You are here

ਲੁਧਿਆਣਾ

ਵਿਧਾਇਕ ਬੱਗਾ ਵਲੋਂ ਸ਼ਿਵਪੁਰੀ 'ਚ ਨਵੇਂ ਆਰ.ਐਮ.ਸੀ. ਰੋਡ ਦਾ ਉਦਘਾਟਨ

ਲੁਧਿਆਣਾ, 15 ਮਾਰਚ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵਲੋਂ ਬੀਤੇ ਦਿਨੀਂ ਵਾਰਡ ਨੰਬਰ 86(88) ਅਧੀਨ ਸ਼ਿਵਪੁਰੀ ਵਿਖੇ ਨਵੇਂ ਆਰ.ਐਮ.ਸੀ. ਸੜਕਾਂ ਦਾ ਉਦਘਾਟਨ ਕੀਤਾ ਗਿਆ।

ਵਿਧਾਇਕ ਬੱਗਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਹਾਲਤ ਬੀਤੇ ਕਾਫ਼ੀ ਸਮੇਂ ਤੋਂ ਤਰਸਯੋਗ ਬਣੀ ਹੋਈ ਸੀ ਅਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਇਲਾਕੇ ਦੀ ਸਾਰ ਨਹੀਂ ਲਈ ਗਈ ਪਰ ਹੁਣ ਸੜਕ ਦੇ ਨਿਰਮਾਣ ਤੋਂ ਬਾਅਦ ਆਵਾਜਾਈ ਸੁਚਾਰੂ ਢੰਗ ਨਾਲ ਚੱਲੇਗੀ।

ਹਲਕਾ ਲੁਧਿਆਣਾ ਉੱਤਰੀ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਦੇ ਲਈ ਵਚਨਬੱਧਤਾ ਦੁਹਰਾਉਂਦੇ ਹੋਏ ਵਿਧਾਇਕ ਬੱਗਾ ਅਤੇ ਉਨ੍ਹਾ ਦੀ ਟੀਮ ਨੇ ਕਿਹਾ ਕਿ ਨਵੀਂ ਸੜਕ ਦਾ ਨਿਰਮਾਣ ਜੰਗੀ ਪੱਧਰ 'ਤੇ ਕਰਵਾਇਆ ਜਾਵੇਗਾ। ਉਨ੍ਹਾ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਹਲਕੇ ਵਿੱਚਚ ਕੋਈ ਸੜਕ ਮੁਰੰਮਤ ਤੋਂ ਵਾਂਝੀ ਨਾ ਰਹੇ। ਉਨ੍ਹਾ ਕਿਹਾ ਕਿ ਪਿੰਡਾਂ ਦੇ ਨਾਲ ਸ਼ਹਿਰਾਂ ਦੇ ਵਿੱਚ ਵੀ ਸੜਕ ਕੁਨੇਕਟੀਵਿਟੀ ਨੂੰ ਚੰਗਾ ਬਣਾਉਣ ਦੇ ਲਈ ਲਗਾਤਾਰ ਸਾਡੀ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਮਨਜੀਤ ਸਿੰਘ ਢਿੱਲੋਂ, ਅਮਨ ਬੱਗਾ ਖੁਰਾਨਾ, ਗੁਲਸ਼ਨ ਕੁਮਾਰ ਬੂਟੀ, ਗੁਲਸ਼ਨ ਕਵਾਤਰਾ ਵੀ ਮੌਜੂਦ ਸਨ।

ਵਿਧਾਇਕ ਗੋਗੀ ਨੇ ਲਈਯਰ ਵੈਲੀ ਵਿੱਚ 40-ਕੇ.ਐਲ.ਡੀ ਕੁਦਰਤ ਅਧਾਰਿਤ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਲਈ ਪ੍ਰੋਜੈਕਟ ਦਾ ਕੀਤਾ ਉਦਘਾਟਨ

ਲੁਧਿਆਣਾ, 15 ਮਾਰਚ(ਟੀ. ਕੇ.)  ਬਾਗਬਾਨੀ/ਸਿੰਚਾਈ ਦੇ ਉਦੇਸ਼ਾਂ ਲਈ ਟ੍ਰੀਟ ਕੀਤੇ ਗਏ ਸੀਵਰੇਜ ਦੇ ਪਾਣੀ ਦੀ ਮੁੜ ਵਰਤੋਂ ਕਰਨ ਦੀ ਆਪਣੀ ਕਿਸਮ ਦੇ ਪਹਿਲੇ ਪ੍ਰੋਜੈਕਟ ਦੇ ਤਹਿਤ, ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ੁੱਕਰਵਾਰ ਨੂੰ ਨਗਰ ਨਿਗਮ ਜ਼ੋਨ ਡੀ ਦਫ਼ਤਰ ਨੇੜੇ ਲਈਯਰ ਵੈਲੀ ਵਿੱਚ 40-ਕੇ.ਐਲ.ਡੀ ਕੁਦਰਤ ਅਧਾਰਤ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ।

ਇਹ ਪ੍ਰੋਜੈਕਟ ਨਗਰ ਨਿਗਮ ਲੁਧਿਆਣਾ ਅਤੇ ਕੋਟਕ ਮਹਿੰਦਰਾ ਬੈਂਕ ਲਿਮਟਿਡ ਦੀ ਸਾਂਝੀ ਪਹਿਲਕਦਮੀ ਹੈ ਅਤੇ ਇਹ ਪਲਾਂਟ ਹੁਣ ਬੈਂਕ ਦੁਆਰਾ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਗਤੀਵਿਧੀ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ।

ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰਨ ਲਈ ਪ੍ਰੋਜੈਕਟ ਦੇ ਤਹਿਤ ਇੱਕ ਭੂਮੀਗਤ ਵਿਕੇਂਦਰੀਕ੍ਰਿਤ ਵੇਸਟ ਵਾਟਰ ਟ੍ਰੀਟਮੈਂਟ ਸਿਸਟਮ (ਡੀ.ਈ.ਡਬਲਯੂ.ਏ.ਟੀ.ਐਸ) ਸਥਾਪਿਤ ਕੀਤਾ ਜਾਵੇਗਾ ਅਤੇ ਟ੍ਰੀਟ ਕੀਤੇ ਗਏ ਪਾਣੀ ਦੀ ਵਰਤੋਂ ਸਿੱਧਵਾਂ ਕੈਨਾਲ ਵਾਟਰਫਰੰਟ ਪ੍ਰੋਜੈਕਟ, ਲਈਯਰ ਵੈਲੀ ਅਤੇ ਹੋਰ ਨੇੜਲੇ ਪਾਰਕਾਂ ਵਿੱਚ ਬਾਗਬਾਨੀ ਦੇ ਉਦੇਸ਼ਾਂ ਲਈ ਕੀਤੀ ਜਾਵੇਗੀ। ਪਲਾਂਟ ਦੀ ਸਥਾਪਨਾ ਤੋਂ ਬਾਅਦ, ਬੈਂਕ ਦੋ ਸਾਲਾਂ ਲਈ ਪ੍ਰੋਜੈਕਟ ਦਾ ਰੱਖ-ਰਖਾਅ ਵੀ ਕਰੇਗਾ।

ਉਦਘਾਟਨੀ ਸਮਾਰੋਹ ਦੌਰਾਨ ਕੋਟਕ ਮਹਿੰਦਰਾ ਬੈਂਕ ਦੇ ਨੁਮਾਇੰਦੇ ਵੀ ਮੌਜੂਦ ਸਨ।

ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਧਿਆਨ ਟਿਕਾਊ ਵਿਕਾਸ 'ਤੇ ਕੇਂਦ੍ਰਿਤ ਹੈ। ਪੱਛਮੀ ਹਲਕੇ ਵਿੱਚ ਹਰਿਆਵਲ ਫੈਲਾਉਣ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਈ ਗਰੀਨ ਬੈਲਟਾਂ/ਪਾਰਕਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ। 

ਵਿਧਾਇਕ ਗੋਗੀ ਨੇ ਸੀ.ਐਸ.ਆਰ ਗਤੀਵਿਧੀ ਦੇ ਤਹਿਤ ਪ੍ਰੋਜੈਕਟ ਸ਼ੁਰੂ ਕਰਨ ਲਈ ਕੋਟਕ ਮਹਿੰਦਰਾ ਬੈਂਕ ਦੀ ਵੀ ਸ਼ਲਾਘਾ ਕੀਤੀ।

ਵਿਧਾਇਕ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਵਧਣ ਅਤੇ ਆਪਣੇ ਆਲੇ-ਦੁਆਲੇ ਪਾਰਕਾਂ ਅਤੇ ਗਰੀਨ ਬੈਲਟਾਂ ਦੀ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ।

ਪੀ.ਏ.ਯੂ. ਦੇ ਕਿਸਾਨ ਮੇਲੇ ਦੇ ਦੂਜੇ ਦਿਨ ਕਿਸਾਨਾਂ ਦਾ ਭਾਰੀ ਇਕੱਠ ਜੁੜਿਆ

*ਦੇਸ਼ ਦੇ ਅੰਨ-ਭੰਡਾਰ ਨੂੰ ਭਰਪੂਰ ਕਰਕੇ ਅੰਨ ਸੁਰੱਖਿਆ ਪ੍ਰਦਾਨ ਕਰਨ ਵਿਚ ਹਰੀ ਕ੍ਰਾਂਤੀ ਨੇ ਅਹਿਮ ਭੂਮਿਕਾ ਨਿਭਾਈ : ਡਾ. ਖੁਸ਼

ਲੁਧਿਆਣਾ 15 ਮਾਰਚ(ਟੀ. ਕੇ.)  ਪੀ.ਏ.ਯੂ. ਦੇ ਕੈਂਪਸ ਵਿਚ ਜਾਰੀ ਕਿਸਾਨ ਮੇਲੇ ਦੇ ਦੂਸਰੇ ਦਿਨ ਅੱਜ ਪੰਜਾਬ ਅਤੇ ਆਸਪਾਸ ਦੇ ਖਿੱਤਿਆਂ ਤੋਂ ਭਾਰੀ ਗਿਣਤੀ ਵਿਚ ਕਿਸਾਨ ਸ਼ਾਮਿਲ ਹੋਏ| ਮੇਲੇ ਦੇ ਦੂਸਰੇ ਦਿਨ ਇਨਾਮ ਵੰਡ ਸਮਾਰੋਹ ਵਿਚ ਚੌਲਾਂ ਦੇ ਸੰਸਾਰ ਪ੍ਰਸਿੱਧ ਵਿਗਿਆਨੀ ਪਦਮਸ਼੍ਰੀ ਡਾ. ਗੁਰਦੇਵ ਸਿੰਘ ਖੁਸ਼ ਮੁੱਖ ਮਹਿਮਾਨ ਵਜੋਂ ਅਤੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਇਸ ਮੌਕੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਤੋਂ ਪ੍ਰੋਫੈਸਰ ਐਂਥਨੀ 13 ਵਿਦਿਆਰਥੀਆਂ ਦੇ ਵਫ਼ਦ ਸਮੇਤ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ|

 
ਇਸ ਮੌਕੇ ਆਪਣੇ ਮੁੱਖ ਭਾਸ਼ਣ ਵਿਚ ਡਾ. ਗੁਰਦੇਵ ਸਿੰਘ ਖੁਸ਼ ਨੇ ਕਿਹਾ ਕਿ ਹਰੀ ਕ੍ਰਾਂਤੀ ਨੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਕੇ ਅੰਨ ਸੁਰੱਖਿਆ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਇਸਦਾ ਸਮੁੱਚਾ ਸਿਹਰਾ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਪੀ.ਏ.ਯੂ. ਦੇ ਵਿਗਿਆਨੀਆਂ ਸਿਰ ਬੱਝਦਾ ਹੈ| ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀਆਂ ਨੇ ਫ਼ਸਲਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਵਿਚ ਸੁਧਾਰ ਕਰਕੇ ਉਹਨਾਂ ਨੂੰ ਉੱਚ ਝਾੜ ਦੇਣ ਯੋਗ ਬਣਾਇਆ, ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਚੌਖਾ ਵਾਧਾ ਹੋਇਆ ਅਤੇ ਪੇਂਡੂ ਜੀਵਨ ਵਿਚ ਖੁਸ਼ਹਾਲੀ ਆਈ| ਪਰ ਨਾਲ ਹੀ ਕੁਦਰਤੀ ਸਾਧਨਾਂ ਦੀ ਲੋੜੋਂ ਵੱਧ ਵਰਤੋਂ ਨੇ ਸਾਡੀ ਕਿਸਾਨੀ ਲਈ ਕਈ ਸਮੱਸਿਆਵਾਂ ਵੀ ਪੈਦਾ ਕੀਤੀਆਂ ਜਿਸ ਲਈ ਸਾਨੂੰ ਕਣਕ-ਝੋਨੇ ਦੇ ਰਵਾਇਤੀ ਚੱਕਰ ਨੂੰ ਘਟਾ ਕੇ ਬਹੁਫਸਲੀ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ਹੈ| ਇਸਦੇ ਨਾਲ ਹੀ ਸਰ•ੋਂ ਅਤੇ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ, ਖੇਤੀ ਲਾਗਤਾਂ ਨੂੰ ਘਟਾਉਣ, ਪਰਾਲੀ ਦੀ ਢੁੱਕਵੀਂ ਸਾਂਭ-ਸੰਭਾਲ ਕਰਨ, ਸਪੀਡ ਬਰੀਡਿੰਗ ਅਤੇ ਮਸ਼ੀਨੀ ਬੌਧਿਕਤਾ ਵਰਗੀਆਂ ਨਵੀਆਂ ਤਕਨੀਕਾਂ ਅਪਨਾਉਣ, ਮੁੱਲ ਵਾਧੇ ਰਾਹੀਂ ਖੇਤੀ ਮੁਨਾਫ਼ਾ ਵਧਾਉਣ ਦੇ ਨਾਲ-ਨਾਲ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਉੱਪਰ ਜ਼ੋਰ ਦਿੱਤਾ|

 
ਉੱਘੇ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਇਸ ਖਿੱਤੇ ਵੱਲੋਂ ਸਭ ਤੋਂ ਵੱਧ ਫਸਲੀ ਝਾੜ ਪੈਦਾ ਕਰਨ ਦੇ ਬਾਵਜੂਦ ਸਾਡੀ ਕਿਸਾਨੀ ਸਾਹਮਣੇ ਕਈ ਸੰਕਟ ਹਨ, ਇਸਦਾ ਪ੍ਰਮੁੱਖ ਕਾਰਨ ਸੂਬੇ ਕੋਲ ਕਿਸੇ ਬੱਝਵੀਂ ਖੇਤੀ ਨੀਤੀ ਦੀ ਅਣਹੋਂਦ ਰਹੀ ਹੈ| ਉਹਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਕਮਿਸ਼ਨ ਨੇ ਪੀ.ਏ.ਯੂ. ਦੇ ਸਹਿਯੋਗ ਨਾਲ ਪੰਜਾਬ ਦੀ ਖੇਤੀ ਨੀਤੀ ਤਿਆਰ ਕਰਨ ਦਾ ਉੱਦਮ ਕੀਤਾ ਹੈ ਜਿਸ ਵਿਚ ਸਹਾਇਕ ਧੰਦਿਆਂ ਰਾਹੀਂ ਖੇਤੀ ਆਮਦਨ ਵਿਚ ਵਾਧੇ ਦੀ ਤਜ਼ਵੀਜ਼ ਪ੍ਰਮੁੱਖ ਹੈ| ਉਹਨਾਂ ਕਿਹਾ ਕਿ ਬਿਹਤਰ ਸਮਾਜ ਸਿਰਜਣ ਲਈ ਪਿੰਡ ਦੀ ਇਕਾਈ ਨੂੰ ਆਤਮ ਨਿਰਭਰ ਬਣਾ ਕੇ ਮਜ਼ਬੂਤ ਕਰਨ ਸੰਬੰਧੀ ਤਜ਼ਵੀਜ਼ਾਂ ਵੀ ਨਵੀਂ ਖੇਤੀ ਨੀਤੀ ਵਿਚ ਸ਼ਾਮਿਲ ਹਨ|

 
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਸਾਲ ਹੋਏ ਪ੍ਰਵਾਸੀ ਕਿਸਾਨ ਸੰਮੇਲਨ ਦੌਰਾਨ ਪ੍ਰਵਾਸੀ ਕਿਸਾਨਾਂ ਵੱਲੋਂ ਸਾਂਝੇ ਕੀਤੇ ਖੇਤੀ ਤਜਰਬਿਆਂ ਦੇ ਅਧਾਰ ਤੇ ਕਿਹਾ ਕਿ ਵਿਦੇਸ਼ ਵਿਚ ਕਿਸਾਨਾਂ ਨੇ ਕਿਰਤ ਅਤੇ ਕਿਰਸ ਨੂੰ ਅਪਣਾ ਕੇ, ਨਿਰੋਲ ਖੇਤੀਬਾੜੀ ਦੀ ਥਾਂ ਖੇਤੀ ਕਾਰੋਬਾਰ ਰਾਹੀਂ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਕੇ ਆਪਣੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਲਿਖੀ ਹੈ| ਉਹਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਰਾਹੀਂ ਖੇਤੀ ਪਸਾਰ ਨੂੰ ਨਵਾਂ ਮਾਧਿਅਮ ਮਿਲਿਆ ਹੈ ਅਤੇ ਕਿਸਾਨਾਂ ਨੂੰ ਪੀ.ਏ.ਯੂ. ਦੀਆਂ ਸ਼ੋਸ਼ਲ ਮੀਡੀਆਂ ਐਪਸ ਨਾਲ ਜੁੜ ਕੇ ਆਪਣੀ ਖੇਤੀ ਨੂੰ ਲਾਹੇਵੰਦ ਧੰਦਾ ਬਨਾਉਣਾ ਚਾਹੀਦਾ ਹੈ| ਡਾ. ਗੋਸਲ ਨੇ ਮੇਲੇ ਦੇ ਉਦੇਸ਼ ਬਾਰੇ ਗੱਲ ਕਰਦਿਆਂ ਰੋਜ਼ਾਨਾ ਆਮਦਨ ਹਾਸਲ ਕਰਨ ਲਈ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ|

 
ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਥਨੀ ਨੇ ਮੇਲੇ ਵਿਚ ਸ਼ਾਮਿਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੀ.ਏ.ਯੂ. ਵਿਗਿਆਨੀਆਂ ਅਤੇ ਕਿਸਾਨਾਂ ਦੇ ਸੁਮੇਲ ਨੂੰ ਪੰਜਾਬ ਦੀ ਕਿਸਾਨੀ ਦੀ ਖੁਸ਼ਹਾਲੀ ਦਾ ਪ੍ਰਤੀਕ ਕਿਹਾ|

ਇਸ ਸਮਾਰੋਹ ਵਿਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਭ ਦਾ ਸਵਾਗਤ ਕਰਦਿਆਂ ਸਹਾਇਕ ਧੰਦਿਆਂ ਦੀ ਸਿਖਲਾਈ ਦੇ ਸੰਬੰਧ ਵਿਚ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਹੱਤਵ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਸਿਖਲਾਈ ਲੈਣ ਵਾਲੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਆਪਣੇ ਉਤਪਾਦਾਂ ਦੀਆਂ ਸਟਾਲਾਂ ਮੇਲੇ ਵਿਚ ਲਾਈਆਂ ਹਨ ਜਿਨ•ਾਂ ਤੋਂ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਹੋਣ ਦੀ ਲੋੜ ਹੈ|

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਲੜਕਿਆਂ ਦੇ ਭਲਾਈ ਅਧਿਕਾਰੀ ਗੁਰਪ੍ਰੀਤ ਸਿੰਘ ਵਿਰਕ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ|

 
ਅੰਤ ਵਿਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਧੰਨਵਾਦ ਦੇ ਸ਼ਬਦ ਕਹੇ| 

ਸ਼ਗੁਨ ਕੱਕੜ  ਨੇ ਐਮ. ਕਾਮ.   ਤੀਸਰਾ  ਸਮੈਸਟਰ ਦੀ ਪ੍ਰੀਖਿਆ ਦੌਰਾਨ ਪੰਜਾਬ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ 

ਲੁਧਿਆਣਾ, 15 ਮਾਰਚ(ਟੀ. ਕੇ.) ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਦਸੰਬਰ 2023 ਵਿੱਚ ਹੋਈਆਂ ਐਮ.ਕਾਮ ਤੀਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜਾ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।
ਸ਼ਗੁਨ ਕੱਕੜ ਨੇ 84.71ਫੀਸਦੀ ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਦਿਲਪ੍ਰੀਤ ਕੌਰ ਨੇ 84.57 ਫੀਸਦੀ  ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਦੂਸਰਾ ਜਦਕਿ ਮੁਖਤਿਆਰ ਕੌਰ ਨੇ 83.67 ਫੀਸਦੀ 
 ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ।
ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਇੰਜੀਨੀਅਰ ਗੁਰਵਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ.ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।

ਕਿਸਾਨ ਮੇਲੇ 'ਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲਗਾਈ ਗਈ ਕਿਤਾਬਾਂ ਦੀ ਸਟਾਲ 

ਲੁਧਿਆਣਾ, 15 ਮਾਰਚ (ਟੀ. ਕੇ. ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਕਿਸਨਾਂ ਨੂੰ ਨਵੇਂ ਸੁਧਰੇ ਹੋਏ ਬੀਜਾਂ ਤੇ ਫਸਲਾਂ ਪ੍ਰਤੀ ਨਵੀਂ ਜਾਣਕਾਰੀ ਦੇਣ ਹਿੱਤ ਕਿਤਾਬਾਂ ਦੀਆਂ ਦੁਕਾਨਾਂ ਅਤੇ ਖੇਤੀਬਾੜੀ ਦੇ ਸੰਦਾਂ ਦੀ ਨੁਮਾਇਸ ਲਈ ਹਰ ਸਾਲ ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਲਗਾਉਂਦੀ ਹੈ। ਇਸ ਵਾਰ ਦੋ ਦਿਨਾ 14 ਤੇ 15 ਮਾਰਚ ਦੇ ਕਿਸਾਨ ਮੇਲੇ ਤੇ ਹਰ ਵਾਰ ਦੀ ਤਰ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜ਼ੋਨ ਲੁਧਿਆਣਾ ਦੇ ਸਹਿਯੋਗ ਨਾਲ ਤਰਕਸ਼ੀਲ ਕਿਤਾਬਾਂ ਅਤੇ ਵਿਗਿਆਨਿਕ ਵਿਚਾਰਾਂ ਦੇ ਪਸਾਰੇ ਲਈ ਪ੍ਰਦਰਸ਼ਨੀ ਲਾਈ ਗਈ।ਬਹੁਤ ਸਾਰੇ ਕਿਸਾਨਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਸਟਾਲ ਵਿੱਚ ਵਿਸ਼ੇਸ਼  ਦਿਲਚਸਪੀ ਵਿਖਾਈ। ਜ਼ੋਨ ਲੁਧਿਆਣਾ ਦੇ ਮੁੱਖੀ ਜਸਵੰਤ ਜ਼ੀਰਖ ਦੀ ਰਿਪੋਰਟ ਅਨੂਸਾਰ ਇਹ ਪ੍ਰਦਰਸ਼ਨੀ ਆਮ ਲੋਕਾਂ ਨੂੰ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਬਣਾਉਣ ਲਈ ਬਹੁਤ ਸਹਾਈ ਸਿੱਧ ਹੋ ਰਹੀ ਹੈ, ਜਿਸ ਵਿੱਚ ਬਹੁਤ ਸੌਖੇ ਅਤੇ ਦਿਲਚਸਪ ਢੰਗ ਨਾਲ ਵਿਗਿਆਨਿਕ ਵਿਚਾਰਾਂ ਨੂੰ ਦਰਸਾਇਆ ਗਿਆ ਹੈ। ਇਸ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਪੰਜਾਬ ਦੇ ਕਈ ਘਰਾਂ ਵਿੱਚ ਅਚਨਚੇਤ ਵਾਪਰਦੀਆਂ ਕੱਪੜੇ ਕੱਟਣ ਤੇ ਅੱਗ ਲੱਗਣ ਆਦਿ ਦੀਆਂ ਘਟਨਾਵਾਂ ਬੰਦ ਕਰਨ ਦੇ ਇਲਾਜ ਲਈ ਕਈ ਅਖੌਤੀ ਬਾਬਿਆਂ ਵੱਲੋਂ ਦਿੱਤੇ ਧਾਗੇ- ਤਵੀਤ ਦੇਣ ਦੇ ਬਾਵਜੂਦ ਵੀ ਘਟਨਾਵਾਂ ਬੰਦ ਨਹੀਂ ਸੀ ਹੋਈਆਂ , ਪਰ ਤਰਕਸ਼ੀਲ ਸੁਸਾਇਟੀ ਵੱਲੋਂ ਉਹਨਾਂ ਤੋਂ ਛੁਟਕਾਰਾ ਪਵਾਉਣ ਉਪਰੰਤ ਉਹਨਾ ਨੂੰ ਲੋਕਾਂ ਦੇ ਗਲ਼ਾਂ ਵਿੱਚੋਂ ਉਤਰਵਾਕੇ ਇਸ ਪ੍ਰਦਰਸ਼ਨੀ ਵਿੱਚ ਰੱਖਿਆ ਗਿਆ ਸੀ, ਜਿਹਨਾ ਦੀ ਨੁਮਾਇਸ ਵੀ ਹਰ ਵਾਰ ਤਰ੍ਹਾਂ ਖਿੱਚ ਦਾ ਕੇਂਦਰ ਬਣੀ ਰਹੀ।ਅਗਾਂਹ ਵਧੂ ਵਿਚਾਰਾਂ ਵਾਲੇ ਪੋਸਟਰ ਵੀ ਲੋਕ ਧਿਆਨ ਨਾਲ ਪੜ੍ਹਦੇ ਸਨ ਅਤੇ ਤਰਕਸ਼ੀਲ ਕਾਰਕੁਨਾਂ ਨਾਲ ਅੰਧਵਿਸਵਾਸ਼ਾਂ ਬਾਰੇ ਚਰਚਾ ਵੀ ਕਰਦੇ ਰਹੇ। ਇਸ ਸਮੇਂ ਕਿਸਨਾਂ ਅਤੇ ਵਿਦਿਆਰਥੀਆਂ ਨੇ ਵੱਡੀ ਪੱਧਰ ਤੇ ਕਿਤਾਬਾਂ ਖਰੀਦੀਆਂ ਅਤੇ ਤਰਕਸ਼ੀਲ ਮੈਗਜ਼ੀਨ ਦੇ ਚੰਦੇ ਭਰੇ। ਇਸ ਸਮੇਂ ਸਟਾਲ 'ਤੇ ਅਤੇ ਤਰਕਸ਼ੀਲ ਸਾਹਿਤ ਵੈਨ ਨਾਲ ਜਥੇਬੰਦਕ ਮੁਖੀ ਰਜਿੰਦਰ ਭਦੌੜ, ਗੁਰਪ੍ਰੀਤ ਸੈਹਣਾ, ਬਿੰਦਰ ਸਿੰਘ, ਜਸਵੰਤ ਬੋਪਾਰਾਏ ਬਲਵਿੰਦਰ ਸਿੰਘ, ਧਰਮਪਾਲ ਸਿੰਘ, ਕਰਤਾਰ ਸਿੰਘ, ਰਾਕੇਸ਼ ਅਜ਼ਾਦ, ਸੁਰਜੀਤ ਸਿੰਘ, ਸੋਹਣ ਸਿੰਘ ਬਡਲਾ, ਗੁਰਮੇਲ ਸਿੰਘ, ਦੀਪ ਦਿਲਬਰ, ਰੁਪਿੰਦਰ ਸਿੰਘ, ਹਰਚੰਦ ਭਿੰਡਰ, ਸ਼ਮਸੇਰ ਨੂਰਪੁਰੀ, ਰਜਿੰਦਰ ਜੰਡਿਆਲੀ ਤੇ ਕਰਤਾਰ ਵਿਰਾਨ , ਕਰਨੈਲ ਸਿੰਘ, ਧਰਮ ਸਿੰਘ ਆਦਿ ਕਿਤਾਬਾਂ ਦੀ ਵਿਕਰੀ ਅਤੇ ਸਟਾਲ ਤੇ ਪਹੁੰਚੇ ਪਾਠਕਾਂ ਅਤੇ ਦਰਸ਼ਕਾਂ ਦੇ ਅੰਧਵਿਸਵਾਸ਼ਾਂ ਪ੍ਰਤੀ ਅਤੇ ਤਰਕਸ਼ੀਲਤਾ ਦੇ ਸਬੰਧ ਵਿੱਚ ਸੁਆਲਾਂ ਦੇ ਜਵਾਬ ਦੇਣ ਲਈ ਮੌਜੂਦ ਰਹੇ।

ਵਿਸ਼ਵ ਖਪਤਕਾਰ ਅਧਿਕਾਰ ਦਿਵਸ "ਖਪਤਕਾਰਾਂ ਲਈ ਨਿਰਪੱਖ ਅਤੇ ਜ਼ਿੰਮੇਵਾਰ ਏ. ਆਈ. " ਥੀਮ 'ਤੇ ਮਨਾਇਆ ਗਿਆ

ਲੁਧਿਆਣਾ, 15 ਮਾਰਚ (ਟੀ. ਕੇ.) ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਦੀ ਕਾਮਰਸ ਸੁਸਾਇਟੀ ਨੇ "ਖਪਤਕਾਰਾਂ ਲਈ ਨਿਰਪੱਖ ਅਤੇ ਜ਼ਿੰਮੇਵਾਰ ਏ. ਆਈ." ਦੇ ਥੀਮ 'ਤੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ। ਥੀਮ ਉਪਭੋਗਤਾ ਅਧਿਕਾਰਾਂ, ਸੁਰੱਖਿਆ ਅਤੇ ਸਸ਼ਕਤੀਕਰਨ 'ਤੇ ਵਿਸ਼ਵਵਿਆਪੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਕਾਮਰਸ ਸੁਸਾਇਟੀ ਦੇ ਇੰਚਾਰਜ ਡਾ: ਨੀਰਜ ਕੁਮਾਰ ਨੇ ਸਮੂਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਵਿਸ਼ੇ ਬਾਰੇ ਜਾਣੂ ਕਰਵਾਇਆ | ਸਮੁੱਚੀ ਗਤੀਵਿਧੀ ਦਾ ਸੰਚਾਲਨ ਕਾਮਰਸ ਸੁਸਾਇਟੀ ਦੇ ਮੁਸਕਾਨ ਸਿੰਗਲਾ (ਪ੍ਰਧਾਨ) ਅਤੇ ਕ੍ਰਿਤੀ ਅਰੋੜਾ (ਸਕੱਤਰ) ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ।ਜਜਮੈਂਟ ਡਾ: ਗੁਰਮੀਤ ਸਿੰਘ, ਡਾ: ਸੁਖਵਿੰਦਰ ਸਿੰਘ ਚੀਮਾ ਅਤੇ ਸ੍ਰੀਮਤੀ ਦਲਜੀਤ ਕੌਰ ਨੇ ਕੀਤੀ। ਇਸ ਮੌਕੇ ਮਹਿਮਾ ਨੇ ਪਹਿਲਾ ਇਨਾਮ, ਆਸ਼ਿਮਾ ਕੌਸ਼ਲ ਨੇ ਦੂਜਾ ਇਨਾਮ ਅਤੇ ਅਦਿਤੀ ਸ਼ਰਮਾ ਨੇ ਤੀਜਾ ਇਨਾਮ ਹਾਸਲ ਕੀਤਾ। ਇਸ ਮੌਕੇ  ਪ੍ਰਿੰਸੀਪਲ ਡਾ: ਸਤਵੰਤ ਕੌਰ ਨੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਦੀ ਸ਼ਲਾਘਾ ਕੀਤੀ ਅਤੇ ਕਾਮਰਸ ਸੁਸਾਇਟੀ ਦੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਗੋਡੇ ਅਤੇ ਚੂਲੇ ਬਦਲਣ ਸਬੰਧੀ ਸਿਵਲ ਹਸਪਤਾਲ 'ਚ ਅਪਰੇਸ਼ਨ ਕੈਂਪ 13 ਮਾਰਚ ਨੂੰ

*ਆਯੂਸ਼ਮਾਨ ਕਾਰਡ ਧਾਰਕਾਂ ਦੇ ਮੁਫਤ ਬਦਲੇ ਜਾਣਗੇ ਚੂਲੇ ਅਤੇ ਗੋਡੇ - ਸਿਵਲ ਸਰਜਨ
ਲੁਧਿਆਣਾ 9 ਮਾਰਚ (ਟੀ. ਕੇ.) 
ਸਿਵਲ ਸਰਜਨ ਲੁਧਿਆਣਾ ਡਾ ਜ਼ਸਬੀਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਲੁਧਿਆਣਾਂ ਵਿਖੇ ਮਿਤੀ 13 ਮਾਰਚ  ਨੂੰ ਗੋਡਿਆਂ ਅਤੇ ਚੂਲਿਆਂ ਦੇ ਸਬੰਧ ਵਿਖ ਮੁਫਤ ਕੈਪ ਲਗਾਇਆ ਜਾ ਰਿਹਾ ਹੈ।ਉਨਾ ਦੱਸਿਆ ਕਿ ਇਸ ਕੈਪ ਦੌਰਾਨ ਲੌੜਵੰਦ ਮਰੀਜਾਂ ਦੇ ਮਾਹਿਰ ਡਾਕਟਰਾਂ ਵੱਲੋ ਗੋਡੇ ਅਤੇ ਚੂਲੇ ਬਦਲਣ ਸਬੰਧੀ ਜਾਂਚ ਕੀਤੀ ਜਾਵੇਗੀ ਅਤੇ ਆਯੂਸ਼ਮਾਨ ਕਾਰਡ ਧਾਂਰਕਾ ਦੇ ਮੁਫਤ ਵਿਚ ਗੋਡੇ ਅਤੇ ਚੂਲੇ ਬਦਲੇ ਜਾਣਗੇ।ਉਨਾ ਦੱਸਿਆ ਕਿ ਜਿਨਾਂ ਮਰੀਜਾਂ ਅਤੇ ਗੋਡੇ ਅਤੇ ਚੂਲੇ ਬਦਲੇ ਜਾਣੇ ਹਨ, ਉਨਾਂ ਦੇ ਲੋੜੀਦੇ ਟੈਸਟ ਕਰਵਾਏ ਜਾਣਗੇ ਅਤੇ ਬਾਅਦ ਵਿਚ ਉਨਾਂ ਦੇ ਆਪਰੇਸ਼ਨ ਕੀਤੇ ਜਾਣਗੇ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਇਮਾਨਦਾਰੀ ਸੁਹਿਰਦਤਾਂ ਨਾਲ ਸੇਵਾ ਨਿਭਾ ਰਹੀ ਹੈ।ਉਨਾਂ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰਾਂ ਦੇ ਕੈਪ ਲਗਾਏ ਜਾਣਗੇ ਤਾਂ ਜ਼ੋ ਲੋਕਾਂ ਨੂੰ ਮਿਆਰੀ ਸਹੂਲਤਾਂ ਪ੍ਰਦਾਨ ਕੀਤੀਆ ਜਾਣ।

ਵਿਧਾਇਕ ਗਰੇਵਾਲ ਵੱਲੋਂ ਹਲਕੇ ਚ ਕਰੀਬ 1 ਕਰੋੜ ਦੇ ਵਿਕਾਸ ਕਾਰਜਾਂ ਦਾ ਕੀਤਾ ਗਿਆ ਉਦਘਾਟਨ

ਲੁਧਿਆਣਾ, 9 ਮਾਰਚ (ਟੀ. ਕੇ. ) ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਵਾਰਡਾਂ ਚ ਕਰੀਬ ਇੱਕ ਕਰੋੜ ਦੇ ਹੋਣ ਜਾ ਰਹੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। 
ਇਸ ਦੌਰਾਨ ਵਾਰਡ ਨੰਬਰ 4 ਦੀ ਗਗਨਦੀਪ ਕਲੋਨੀ ਵਿਖੇ ਇੱਕ ਨਵੇਂ ਟਿਊਬਲ ਦਾ ਉਦਘਾਟਨ, ਵਾਰਡ ਨੰਬਰ 6 ਦੇ ਜਨਤਾ ਕਲੋਨੀ ਦੀਆਂ ਬਣਨ ਵਾਲੀਆਂ ਗਲੀਆਂ ਦਾ ਉਦਘਾਟਨ ਅਤੇ ਵਾਰਡ ਨੰਬਰ 13 ਅਤੇ 15 ਵਿਖੇ ਬਣਨ ਜਾ ਰਹੀਆਂ  ਇੰਟਰਲੋਕ ਅਤੇ ਲੁੱਕ ਵਾਲੀਆਂ ਗਲੀਆਂ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। 
ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਭਰ ਵਿੱਚ ਜਿੱਥੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਥੇ ਹੀ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸੇ ਹੀ ਲੜੀ ਤਹਿਤ ਹਲਕਾ ਪੂਰਵੀ ਅੰਦਰ ਵੀ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ । ਉਹਨਾਂ ਕਿਹਾ ਕਿ ਹਲਕਾ ਪੂਰਵੀ ਅੰਦਰ ਹਸਪਤਾਲਾਂ ਤੋਂ ਇਲਾਵਾ  ਆਮ ਆਦਮੀ ਕਲੀਨਿੰਗ ਵੱਡੀ ਗਿਣਤੀ ਵਿੱਚ ਪਹਿਲਾਂ ਹੀ ਬਣ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਅੰਦਰ ਕੁਝ ਨਵੇਂ ਹੋਰ ਆਮ ਆਦਮੀ ਕਲੀਨਿਕ ਹਲਕਾ ਵਾਸੀਆਂ ਦੇ ਹਵਾਲੇ ਕੀਤੇ ਜਾਣਗੇ ਤਾਂ ਜੋ ਲੋਕ ਫ੍ਰੀ ਦਵਾਈ ਲੈ ਸਕਣ ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ । ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਵੀ ਅੰਦਰ ਜੋ ਹਲਕਾ ਵਾਸੀਆਂ ਨੂੰ ਸਭ ਤੋਂ ਵੱਡੀ ਘਾਟ ਮਹਿਸੂਸ ਹੋ ਰਹੀ ਸੀ ਉਹ ਸਿੱਖਿਆ ਦੇ ਖੇਤਰ ਵਿੱਚ ਨਜ਼ਰ ਆ ਰਹੀ ਸੀ, ਕਿਉਂਕਿ ਸੂਬੇ ਦੀਆਂ ਸਾਬਕਾ ਸਰਕਾਰਾਂ ਨੇ ਕਾਗਜ਼ਾਂ ਵਿੱਚ ਤਾਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜਰੂਰ ਦਿਖਾਏ ਹਨ ਪਰ ਹਕੀਕਤ ਇਸ ਤੋਂ ਲੱਖਾਂ ਕੋਹਾਂ ਦੂਰ ਹੈ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਕਾਗਜ਼ਾਂ ਜਾਂ ਫਲੈਕਸਾਂ ਰਾਹੀਂ ਨਹੀਂ ਕਰਵਾਉਂਦੀ ਹਕੀਕਤ ਵਿੱਚ ਵਿਕਾਸ ਕਾਰਜ ਕਰਵਾਏ ਜਾਂਦੇ ਹਨ ਜਿਸ ਨੂੰ ਤੁਸੀਂ ਖੁਦ ਵੀ ਜਾ ਕੇ ਜਮੀਨੀ ਤੌਰ ਤੇ ਚੈੱਕ ਕਰ ਸਕਦੇ ਹੋ । ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਬਿਲਡਿੰਗਾਂ ਢਾਉਣ ਦੇ ਸਵਾਲ ਦੇ ਜਵਾਬ ਵਿੱਚ ਵਿਧਾਇਕ ਗਰੇਵਾਲ ਨੇ ਕਿਹਾ ਕਿ ਅਸੀਂ ਤੇ ਸਾਡੀ ਸਰਕਾਰ ਬਿਲਡਿੰਗਾਂ ਢਾਉਣ ਵਿੱਚ ਯਕੀਨ ਨਹੀਂ ਰੱਖਦੇ ਬਿਲਡਿੰਗਾਂ ਬਣਾਉਣ ਵਿੱਚ ਯਕੀਨ ਰੱਖਦੇ ਹਾਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮਕਸਦ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਤੋਂ ਇਲਾਵਾ ਫ੍ਰੀ ਦਵਾਈ ਦੇ ਨਾਲ ਨਾਲ ਫ੍ਰੀ ਸਿੱਖਿਆ ਮੁਹਈਆ ਕਰਵਾਉਣਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੀ ਮੁੱਖ ਮਕਸਦ ਹੈ । ਇਸ ਮੌਕੇ ਤੇ ਮਹਿਲਾ ਵਿੰਗ ਜ਼ਿਲਾ ਪ੍ਰਧਾਨ ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ , ਆਪ ਆਗੂ ਚੌਧਰੀ ਚਮਨ ਲਾਲ, ਗੁਰਮੀਤ ਸਿੰਘ ਮੀਤਾ, ਮਹਿੰਦਰ ਸਿੰਘ ਭੱਟੀ , ਰਾਜੇਸ਼ ਬਤੀਸ਼ ,ਰਵਿੰਦਰ ਸਿੰਘ ਰਾਜੂ, ਲਖਵਿੰਦਰ ਚੌਧਰੀ , ਭੁਪਿੰਦਰ ਸਿੰਘ ਸੁਰਜੀਤ ਸਿੰਘ ਠੇਕੇਦਾਰ , ਅਵਤਾਰ ਡਿਉਲ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਫਲਤਾਪੂਰਵਕ ਲਗਾਈ ਗਈ ਕੌਮੀ ਲੋਕ ਅਦਾਲਤ

ਲੁਧਿਆਣਾ, 9 ਮਾਰਚ (ਟੀ. ਕੇ. ) - ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵਲੋਂ ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਸਿਵਲ ਕੋਰਟਸ-ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਵੱਖ-ਵੱਖ ਨਿਆਂਇਕ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਲਗਾਈ ਗਈ ਸਫਲਤਾਪੂਰਵਕ ਕੌਮੀ ਲੋਕ ਅਦਾਲਤ ਦਾ  ਲੋੜਵੰਦ ਲੋਕਾਂ ਨੇ ਭਰਪੂਰ ਲਾਹਾ ਲਿਆ।
 ਇਸ ਕੌਮੀ ਲੋਕ ਅਦਾਲਤ ਵਿੱਚ ਕੁੱਲ 69310 ਮਾਮਲੇ ਨਿਪਟਾਰੇ ਲਈ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ 58610 ਮਾਮਲਿਆਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੇ ਗਏ ਇਸ ਕੌਮੀ ਲੋਕ ਅਦਾਲਤ ਦੇ ਪ੍ਰਚਾਰ ਸਦਕਾ ਲਗਾਈ ਗਈ ਅਦਾਲਤ ਦੌਰਾਨ 90,05,50,533 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਮਾਣਯੋਗ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ ਡਵੀਜਨ ਲੁਧਿਆਣਾ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਮੁਨੀਸ਼ ਸਿੰਗਲ, ਮਾਣਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਮਾਣਯੋਗ ਜੱਜ ਰਮਨ ਸ਼ਰਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਜਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਸਿਵਲ ਕੋਰਟਸ-ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਵੱਖ-ਵੱਖ ਨਿਆਂਇਕ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਕੌਮੀ ਲੋਕ ਅਦਾਲਤ ਦੌਰਾਨ ਆਏ ਮਾਪਿਆਂ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਗਿਆ। ਇਸ ਮੌਕੇ ਮਾਣਯੋਗ ਜੱਜ ਰਮਨ ਸ਼ਰਮਾ ਨੇ ਦੱਸਿਆ ਕਿ ਇਸ  ਅਦਾਲਤ ਵਿੱਚ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਅਤੇ ਪ੍ਰੀ-ਲੀਟੀਗੇਟਿਵ ਕੇਸ (ਅਜਿਹੇ  ਝਗੜੇ ਜਿਹੜੇ ਅਜੇ ਅਦਾਲਤਾਂ ਵਿੱਚ ਦਾਇਰ ਨਹੀਂ ਕੀਤੇ ਗਏ ਹਨ) ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਿਵਲ ਕੇਸ ਜਿਵੇਂ ਕਿ ਕਿਰਾਇਆ, ਬੈਂਕ ਦੀ ਰਿਕਵਰੀ, ਮਾਲ ਮਾਮਲੇ, ਬਿਜਲੀ ਅਤੇ ਪਾਣੀ ਦੇ ਬਿੱਲਾਂ (ਚੋਰੀ ਦੇ ਕੇਸਾਂ ਨੂੰ ਛੱਡ ਕੇ), ਤਨਖਾਹਾਂ ਅਤੇ ਭੱਤਿਆਂ ਅਤੇ ਸੇਵਾ ਮੁਕਤ ਲਾਭਾਂ ਨਾਲ ਸਬੰਧਤ ਮਾਮਲੇ, ਜੰਗਲਾਤ ਐਕਟ ਦੇ ਕੇਸ, ਤਬਾਹੀ ਮੁਆਵਜ਼ਾ, ਫੌਜਦਾਰੀ ਮਿਕਦਾਰ ਮਾਮਲੇ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਦੇ ਅਧੀਨ ਸ਼ਿਕਾਇਤਾਂ, ਕਵਰਡ ਮਾਮਲਿਆਂ ਦੀ ਸੁਣਵਾਈ ਆਦਿ ਸ਼ਾਮਲ ਸਨ।

ਉਨ੍ਹਾਂ ਦੱਸਿਆ ਕਿ ਮਾਮਲਿਆਂ ਦੇ ਨਿਪਟਾਰੇ ਲਈ ਜਿਲ੍ਹਾ ਪੱਧਰ  'ਤੇ ਕੁੱਲ 23 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਅਤੇ ਉਪ ਮੰਡਲ ਪੱਧਰਾਂ 'ਤੇ ਕੁੱਲ 7 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਮਾਣਯੋਗ ਨਿਆਂਇਕ ਅਧਿਕਾਰੀਆਂ  ਵੱਲੋਂ ਕੀਤੀ ਗਈ। ਲੋਕ ਅਦਾਲਤ ਬੈਂਚਾਂ ਦੇ ਸਹਿਯੋਗ ਲਈ ਹਰ ਲੋਕ ਅਦਾਲਤ ਬੈਂਚ ਵਿੱਚ ਇੱਕ ਸੀਨੀਅਰ ਐਡਵੋਕੇਟ ਅਤੇ ਇੱਕ ਉੱਘੇ ਸਮਾਜ ਸੇਵਕ ਨੂੰ ਬਤੌਰ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਇਸੇ ਲੜੀ ਤਹਿਤ ਹੋਰਨਾਂ ਅਦਾਲਤੀ ਬੈਚਾਂ ਦੀ ਤਰ੍ਹਾਂ ਮਾਣਯੋਗ ਜੱਜ ਨਿਰਮਲਾ ਦੇਵੀ ਦੇ ਬੈਂਚ ਵਲੋਂ ਵੀ ਵੱਡੀ ਗਿਣਤੀ ਵਿਚ ਲੰਬਿਤ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਬੈਂਚ  ਲੈਕਚਰਾਰ ਸੁਖਦੇਵ ਸਿੰਘ ਅਤੇ ਐਡਵੋਕੇਟ ਸ੍ਰੀ ਵਿੱਜ ਬਤੌਰ ਮੈਂਬਰ ਸ਼ਾਮਿਲ ਸਨ। 
ਮਾਣਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝਗੜਿਆਂ ਦਾ ਨਿਪਟਾਰਾ ਕਰਵਾਉਣ ਲਈ ਲੋਕ ਅਦਾਲਤ ਦੇ ਮਾਧਿਅਮ ਰਾਹੀਂ  ਛੇਤੀ ਅਤੇ ਸਸਤਾ ਨਿਆਂ ਪ੍ਰਾਪਤ ਕਰਨ।

ਫ਼ਰੀਦਕੋਟ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ ) ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਐਮਰਜੈਂਸੀ ਦੇ ਈ.ਐਮ.ਓ ਡਾਂ.ਕੋਮਲ ਮੈਨੀ ਜੀ ਨੇ ਪ੍ਰਸਿੱਧ ਲੇਖਕ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਔਰਤ ਤੇ ਵਿਸੇਸ਼ ਲਿਖਤ ਨੂੰ , ਆਪਣੇ ਸਟਾਫ ਸਹਿਤ ਲੋਕ ਅਰਪਣ ਕੀਤਾ ।ਇਸ ਸਮੇ ਈ.ਐਮ.ਓ ਡਾਂ.ਕੋਮਲ ਮੈਨੀ ਜੀ ਨੇ

 ਮੁੱਲਾਂਪੁਰ ਦਾਖਾ 9 ਮਾਰਚ (ਸਤਵਿੰਦਰ ਸਿੰਘ ਗਿੱਲ) ਦਿੱਲੀ ਮੋਰਚਾ -2  ਵਾਲੇ 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਦੇਸ਼ ਪੱਧਰੀ ਸੰਗਰਾਮੀ ਸੱਦੇ ਦੀ ਰੋਸ਼ਨੀ ਵਿੱਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ  ਲੁਧਿਆਣਾ ਦੀ ਪਹਿਲਕਦਮੀ ਅਤੇ ਹੋਰ ਹਮਖਿਆਲ ਭਰਾਤਰੀ ਤੇ ਸਹਿਯੋਗੀ ਮਜ਼ਦੂਰ ਜੱਥੇਬੰਦੀਆਂ ਦੇ ਸਾਥ ਨਾਲ; 10 ਮਾਰਚ ਦਿਨ ਐਤਵਾਰ ਨੂੰ ਠੀਕ 12 ਵਜੇ ਤੋਂ 4 ਵਜੇ ਤੱਕ ਮੁੱਲਾਂਪੁਰ ਵਿਖੇ ਰੇਲਵੇ ਪੁਲ ਦੇ ਹੇਠਾਂ ਅਤੇ  ਰੇਲਵੇ ਲਾਈਨਾਂ ਦੇ ਉੱਪਰ ਕੇਂਦਰ ਦੀ ਕਾਤਲ ਤੇ ਜ਼ਾਲਮ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਵਿਰੁੱਧ ਵਿਸ਼ਾਲ ਤੇ ਰੋਹ ਭਰਪੂਰ ਰੇਲ ਚੱਕਾ ਜਾਮ ਕੀਤਾ ਜਾਵੇਗਾ। ਇਹ ਸੂਚਨਾ ਅੱਜ ਪ੍ਰੈਸ ਦੇ ਨਾਮ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਦੀ ਜ਼ਿਲ੍ਹਾ ਕਮੇਟੀ ਦੀ ਬੁਢੇਲ ਚੌਕ ਨੇੜੇ ਕੀਤੀ ਮੀਟਿੰਗ ਉਪਰੰਤ ਜ਼ਿਲ੍ਹਾ  ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਉਚੇਚੇ ਤੌਰ ਤੇ ਜਾਰੀ ਕੀਤੀ ਹੈ। ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਆਗੂ ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਗੁਰਸੇਵਕ ਸ. ਸੋਨੀ ਸਵੱਦੀ, ਖਜਾਨਚੀ ਅਮਰੀਕ ਸਿੰਘ ਤਲਵੰਡੀ ,ਜੱਥੇਦਾਰ ਗੁਰਮੇਲ ਸਿੰਘ ਢੱਟ, ਡਾ. ਗੁਰਮੇਲ ਸਿੰਘ ਕੁਲਾਰ ਰਣਜੀਤ ਸਿੰਘ ਗੁੜੇ ,ਜਗਦੇਵ ਸਿੰਘ ਗੁੜੇ ਨੇ ਉਚੇਚੇ ਤੌਰ ਤੇ ਕੀਮਤੀ ਵਿਚਾਰ ਪੇਸ਼ ਕੀਤੇ।
    ਮੀਟਿੰਗ ਵੱਲੋਂ ਪਾਸ ਕੀਤੇ ਪਹਿਲੇ ਮਤੇ ਰਾਹੀਂ ਸ਼ੰਭੂ ਬਾਰਡਰ 'ਤੇ ਪੱਕੇ ਤੌਰ ਤੇ ਡਟੇ ਹੋਏ ਜੱਥੇਬੰਦੀ ਦੇ ਸੰਗਰਾਮੀ ਕਾਫਲੇ ਦਾ ਅਤੇ ਵਾਰੀ ਸਿਰ ਰੋਜ਼ਾਨਾ  ਜਾ ਰਹੇ ਜੁਝਾਰੂ ਨੌਜਵਾਨ ਕਾਫਲਿਆਂ ਦਾ  ਵਿਸ਼ੇਸ਼ ਤੌਰ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਦੂਜੇ  ਮਤੇ ਰਾਹੀਂ ਚੌਂਕੀਮਾਨ ਟੋਲ ਪਲਾਜਾ ਉੱਪਰ ਸ਼ੰਭੂ ਬਾਰਡਰ ਜਾ ਰਹੇ ਦਿੱਲੀ ਮੋਰਚਾ -2  ਦੇ ਜੁਝਾਰੂ ਕਾਫਲਿਆਂ ਵਾਸਤੇ 10 ਫਰਵਰੀ ਤੋਂ ਲਗਾਤਾਰ ਚੱਲ ਰਹੇ ਚਾਹ- ਪਾਣੀ ਅਤੇ ਪ੍ਰਸ਼ਾਦੇ ਦੇ ਲੰਗਰਾਂ ਅਤੇ ਧਰਨੇ ਉੱਪਰ ਭਰਪੂਰ ਤਸੱਲੀ ਤੇ ਖੁਸ਼ੀ ਪ੍ਰਗਟ ਕੀਤੀ ਗਈ।
       ਤੀਜੇ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ ਇਲਾਕੇ ਦੇ ਦਰਜਨ ਤੋਂ ਉੱਪਰ ਪਿੰਡਾਂ ਵਿੱਚ 10 ਮਾਰਚ ਦੇ ਰੇਲ ਚੱਕਾ ਜਾਮ ਵਾਸਤੇ ਕੀਤੀਆਂ ਜਾ ਰਹੀਆਂ ਭਰਵੀਆਂ ਕਿਸਾਨ- ਮਜ਼ਦੂਰ ਰੈਲੀਆਂ ਦੇ ਪ੍ਰੋਗਰਾਮ ਦੇ ਸਿੱਟੇ ਵਜੋਂ ਕਿਸਾਨ- ਮਜ਼ਦੂਰ- ਨੌਜਵਾਨ ਯੋਧੇ ਵਿਸ਼ਾਲ ਪੈਮਾਨੇ ਉੱਤੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਵਧ ਚੜ ਕੇ ਸਮੂਲੀਅਤ ਕਰਨਗੇ।
    ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਤਲਵੰਡੀ, ਨਿਰਭੈ ਸਿੰਘ ਤਲਵੰਡੀ, ਵਿਜੇ ਕੁਮਾਰ ਪੰਡੋਰੀ, ਬਲਵੀਰ ਸਿੰਘ ਪੰਡੋਰੀ, ਰਾਜਪਾਲ ਸਿੰਘ, ਗੁਰਦੀਪ ਸਿੰਘ ਮੰਡਿਆਣੀ, ਜਸਪਾਲ ਸਿੰਘ ਮਡਿਆਣੀ, ਗੁਰਬਖ਼ਸ਼  ਸਿੰਘ ਤਲਵੰਡੀ, ਤੇਜਿੰਦਰ ਸਿੰਘ ਵਿਰਕ, ਗੁਰਮੀਤ ਸਿੰਘ ਵਿਰਕ, ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।