ਗਾਇਕ ਹਸਰਤ ਦਾ ਨਵਾਂ ਗੀਤ ਇੰਬਰੇਸ ਹੋਇਆ ਰਿਲੀਜ਼

“ਗਲੇ ਓਹਨਾ ਦੇ ਲੱਗ ਵੇਖੋ ਜਿਹਨਾਂ ਦੇ ਬਾਹਵਾਂ ਨੀ ਹੁੰਦੀਆਂ”

ਕਿਸੇ ਨੂੰ ਗੱਲ ਲਾਉਣਾ ਸ਼ੁਰੂ ਤੋਂ ਹੀ ਇੱਕ ਆਦਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ| ਆਮ ਤੌਰ ਤੇ ਆਪਣੀ ਬਰਾਬਰੀ ਦੇ ਬੰਦਿਆਂ ਨੂੰ ਹੀ ਗਲ ਲਾਉਣ ਦਾ ਰਿਵਾਜ਼
ਰਿਹਾ ਹੈ| ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਕਿਸੇ ਖਾਸ ਮੌਕੇ ਉੱਤੇ ਗਲ ਲਾਇਆ ਜਾਂਦਾ ਹੈ| ਪਰ ਅੱਜ ਅਸੀਂ ਜਿਸ ਗਲ ਲਾਉਣ ਦੀ ਗੱਲ ਕਰ ਰਹੇ ਹਾਂ ਉੱਥੇ
ਦਿਨ, ਤਿਓਹਾਰ, ਮੌਕੇ, ਰਿਵਾਜ਼ ਆਦਿ ਕਿਸੇ ਤਰਾਂ ਦਾ ਕੋਈ ਸੰਬੰਧ ਨਹੀਂ ਹੈ| ਗੱਲ ਸਿਰਫ ਕਿਸੇ ਨੂੰ ਆਦਰ ਸਹਿਤ ਗਲ ਲਾਉਣ ਦੀ ਹੋ ਰਹੀ ਹੈ| ਉਸ ਲਈ ਵੀ ਜੋ
ਤੁਹਾਡੇ ਲਈ ਕੁਝ ਕਰ ਸਕਦਾ ਹੈ ਅਤੇ ਉਸ ਲਈ ਵੀ ਜੋ ਤੁਹਾਡੇ ਲਈ ਕੁਝ ਵੀ ਨਹੀਂ ਕਰ ਸਕਦਾ|ਪਿਛਲੇ ਦਿਨੀ ਇੱਕ ਬਹੁਤ ਪ੍ਰਭਾਵਸਾਹਲੀ ਗੀਤ ਰਿਲੀਜ਼
ਹੋਇਆ ਹੈ| ਗੀਤ ਦਾ ਸਿਰਲੇਖ ਅੰਗਰੇਜ਼ੀ ਸ਼ਬਦ “ਇੰਬਰੇਸ” ਹੈ| ਦੇਖਿਆ ਜਾਵੇ ਪੰਜਾਬੀ ਸ਼ਬਦ ਕੋਸ਼ ਵਿਚ ਇਸ ਸ਼ਬਦ ਦੀ ਕੋਈ ਪਰਿਭਾਸ਼ਾ ਨਹੀਂ ਹੈ| ਕਿਸੇ ਨੂੰ
ਗਲਵਕੜੀ ਪਾਉਣੀ ਹੀ “ਇੰਬਰੇਸ” ਹੋਣਾ ਨਹੀਂ ਬਣਦੀ| ਗੀਤ ਦੇ ਬੋਲਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾ ਸਾਰੀ ਕਾਇਨਾਤ ਨੂੰ ਬਾਹਾਂ ਵਿੱਚ ਘੁੱਟ ਲੈਣਾ ਹੀ
“ਇੰਬਰੇਸ” ਨੂੰ ਸ਼ਾਇਦ ਪਰਿਭਾਸ਼ਿਤ ਕਰ ਸਕਦਾ ਹੈ|
“ਗਲੇ ਓਹਨਾ ਦੇ ਲੱਗ ਵੇਖੋ ਜਿਹਨਾਂ ਦੇ ਬਾਹਵਾਂ ਨੀ ਹੁੰਦੀਆਂ”
ਇਸ ਗੀਤ ਨੂੰ ਜਿਸ ਸ਼ਿੱਦਤ ਨਾਲ ਹਰਜਿੰਦਰ ਜੋਹਲ ਨੇ ਲਿਖਿਆ ਹੈ, ਓਨੀ ਹੀ ਢੂੰਘਾਈ ਨਾਲ   ਨੇ ਗਾਇਆ ਵੀ ਹੈ| ਹਸਰਤ ਅਤੇ ਨਵਨੀਤ ਜੌੜਾ ਦੀ ਜੁਗਲਬੰਦੀ
ਨੇ ਸੰਗੀਤਕ ਧੁਨਾਂ ਸਿਰਜੀਆਂ ਹਨ| ਗੀਤ ਦੇ ਬੋਲ ਲਿਖੇ ਜਾਣ ਤੋਂ ਲੈਕੇ ਗੀਤ ਦੇ ਗਾਉਣ ਤੱਕ ਦਾ ਸਫ਼ਰ ਬਹੁਤ ਚੁਣੌਤੀ ਭਰਪੂਰ ਰਿਹਾ| ਅੱਜ ਕਲ ਚਲ ਰਹੇ ਦੌਰ ਦੇ
ਹਿਸਾਬ ਨਾਲ ਸਿਖਿਆਦਾਇਕ ਲਿਖਣਾ ਅਤੇ ਗਾਉਣਾ ਬਹੁਤ ਔਖਾ ਬਣ ਗਿਆ ਹੈ| ਫੇਰ ਗੱਲ ਆਉਂਦੀ ਹੈ ਗੀਤ ਦੇ ਫਿਲਮਾਂਕਣ ਦੀ| ਜੇ ਗੀਤ ਦਾ ਫਿਲਮਾਂਕਣ
ਉਸ ਦਰਜੇ ਦਾ ਨਾ ਹੁੰਦਾ ਤਾਂ ਗੀਤ ਦੀ ਰੂਹ ਨਾਲ ਇਨਸਾਫ ਨਹੀਂ ਸੀ ਹੋ ਸਕਣਾ| ਇਸ ਕੰਮ ਨੂੰ ਨੇਪਰੇ ਚਾੜ੍ਹਿਆ ਸੋਨੀ ਠੁੱਲ੍ਹੇਵਾਲ ਅਤੇ ਨਵੀਂ ਜੇਠੀ ਦੀ ਜੋੜੀ ਨੇ|
ਜਿਨ੍ਹਾਂ ਨੇ ਇੱਕ ਇੱਕ ਸ਼ਬਦ ਨੂੰ ਬਹੁਤ ਕਲਾਤਮਕ ਰੂਪ ਚ ਪੇਸ਼ ਕੀਤਾ| ਗੱਲ ਇਥੇ ਹੀ ਨਹੀਂ ਮੁੱਕ ਜਾਂਦੀ| ਸਾਰਾ ਕੁਝ ਤਿਆਰ ਹੋਣ ਤੋਂ ਬਾਅਦ ਗੱਲ ਆ ਜਾਂਦੀ ਹੈ
ਉਸਦੀ ਪੇਸ਼ਕਾਰੀ ਦੀ| ਗੀਤ ਦੀ ਪੇਸ਼ਕਾਰੀ ਮਨੀ ਮਨਜੋਤ ਦੀ ਹੈ ਜਿਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਅਰਥਪੂਰਨ ਗੀਤ ਪੇਸ਼ ਕੀਤੇ ਹਨ| ਅਖੀਰ ਇੱਕ ਇੱਕ
ਕਰਕੇ ਸਾਰੇ ਮੋਤੀ ਮਾਲਾ ਵਿੱਚ ਪਰੋਏ ਜਾਂਦੇ ਹਨ ਅਤੇ ਗੀਤ ਦੇ ਸਿਰਲੇਖ ਨੂੰ ਲੈ ਕੇ ਚਰਚਾ ਸ਼ੁਰੂ ਹੋ ਜਾਂਦੀ ਹੈ|ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੋਣ ਦੇ ਬਾਵਜੂਦ ਵੀ ਸ਼ਬਦ
ਨਾਲ ਕੋਈ ਛੇੜ ਛੱਡ ਨਹੀਂ ਕੀਤੀ ਗਈ| ਕਿਓਂਕਿ ਆਪਣੀ ਭਾਸ਼ਾ ਵਿਚ ਓਨਾ ਭਾਵਪੂਰਨ ਸ਼ਬਦ ਨਹੀਂ ਹੈ|ਜਿਵੇਂ ਜਿਵੇਂ ਗੀਤ ਅੱਗੇ ਵਧਦਾ ਜਾਂਦਾ ਹੈ ਓਵੇਂ ਓਵੇਂ ਲੂ
ਕੰਡੇ ਖੜੇ ਹੋਣ ਲਗਦੇ ਹਨ| ਗੀਤ ਦੀ ਬੁਨਿਆਦ ਸ਼ੁਰੂ ਤੋਂ ਹੀ ਬਹੁਤ ਮਜਬੂਤ ਰਹੀ ਹੈ ਇਹਨਾਂ ਸਭ ਕਾਰਨਾਂ ਸਦਕਾ ਹੀ ਗੀਤ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਵੀ
ਮਿਲ ਰਿਹਾ ਹੈ| ਪੰਜਾਬੀ ਸਿਨੇਮਾ ਜਗਤ ਦੇ ਕੁਝ ਉੱਘੇ ਕਲਾਕਾਰ ਜਿਵੇਂ ਆਸ਼ੀਸ਼ ਦੁੱਗਲ, ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ
ਬੋਲੀ ਆਦਿ ਨੇ ਗੀਤ ਉੱਤੇ ਆਪਣੇ ਭਾਵੁਕ ਵਿਚਾਰ ਸਾਂਝੇ ਕੀਤੇ ਹਨ| ਜੋਬਨ ਸੰਧੂ, ਜਪੁਜੀ ਖੈਹਰਾ, ਕੰਵਰ ਗਰੇਵਾਲ, ਅਨੂ ਮਨੁ ਆਦਿ ਕਲਾਕਾਰਾਂ ਨੇ ਗੀਤ ਨੂੰ
ਆਪਣੇ ਆਪਣੇ ਅੰਦਾਜ਼ ਨਾਲ ਫੇਸਬੁੱਕ ਤੇ ਸਾਂਝਾ ਕੀਤਾ ਹੈ| ਪੰਜਾਬੀ ਸਾਹਿਤਿਕ ਸੂਝਵਾਨ ਜਿਵੇਂ ਗੁਰਤੇਜ ਕੋਹਾਰਵਾਲਾ, ਜਸਵੰਤ ਸਿੰਘ ਜ਼ਫ਼ਰ ਆਦਿ ਨੇ ਗੀਤ ਪ੍ਰਤੀ
ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ|ਕਿਸੇ ਦੇ ਪ੍ਰਤੀ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਨੂੰ ਹੀ ਅੰਗਰੇਜ਼ੀ ਭਾਸ਼ਾ ਵਿੱਚ “ਇੰਬਰੇਸ” ਨਾਂ ਦਿੱਤਾ ਗਿਆ ਹੈ| ਅੱਜ ਕਲ
ਦੀ ਪੀੜੀ ਨੂੰ ਇਸ ਸ਼ਬਦ ਦੀ ਜ਼ਮੀਨੀ ਪੱਧਰ ਤੇ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਚੰਗਾ ਸਮਾਜ ਉਸਾਰਿਆ ਜਾ ਸਕੇ ਅਤੇ ਇਹਨਾਂ ਗੀਤਾਂ ਨੂੰ ਵੱਧ ਤੋਂ ਵੱਧ
ਪ੍ਰਵਾਨ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਵੀ ਸੂਝਵਾਨ ਲਿਖਾਰੀ ਅਤੇ ਗਾਇਕ ਹੋਰ ਵੀ ਗੀਤ ਤਿਆਰ ਕਰ ਸਕਣ|
ਹਰਜਿੰਦਰ ਸਿੰਘ ਜਵੰਦਾ