ਲੁਧਿਆਣਾ 4 ਮਈ ( ਕਰਨੈਲ ਸਿੰਘ ਐੱਮ.ਏ.)
ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਪਿੰਡ ਵਿਖੇ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਰੁਚੀ ਕੌਰ ਬਾਵਾ, ਮੈਂਬਰ ਚਾਈਲਡ ਵੈਲਫੇਅਰ ਕਮੇਟੀ ਪੰਜਾਬ ਸਰਕਾਰ ਅਤੇ ਨਿਰਦੇਸ਼ਕ-ਸੰਚਾਲਕ 'ਆਸ ਅਹਿਸਾਸ' ਐਨ.ਜੀ.ਓ., ਨੇ ਸ਼ਿਰਕਤ ਕੀਤੀ, ਜਦੋਂ ਕਿ ਸੀਨੀਅਰ ਜਰਨਲਿਸਟ ਅਸ਼ਵਨੀ ਜੇਤਲੀ ਅਤੇ ਪੱਤਰਕਾਰ ਤੇ ਲੇਖਕ ਸੁਖਦੇਵ ਸਲੇਮਪੁਰੀ ਵਿਸ਼ੇਸ਼ ਬੁਲਾਰਿਆਂ ਵਜੋਂ ਹਾਜ਼ਰ ਰਹੇ। ਸਭ ਤੋਂ ਪਹਿਲਾਂ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਪ੍ਰਿੰਸੀਪਲ ਸ਼੍ਰੀਮਤੀ ਜਸਕਿਰਨ ਕੌਰ ਅਤੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰ: ਹਰਮਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਰੁਚੀ ਕੌਰ ਬਾਵਾ ਅਤੇ ਬੁਲਾਰਿਆਂ ਨੂੰ ਵਿਸ਼ਵ ਪ੍ਰੈਸ ਆਜ਼ਾਦੀ ਦੀ ਵਧਾਈ ਦਿੰਦਿਆਂ ਅਕੈਡਮੀ ਵੱਲੋਂ ਸਮੇਂ-ਸਮੇਂ ਕਰਵਾਈਆਂ ਜਾਂਦੀਆਂ ਵਿਸ਼ੇਸ਼ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਪ੍ਰੈੱਸ ਦੀ ਆਜ਼ਾਦੀ ਤੇ ਇਸ ਦੀ ਵਰਤਮਾਨ ਸਮੇਂ ਵਿੱਚ ਦਿਸ਼ਾ ਅਤੇ ਦਸ਼ਾ ਸੰਬੰਧੀ ਲੇਖ ਲਿਖਣ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਭਾਗ ਲੈਂਦੇ ਹੋਏ ਲੇਖ ਲਿਖੇ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਪੋਸਟਰ ਬਣਾਏ ਗਏ । ਇਸ ਮੌਕੇ ਵਿਦਿਆਰਥੀਆਂ ਨੇ "ਅਜੋਕੇ ਦੌਰ ਵਿੱਚ ਪ੍ਰੈੱਸ ਦੀ ਆਜ਼ਾਦੀ ਦਾ ਨੌਜਵਾਨ ਪੀੜ੍ਹੀ ਲਈ ਮਹੱਤਵ” ਵਿਸ਼ੇ ਉਪਰ ਇੱਕ ਬੇਹੱਦ ਦਿਲਚਸਪ ਅਤੇ ਪ੍ਰਭਾਵੀ ਪੈਨਲ ਡਿਸਕਸ਼ਨ ਵਿੱਚ ਭਾਗ ਲੈਂਦਿਆਂ ਪ੍ਰੈੱਸ ਦੇ ਮਹੱਤਵ, ਇਸ ਦੀ ਸਾਰਥਿਕਤਾ ਅਤੇ ਦਰਪੇਸ਼ ਚੁਨੌਤੀਆਂ ਉੱਪਰ ਬੇਬਾਕ ਟਿੱਪਣੀਆਂ ਕਰਦਿਆਂ
ਚਰਚਾ ਨੂੰ ਨਤੀਜਾਕੁੰਨ ਆਯਾਮ ਦਿੱਤਾ।
ਮੁੱਖ ਮਹਿਮਾਨ ਸ਼੍ਰੀਮਤੀ ਰੁਚੀ ਕੌਰ ਬਾਵਾ ਨੇ ਆਪਣੇ ਸੰਖੇਪ ਪਰ ਵਿਚਾਰਉਤੇਜਕ ਭਾਸ਼ਣ ਦੌਰਾਨ ਬੱਚਿਆਂ ਨੂੰ ਡਿਜੀਟਲ ਮੀਡੀਆ ਦਾ ਅਨੁਸਰਣ ਕਰਦਿਆਂ ਇਸ ਵੱਲੋਂ ਦਰਸ਼ਕਾਂ ਅੱਗੇ ਪ੍ਰਸਤੁਤ ਜਾਣਕਾਰੀਆਂ ਅਤੇ ਗਿਆਨ ਨੂੰ ਨਿਰਖ ਪਰਖ ਕੇ ਹੀ ਜੀਵਨ ਵਿੱਚ ਵਰਤਣ ਦਾ ਵਡਮੁੱਲਾ ਤੇ ਸਾਰਥਕ ਸੁਝਾਅ ਦਿੱਤਾ। ਮੈਡਮ ਬਾਵਾ ਨੇ ਵਿਦਿਆਰਥੀਆਂ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਪ੍ਰੈੱਸ ਦੀ ਆਜ਼ਾਦੀ ਦੇ ਹਾਮੀ ਬਣਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਪ੍ਰੈੱਸ ਦਾ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ ਅਤੇ ਪੱਤਰਕਾਰਿਤਾ ਨੂੰ ਸਕੂਲੀ ਪੱਧਰ ਤੋਂ ਹੀ ਇੱਕ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ। ਮੁੱਖ ਬੁਲਾਰੇ ਅਸ਼ਵਨੀ ਜੇਤਲੀ ਨੇ ਪ੍ਰੈਸ ਦੀ ਆਜ਼ਾਦੀ ਬਾਰੇ ਵਿਚਾਰਾਂ ਨੂੰ ਸਿਰਫ਼ ਇੱਕ ਵਿਸ਼ੇਸ਼ ਦਿਨ ਉੱਪਰ ਮਹੱਤਵ ਦੇਣ ਦੀ ਥਾਂ ਹਮੇਸ਼ਾਂ ਹੀ ਵਿਚਾਰਾਂ ਦੀ ਆਜ਼ਾਦੀ ਉੱਪਰ ਪਹਿਰਾ ਦੇਣ ਦੀ ਗੱਲ ਕਹੀ। ਸ਼੍ਰੋਮਣੀ ਅਧਿਆਪਕ ਤੇ ਪੱਤਰਕਾਰ ਸੁਖਦੇਵ ਸਲੇਮਪੁਰੀ ਨੇ ਮੌਜੂਦਾ ਸਮਿਆਂ ਵਿੱਚ ਪ੍ਰੈਸ, ਪੁਲਿਸ, ਪਾਲੀਟੀਸ਼ੀਅਨ ਅਤੇ ਪ੍ਰਸ਼ਾਸਨ ਉੱਪਰ ਪੈਸੇ ਦੇ ਗਲਬੇ ਨੂੰ ਤੋੜਣ ਲਈ, ਇੰਨ੍ਹਾਂ "ਪੰਜਾਂ ਪੱਪਿਆਂ" ਦੇ ਨਾਪਾਕ ਗਠਜੋੜ ਨੂੰ ਖ਼ਤਮ ਕਰਨ ਲਈ ਸੁਚੇਤ ਰੂਪ ਵਿੱਚ ਅੱਗੇ ਆਉਣ ਦਾ ਸੱਦਾ ਦਿੱਤਾ ।
ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਮੈਡਮ ਰੁਚੀ ਬਾਵਾ ਨੇ ਪੋਸਟਰ ਅਤੇ ਲੇਖ ਲਿਖਣ ਮੁਕਾਬਲਿਆਂ ਦੇ ਜੇਤੂਆਂ ਅਤੇ ਪੈਨਲ ਚਰਚਾ ਦੇ ਪ੍ਰਤੀਭਾਗੀਆਂ ਨੂੰ ਆਪਣੀ ਐਨ.ਜੀ.ਓ. ਵੱਲੋਂ ਸਨਮਾਨਿਤ ਕੀਤਾ ਜਦੋਂਕਿ ਪ੍ਰਿੰ: ਜਸਕਿਰਨ ਕੌਰ ਅਤੇ ਸ੍ਰ: ਹਰਮਿੰਦਰ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ-ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।