਵੰਤ ਕੌਰ ਬੈੰਸ,ਲਿਸਟਰ, ਯੂ ਕੇ✍️-ਅਰਮਾਨ

ਅਰਮਾਨ

ਤੂਫਾਨਾਂ ਜਿਹੀ
ਘਿਰੀ ਹੋਈ
ਲੱਗਦੀ ਏ
ਜ਼ਿੰਦਗੀ।
ਸੁਣ ਰਹੀ ਏ
ਆਵਾਜ਼,
ਹਰ ਰੋਜ਼ ਹਵਾ ਦੇ
ਸ਼ੂਕਣ ਦੀ।
ਪਤਝੜ ਦੇ ਪੱਤੇ
ਕਰ ਰਹੇ ਉਡੀਕ,
ਕੀ ਪਤਾ,
ਕਿਹੜਾ ਬਰਬਰੋਲਾ,
ਕਦੋਂ ਉੜਾ ਕੇ
ਲੈ ਜਾਵੇ,
ਪਲਾਂ ਵਿੱਚ
ਦਿਲ ਦੇ ਕੋਨੇ ਵਿੱਚ
ਛਿਪੇ ਹੋਏ
ਅਰਮਾਨ।

✍️ਜਸਵੰਤ ਕੌਰ ਬੈੰਸ,ਲਿਸਟਰ, ਯੂ ਕੇ

ਸਲੇਮਪੁਰੀ ਦੀ ਚੂੰਢੀ ✍️ ਦਿੱਲੀ ਦੂਰ ਹੋ ਗਈ!

ਦਿੱਲੀ ਦੂਰ ਹੋ ਗਈ!

ਸਾਰਾ ਦੇਸ਼ ਮੇਰਾ ਹੋ ਗਿਆ,

ਮੈਨੂੰ ਗਰੂਰ ਹੋ ਗਿਆ।

ਮੈਂ  ਦੁਨੀਆਂ ਸਾਰੀ ਗਾਹਤੀ,

ਤਾਹੀਓਂ  ਮਸ਼ਹੂਰ ਹੋ ਗਿਆ।

ਮੇਰਾ ਦਿਲ ਮੇਰਾ ਨਾ ਰਿਹਾ,

ਮੈਥੋਂ ਕੀ ਕਸੂਰ ਹੋ ਗਿਆ।

ਮੈਂ ਸਾਰੇ ਪੱਤੇ ਖੇਡ ਲਏ, 

ਪਰ ਦਿੱਲੀ ਤੋਂ ਦੂਰ ਹੋ ਗਿਆ।

-ਸੁਖਦੇਵ ਸਲੇਮਪੁਰੀ

 

ਲਿਖਤ✍️ਰਜਨੀਸ਼ ਗਰਗ-ਹੁਸ਼ਿਆਰੀ ਤੇ ਸਮਝਦਾਰੀ

ਹੁਸ਼ਿਆਰੀ ਤੇ ਸਮਝਦਾਰੀ

ਬਦਲਾਅ ਲਿਆ ਰਿਹਾ ਹਾਂ ਖੁਦ ਚ 

ਸਮਝਦਾਰੀ ਜਦੋ ਦੀ ਆਉਣ ਲੱਗੀ 

ਸਕੂਲਾਂ ਨਾਲੋ ਜਿਆਦਾ ਸਿੱਖ ਲਿਆ

ਦੁਨੀਆਦਾਰੀ ਜਦ ਦੀ ਸਿਖਾਉਣ ਲੱਗੀ 

ਕਿੰਨੀ ਅਹਿਮੀਅਤ ਹੁੰਦੀ ਭਰੀ ਹੋਈ ਜੇਬਾਂ ਦੀ 

ਖਾਲੀ ਜੇਬ ਦੇਖ ਦੁਨੀਆਂ ਸਤਾਉਣ ਲੱਗੀ 

ਪਿਆਰ ਮਹੁੱਬਤ ਨਾ ਏਹ ਕੁਝ ਸਮਝਣ 

ਉਝ ਮਤਲਬ ਲਈ ਹੱਕ ਆਪਣਾ ਜਤਾਉਣ ਲੱਗੀ

ਖਾਸ ਰਿਸ਼ਤੇ ਵਾਲੇ ਵੀ ਫੋਨ ਨਾ ਕਰਦੇ ਸੀ

ਬਿਜਨਸ਼ ਪੁਜੀਸ਼ਨ ਦੇਖ ਕੇ ਦੂਰੋ ਨਮਸਤੇ ਬੁਲਾਉਣ ਲੱਗੀ

ਬਦਲ ਨਹੀ ਸਕਦਾ ਦੁਨੀਆ ਦੇ ਇਸ ਵਤੀਰੇ ਨੂੰ

ਰਜਨੀਸ਼ ਦੀ ਸਮਝਦਾਰੀ ਹੁਸ਼ਿਆਰੀ ਨੂੰ ਦਬਾਉਣ ਲੱਗੀ 

 

      

ਸਲੇਮਪੁਰੀ ਦੀ ਚੂੰਢੀ✍️ ਗੁਰੂ ਰਵਿਦਾਸ ਜੀ ਨੂੰ ਸਮਰਪਿਤ

ਗੁਰੂ ਰਵਿਦਾਸ ਜੀ ਨੂੰ ਸਮਰਪਿਤ

ਹੇ ਗੁਰੂ ਰਵਿਦਾਸ!

ਤੂੰ 'ਕੱਲੇ ਨੇ

ਨਿਰਭੈ ਹੋ ਕੇ 

ਸਮਾਜ ਵਿੱਚ

ਸਮਾਜਿਕ, ਧਾਰਮਿਕ,

 ਰਾਜਨੀਤਕ, ਆਰਥਿਕ

ਬਰਾਬਰਤਾ ਲਈ

ਯੁੱਧ ਲੜਿਆ!

ਤੇ

ਸਮੇਂ ਦੇ ਹਾਕਮਾਂ ਨੂੰ

ਫਿਟਕਾਰਾਂ ਮਾਰਦਿਆਂ ਕਿਹਾ -

' ਐੱਸਾ ਚਾਹੂੰ ਰਾਜ ਮੈਂ,

ਜਹਾਂ ਮਿਲੇ ਸਬਨ ਕੋ ਅੰਨ।

ਛੋਟ ਬੜੋ ਸਭ ਸਮ ਬਸੇ,

ਰਵਿਦਾਸ ਰਹੇ ਪ੍ਰਸੰਨ।

ਹੇ ਗੁਰੂ ਰਵਿਦਾਸ!

ਗੁਰੂ ਅਰਜਨ ਦੇਵ ਜੀ ਨੇ

ਸਾਂਝੀਵਾਲਤਾ

ਕਾਇਮ ਕਰਨ ਲਈ

ਗੁਰੂ ਗ੍ਰੰਥ ਸਾਹਿਬ ਦੀ

ਸਥਾਪਨਾ ਕਰਕੇ

ਸੰਸਾਰ ਨੂੰ

ਨਵੀਂ ਸੇਧ ਪ੍ਰਦਾਨ ਕੀਤੀ।

ਪਰ-

ਅੱਜ ਗੁਰੂ ਗ੍ਰੰਥ ਸਾਹਿਬ ਨੂੰ

ਗੁਰੂ ਕਹਿਣ

ਵਾਲਿਆਂ ਵਿਚੋਂ

ਬਹੁਤਿਆਂ ਦੇ

 ਹਿਰਦਿਆਂ ਦੀ ਸ਼ੁੱਧਤਾ

 ਵਿਚ ਬਹੁਤੀ ਸ਼ੁੱਧਤਾ

ਪ੍ਰਤੀਤ ਨਹੀਂ ਹੁੰਦੀ!

ਉਹ ਤਾਂ

ਅਜੇ ਵੀ

ਮਨੂੰਵਾਦੀ ਵਿਚਾਰਧਾਰਾ

ਦਾ ਬੋਝ

 ਦਿਮਾਗ 'ਚ

ਲੈ ਕੇ ਘੁੰਮਦੇ ਨੇ।

ਇਸੇ ਕਰਕੇ

ਇਥੇ -

ਜਾਤਾਂ - ਪਾਤਾਂ, 

ਗੋਤਾਂ,

ਕਬੀਲਿਆਂ ਦੇ 

ਗੁਰਦੁਆਰੇ ਵੀ

ਵੱਖਰੇ ਨੇ!

' ਤੇ

ਮੜੀਆਂ ਚੋਂ ਵੀ

ਜਾਤ-ਪਾਤ ਦੀ

ਬਦਬੋ ਮਾਰਦੀ ਐ।

ਹੇ!

ਗੁਰੂ ਰਵਿਦਾਸ!

ਅੱਜ ਵੀ

ਸਮਾਜ ਵਿਚ

ਸਮਾਜਿਕ, ਆਰਥਿਕ

ਰਾਜਨੀਤਕ, ਧਾਰਮਿਕ

ਬਰਾਬਰਤਾ ਲਈ

ਤੇਰੀ ਵਿਚਾਰਧਾਰਾ ਦੀ

ਉਡੀਕ ਐ!

-ਸੁਖਦੇਵ ਸਲੇਮਪੁਰੀ  9/2/2020

ਲਿਖਤ✍️ਰਜਨੀਸ਼ ਗਰਗ-ਮਾਨਵਤਾ ਦੀ ਸੇਵਾ 

ਮਾਨਵਤਾ ਦੀ ਸੇਵਾ 

ਰੋਜ ਮੰਦਿਰਾ ਗੁਰੂਦੁਆਰਿਆ ਚ ਚੜ੍ਹਦਾ ਚੜਾਵਾ ਕਿੰਨਾ ਹੀ

ਸਾਇਦ ਅੰਨੇ ਭਗਤਾ ਨੂੰ ਅਕਲ ਕਿਤੋ ਆ ਜਾਵੇ

ਮਾਨਵਤਾ ਦੀ ਸੇਵਾ ਲਈ ਜੇ ਲਾਵੇ ਏਹ ਪੈਸਾ

ਖੁਸ਼ਹਾਲੀ ਪੰਜਾਬ ਚ ਸਭ ਪਾਸੇ ਛਾ ਜਾਵੇ

 

ਧਰਮਾਂ ਦੇ ਨਾਂ ਤੇ ਲੋਕ ਬਹੁਤ ਕਮਾਈਆਂ ਕਰਦੇ ਨੇ

ਧਰਮਾਂ ਚ ਉਲਝੇ ਲੋਕਾ ਨੂੰ ਕੋਈ ਸੁਲਝਾ ਜਾਵੇ

ਪੱਥਰਾ ਦੀਆਂ ਮੂਰਤਾ ਨੂੰ ਪਿਆਉਣ ਦੁੱਧ ਸਾਰੇ ਹੀ 

ਪੱਥਰਾ ਤੇ ਇਨਸਾਨਾ ਵਿੱਚ ਫਰਕ ਕੋਈ ਸਮਝਾ ਜਾਵੇ 

 

ਧੀਆਂ ਦੀ ਇੱਜਤ ਬਚਾਉਣ ਲਈ ਨਾ ਕੋਈ ਮੂਹਰੇ ਆਂਉਦਾ

ਮੰਦਰਾ ਮਸਜਿਦਾ ਲਈ ਲਈ ਚਾਹੇ ਏਨ੍ਹਾ ਦੀ ਜਾਨ ਜਾਵੇ 

ਰਜਨੀਸ਼ ਲਿਖਣ ਤੇ ਸਮਝਾਉਣ ਦਾ ਤਾਂ ਫਾਇਦਾ 

ਜੇ ਧਰਮ ਦੇ ਠੇਕੇਦਾਰਾ ਨੂੰ ਪਾਈ ਲਗਾਮ ਜਾਵੇ 

 

ਲਿਖਤ✍️ਰਜਨੀਸ਼ ਗਰਗ-ਧੀ ਤੇ ਪੁੱਤ 

ਧੀ ਤੇ ਪੁੱਤ 

 ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ,

ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ,

ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ,

ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ,

ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ ,

ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ 

ਕਿੱਦਾ ਦੁਨੀਆ ਜੀਅ ਸਕਦੀ ।

ਪੁੱਤ ਐਸ਼ ਦੇ ਲਈ ਕਦੇ ਪੈਸੇ ਵਲੋ ਘਬਰਾਇਆ ਨਾ,

ਧੀ ਅਪਣੀ ਦੇ ਹੱਥ ਚ ਕਦੇ ਪੈਸਾ ਫੜਾਇਆ ਨਾ,

ਪੁੱਤ ਆਪਣੇ ਨਾਲ ਰੋਜ ਹੀ ਪਿਆਰੀਆ ਗੱਲਾ ਕਰਦਾ ਏ,

ਪਰ ਧੀ ਅਪਣੀ ਨੂੰ ਕਦੇ ਵੀ ਗਲ੍ਹ ਨਾਲ ਲਾਇਆ ਨਾ,

ਏਸ ਜਮਾਨੇ ਵਿੱਚ ਵੀ ਦਸੋ ਧੀ ਕਰ ਨੀ, ਕੀ ਸਕਦੀ,

ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਕਿੱਦਾ ਦੁਨੀਆ ਜੀਅ ਸਕਦੀ ।

ਪੁੱਤ ਵਿਆਹ ਕਰਵਾ ਕੇ ਭਾਵੇ ਅੱਡ ਹੋਇਆ ਏ,

ਪਰ ਬਾਪ ਦੇ ਦਿਲ ਚੋ ਨਾ ਪੁੱਤ ਕੱਢ ਹੋਇਆ ਏ,

ਧੀ ਕੋਲ ਰਹਿ ਕੇ ਰੋਜ ਹੀ ਸੇਵਾ ਕਰਦੀ ਏ,

ਪਰ ਪੁੱਤ ਧੀ ਵਿੱਚੋ ਫਰਕ ਨਾ ਕੱਢ ਹੋਇਆ ਏ,

ਰਜਨੀਸ਼ ਪਤਾ ਸ਼ਭ ਨੂੰ ਧੀ ਦੁੱਖ ਘਰ ਦੇ ਸਾਰੇ ਪੀ ਸਕਦੀ,

ਪਰ ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਏਹ ਕਿੱਦਾ ਦੁਨੀਆ ਜੀਅ ਸਕਦੀ ।

ਸਮਝ ਨਹੀ ਆਉਦੀ ਦੁਨੀਆ ਦੀ 

ਇਹ ਕਰ ਕੁਝ ਕੀ ਸਕਦੀ 

ਲਿਖਤ✍️ਰਜਨੀਸ਼ ਗਰਗ

ਸਲੇਮਪੁਰੀ ਦੀ ਚੂੰਢੀ -ਸਿਆਸੀ ਬੋਲੀਆਂ!

ਸਿਆਸੀ ਬੋਲੀਆਂ!

 

ਅਕਾਲੀ ਦਲ 'ਚ ਫਸਾਦ ਜਿਹਾ ਪੈ ਗਿਆ ,

ਭਾਜਪਾ ਨੇ ਮੁੱਖ ਮੋੜਿਆ!

 

ਪੰਜਾਂ ਪਾਣੀਆਂ 'ਤੇ ਪੈਰ ਨਹੀਓੰ ਲੱਗਦੇ

ਸਿੱਧੂ ਨੇ ਦਿੱਲੀ ਦਰ ਮੱਲਿਆ।

 

ਸਾਨੂੰ ਲੋੜ ਨਹੀਂ ਕਿਸੇ ਦੇ ਸੱਦੇ ਸੁੱਦੇ ਦੀ

ਭੁੰਜੇ ਬਹਿ ਕੇ ਜੰਗ ਲੜਾਂਗੇ।

 (ਬੈਂਸ ਭਰਾ) 

 

ਸਾਰੀ ਯੂਪੀ ਨੂੰ ਕੁਚਲ ਕੇ ਰੱਖਦੂੰ,

ਨਾਂ ਯੋਗੀਨਾਥ ਰੱਖਿਆ।

 

' ਟੈੰ' ਨਾ ਪੰਜਾਬ ਵਾਲੇ ਮੰਨਦੇ,

ਕਾਨੂੰਨ ਠੁਕਰਾ ਮਾਰਿਆ।

 

ਸਾਰੀਆਂ ਸਕੀਮਾਂ ਫੇਲ੍ਹ ਹੋ ਗਈਆਂ

ਖਹਿਰਾ ਅਰਾਮ ਨਾਲ ਬਹਿ ਗਿਆ।

 

ਬਾਬਾ 'ਬਾਦਲ' ਖਿਡਾਰੀ ਭਾਵੇਂ ਹੰਢਿਆ,

' ਆਪਣਿਆਂ' ਨੇ ਘੇਰ ਲਿਆ।

 

ਖਜ਼ਾਨਾ ਮੰਤਰੀ ਸਕੀਮਾਂ ਰਿਹਾ ਘੜਦਾ,

ਖਜ਼ਾਨਾ ਨਾ ਗਿਆ ਭਰਿਆ।

- ਸੁਖਦੇਵ ਸਲੇਮਪੁਰੀ

 

ਗੋਬਿੰਦਰ ਸਿੰਘ ‘ਬਰੜ੍ਹਵਾਲ’-ਸਾਹਿਤਕਾਰ

ਸਾਹਿਤਕਾਰ

 

ਮੈਂ ਪਹਿਲਾਂ ਕਦੇ

ਇਸ ਤਰ੍ਹਾਂ

ਕਵਿਤਾ ਪੇਸ਼ ਨਹੀਂ ਕੀਤੀ

ਤੇ ਨਾਂਹੀ ਮੈਨੂੰ

ਕਰਨੀ ਆਉਂਦੀ ਹੈ

ਮਾਇਕ ਤੇ ਖਲ੍ਹੋ

ਇਕੱਠ ਨੂੰ ਵੇਖਦਿਆਂ

 

ਖਵਰੇ

ਕਦੋਂ ਸੁਰਤ ਸੰਭਲੀ

ਤੇ ਅੱਖਰਾਂ ਨੂੰ ਜੋੜ

ਸ਼ਬਦ ਬਣੇ

ਤੇ ਸ਼ਬਦਾਂ ਨੂੰ ਜੋੜ

ਲਾਇਨਾਂ ਬਣਾ ਲਈਆਂ

ਮਨੋ-ਭਾਵਾਂ ਨੂੰ

ਸਮੇਟਦੀਆਂ

 

ਇਸ਼ਕ ਦੇ

ਊੜੇ ਐੜੇ ਤੋਂ

ਸ਼ੁਰੂ ਹੋਈ

ਙੰਙਾ

ਖਾਲੀ ਤੇ

ਆ ਰੁੱਕੀ

ਮੇਰੀ

ਟੁੱਟੀ ਭੱਜੀ

ਮੇਰੇ ਵਰਗੀ

ਕਵਿਤਾ

 

ਕੋਈ ਫਾਇਦਾ ਨਹੀਂ

ਵਰਕੇ

ਕਾਲੇ ਕਰਿਆਂ ਦਾ

ਜੇ ਲਕੀਰਾਂ

ਤੇ ਜ਼ਮੀਰਾਂ ਚ

ਮੇਲ ਨਾ ਹੋਵੇ

 

ਧੌਲ ਦਾੜੀਆਂ

ਬੁੱਧੀਜੀਵੀਆਂ

ਕਲਮੀ ਸ਼ੇਰਾਂ ਨੂੰ

ਜਾ ਕਹੋ

ਇਕੱਲਿਆਂ

ਸਭਾਵਾਂ ਕਰਕੇ

ਲਿਖ ਕੇ

ਛਪ ਕੇ

ਡੰਗ ਹੀ ਟੱਪੇਗਾ

ਅਮਲ ਤੋਂ ਸੱਖਣਾ

ਯਥਾਰਥ

ਬਦਲਣ ਵਾਲਾ ਨਹੀਂ

 

ਪੈੱਨ ਦੀ ਨਿੱਬ ਚੋਂ

ਨਿਕਲੇ ਅੱਖਰਾਂ ਨੂੰ

ਲੀੜੇ

ਆਪ ਪਾਉਣੇ

ਲਿਖਤ ਨਾਲ

ਇਨਸਾਫ਼ ਹੈ

ਕਾਪੀਆਂ

ਕਾਲੀਆਂ ਕਰਨ ਨਾਲੋਂ।

ਗੋਬਿੰਦਰ ਸਿੰਘ ‘ਬਰੜ੍ਹਵਾਲ’-