ਸਾਹਿਤ

1 ਅਪੈ੍ਲ ਨੂੰ ਬਰਸੀ ’ਤੇ ਵਿਸ਼ੇਸ਼

  ਜਥੇਦਾਰ  ਟੌਹੜਾ  ਨੂੰ  ਯਾਦ ਕਰਦਿਆਂ ---------
                             ਜਾਂ 
 ਬਹੁਪੱਖੀ ਸ਼ਖ਼ਸੀਅਤ ਜਥੇਦਾਰ ਗੁਰਚਰਨ ਸਿੰਘ ਟੌਹੜਾ
‌       ਸਿੱਖ ਸਿਆਸਤ ਅਤੇ ਧਾਰਮਿਕ ਮਾਮਲਿਆਂ ਤੇ ਕਈ ਦਹਾਕਿਆਂ ਤੱਕ ਬੋਹੜ ਵਾਂਗ ਛਾਏ ਰਹਿਣ ਵਾਲੇ, ਆਪਣੀ ਸਮੁੱਚੀ ਜ਼ਿੰਦਗੀ ਪੰਥ ਦੇ ਲੇਖੇ ਲਾਉਣ ਵਾਲੇ, ਸਿੱਖ ਪਰੰਪਰਾ ਤੇ ਪਹਿਰਾ ਦੇਣ ਵਾਲੇ, ਬੇਦਾਗ਼, ਇਮਾਨਦਾਰ ਤੇ ਨੇਕ ਨੀਅਤ ਵਾਲੇ ਸਿੱਖ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਨ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜਨਮ ਸ੍ਰ: ਦਲੀਪ ਸਿੰਘ ਸਧਾਰਨ ਜੱਟ ਸਿੱਖ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖ ਤੋਂ 24 ਸਤੰਬਰ 1924 ਈ: ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਟੌਹੜਾ ਵਿਖੇ ਹੋਇਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ’ਚ ਹੀ ਪ੍ਰਾਪਤ ਕੀਤੀ। ਪੰਜਾਬ  ਯੂਨੀਵਰਸਿਟੀ ਲਾਹੌਰ ਤੋਂ ਪੰਜਾਬੀ ਸਾਹਿਤ ਵਿੱਚ ਗਰੈਜੂਏਸ਼ਨ ਕੀਤੀ। ਜਥੇਦਾਰ ਟੌਹੜਾ ਕਿੱਤੇ ਵਜੋਂ ਕਿਸਾਨ ਸਨ। ਉਹਨਾਂ ਨੇ 13 ਸਾਲ ਦੀ ਉਮਰ ਵਿੱਚ ਅ੍ਰੰਮਿਤਪਾਨ ਕਰਕੇ ਅੰਮ੍ਰਿਤਧਾਰੀ ਸਿੱਖ ਦੇ ਰੂਪ ਵਿੱਚ ਜੀਵਨ ਸ਼ੁਰੂ ਕੀਤਾ। ਜਥੇਦਾਰ ਟੌਹੜਾ ਆਮ ਜੀਵਨ ਵਿੱਚ ਸਾਦੇ ਲਿਬਾਸ ਅਤੇ ਸਾਦੇ ਵਿਚਾਰਾਂ ਦੇ ਮਾਲਕ ਸਨ ਪਰ ਰਾਜਨੀਤੀ ਵਿੱਚ ਗੁੰਝਲਦਾਰ ਸਨ।
                 ਗੁਰਮਤਿ ਸਿਧਾਂਤਾਂ ਵਿੱਚ ਪ੍ਰਪੱਕ ਤੇ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਜਥੇਦਾਰ ਟੌਹੜਾ 1938 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ, 1944 ਤੋਂ ਉਹਨਾਂ ਪੰਥਕ ਮੋਰਚਿਆਂ ਵਿੱਚ ਜਾਣਾ ਸ਼ੁਰੂ ਕੀਤਾ ਤਾਂ ਪੰਥਕ ਸੰਘਰਸ਼ਾਂ ਵਿੱਚ ਮੋਹਰੀ ਰਹੇ। 1948 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਬਣੇ, 1952 ਵਿੱਚ ਜ਼ਿਲ੍ਹਾ ਅਕਾਲੀ ਜਥਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ, 1957 ਵਿੱਚ ਜ਼ਿਲ੍ਹਾ ਅਕਾਲੀ ਜਥਾ ਪਟਿਆਲਾ ਦੇ ਪ੍ਰਧਾਨ ਬਣੇ। 1959 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਜੂਨੀਅਰ ਮੀਤ ਪ੍ਰਧਾਨ ਬਣੇ, 1960 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਮੈਂਬਰ ਦੇ ਤੌਰ ’ਤੇ ਸ਼ਾਮਲ ਹੋਏ। ਅਗਲੇ ਸਾਲ ਹੀ ਕਾਰਜਕਾਰੀ ਦੇ ਮੈਂਬਰ ਬਣ ਗਏ। 6 ਜਨਵਰੀ 1973 ਨੂੰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਪ੍ਰਧਾਨ ਬਣੇ, 1986 ਤੱਕ ਇਸ ਅਹੁਦੇ ਤੇ ਬਰਕਰਾਰ ਰਹੇ। ਕੁਝ ਮਹੀਨਿਆਂ ਬਾਅਦ 1986 ਤੋਂ 1990 ਤੱਕ ਦੁਬਾਰਾ ਫਿਰ ਪ੍ਰਧਾਨ ਰਹੇ। ਇੱਕ ਸਾਲ ਬਾਅਦ 1991 ਤੋਂ 1998 ਤੱਕ ਲਗਾਤਾਰ ਅੱਠ ਸਾਲ ਫਿਰ ਪ੍ਰਧਾਨ ਰਹੇ। 1999 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਮੱਤ-ਭੇਦ ਹੋਣ ਕਰਕੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਆਪਣਾ ਵੱਖਰਾ ‘ਸਰਬ-ਹਿੰਦ ਸ਼੍ਰੋਮਣੀ ਅਕਾਲੀ ਦਲ’ ਬਣਾਇਆ। ਸਾਲ 2002 ਵਿੱਚ (ਤਿੰਨ ਸਾਲ ਬਾਅਦ) 26ਵੀਂ ਵਾਰ ਤੇ 2003 ਵਿੱਚ 27ਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਜਥੇਦਾਰ ਟੌਹੜਾ 1969, 1970, 1980, 1982, 1998 ਤੇ 2004 ਵਿੱਚ ਛੇ ਵਾਰ ਰਾਜ ਸਭਾ ਦੇ ਮੈਂਬਰ ਬਣੇ। ਉਹ 1977 ਤੋਂ 1979 ਤੱਕ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ।
                  ਜਥੇਦਾਰ ਟੌਹੜਾ ਨੇ ਆਪਣਾ ਸਾਰਾ ਜੀਵਨ ਸਿੱਖ ਪੰਥ ਨੂੰ ਸਮਰਪਿਤ ਕਰ ਦਿੱਤਾ, ਉਹ ਪੂਰੇ ਨਿੱਤ-ਨੇਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦ੍ਰਿੜ੍ਹ ਨਿਸ਼ਚਾ ਰੱਖਣ ਵਾਲੇ, ਹਰ ਇੱਕ ਲਈ ਪਿਆਰ, ਹਮਦਰਦੀ ਉਹਨਾਂ ਦੇ ਦਿਲ ਵਿੱਚ ਸੀ। ਉਹ ਆਪਣੇ ਰੁਝੇਵਿਆਂ ਦੇ ਬਾਵਜੂਦ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਰੁਚੀ ਰੱਖਦੇ ਸਨ। ਜਥੇਦਾਰ ਟੌਹੜਾ 18 ਸਾਲ ਤੱਕ ਲਗਾਤਾਰ ਅੰਮ੍ਰਿਤ-ਸੰਚਾਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਹੇ।
        ਉਹਨਾਂ ਦਾ ਆਪਣੀ ਧਰਤੀ ਨਾਲ ਇੰਨਾ ਵੱਧ ਮੋਹ ਸੀ ਕਿ ਉਹ ਜਿੱਥੇ ਵੀ ਸਮਾਗਮਾਂ ਵਿੱਚ ਪਿੰਡ/ਸ਼ਹਿਰਾਂ ਵਿੱਚ ਹੁੰਦੇ, ਉਹ ਹਰ ਸ਼ਾਮ ਨੂੰ ਪਿੰਡ ਪਹੁੰਚਣ ਦਾ ਯਤਨ ਕਰਦੇ। ਜਥੇਦਾਰ ਟੌਹੜਾ ਨੇ ਧਰਮ ਯੁੱਧ ਮੋਰਚੇ ਦੌਰਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਚਕਾਰ ਸੂਝ-ਬੂਝ ਨਾਲ ਮੱਤ-ਭੇਦ ਦੂਰ ਕਰਵਾਏ। ਜਥੇਦਾਰ ਜੀ ਨੇ ਖਾੜਕੂ ਲਹਿਰ ਦਾ ਚੜ੍ਹਦਾ ਤੇ ਢਲਦਾ ਸੂਰਜ ਵੀ ਦੇਖਿਆ। ਜਥੇਦਾਰ ਟੌਹੜਾ ਸਿੱਖ ਪੰਥ ਦੇ ਇੱਕ ਸਿਰਮੌਰ ਲੀਡਰ ਸਨ, ਉਹ ਸਿੱਖ ਪੰਥ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਬਹੁਤ ਵੱਡੇ ਮੁਦੱਈ ਸਨ। ਜਦੋਂ ਵੀ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਸਿੱਖਾਂ ਨਾਲ ਕੋਈ ਵਿਤਕਰਾ ਹੁੰਦਾ ਤਾਂ ਉਹ ਬੜੀ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਸਨ। ਇਸੇ ਕਰਕੇ ਕਈ ਉਹਨਾਂ ਨੂੰ ਕੱਟੜਵਾਦੀ ਵੀ ਕਹਿੰਦੇ ਸਨ। ਉਹ 35 ਸਾਲ ਰਾਜਨੀਤਿਕ ਉਤਰਾਵਾਂ-ਚੜ੍ਹਾਵਾਂ ਵਿੱਚ ਕਿਸੇ-ਨਾ-ਕਿਸੇ ਰੂਪ ਵਿੱਚ ਕੇਂਦਰ ਬਣੇ ਰਹੇ। ਅਜਿਹੇ ਦੌਰ ਵੀ ਆਏ, ਜਦੋਂ ਇੰਝ ਲੱਗਦਾ ਸੀ ਕਿ ਸਿੱਖ ਸਿਆਸਤ ਕੇਵਲ ਉਹਨਾਂ ਦੁਆਲੇ ਘੁੰਮਦੀ ਹੈ।
     ਜਥੇਦਾਰ ਟੌਹੜਾ ਨੇ ਸੈਂਕੜੇ ਇਤਿਹਾਸਕ ਗੁਰਦੁਆਰਿਆਂ ਦੀ ਨਵ-ਉਸਾਰੀ, ਤਕਨੀਕੀ ਕਾਲਜ, ਪਬਲਿਕ ਸਕੂਲ, ਮੈਡੀਕਲ ਕਾਲਜ, ਡੈਂਟਲ ਕਾਲਜ, ਨਰਸਿੰਗ ਕਾਲਜ, ਸ਼੍ਰੀ ਗੁਰੂ ਰਾਮਦਾਸ ਹਸਪਤਾਲ, ਗੁਰਮਤਿ ਇੰਸਟੀਚਿਉੂਟ ਤਲਵੰਡੀ ਸਾਬੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਆਫ਼ਸੈੱਟ ਪ੍ਰਿਟਿੰਗ ਪ੍ਰੈਸ, ਧਾਰਮਿਕ ਸਾਹਿਤ ਦੀਆਂ ਹਜ਼ਾਰਾਂ ਪ੍ਰਕਾਸ਼ਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵੱਖ-ਵੱਖ ਥਾਵਾਂ ਤੇ ਪਹੁੰਚਾਉਣ ਲਈ ਸੋਹਣੀਆਂ ਗੱਡੀਆਂ, ਯਾਤਰੂਆਂ ਦੀ ਰਿਹਾਇਸ਼ ਲਈ ਅੰਮ੍ਰਿਤਸਰ ਤੇ ਹੋਰ ਸਥਾਨਾਂ ਤੇ ਵਧੀਆ ਸਰਾਵਾਂ, ਲੰਗਰ ਹਾਲ ਆਦਿ ਉਹਨਾਂ ਦੀ ਦੇਣ ਹੈ। ਉਹਨਾਂ ਨੂੰ ਸੰਗਤਾਂ ਜਥੇਦਾਰ ਸਾਹਿਬ, ਪ੍ਰਧਾਨ ਜੀ, ਟੌਹੜਾ ਜੀ ਕਰਕੇ ਹੀ ਯਾਦ ਕਰਦੀਆਂ ਸਨ।
  ‌‌       ਜਥੇਦਾਰ ਟੌਹੜਾ ਉਹਨਾਂ ਲੀਡਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਦਾ ਲੋਹਾ ਉਹਨਾਂ ਦੇ ਮਿੱਤਰ ਅਤੇ ਵਿਰੋਧੀ ਦੋਵੇਂ ਹੀ ਬਰਾਬਰ ਰੂਪ ਵਿੱਚ ਮੰਨਦੇ ਸਨ। ਪੰਜਾਬੀ ਸੂਬੇ ਦੀ ਵੱਖਰੀ ਹੋਂਦ ਦੇ ਲਈ ਛੇੜੇ ਗਏ ਸੰਘਰਸ਼ ਵਿੱਚ ਬੇਸ਼ੱਕ ਉਹਨਾਂ ਦੀ ਭੂਮਿਕਾ ਪਾਰਟੀ ਦੇ ਸਿਪਾਹੀ ਵਰਗੀ ਰਹੀ ਹੋਵੇ ਪਰ ਆਪਣੀ ਮਿਹਨਤ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਉਹ ਜਲਦੀ ਹੀ ਪਾਰਟੀ ਦੇ ਜਰਨੈਲਾਂ ਵਿੱਚ ਸ਼ਾਮਲ ਹੋਣ ਲੱਗ ਪਏ ਸਨ। ਉਹਨਾਂ ਪੰਜਾਬ, ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ/ਨਗਰਾਂ ਵਿੱਚ ਗੁਰਦੁਆਰਿਆਂ ਦੀ ਬਿਹਤਰੀ ਲਈ ਅਤੇ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਉਹਨਾਂ ਦੇ ਪ੍ਰਬੰਧ ਲਈ ਗੰਭੀਰ ਯਤਨ ਕੀਤੇ।
                 ਜਥੇਦਾਰ ਟੌਹੜਾ ਮਾਇਆ ਦੀ ਚਮਕ-ਦਮਕ ਤੇ ਧਨ ਇਕੱਠਾ ਕਰਨ ਦੀ ਲਾਲਸਾ ਤੋਂ ਬਚੇ ਰਹੇ, ਉਹ ਲੈਣ ਦੇਣ ਵੇਲੇ ਇਹ ਖ਼ਿਆਲ ਰੱਖਦੇ ਸਨ ਕਿ ਉਸ ਦਾ ਕੋਈ ਕਦਮ, ਕੋਈ ਟਿੱਪਣੀ ਜਾਂ ਕੋਈ ਰਣਨੀਤੀ ਸਿੱਖ ਇਤਿਹਾਸ ਦੀ ਮੁੱਖ ਧਾਰਾ ਦੇ ਖ਼ਿਲਾਫ਼ ਨਾ ਜਾਂਦੀ ਹੋਵੇ। ਮਾਸਟਰ ਤਾਰਾ ਸਿੰਘ ਜੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਜਥੇਦਾਰ ਟੌਹੜਾ ਦੇ ਹੱਥ ਰਹੀ। ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਵੱਲੋਂ ਪਿੰਗਲਵਾੜਾ ਸੰਸਥਾ ਦਾ ਰਾਸ਼ਨ ਬੰਦ ਕਰਨ ਤੇ ਜਥੇਦਾਰ ਟੌਹੜਾ ਨੇ ਦੁਬਾਰਾ ਚਾਲੂ ਕਰਵਾਇਆ ਤੇ ਭਗਤ ਪੂਰਨ ਸਿੰਘ ਜੀ ਦੀ ਬਰਸੀ ’ਤੇ 1992 ਤੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
      ਜਥੇਦਾਰ ਟੌਹੜਾ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ, ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ, ਨਨਕਾਣਾ ਸਾਹਿਬ ਐਜੂਕੇਸ਼ਨ ਟ੍ਰਸਟ ਦੇ ਪ੍ਰਧਾਨ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਸੰਸਥਾਪਕ ਮੈਂਬਰ, ਗੁਰੂ ਰਾਮਦਾਸ ਮੈਡੀਕਲ ਕਾਲਜ ਟ੍ਰਸਟ ਦੇ ਸੰਸਥਾਪਕ ਮੈਂਬਰ, ਤਖ਼ਤ ਸੱਚ-ਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਨਾਂਦੇੜ ਦੇ ਮੈਂਬਰ ਅਤੇ ਹੋਰ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ/ਸਿੰਘ ਸਭਾਵਾਂ, ਸਭਾ-ਸੁਸਾਇਟੀਆਂ ਦੇ ਮੈਂਬਰ/ਪ੍ਰਧਾਨ ਵੀ ਰਹੇ। ਜਥੇਦਾਰ ਟੌਹੜਾ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਕੇ ਲੱਖਾਂ ਹੀ ਸੰਗਤਾਂ ਨੂੰ ਸਿੱਖੀ ਨਾਲ ਜੋੜਿਆਂ।
                    ਸਿੱਖ ਕੌਮ ਦੀ ਮਹਾਨ ਸ਼ਖ਼ਸ਼ੀਅਤ ਜਥੇਦਾਰ ਗੁਰਚਰਨ ਸਿੰਘ ਟੌਹੜਾ 80 ਸਾਲ ਦੀ ਉਮਰ ਬਤੀਤ ਕਰਕੇ 1 ਅਪ੍ਰੈਲ 2004 ਈ: ਨੂੰ ਗੁਰੂ ਚਰਨਾਂ ’ਚ ਜਾ ਬਿਰਾਜੇ।
 ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 20ਵੀਂ ਬਰਸੀ 1 ਅਪ੍ਰੈਲ 2024 ਦਿਨ ਸੋਮਵਾਰ ਨੂੰ  ਉਹਨਾਂ ਦੇ ਜੱਦੀ ਪਿੰਡ ਟੌਹੜਾ (ਪਟਿਆਲਾ) ਵਿਖੇ ਮਨਾਈ ਜਾ ਰਹੀ ਹੈ ।         ‌‌                              ਕਰਨੈਲ ਸਿੰਘ ਐੱਮ.ਏ.
           #1138/63-ਏ, ਗੁਰੂ ਤੇਗ਼ ਬਹਾਦਰ ਨਗਰ,
                                   ਗਲੀ ਨੰ:1, ਚੰਡੀਗੜ੍ਹ ਰੋਡ,
                                      ਜਮਾਲਪੁਰ, ਲੁਧਿਆਣਾ ।

ਕੱਤੀ ਮਾਰਚ ਆ ਗਈ ਕਵਿਤਾ

ਪੋਟਿਆਂ ਤੇ ਰਹੇ ਸੀ ਦਿਨ ਗਿਣ
ਚਿਰਾਂ ਦੇ ਉਡੀਕਦੇ ਆ ਗਿਆ ਦਿਨ

ਉੱਜੜ ਜਾਂਦੇ ਘਰ ਬੁੱਝ ਜਾਂਦੇ ਨੇ ਚਿਰਾਗ
ਦਾਰੂ ਦੇ ਸ਼ੌਕੀਨ ਫੇਰ ਗਾਉਂਦੇ ਇਹਦੇ ਰਾਗ

ਸਸਤੀ ਦੇ ਲਾਲਚ ਚ ਜਿੰਦ ਹੋਵੇ ਬਰਵਾਦ
ਟੱਬਰ ਦਾ ਹਾਲ ਵੀ ਰੱਖਣਾ ਤੁਸੀਂ ਯਾਦ

ਧੀਆਂ ਪੁੱਤ   ਕਿੰਨੇ ਵਾਸਤੇ ਨੇ ਪਾਉਂਦੇ
ਪਾਪਾ ਠੇਕੇ ਤੇ ਨਾ ਜਾਵੀਂ ਬੜਾ ਸਮਝਾਉਂਦੇ

ਰੰਗਲੀ ਜਵਾਨੀ ਹੋਵੇ ਨਸ਼ੇ ਦਾ ਸ਼ਿਕਾਰ
ਚਿਹਰਿਆਂ ਦੇ ਰੰਗ ਵਾਲੀ ਉੱਡਗੀ ਬਹਾਰ

ਹੋ ਕੇ ਨਸ਼ਿਆਂ ਚ ਟੱਲੀ ਪੈ ਜਾਵੇ ਸਿਆਪਾ
ਘਰ ਮਸੂਮ ਬੱਚੇ ਰੋ ਰੋ ਗਵਾ ਲੈਂਦੇ ਆਪਾਂ

ਉਹਨਾਂ ਮਾਪਿਆਂ  ਨੂੰ ਪੁੱਛੋ ਪੁੱਤ ਸ਼ਰਾਬ ਖਾਏ
ਨਿਆਣੇ ਉਡੀਕ ਦੇ ਪਾਪਾ ਮੁੜ ਨਹੀਂ ਆਏ

ਅਜੇ ਵੀ ਵਕਤ ਜਾਈਏ ਅਸੀਂ ਜਾਗ
ਮੋਤ ਵਰਗੇ ਨਸੇ ਨੂੰ ਦਿਉ ਹੁਣ ਤਿਆਗ

ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ

ਸ਼ੁਭ ਸਵੇਰ ਦੋਸਤੋ,

ਕੁਦਰਤ ਵਿਚ, ਪ੍ਰਕਿਰਤੀ ਦਾ ਭਾਗ ਹੋ ਕੇ ਵਿਚਰਨਾ ਸਾਡੇ ਕਿਰਦਾਰ ਦੀ ਸਭ ਤੋਂ ਉੱਚੀ ਸਿੱਖਰ ਹੁੰਦੀ ਹੈ। ਸਵੇਰ ਤੋਂ ਸ਼ਾਮ ਤੱਕ ਸ਼ੁਭ ਇੱਛਾਵਾਂ ਵੰਡਦੇ ਰਹਿਣਾ, ਅਸੀਸਾਂ ਲੈਦੇ ਰਹਿਣਾ, ਬਜ਼ੁਰਗਾਂ ਦਾ ਅਦਬ ਕਰਨਾ, ਬੱਚਿਆਂ ਨੂੰ ਪਿਆਰ ਕਰਨਾ, ਔਰਤ ਦੇ ਹਰ ਰੂਪ ਦਾ ਸਤਿਕਾਰ ਕਰਨਾ, ਕਿਸੇ ਬੇਵੱਸ ਦਾ ਸਹਾਰਾ ਬਣਨਾ, ਆਪਣੇ ਆਪ ਵਿੱਚ ਪ੍ਰਸੰਨ ਰਹਿਣਾ, ਰੂਹ ਨੂੰ ਰਾਜ਼ੀ ਰੱਖਣਾ, ਜੀਵਨ ਮਾਨਣ ਦੀ ਸਭ ਤੋਂ ਉੱਤਮ ਕਲਾ ਹੈ।
   ਜਿਸ ਇਨਸਾਨ ਵਿੱਚ ਕੁਦਰਤੀ ਕਲਾ ਦੀ ਕੋਈ ਵੀ ਕਣੀ ਹੋਵੇ, ਓਹ ਮੰਨੇ ਭਾਵੇਂ ਨਾ ਮੰਨੇ ਪਰ ਓ ਆਮ ਨਾਲੋਂ ਔਰਤ ਦੇ ਸਾਥ ਵਿੱਚ ਜ਼ਿਆਦਾ ਸੰਤੁਸਟ ਰਹਿੰਦਾ ਹੈ ਕਿਉਂਕਿ ਔਰਤ ਕੁਦਰਤ ਦੀ ਸਰਵਉੱਚ ਕਲਾਕ੍ਰਿਰਤ ਹੋਣ ਕਰਕੇ ਸੁਭਾਅ ਵੱਲੋਂ ਹੀ ਕਲਾ ਦੀ ਪ੍ਰਸ਼ੰਸਕ ਹੁੰਦੀ ਹੈ! ਇਸੇ ਕਰਕੇ ਇਹ ਕੁਦਰਤ ਦੀਆਂ ਪਰੀਆਂ ਕਿਸੇ ਕਲਾਕਾਰ ਮਰਦ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ।
    ਸਾਡੇ ਸਮਾਜਿਕ ਤਾਣੇ ਬਾਣੇ ਵਿੱਚ ਔਰਤਾਂ ਨੂੰ ਹਾਲੇ ਵੀ ਸਮਾਜਿਕ ਬੰਧਨਾਂ, ਪਰਿਵਾਰਕ ਜ਼ੁੰਮੇਵਾਰੀਆਂ ਅਤੇ ਸੱਭਿਆਚਾਰਕ ਮਜਬੂਰੀਆਂ ਕਰਕੇ ਆਪਣੇ ਕੁਦਰਤੀ ਗੁਣਾਂ ਨੂੰ ਪ੍ਰਗਟਾਉਣ ਦੇ ਅਧਿਕ ਮੌਕੇ ਨਹੀਂ ਮਿਲਦੇ, ਨਹੀਂ ਤਾਂ ਓਹ ਹੈ ਕੀ ਜੋ ਇਹ ਕਲਾ ਦੇ ਖੇਤਰ ਵਿੱਚ ਨਹੀਂ ਸਿਰਜ ਸਕਦੀਆਂ?
   ਕਿਸੇ ਕਿਸੇ ਭਾਗਾਂ ਵਾਲੇ ਘਰ ਦੀ ਦਹਿਲੀਜ਼ ਦੇ ਪਹੁੰਚਦਿਆਂ ਹੀ ਅੰਦਰ ਰਹਿੰਦੀ ਸੁਚਿਆਰੀ ਔਰਤ ਦੀ ਕਲਾਕਾਰੀ ਬਾਹਰੋਂ ਹੀ ਨਜ਼ਰ ਆਉਣ ਲੱਗ ਜਾਂਦੀ ਹੈ। ਕਲਾਕਾਰ ਔਰਤ ਸਭ ਰਿਸ਼ਤਿਆਂ ਲਈ ਹਾਂ ਪੱਖੀ ਹੁੰਗਾਰਾ ਹੁੰਦੀ ਹੈ। ਉਝ ਤਾਂ ਕਿਸੇ ਸਧਾਰਨ ਔਰਤ ਨੂੰ ਵੀ ਕਲਾਕਾਰ ਬਣਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਔਰਤਾਂ ਜਨਮਜਾਤ ਹੀ ਕਲਾਕਾਰ ਹੁੰਦੀਆਂ ਹਨ। ਔਰਤ ਕਿਸੇ ਧੰਨਵਾਦ ਦੀ ਬਿਰਤੀ ਬਿਨਾ ਜੀਵਨ ਸਿਰਜਦੀ ਹੈ। ਮੇਰਾ ਮੰਨਣਾ ਹੈ ਕਿ ਹੁਣ ਵੀ ਹਰ ਕਲਾਕਾਰ ਓਹ ਕਿਸੇ ਵੀ ਖੇਤਰ ਦਾ ਹੋਵੇ ਉਸਦੀ ਪ੍ਰੇਰਨਾ-ਸ੍ਰੋਤ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਨਾ ਕੋਈ ਔਰਤ ਹੀ ਹੁੰਦੀ ਹੈ।
   ਕੁਦਰਤ ਦੀਆਂ ਇਹ ਤਿੱਤਲੀਆਂ ਯਾਦ ਆ ਕੇ ਹੀ ਦਿਲ ਦਾ ਵਿਹੜਾ ਮਹਿਕਾ ਦਿੰਦੀਆਂ ਨੇ ਜੇਕਰ ਕੋਲ ਹੋਣ ਤਾਂ ਸਵਰਗ ਦੀ ਹੋਰ ਕੋਈ ਪ੍ਰੀਭਾਸ਼ਾ ਨਹੀਂ ਹੁੰਦੀ। ਇਹ ਰੂਹਦਾਰੀ ਦਾ ਅੰਬਰ ਹੁੰਦੀਆਂ ਹਨ। ਇਹ ਹਮੇਸ਼ਾ ਪ੍ਰਕਿਰਤੀ ਨਾਲ ਇੱਕ ਮਿੱਕ ਹੋਣ ਦਾ ਸੁਨੇਹਾ ਦਿੰਦੀਆਂ ਨੇ, ਇਹ ਅੰਦਰਲੇ ਦਾ ਬਾਹਰਲੇ ਨਾਲ ਸਮਝੋਤਾ ਹੁੰਦੀਆਂ ਨੇ, ਜੀਵਨ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਹੁੰਦੀਆਂ ਨੇ, ਰੱਬ ਰਜਾਈਆਂ ਹੁੰਦੀਆਂ ਨੇ, ਸੱਜਣ ਤੋਂ ਵਾਰੇ ਜਾਣ ਦੀ ਇੱਛਾ ਰੱਖਦੀਆਂ ਨੇ, ਮੁਹੱਬਤ ਦਾ ਬਾਗ਼ ਹੁੰਦੀਆਂ ਨੇ, ਤੀਆਂ ਦਾ ਤਿਉਹਾਰ ਹੁੰਦੀਆਂ ਨੇ, ਪਰਿਵਾਰ ਲਈ ਹਰ ਵਕਤ ਤਰ ਵਰ ਤਿਆਰ ਹੁੰਦੀਆਂ ਨੇ, ਜਿੱਥੇ ਵੀ ਧੀਆਂ ਭੈਣਾਂ ਤੇ ਮੁਟਿਆਰਾਂ ਇਕੱਠੀਆਂ ਹੋਣ ਉੱਥੇ ਸਾਰੀ ਕੁਦਰਤ ਨੱਚਦੀ ਗਾਉਂਦੀ ਪ੍ਰਤੀਤ ਹੁੰਦੀ ਹੈ।
   ਜੇਕਰ ਰੂਹ ਅੰਦਰ ਔਰਤ ਦੀ ਮੁਹੱਬਤ ਵਾਸਾ ਹੋਵੇ ਤਾਂ ਕੋਈ ਵੀ ਇਕੱਲਾ ਨਹੀਂ ਹੁੰਦਾ, ਹਰ ਸਮੇਂ ਯਾਦਾਂ, ਖੁਆਬਾਂ ਅਤੇ ਅਹਿਸਾਸਾਂ ਵਿਚ ਕੁਦਰਤ ਹੁੰਦੀ ਹੈ (ਜਾਣੀਕਿ ਕੁਦਰਤ ਵਰਗੀਆਂ ਰੂਹਾਂ) ਜੋ ਦੂਰ ਹੋਕੇ ਵੀ ਨਾਲ ਤੁਰਦੀਆਂ ਨੇ… ਰੂਹ ਦੇ ਨੇੜਲੇ ਸੱਜਣਾਂ ਦੇ ਤਾਂ ਨਾਮ ਵੀ ਪਿਆਰੇ ਲੱਗਦੇ ਨੇ, ਸਦਕੇ ਜਾਈਏ ਉਨ੍ਹਾਂ ਰੂਹਾਂ ਦੇ, ਜੋ ਮੁੱਹਬਤ ਦੇ ਦੀਵੇ ਨੂੰ ਚੰਨ, ਸੂਰਜ ਅਤੇ ਤਾਰਿਆਂ ਰਾਹੀਂ ਮਿਲਕੇ ਪ੍ਰੇਮ ਦਾ ਤੇਲ ਪਾ ਜਾਂਦੀਆਂ ਨੇ, ਜਿਸ ਨਾਲ ਦਿਲ ਦਾ ਵਿਹੜਾ ਰੌਸ਼ਨਾਇਆ ਰਹਿੰਦਾ ਹੈ!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ

ਸ਼ੁਭ ਸਵੇਰ ਦੋਸਤੋ,

  ਬੋਲਣ ਸਮੇਂ ਜਦੋਂ ਅਸੀਂ ਆਪਣਾ ਮੂੰਹ ਖੋਲ੍ਹਦੇ ਹਾਂ ਤਾਂ ਸਾਹਮਣੇ ਵਾਲੇ ਨੂੰ ਸਾਡਾ ਦਿਮਾਗ਼ ਨਜ਼ਰ ਆਉਣ ਲੱਗਦਾ ਹੈ। ਬੋਲਦੇ ਵੀ ਅਸੀਂ ਉਸ ਸਮੇਂ ਬਹੁਤ ਜਿਆਦਾ ਹਾਂ ਜਦੋਂ ਸਾਨੂੰ ਕਿਸੇ ਦੇ ਔਗੁਣਾਂ ਦਾ ਪਤਾ ਹੋਵੇ, ਅਸੀਂ ਓਦੋਂ ਇਹ ਬਿਲਕੁਲ ਨਹੀਂ ਸੋਚਦੇ ਕਿ ਸਾਡੀਆਂ ਕਰਤੂਤਾਂ ਵੀ ਕਿਸੇ ਨੂੰ ਪਤਾ ਹੋ ਸਕਦੀਆਂ ਹਨ!
  ਕੱਪੜਿਆਂ ਅੰਦਰ ਅਸੀਂ ਸਾਰੇ ਹੀ ਨੰਗੇ ਹਾਂ, ਸਾਨੂੰ ਕੁਦਰਤ ਦੇ ਇਸ ਗੱਲੋਂ ਵੀ ਸ਼ੁਕਰਾਨੇ ਕਰਨੇ ਚਾਹੀਦੇ ਹਨ ਕਿ ਕੁਦਰਤ ਨੇ ਸਾਡੀਆਂ ਕਾਲੀਆਂ ਕਰਤੂਤਾਂ ਨੂੰ ਸਾਡੇ ਮੱਥੇ ਤੇ ਉਕਰਨ ਦਾ ਕੋਈ ਸਾਧਨ ਨਹੀਂ ਬਣਾਇਆ, ਜ਼ਰਾ ਕਲ਼ਪਣਾ ਤਾਂ ਕਰੋ ਕੀ ਬਣਦਾ ਸਾਡੇ ਆਪੇ ਬਣਾਏ ਕਿਰਦਾਰ ਦੇ ਗੁੰਮਦ ਦਾ..?
  ਸਾਨੂੰ ਓ ਇਨਸਾਨ ਬਣਨਾ ਚਾਹੀਦਾ ਜੋ ਮਾੜੇ ਸਮੇਂ ਵਿੱਚ ਸਾਥ ਦਿੰਦੇ ਨੇ, ਖੁਸ਼ੀ ਵਿੱਚ ਤਾਂ ਖੁਸਰੇ ਵੀ ਨੱਚਣ ਆ ਜਾਂਦੇ ਆ। ਸਾਨੂੰ ਕਿਸੇ ਨੂੰ ਫ਼ੁੱਲ ਦੇਣ ਦੀ ਜ਼ਰੂਰਤ ਨਹੀਂ, ਅਸੀਂ ਕੰਮ ਹੀ ਅਜਿਹੇ ਕਰੀਏ ਕਿ ਅਗਲੇ ਨੂੰ ਸਾਡੇ ਕਿਰਦਾਰ 'ਚੋ ਖ਼ੁਸ਼ਬੂ ਆਵੇ! ਸਾਡੇ ਹੌਂਸਲੇ ਨਾਲ ਕਿਸੇ ਹਿੰਮਤ ਹਾਰੇ ਨੂੰ ਜ਼ਿੰਦਗੀ ਦੇ ਬਨੇਰੇ ਤਾਈਂ ਮੁੜ ਹੱਥ ਪਾਉਣਾ ਥੋੜ੍ਹਾ ਸੌਖਾ ਹੋ ਜਾਵੇ।
ਵਿਸ਼ਵ ਨਾਗਰਿਕ ਬਣਨਾ ਮੁਸ਼ਕਿਲ ਤਾਂ ਜਰੂਰ ਹੈ, ਪਰ ਨਾਮੁਮਕਿਨ ਨਹੀਂ। ਸਾਨੂੰ ਕਿਸੇ ਡਿੱਗੇ ਤੇ ਖ਼ੁਸ਼ੀ ਨਹੀਂ ਮਨਾਉਣੀ ਚਾਹੀਦੀ, ਸਗੋਂ ਉਸਨੂੰ ਚੁੱਕਣ ਦੀ ਕਾਹਲ ਕਰਨੀ ਚਾਹੀਦੀ ਹੈ। ਦੂਜਿਆਂ ਦੀ ਜ਼ਿੰਦਗੀ ਦੇ ਬਾਗ਼ ਵਿਚ ਦਾਤੀ ਲੈ ਕੇ ਜਾਣਾ ਬਹੁਤੀ ਚੰਗੀ ਗੱਲ ਨਹੀਂ, ਇਹ ਅੰਤਾਂ ਦਾ ਬੁਰਾ ਰਿਵਾਜ ਹੈ!
  ਪੜ੍ਹ-ਲਿਖ ਅਸੀਂ ਜਿਨਾਂ ਮਰਜ਼ੀ ਜਾਈਏ ਜਾਂ ਡਿਗਰੀਆਂ ਲੈ ਲਈਏ ਪਰ ਅਕਲ ਸਾਨੈ ਬੇਵਕੂਫ ਜਾਂ ਮੂਰਖ ਬਣਨ ਤੋਂ ਬਾਅਦ ਹੀ ਆਂਉਂਦੀ ਹੈ, ਜੇ ਅਕਾਲ ਪੁਰਖ ਦੀ ਮਿਹਰ ਸਦਕਾ ਅਕਲ ਆ ਹੀ ਜਾਵੇ ਤਾਂ ਇਸ ਨੂੰ ਸਮਾਜ ਦੀ ਬੇਹਤਰੀ ਲਈ ਵਰਤੀਏ ਨਾ ਕਿ ਕਿਸੇ ਦੀਆਂ ਲੱਤਾਂ ਖਿੱਚਣ ਲਈ। ਦੇਖਕੇ ਦੁੱਖ ਹੁੰਦਾ ਜਦੋਂ ਵੱਡੀਆਂ-ਵੱਡੀਆਂ ਕਾਰਾਂ ਵਿਚ, ਕੋਠੀਆਂ ਵਾਲਿਆਂ ਦੇ ਘਰ 2 ਰੁਪਏ ਕਿਲੋਂ ਵਾਲੀ ਕਣਕ ਜਾਂਦੀ ਐ, ਅਕਸਰ ਓਹੀ ਲੋਕ ਸਿਸਟਮ ਬਦਲਣ ਦੀਆਂ ਗੱਲਾਂ ਕਰਦੇ ਨੇ!
  ਚੁਸਤ-ਚਲਾਕੀਆਂ, ਬੇਈਮਾਨੀਆਂ ਅਤੇ ਡਰਾਵਿਆਂ ਨਾਲ ਅਹੁਦਿਆਂ ਤੇ ਬੈਠ ਕੇ ਧਨ-ਦੌਲਤ ਤਾਂ ਇਕੱਠੀ ਕੀਤੀ ਜਾ ਸਕਦੀ ਹੈ, ਪਰ ਕਿਸੇ ਦੇ ਹੰਝੂ-ਹੌਕਿਆਂ 'ਚ ਇਕੱਤਰ ਕੀਤੇ ਧਨ ਨਾਲ ਸਾਡੇ ਅੰਦਰੋਂ ਅਮੀਰੀ ਦਾ ਅਹਿਸਾਸ ਨਹੀਂ ਜਾਗਦਾ। ਭਿਖਾਰੀ ਬਿਰਤੀ ਵਾਲੀ ਜ਼ਿੰਦਗੀ ਜਿਊਂਣ ਵਾਲੇ ਇਸ ਖੂਬਸੂਰਤ ਸੰਸਾਰ ਤੋਂ ਭਿਖਾਰੀ ਹੀ ਜਾਂਦੇ ਹਨ।
  ਇਸ ਜ਼ਿੰਦਗੀ ਦੀ ਭੱਜ ਦੌੜ ਵਿੱਚ ਕੀ ਕੀਤਾ, ਕੀ ਕਮਾਇਆ ਕੀ ਬਣਾਇਆ, ਇਹਨਾਂ ਗੱਲਾਂ ਨੂੰ ਛੱਡ !! ਕਦੇ ਸੋਚ ਕੇ ਤਾਂ ਦੇਖੀਏ ਕਿਸਨੂੰ ਹਸਾਇਆਂ ਕਿਸਨੂੰ ਰਵਾਇਆਂ…
  ਲੱਖ-ਲੱਖ ਸ਼ੁਕਰਾਨੇ ਕੁਦਰਤ ਦੇ ਜਿਸਨੇ ਐਨੀ ਕੁ ਕਿਰਪਾ ਕੀਤੀ ਹੈ ਜੀਵਨ ਪ੍ਰਤੀ ਕਿ 'ਭੁੱਲਰਾ' ਜ਼ਿੰਦਗੀ ਨੂੰ ਮਾਣ ਲੈ, ਕਾਲ ਹਰ ਸਮੇਂ ਤੇਰੇ ਨਾਲ ਹੈ ਕੀ ਪਤਾ ਕਦੋਂ ਪੱਕੀਆਂ ਪ੍ਰੀਤਾਂ ਪਾ ਲਵੇ..!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ

ਸ਼ੁਭ ਸਵੇਰ ਦੋਸਤੋ

  ਸਾਡੇ ਵਡੇਰਿਆਂ ਨੇ ਸਾਨੂੰ ਰੁੱਤ-ਰੁੱਤ ਦੇ ਮੇਵੇ ਦੇਣ ਵਾਲੀ ਕੁਦਰਤ ਨਾਲ ਪਿਆਰ ਕਰਨ ਤੇ ਉਸਨੂੰ ਸੰਭਾਲਣ ਲਈ ਕਿਹਾ ਸੀ, ਪਰ ਅਸੀਂ ਬੇਸਮਝ ਕੁਦਰਤ ਨੂੰ ਰੱਬ ਕਹਿ ਕੇ ਦੂਰੋਂ ਹੀ ਮੱਥਾ ਟੇਕਣ ਲੱਗ ਪਏ, ਤੇ ਇੱਕ ਨਹੀਂ ਅਨੇਕਾਂ ਹੀ ਸਮੱਸਿਆਵਾਂ ਸਹੇੜ ਲਈਆਂ ਆਪਣੇ ਅਤੇ ਆਪਣਿਆਂ ਲਈ…
   ਇਸ ਖੂਬਸੂਰਤ ਸੰਸਾਰ ਤੇ ਸਾਡਾ ਆਉਣਾ, ਹੋਰਨਾਂ ਜੀਵ-ਜੰਤੂਆਂ ਤੇ ਬਨਸਪਤੀ ਵਰਗਾ ਹੀ ਹੈ, ਸਿਵਾਏ ਮਨੁੱਖ ਦੇ ਬਾਕੀ ਕੋਈ ਵੀ ਕੁਦਰਤ ਨਾਲ ਸਿਕਵੇ-ਸਿਕਾਇਤਾਂ ਕਰਕੇ ਨਹੀਂ ਜਿਊਂਦੇ, ਹੱਕ ਸਾਨੂੰ ਵੀ ਕੋਈ ਨਹੀਂ ਕਿ ਅਸੀਂ ਫਾਲਤੂ ਦੇ ਪਖੰਡ ਕਰੀਏ! ਅਸੀਂ ਮਨੁੱਖ ਹੀ ਹਾਂ ਜਿਨ੍ਹਾਂ ਨੇ ਜੀਵਨ ਨੂੰ ਕਿਸੇ ਅਣਕਿਆਸੇ ਢੰਗ ਨਾਲ ਲੈ ਰੱਖਿਆ ਹੈ, ਪ੍ਰਸੰਨ ਹੋਣ ਦੀ ਇੱਛਾ ਵਿਚ ਐਸੀ ਦੌੜ ਲਾ ਬੈਠੇ ਹਾਂ ਕਿ ਜੀਵਨ ਦਾ ਅਨੰਦ, ਚੈਨ ਤੇ ਰਸ ਵੀ ਖ਼ਤਮ ਕਰ ਲਿਆ!
  ਅਸੀਂ ਪਤਾ ਨਹੀਂ ਕਿਉਂ ਨਹੀਂ ਸਮਝ ਸਕੇ ਕਿ ਜੀਵਨ ਵਿਚ ਰੌਣਕਾਂ ਸਾਡੇ ਅਧੂਰੇ ਹੋਣ ਕਰਕੇ ਹੀ ਹੁੰਦੀਆਂ ਹਨ। ਪੂਰਨ ਤੌਰ ਤੇ ਸੰਪੂਰਨ ਤਾਂ ਅਣਜੰਮੇ ਜਾਂ ਮੋਏ ਹੋਏ ਹੀ ਹੁੰਦੇ ਨੇ।
   ਜਦੋਂ ਅਸੀਂ ਉਦਾਸ ਜਾਂ ਮਾਯੂਸ ਹੋ ਕੇ ਸੋਚਦੇ ਹਾਂ ਤਾਂ ਸਾਨੂੰ ਕੁਦਰਤ ਦੀਆਂ ਅਨੇਕਾਂ ਨਿਆਮਤਾਂ ਮਹਿਸੂਸ ਨਹੀਂ ਹੁੰਦੀਆਂ, ਜੇਕਰ ਅਸੀਂ ਕੁਦਰਤ ਨਾਲ ਇੱਕਮਿਕ ਹੋਈਏ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ 'ਅਸੀਂ ਥੋੜ੍ਹੇ ਨਹੀਂ, ਅਸੀਂ ਤਾਂ ਬਹੁਤ ਹਾਂ'। ਅਸਲ ਵਿਚ ਤਾਂ ਸਾਡੇ ਵੇਖਣ, ਸੋਚਣ ਅਤੇ ਸਮਝਣ ਦੇ ਢੰਗ-ਤਰੀਕਿਆਂ ਵਿਚ ਹੀ ਜ਼ਿੰਦਗੀ ਨੂੰ ਭਰੀ ਹੋਈ ਜਾਂ ਖ਼ਾਲੀ ਕਹਿਣ ਦੇ ਕਾਰਨ ਹੁੰਦੇ ਹਨ।
  ਸਾਰਥਿਕ ਸੋਚਣ ਦੀ ਸੁਤੰਤਰਤਾ ਗੁਆ ਦੇਣ ਕਰਕੇ ਹੀ ਸਾਨੂੰ ਕੋਈ ਹੋਰ ਸ਼ਖ਼ਸ ਸੰਗਲਾਂ ਵਿਚ ਜਕੜਿਆ ਹੋਇਆ ਗੁਲਾਮ ਨਜ਼ਰ ਆਉਂਦਾ ਹੈ, ਅਸਲ ਵਿਚ ਤਾਂ ਓਹ ਵਿਚਾਰਾਂ ਜਾਂ ਬੇਵੱਸ ਹੁੰਦਾ ਹੈ।
  ਸੋ ਆਪਾਂ ਸਿਆਣੇ ਬਣੀਏ, ਕੁਦਰਤ ਦੇ ਬਜ਼ਾਰ ਵਿਚ ਫ਼ਜ਼ੂਲ ਦੀਆਂ ਚੀਜ਼ਾਂ ਨਹੀਂ ਵਿਕਦੀਆਂ। ਅਸੀਂ ਮਨੁੱਖ ਕੁਦਰਤ ਦੇ ਬਹੁਤ ਹੀ ਲਾਡਲੇ ਜੀਵ ਹਾਂ, ਕੁਦਰਤ ਵੀ ਸਾਥੋਂ ਚਾਹੁੰਦੀ ਹੈ ਕਿ ਅਸੀਂ ਆਪਣੇ ਚਰਿੱਤਰ ਦੀ ਸੋਭਾ ਨੂੰ ਸੰਸਾਰ ਅੰਦਰ ਕਾਇਮ ਰੱਖੀਏ, ਕੁਦਰਤ ਸਾਨੂੰ ਅਨੇਕਾਂ ਹੀ ਫੁੱਲਾਂ ਤੇ ਬਨਸਪਤੀ ਰਾਹੀਂ ਸਮਝਾਉਦੀ ਹੈ ਕਿ...
ਗੁਆਚੀ ਹੋਈ ਖ਼ੁਸ਼ਬੂ, ਫੁੱਲਾਂ 'ਚ ਵਾਪਸ ਨਹੀਂ ਮੁੜਦੀ,
ਤੇ ਮਿੱਟੀ ਬਣਗੀ ਦੇਹ ਵਿਚ ਦੁਬਾਰਾ ਜਾਨ ਨਹੀਂ ਪੈਂਦੀ!
   ਫਿਰ ਕਿਉਂ ਨਾ ਰੱਜ ਰੱਜ ਮਾਣੀਏ ਮਿਲੇ ਵਕਤ ਨੂੰ, ਖੁਸ਼ ਰਹੀਏ ਤੇ ਖੁਸ਼ ਰੱਖੀਏ ਰਿਸ਼ਤਿਆਂ ਨੂੰ, ਮੰਨਿਆ ਜਿਵੇਂ ਚੁੰਬਕ ਦਾ ਆਪਣਾ ਹੀ ਸੁਭਾਅ ਹੁੰਦਾ, ਇੱਕ ਦੂਜੇ ਨੂੰ ਖਿੱਚਦੀ ਵੀ ਹੈ ਤੇ ਦੂਰ ਵੀ ਧੱਕਦੀ ਹੈ। ਅਸੀਂ ਇਨਸਾਨ ਵੀ ਤਾਂ ਉਸੇ ਚੁੰਬਕ ਤੇ ਰਹਿੰਦੇ ਹਾਂ ਤੇ ਪ੍ਰਸਥਿਤੀਆਂ ਅਨੁਸਾਰ ਇੱਕ ਦੂਜੇ ਨੂੰ ਖਿੱਚਦੇ ਜਾਂ ਧਕਦੇ ਹੋਏ ਜੀਵਨ ਪੰਧ ਮੁਕਾਉਣ ਲੱਗੇ ਹਾਂ, ਪਰ ਇਹ ਸਹੀ ਨਹੀਂ! ਜ਼ਿੰਦਗੀ ਤਾਂ ਲੰਘ ਹੀ ਜਾਣੀ ਐਂ, ਮਸਲਾ ਤਾਂ ਇਸਨੂੰ ਹੱਸ-ਹੱਸ ਕੇ ਲੰਘਾਉਣ ਦਾ ਹੈ!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ

ਇਹ ਜ਼ਰੂਰੀ ਨਹੀਂ ਕਿ ਤੇਰੇ ਕੋਲੋਂ ਜ਼ਿੰਦਗੀ ਨੂੰ ਮਾਨਣ ਦੇ ਸਾਧਨ ਕਿੰਨੇ ਹਨ

ਕਿੰਨੀ ਹੈ? ਤੈਨੂੰ ਅੱਗੇ ਵੱਧਣ ਤੋਂ ਕੋਈ ਨਹੀਂ ਰੋਕ ਰਿਹਾ। ਸਿਰਫ਼ ਤੇਰੇ ਆਪਣੇ ਮਨ ਦੀਆਂ ਉਲਝਣਾਂ ਹੀ ਤੇਰੀ ਰੁਕਾਵਟ ਬਣ ਰਹੀਆਂ ਹਨ। ਇਹਨਾਂ ਉਲਝਣਾਂ ਦਾ ਨਿਵਾਰਨ ਵੀ ਤੈਨੂੰ ਆਪ ਹੀ ਕਰਨਾ ਪੈਣਾ ਹੈ। ਇਸ ਕਰਕੇ ਆਪ ਕੋਸ਼ਸ਼ ਕਰ। ਨਾ ਉਡੀਕ ਕਿ ਕੋਈ ਫ਼ਰਿਸ਼ਤਾ ਆਵੇਗਾ ਤੇ ਤੇਰੇ ਦੁੱਖ ਦਰਦ ਨਵਿਰਤ ਕਰੇਗਾ। ਆਪਣੇ ਲਈ ਫ਼ਰਿਸ਼ਤਾ ਤੈਨੂੰ ਆਪ ਬਣਨਾ ਪਵੇਗਾ। ਉੱਠ ਮਨਾਂ ਹਨੇਰੇ ਖ਼ਿਆਲ ਅਤੇ ਰਾਹਾਂ ਤੋਂ ਰੌਸ਼ਨੀ ਵੱਲ ਵੱਧਣ ਦੀ ਕੋਸ਼ਿਸ਼ ਤਾਂ ਕਰ। ਤੇਰੇ ਨਾਲ਼ ਜਦੋਂ ਤੂੰ ਆਪ ਖੜ੍ਹਾ ਹੋ ਜਾਵੇਗਾ ਤਾਂ ਦੁਨੀਆਂ ਆਪਣੇ ਆਪ ਤੇਰੀ ਸਾਥੀ ਬਣ ਜਾਵੇਗੀ। 

          ਪਰਵੀਨ ਕੌਰ ਸਿੱਧੂ

ਪਹਿਚਾਣ

ਜੇ ਦੱਸ ਕੇ ਕਰਾਈ ਪਹਿਚਾਣ ਕਿਹੜੇ ਕੰਮ ਦੀ,
ਕੰਮ ਹੀ ਨਾ ਆਈ ਤਾਂ ਇਹ ਜਾਨ ਕਿਹੜੇ ਕੰਮ ਦੀ।
ਉਮੀਦ ਲੈਕੇ ਆਇਆ ਖਾਲੀ ਦਰੋਂ ਮੁੜ ਜਾਵੇ,
ਮਿੱਤਰ ਪਿਆਰਿਆ ਉਹ ਦੁਕਾਨ ਕਿਹੜੇ ਕੰਮ ਦੀ। 
ਮਿਥਕੇ ਜੋ ਲਾਇਆ ਤੀਰ ਲੱਗੇ ਨਾ ਨਿਸਾਨੇ 'ਤੇ
ਆਖਦੇ ਸਿਆਣੇ ਉਹ ਕਮਾਨ ਕਿਹੜੇ ਕੰਮ ਦੀ। 
ਨਸ਼ੇ ਅਤੇ ਪੈਸੇ ਵੱਟੇ ਵੋਟ ਜਿਹੜੀ ਪਾ ਆਵੇ,
ਅਕਲੋਂ ਨਿਆਣੀ ਉਹ ਮਤਦਾਨ ਕਿਹੜੇ ਕੰਮ ਦੀ।
ਜਦ ਤੱਕ ਸਾਹ ਨੇ ਸੁਖਚੈਨ ਸਿੰਹਾਂ ਸੱਚ ਬੋਲੀਂ, 
ਗੂੰਗੀ ਹੋਜੇ ਜਿਹੜੀ ਉਹ ਜ਼ੁਬਾਨ ਕਿਹੜੇ ਕੰਮ ਦੀ। 
ਜੋ ਦੱਸ ਕੇ ਕਰਾਈ ਪਹਿਚਾਣ ਕਿਹੜੇ ਕੰਮ ਦੀ,
ਕੰਮ ਹੀ ਨਾ ਆਈ ਤਾਂ ਇਹ ਜਾਨ ਕਿਹੜੇ ਕੰਮ ਦੀ।

ਲਿਖਤ- ਸ.ਸੁਖਚੈਨ ਸਿੰਘ ਕੁਰੜ

ਵਿਰਸੇ ਦੀ ਖੁਸ਼ਬੋਈ

ਵਿਆਹ ਤੋਂ ਪਿੱਛੋਂ  ਸਖੀਆਂ ਸਹੇਲੀਆਂ 
ਮੁੜ ਨਾ ਹੋਵਣ ਇਕੱਠੀਆਂ 
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ

ਭੁੱਲਦਾ ਨਹੀ ਅੰਬੀ ਦਾ ਬੂਟਾ
ਜਿਸ ਦੀ ਛਾਂ ਬਹੁਤ ਸੀ ਗੂੜੀ
ਜਿਸ ਦੇ ਹੇਠਾਂ ਬੈਠ ਅਸੀਂ ਸੀ
ਕੀਤੀ ਰੀਝ ਸੀ ਹਰ ਇੱਕ ਪੂਰੀ
ਅੱਜ ਵੀ ਚੇਤਾ ਆਵੇ ਮੈਨੂੰ 
ਛਾਂਵੇ ਕੱਢਦੀ ਰਹੀ ਮੈਂ ਪੱਖੀਆਂ
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ

ਚਾਦਰਾ ਅਤੇ ਸਰਾਹਣੇ ਕੱਢੇ
ਉਤੇ ਪਾਏ ਘੁੱਗੀਆਂ ਦੇ ਜੋੜੇ
ਬਹੁਤ ਢੂੰਢਿਆ ਨਾਂ ਉਹ ਲੱਭੇ
ਵਕਤ ਪਾਏ ਨਾਂ ਮੋੜੇ
ਬਹੁਤ ਕਸੀਦਾ ਕੱਢਿਆ ਸੀ ਮੈਂ 
ਪਾ ਪਾ ਵੇਲਾਂ ਤੋਪੇ ਮੱਖੀਆਂ
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ

ਚਾਰ ਕਿੱਲੇ ਗੱਡ ਤਾਣਾ ਤਣਿਆ 
ਰਾਤਾਂ ਨੂੰ  ਬੁਣੀਆਂ ਦਰੀਆਂ
ਫੱਟੀ ਹੱਥੀਆਂ ਖੂਬ ਚਲਾਈਆਂ
ਖੂਬ ਮੇਹਨਤਾਂ ਸੀ ਕਰੀਆਂ
ਚਿੜੀਆਂ ਤੋਤਿਆਂ ਦੇ ਜੋੜੇ ਪਾਏ
ਲਾ ਰੰਗ ਬਰੰਗੀਆਂ ਅੱਟੀਆਂ
ਵਸਦਾ ਰਹੇ ਬਾਬਲ ਦਾ ਵੇਹੜਾ
ਜਿੱਥੇ ਖਿੜ ਖਿੜ ਕੇ ਸੀ ਹੱਸੀਆਂ 

ਲਾਲ ਸੂਹੀ ਫੁੱਲਕਾਰੀ ਕੱਢੀ
ਵੇਲਾਂ ਬੂਟੀਆਂ ਉਪਰ ਪਾਈਆਂ 
ਇਕੱਠੀਆਂ ਬਹਿਕੇ ਸਹੇਲੀਆਂ ਨੇਂ
 ਸੀ ਪੂਰੀਆਂ ਰੀਝਾਂ ਲਾਈਆਂ 
ਬਾਬਲ ਦੇ ਵੇਹੜੇ ਦਾਜ਼ ਬਣਾਇਆ
ਵਿੱਚ ਸੰਦੂਕ ਦੇ ਤੈਹਾਂ ਲਾ ਲਾ ਰੱਖੀਆਂ
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ 

ਤ੍ਰਿੰਝਣਾਂ ਦੇ ਵਿੱਚ ਚਰਖੇ ਡਾਹੇ
ਬਹੁਤ ਸੂਤ ਸੀ ਕੱਤਿਆ
ਛੱਲੀਆਂ ਲਾਹ ਲਾਹ ਸੂਤ ਟੇਰਕੇ
ਛਿੱਕੂ ਵਿੱਚ ਸੀ ਰੱਖਿਆ 
ਚਰਖੇ ਦੀ ਘੂਕਰ ਘੂੰ ਘੂੰ ਕਰਦੀ
ਟੁੱਟੀਆਂ ਮਾਹਲਾਂ ਵੀ ਸੀ ਕੱਸੀਆਂ 
ਵੱਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ 

ਮਿੱਟੀ ਦਾ ਚੁੱਲਾ ਚੌਂਕਾ ਬਣਾਇਆ
ਉਤੇ ਮੋਰ ਘੁੱਗੀਆਂ ਵੀ ਪਾਏ
ਨਾਲੇ ਭੜੋਲੇ ਭੜੋਲੀਆਂ ਬਣਾਈਆਂ
ਕੋਠੇ ਲਿੱਪਣ ਦੀ ਯਾਦ ਵੀ ਆਵੇ
ਸਾਡਾ ਕਿੰਨਾ ਅਮੀਰ ਸੀ ਵਿਰਸਾ 
ਇਹ ਗੱਲਾਂ ਧੰਜੂ ਨੇਂ ਲਿਖੀਆਂ ਸੱਚੀਆਂ
ਜਿਊਦੀਂ ਵਸਦੀ ਰਹੇ  ਪੰਜਾਬਣ
ਜਿੰਨੇ ਯਾਦਾਂ ਸਾਂਭ  ਦਿਲਾਂ ਵਿੱਚ ਰੱਖੀਆਂ

ਵਿਆਹ ਤੋਂ ਪਿੱਛੋਂ ਸਖੀਆਂ ਸਹੇਲੀਆਂ
ਮੁੜ ਨਾਂ ਹੋਵਣ ਇਕੱਠੀਆਂ 
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ 

ਗੁਰਚਰਨ ਸਿੰਘ ਧੰਜੂ

ਇਹ ਸਮੱਸਿਆਵਾਂ ਨਹੀਂ ਸਗੋਂ ਹੱਲ ਹਨ ਜੋ ਮੈਨੂੰ ਚੁਣੌਤੀ ਦਿੰਦੇ ਹਨ

ਇਹ ਸਮੱਸਿਆਵਾਂ ਨਹੀਂ ਸਗੋਂ ਹੱਲ ਹਨ ਜੋ ਮੈਨੂੰ ਚੁਣੌਤੀ ਦਿੰਦੇ ਹਨ
                ਅਸੀਂ ਅਕਸਰ ਹੀ ਦੇਖਦੇ ਹਾਂ ਜਾਂ ਸੁਣਦੇ ਹਾਂ ਕਿ ਜਦੋਂ ਕਿਸੇ ਇਨਸਾਨ ਦੇ ਅੱਗੇ ਅਚਾਨਕ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਉਹ ਬਿਨਾਂ ਕੋਈ ਹੱਲ ਕੱਢੇ ਹੀ  ਉਦਾਸ ਹੋ ਜਾਂਦਾ ਹੈ ਜਾਂ ਫਿਰ ਇਹ ਆਖਦਾ ਹੈ ਕਿ  ਮੇਰੀ ਕਿਸਮਤ ਹੀ ਖਰਾਬ ਹੈ ਤੇ ਬਿਨਾਂ ਕੋਈ ਉਸ ਸਮੱਸਿਆ ਦਾ ਹੱਲ ਕੱਢੇ ਆਪਣੀ ਹਿੰਮਤ  ਹਾਰ ਕੇ ਬੈਠ ਜਾਂਦਾ ਹੈ ਪਰ ਮੇਰੀ ਸੋਚ ਦੂਸਰਿਆਂ ਨਾਲੋਂ ਬਿਲਕੁਲ ਹੀ ਵੱਖਰੀ ਹੈ। ਮੇਰੇ ਸਾਹਮਣੇ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਮੈਂ  ਆਪਣੇ ਆਪ ਨਾਲ ਪਹਿਲਾਂ ਹੀ ਇਹ ਫੈਸਲਾ ਕਰ ਲੈਂਦੀ ਹਾਂ ਕਿ ਜਾਂ ਤਾਂ ਮੈਂ ਇਸ ਸਮੱਸਿਆ ਦਾ ਹੱਲ ਕੱਢਾਂਗੀ ਜਾਂ ਫੇਰ ਇਸ ਤੋਂ ਕੁਝ ਨਵਾਂ ਸਿਖਾਂਗੀ। 
        ਮੇਰੇ ਮੁਤਾਬਿਕ ਤਾਂ  ਸਮੱਸਿਆਵਾਂ ਅਤੇ ਚਣੌਤੀਆਂ ਜਿੰਦਗੀ ਦੇ ਸਿੱਕੇ ਦੋ ਪਾਸੇ ਹਨ। ਇਹ ਸਮੱਸਿਆਵਾਂ ਹੀ ਤਾਂ ਹੁੰਦੀਆਂ ਹਨ ਜੋ ਸਾਨੂੰ ਜਿਉਣਾ ਅਤੇ ਅੱਗੇ ਵੱਧਣਾ ਸਿਖਾਉਂਦੀਆ ਹਨ। ਜੇਕਰ ਜਿੰਦਗੀ  ਵਿੱਚ ਸਮੱਸਿਆਵਾਂ ਨਾ ਹੁੰਦੀਆਂ ਤਾਂ ਸ਼ਾਇਦ ਸਾਡੀ  ਜਿੰਦਗੀ ਨੇ ਕਦੇ ਵੀ ਇੰਨਾ ਦਿਲਚਸਪ ਨਹੀਂ ਹੋਣਾ ਸੀ। 
    ਮੈਨੂੰ ਤਾਂ ਇੰਝ ਜਾਪਦਾ ਹੁੰਦਾ ਹੈ ਕਿ ਇਹ ਸਮੱਸਿਆਵਾਂ ਹੀ ਤਾਂ ਹੱਲ ਹੁੰਦੀਆਂ ਹਨ ਜੋ ਜਿੰਦਗੀ ਦੀਆਂ ਚਣੌਤੀਆਂ ਉੱਤੇ ਜਿੱਤ ਪ੍ਰਾਪਤ  ਕਰਨ ਵਿੱਚ ਸਾਡੀ ਮਦਦ ਕਰਦੀਆਂ ਹਨ। ਜੇਕਰ ਇਹ ਸਾਡੀ ਜਿੰਦਗੀ ਵਿੱਚ ਨਾ ਆਉਂਦੀਆਂ ਤਾਂ ਅਸੀਂ ਕਿਸੇ ਚਣੌਤੀ ਨੂੰ ਕਦੇ ਸਵੀਕਾਰ ਹੀ ਨਹੀਂ ਕਰਨਾ ਸੀ।ਇਹ ਸਮੱਸਿਆਵਾਂ ਹੀ ਹਨ ਜੋ ਸਾਡੇ ਆਤਮ ਵਿਸ਼ਵਾਸ  ਵਿੱਚ ਵਾਧਾ ਕਰਦੀਆਂ ਹਨ। 
    ਮੇਰੇ ਮੁਤਾਬਿਕ ਜੇਕਰ ਸਾਡੇ ਸਾਹਮਣੇ ਕੋਈ ਸਮੱਸਿਆ ਆ ਵੀ ਜਾਂਦੀ ਹੈ ਤਾਂ ਸਾਨੂੰ ਠੰਡੇ ਦਿਮਾਗ਼ ਨਾਲ ਉਸਨੂੰ ਚਣੌਤੀ ਦੇ ਤੌਰ ਉੱਤੇ ਲੈ ਲੈਣਾ ਚਾਹੀਦਾ ਹੈ ਜਦੋਂ ਅਸੀਂ ਇਸ ਤਰ੍ਹਾਂ ਸਮੱਸਿਆ ਨੂੰ ਲੈਂਦੇ ਹਾਂ ਤਾਂ ਉਸਦਾ ਜਲਦੀ ਹੀ ਕੋਈ ਨਾ ਕੋਈ ਹੱਲ ਵੀ ਨਿਕਲ ਆਉਂਦਾ ਹੈ। ਸੋ ਜਿੰਦਗੀ ਵਿੱਚ ਜੇਕਰ ਕੋਈ ਸਮੱਸਿਆ ਆ ਵੀ ਜਾਂਦੀ ਹੈ ਤਾਂ ਉਸਨੂੰ ਚਣੌਤੀ ਦੇ ਤੌਰ ਉੱਤੇ ਹੀ ਲਵੋ ਕਿਉਂਕਿ ਸਮੱਸਿਆਵਾਂ ਇਕੱਲੀਆਂ ਨਹੀਂ  ਹੁੰਦੀਆਂ ਸਗੋਂ ਉਹਨਾਂ ਦੇ ਨਾਲ ਹੱਲ ਵੀ ਹੁੰਦੇ ਹਨ ਜੋ ਸਾਨੂੰ ਚਣੌਤੀ ਦਿੰਦੇ ਹਨ। 
                         ਨੀਨਾ ਰਾਣੀ

ਨਵੀਂ ਪਨੀਰੀ ਪਾਏ ਪਟਾਕੇ......

ਹੱਕਾਂ ਉਪਰ ਪੈਂਦੇ ਡਾਕੇ।
ਸੁੱਤੇ ਸਾਡੇ ਗੱਭਰੂ ਕਾਕੇ।

ਧਨੀਆਂ ਦੀ ਸ੍ਰਕਾਰ ਹੈ ਲੋਕੋ,
ਜੰਤਾ ਵੱਲ ਕਦੇ ਨਾ ਝਾਕੇ।

ਸੜਕਾਂ ਉੱਤੇ ਬੂਲੇਟ ਭਜਾ ਕੇ,
ਨਵੀੰ ਪਨੀਰੀ ਪਾਏ ਪਟਾਕੇ।

ਧਨ ਕੁਬੇਰਾਂ ਲੁੱਟ ਮਚਾਈ,
ਪੈਸਾ ਲੈ ਕੇ ਖੋਲਣ ਨਾਕੇ।

ਰਾਖੇ ਸੁੱਤੇ ਵੇਚ ਕੇ ਘੋੜੇ,
ਦਿਨ ਦਿਹਾੜੇ ਹੋਵਣ ਵਾਕੇ।

ਟਿਕਟ ਮਿਲੇ ਨਾ ਜਿਸ ਨੇਤਾ ਨੂੰ,
ਖੜ੍ਹ ਜਾਂਦਾ ਏ ਪਾ ਕੇ ਸ਼ਾਕੇ।

ਇਨਕਲਾਬ ਜਦ ਆਉਂਦੇ 'ਬੁਜਰਕ',
ਮੁਲਕਾਂ ਦੇ ਫੇਰ ਬਦਲਦੇ ਖ਼ਾਕੇ।

ਹਰਮੇਲ ਸਿੰਘ ਬੁਜਰਕੀਆ
94175-97204

ਫੱਪੜਾ ਵਾਲੇ ਦਿਨ ਕਵਿਤਾ

ਬੜੇ ਨਜ਼ਾਰੇ  ਜਦ ਛੱਪੜਾਂ ਚ ਨਹਾਉਂਦੇ ਸੀ
ਭੱਜੇ ਭੱਜੇ ਆੜੀਆਂ ਦੇ ਨਾਲ ਆਉਂਦੇ ਸੀ

ਅੰਬਰੀਂ ਉੱਡਦੇ  ਪਰਿੰਦੇ ਕਿੱਨੇ ਪਿਆਰੇ ਸੀ
ਘੁੱਗੀਆਂ ਕਾਵਾਂ ਮੋਰ ਦੇ ਦਿਨ ਨਿਆਰੇ ਸੀ

ਪਿੱਪਲਾਂ ਬਰੋਟਿਆਂ ਤੋਂ ਬਾਟੇ ਤੋੜ ਖਾਂਦੇ ਸੀ
ਬੇਰੀਆਂ ਤੋਂ ਵੀ ਬੇਰ ਤੋੜ ਕੇ ਲਿਆਉਦੇ ਸੀ

ਸਲੇਟਾਂ ਉੱਤੇ ਲਿਖ ਕੇ ਖੁਸ਼ੀ ਮਨਾਉਂਦੇ ਸੀ
ਫੱਟੀਆਂ ਲਿਖ ਕੇ ਪੋਚ ਕੇ ਜਦੋਂ ਸੁਕਾਉਂਦੇ ਸੀ

ਵਕਤ ਨਹੀਂ ਮੁੜ ਵਾਪਿਸ ਕਦੇ ਆਉਣਾ
ਲੰਘਿਆ ਵੇਲਾ ਨਹੀ ਥਿਆਉਣਾ

ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ
9914183731

ਉਂਝ ਤਾਂ ਘਰ ਦਾ ਮੁਖੀ ਹਾਂ....

ਉਂਝ ਤਾਂ ਘਰ ਦਾ ਮੈਂ ਹਾਂ ਮੁਖੀ, 
ਸੁਭਾ ਉਠਕੇ ਪਸ਼ੂਆਂ ਨੂੰ ਪੱਠੇ ਪਾਵਾਂ, 
ਦਿਨ ਚੜ੍ਹਦੇ ਉਹਨਾਂ ਨੂੰ ਨਹਾਵਾਂ, 
ਦੁੱਧ ਸਾਰਾ ਡੇਹਰੀ ਲੈ ਜਾਂਦੇ, 
ਮੇਰੇ ਲਈ ਤਾਂ ਚਾਹ ਵੀ ਮੁੱਕੀ, 
ਉਂਝ ਤਾਂ ਘਰ ਦਾ ਮੈਂ ਹਾਂ ਮੁਖੀ।

ਰੋਟੀ ਸਭ ਤੋਂ ਬਾਅਦ ਵਿਚ ਮਿਲਦੀ, 
ਨੂੰਹ ਰਾਣੀ ਰਹੇ ਰੋਟੀਆਂ ਗਿਣਦੀ, 
ਸਬਜ਼ੀ ਭਾਜੀ ਪਹਿਲਾਂ ਹੀ ਮੁੱਕੀ, 
ਫਿਰ ਵੀ ਬਾਪੂ ਗੱਲ ਘਰ ਦੀ ਠੱਪੀ,
ਚੋਪੜੀ ਮੰਗਾਂ ਤਾਂ ਮਿਲਦੀ ਸੁੱਕੀ,
ਉਂਝ ਤਾਂ ਘਰ ਦਾ ਮੈਂ ਹਾਂ ਮੁਖੀ।

ਸੌਦੇ ਪੱਤੇ ਦੀ ਲਿਸਟ ਮਿਲ ਜਾਂਦੀ, 
ਕੁਝ ਰਹਿ ਗਿਆ ਤਾਂ ਸ਼ਾਮਤ ਆ ਜਾਂਦੀ, 
ਬਾਪੂ ਸਾਰੀ ਉਮਰ ਰਿਹਾ ਪੈਸੇ ਕਮਾਉਂਦਾ, 
ਧੀਆ, ਪੁੱਤਾਂ ਨੂੰ ਕੀ ਪਤਾ ਪੈਸਾ ਕਿਥੋਂ ਆਉਂਦਾ, 
ਬਣ ਕੇ ਰਹਿ ਗਿਆ ਮੈਂ ਇਕ ਦੁੱਕੀ, 
ਉਂਝ ਤਾਂ ਘਰ ਦਾ ਮੈਂ ਹਾਂ ਮੁਖੀ।

ਸਾਰੀ ਦਿਹਾੜੀ ਨਿਆਣੇ ਖਿਡਾਵੇ, 
ਕਦੇ ਸਕੂਲ ਕਦੇ ਟਿਊਸ਼ਨ ਛੱਡ ਆਵੇ, 
ਫਿਰ ਵੀ ਨੂੰਹ ਬੁੱਢੇ ਤੋਂ ਅੱਕੀ, 
ਸਾਰੇ ਰਹਿੰਦੇ ਬਾਪੂ ਤੋਂ ਦੁੱਖੀ, 
ਕਿਸੇ ਨਾ ਗੱਲ ਦਿਲ ਦੀ ਬੁੱਝੀ,
ਉਂਝ ਤਾਂ ਘਰ ਦਾ ਮੈਂ ਹਾਂ ਮੁਖੀ।

ਬਾਪੂ ਨੂੰ ਖਾਣ ਤੋਂ ਸਿਵਾ ਕੰਮ ਨਹੀਂ ਕੋਈ, 
ਬਾਪੂ ਨੂੰ ਸਮਝੇ ਬੋਝ ਹਰ ਕੋਈ,
ਸਾਰੀ ਦਿਹਾੜੀ ਰਹਿੰਦਾ ਹੈ ਸੁੱਤਾ, 
ਇਹ ਗੱਲ ਹਰ ਮੈਂਬਰ ਹੈ ਕਹਿੰਦਾ,
ਸਿੰਘਪੁਰੀਆ ਕਹੇ ਇਹ ਗੱਲ ਕੱਚੀ,
ਉਂਝ ਤਾਂ ਘਰ ਦਾ ਮੈਂ ਹਾਂ ਮੁਖੀ।

ਸਭ ਨੂੰ ਮੇਰਾ ਇਹੋ ਸੁਨੇਹਾ,
ਮਾਂ ਪਿਉ ਜਿਹਾ ਕੋਈ ਨਹੀਂ ਤੇਰਾ, 
ਜਦੋਂ ਤੱਕ ਇਹ ਜਿਉਂਦੇ ਰਹਿਣ, 
ਘਰ ਵਿਚ ਸਦਾ ਬਰਕਤਾ ਪੈਣ, 
ਖੱਟ ਲਉ ਇਹਨਾਂ ਦੀਆ ਅਸੀਸਾਂ, 
ਮਨਦੀਪ ਸਿੰਘ ਕਹੇ ਇਹ ਗੱਲ ਪੱਕੀ, 
ਫਿਰ ਬਣਨਗੇ ਘਰ ਦੀ ਸ਼ਾਨ ਮੁਖੀ 
ਫਿਰ ਬਣਨਗੇ ਘਰ ਦੀ ਸ਼ਾਨ ਮੁਖੀ।
      ਮਨਦੀਪ ਸਿੰਘ ਕਾਹਲੋ
       ਸਿੰਘਪੁਰਾ ਗੁਰਦਾਸਪੁਰ

ਹਿੰਮਤ ਦਾ ਹਮਾਇਤੀ ਰੱਬ ✍ ਮੂਲ ਚੰਦ ਸ਼ਰਮਾ ਪ੍ਰਧਾਨ , ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ

ਜਿਹੜੇ ਬੰਦੇ ਪੱਲੇ ਮਿਹਨਤ ਹੈ ।

ਉਸ 'ਤੇ ਹੀ ਰੱਬੀ ਰਹਿਮਤ ਹੈ ।

ਜਿਸ ਦੇ ਹੱਥਾਂ ਵਿੱਚ ਹਿੰਮਤ ਹੈ ,

ਉਸਦੀ ਹੀ ਚੰਗੀ ਕਿਸਮਤ ਹੈ ।

                 ਮੂਲ ਚੰਦ ਸ਼ਰਮਾ ਪ੍ਰਧਾਨ ,

ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।

ਮੁਲਾਕਾਤ

ਮਿਤੀ 25 ਫਰਵਰੀ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਲੇਖਕ ਬੀ.ਕੇ ਜੀਤ ਜੀ ਨਾਲ ਮੁਲਾਕਾਤ ਹੋਈ। ਬੀ. ਕੇ ਜੀਤ ਜੀ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਸੱਤਵੀਂ ਸਾਂਝੇ ਕਾਵਿ ਸੰਗ੍ਰਿਹ “ਰੂਹਾਂ ਦੀ ਸਾਂਝ” ਕਿਤਾਬ ਵਿੱਚ ਲੇਖਕ ਹੈ। ਬੀ. ਕੇ ਜੀਤ ਜੀ ਦੀਆਂ ਬਹੁਤ ਹੀ ਖੂਬਸੂਰਤ ਲਿਖਤਾਂ ਇਸ ਕਿਤਾਬ ਵਿੱਚ ਪਾਠਕਾਂ ਨੂੰ ਪੜਣ ਨੂੰ ਮਿਲ ਜਾਣਗੀਆਂ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਉੱਨਾਂ ਵੱਲੋਂ ਸਾਹਿਤ ਦੇ ਖੇਤਰ ਵਿੱਚ ਬਤੌਰ ਲੇਖਕ ਯੋਗਦਾਨ ਲਈ ਉੱਨਾਂ ਨੂੰ ਸਨਮਾਨਿਤ ਕਰਦੇ ਹੋਏ ਦੋ ਕਿਤਾਬਾਂ “ਰੂਹਾਂ ਦੀ ਸਾਂਝ” ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸਨਮਾਨ ਚਿੰਨ ਭੇਂਟ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ।
ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078

ਪੁਸਤਕ ਰੀਵੀਊ

ਸ਼ਿਵ ਨਾਥ ਦਰਦੀ ਨਾਲ ਥੋੜੀ ਬਹੁਤੀ ਜਾਣ ਪਹਿਚਾਣ ਪਹਿਲਾਂ ਹੀ ਸੀ। ਪਰ ਜਦੋੰ ਉਸਨੇ ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਦੀ ਸਥਾਪਨਾ ਕੀਤੀ ਤਾਂ ਉਸ ਨਾਲ ਸਾਂਝ ਹੋਰ ਵੀ ਪਰਪੱਕ ਹੋ ਗਈ। ਉਹ ਬਹੁਤ ਹੀ ਬੀਬਾ ਅਤੇ ਮਿਲਣਸਾਰ ਇਨਸਾਨ ਹੈ। ਜਿੱਥੇ ਉਹ ਸਾਹਿਤ ਦੀ ਫ਼ੁਲਵਾੜੀ ਚ,ਖਿੜਿਆ ਹੋਇਆ ਗੁਲਾਬ ਹੈ। ਉੱਥੇ ਉਹ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹੈ। ਅਨੇਕਾਂ ਵਾਰ ਖੂਨ ਦਾਨ ਕਰ ਚੁੱਕਿਆ ਸ਼ਿਵ ਨਾਥ ਦਰਦੀ ਖੂਨ ਦਾਨ ਨੂੰ ਸੱਭ ਤੋਂ ਵੱਡਾ ਦਾਨ ਸਮਝਦਾ ਹੈ। ਅੱਜਕੱਲ ਉਹ ਅਪਣੀ ਧਰਮ ਪਤਨੀ ਅਤੇ ਦੋ ਬੇਟਿਆਂ ਨਾਲ ਬਾਬਾ ਫ਼ਰੀਦ ਜੀ ਵਰਸੋਈ ਨਗਰੀ ਫ਼ਰੀਦਕੋਟ ਵਿਖੇ ਰਹਿ ਰਿਹਾ ਹੈ। ਸਟੇਟ ਐਵਾਰਡੀ ਹੋਣ ਦੇ ਨਾਲ ਨਾਲ ਉਸਨੂੰ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਦੀਆਂ ਕਵਿਤਾਵਾਂ ਆਮ ਹੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਅੱਜ ਗੱਲ ਕਰਦਾਂ ਹਾਂ ਉਸਦੀ ਪਿੱਛੇ ਜਿਹੇ ਆਈ ਕਿਤਾਬ "ਦੁਖਿਆਰੇ ਲੋਕ;ਬਾਰੇ ਬਹੁਤ ਸੋਹਣੇ ਸਰਵਰਕ ਵਧੀਆ ਕਵਿਤਾਵਾਂ ਨਾਲ਼ ਸਿੰਗਾਰੀ ਇਸ ਪੁਸਤਕ ਵਿੱਚ ਜਿੱਥੇ ਉਸਨੇ ਮੁਹੱਬਤ ਦੀ ਗੱਲ ਕੀਤੀ ਹੈ। ਉੱਥੇ ਉਹ ਕਿਰਤੀਆਂ ਕਿਸਾਨਾ ਤੇ ਫ਼ੁੱਟਪਾਥਾਂ ਤੇ ਰਹਿਕੇ ਮੰਗਦੇ ਲੋਕਾਂ ਦਾ ਦਰਦ ਵੀ ਬਿਆਨ ਕਰਨੋਂ ਪਿੱਛੇ ਨਹੀਂ ਹਟਿਆ। 68 ਪੰਨਿਆਂ ਦੀ ਇਸ ਕਿਤਾਬ ਵਿੱਚ ਕੁੱਲ 56 ਰਚਨਾਵਾਂ ਹਨ। ਦੁਖਿਆਰੇ ਲੋਕ;ਚ ਉਸਦੀ ਪਹਿਲੀ ਕਵਿਤਾ ਪਹਿਚਾਣ ਚ,ਉਹ ਲਿਖਦਾ ਹੈ,,,,
ਕੀ ਕਰਨਾ,ਐਸੇ ਮੰਦਿਰ ਨੂੰ,
ਜਿਸ ਮੰਦਿਰ ਵਿੱਚ ਭਗਵਾਨ ਨਾ ਹੋਵੇ,
ਕੀ ਕਰਨਾ ਐਸੇ ਬਾਗਾਂ ਨੂੰ,
ਜਿੱਥੇ ਮਹਿਕਦੀ ਕੋਈ ਮੁਸਕਾਨ ਨਾ ਹੋਵੇ।
ਕੀ ਕਰਨਾ,ਐਸੀ ਦੁਨੀਆਂ ਨੂੰ,
ਜਿੱਥੇ ਵਸਦਾ ਕੋਈ ਇਨਸਾਨ ਨਾ ਹੋਵੇ,
ਕੀ ਕਰਨਾ,ਐਸੇ ਦਿਲ ਨੂੰ,
ਜਿਸ ਵਿੱਚ ਪਿਆਰ ਨਾ ਹੋਵੇ,ਜਾਨ ਨਾ ਹੋਵੇ।
ਸ਼ਿਵ ਕੀ ਕਰਨਾ,ਐਸੇ ਬੰਦੇ ਨੂੰ,
ਜਿਸਦੀ ਅਪਣੀੰ,ਕੋਈ ਪਹਿਚਾਣ ਨਾ ਹੋਵੇ।
ਅਪਣੇ ਆਪ ਚ ਹੀ ਬਹੁਤ ਕੁੱਝ ਬਿਆਨਾਦੀ ਕਵਿਤਾ ਹੈ। ਇਸੇ ਤਰ੍ਹਾਂ,,,,,,,ਬਜਾਰਾਂ ਅੰਦਰ ਕਵਿਤਾ ਚ ਉਹ ਲਿਖਦਾ ਹੈ ਕਿ,,,,,,,,
ਸ਼ਾਇਰਾਂ ਤੇ ਫ਼ਨਕਾਰਾਂ ਅੰਦਰ,
ਵਿਕ ਗਿਆ,ਯਾਰ ਬਜਾਰਾਂ ਅੰਦਰ 
ਮਹਿੰਗੇ ਚਾਵਾਂ ਨੂੰ, ਖਰੀਦੇ ਕਿਵੇਂ,
ਦੱਬ ਕੇ ਰਹਿ ਗਿਆ,ਭਾਰਾਂ ਅੰਦਰ।
ਕਵਿਤਾ ਵੀ ਸਾਡੇ ਸਮਾਜਿਕ ਦਰਦ ਦਰਸਾਉੰਦੀ ਬਹੁਤ ਵਧੀਆ ਕਵਿਤਾ ਹੈ। ਉਹ ਕੋਈ ਵੀ ਹੋਵੇ ਜਿਸਨੇ ਕੋਈ ਦਰਦ ਨੇੜਿਓਂ ਤੱਕਿਆ ਹੋਵੇ ਤਾਂ ਉਹੀ ਮਹਿਸੂਸ ਕਰ ਸਕਦਾ ਹੈ। ਤੇ ਮਜਬੂਰੀ ਕਵਿਤਾ ਚ ਉਹ ਲਿਖਦਾ ਹੈ,,,,,,,,,,,
ਕੀ ਪਤਾ ਕਿਸੇ ਨੂੰ,
ਕੀ ਹੁੰਦੀ ਹੈ,ਜਿੰਦਗੀ ਦੂਰ ਦੀ।
ਲੁੱਟ ਮੁੱਢ ਤੋੰ ਹੁੰਦੀ ਰਹੀ ਏ
ਕਿਸਾਨ ਤੇ ਮਜਦੂਰ ਦੀ।
ਕੀ ਪਤਾ ਕਿਸੇ ਨੂੰ,,,,,,,,,,,
ਇਸ ਕਵਿਤਾ ਜਿੱਥੇ ਉਸਨੇ ਕਿਸਾਨ ਮਜਦੂਰ ਦੀ ਮਜਬੂਰੀ ਦੀ ਗੱਲ ਕੀਤੀ ਹੈ। ਇਸ ਕਵਿਤਾ ਵਿੱਚ ਉਹ ਹਾਕਮ ਨਾਲ ਆਢਾ ਲਾਉੰਦਾ ਵੀ ਨਜਰ ਆਉੰਦਾ ਹੈ। ਕੱਚੇ ਮੁਲਾਜ਼ਮਾਂ ਦੇ ਦਰਦ ਦੀ ਗੱਲ ਕਰਦੀ ਕਵਿਤਾ ਕੱਚੇ ਮੁਲਾਜ਼ਮਾਂ ਵਿੱਚ ਲਿਖਦਾ ਹੈ ਕਿ,,,,,
ਸੂਟ ਮੰਗਦੇ,ਬੂਟ ਮੰਗਦੇ,
ਕੀ ਕਰਾਂ ਮੈੰ,ਮੰਗਦੇ ਬੱਚੇ ਦਾ 
ਔਖਾ ਟਾਈਮ ਹੈ,ਲੰਘਦਾ ਯਾਰੋ
ਹਰ ਮੁਲਾਜ਼ਮ ਕੱਚੇ ਦਾ।
ਇੱਕ ਤਾਂ ਥੋੜੀ ਦਿੰਦੇ,
ਦੂਜੀ ਲੇਟ ਕਰਦੇ ਨੇ ਤਨਖਾਹ
ਮੁਰਦਾ ਜਾਨ ਨੂੰ ਮਿਲਦੇ ਜਿਵੇਂ,
ਥੋੜੇ ਬਹੁਤੇ ਸਾਹ,
ਕੋਈ ਮੁੱਲ ਨਾ ਪੈੰਦਾ ਇੱਥੇ,
ਯਾਰੋ ਧੁੱਪ ਚ ਮੱਚੇ ਦਾ।
ਔਖਾ ਟਾਈਮ ਹੈ ਲੰਘਦਾ ਯਾਰੋ,,,,,,,,
ਬਹੁਤ ਵਧੀਆ ਕਵਿਤਾ ਹੈ। ਕੁੱਲ ਮਿਲਾਕੇ ਸਾਰੀ ਕਿਤਾਬ ਹੀ ਪੜਨਯੋਗ ਹੈ। ਸ਼ਿਵ ਨਾਥ ਦਰਦੀ ਨੂੰ ਉਸਦੀ ਪਹਿਲੀ ਕਿਰਤ ਵਧਾਈ ਦਿੰਦਾ ਹੋਇਆ। ਪਾਠਕਾਂ ਨੂੰ ਕਹਿੰਦਾ ਹਾਂ ਕਿ ਉਹ ਇਹ ਕਿਤਾਬ ਜਰੂਰ ਪੜਨ। ਮੈਨੂੰ ਉਮੀਦ ਹੈ ਕਿ ਦੁਖਿਆਰੇ ਲੋਕ; ਪੜਦੇ ਹੋਏ ਤੁਹਾਨੂੰ ਨਿਰਾਸ਼ਾ ਨਹੀ ਹੋਵੇਗੀ। ਸੋ ਇਸੇ ਉਮੀਦ ਨਾਲ ਸ਼ਿਵ ਨਾਥ ਦਰਦੀ ਨੂੰ ਮੁਬਾਰਕਬਾਦ ਦਿੰਦਾ ਹੋਇਆ। ਉਸਦੀ ਕਲਮ ਨੂੰ ਨਿਰੰਤਰ ਚਲਣ ਦੀ ਦੁਆ ਕਰਦਾ ਹਾਂ।
      ਜਸਵੀਰ ਫ਼ੀਰਾ

ਸਾਹਿਤਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣਿਆ "ਤੋਪਿਆਂ ਵਾਲ਼ੀ ਕਮੀਜ਼"ਕਹਾਣੀ ਸੰਗ੍ਰਹਿ ।

     ਪੰਜਾਬੀ ਲੇਖਕਾਂ ਦੀ ਗਿਣਤੀ ਵਿੱਚ ਉੱਭਰਦੇ ਨਵੇਂ ਲੇਖਕ ਜਿਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਜੀ, ਉਸਨੂੰ ਸਾਹਿਤਕ ਅਦਾਰਿਆਂ ਵੱਲੋਂ ਕਾਫ਼ੀ ਮਾਣ ਸਤਿਕਾਰ ਨਾਲ਼ ਨਿਵਾਜ਼ਿਆ ਗਿਆ ਹੈ। ਹੁਣੇ- ਹੁਣੇ ਉਹਨਾਂ ਨੇ ਆਪਣਾ ਪਲੇਠਾ ਕਹਾਣੀ ਸੰਗ੍ਰਹਿ "ਤੋਪਿਆਂ ਵਾਲ਼ੀ ਕਮੀਜ਼" ਸਾਹਿਤ ਦੀ ਝੋਲੀ ਪਾਇਆ ਹੈ । ਹੁਣ ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਮੈਂ ਜਿਸ ਲੇਖਕ ਦੀ ਗੱਲ ਕਰ ਰਿਹਾ ਹਾਂ ਜੀ ਉਹਨਾਂ ਦਾ ਨਾਮ ਹੈ ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)ਤੇ ਅੱਜ ਕੱਲ੍ਹ ਉਹ ਸੰਗਰੂਰ ਸ਼ਹਿਰ ਦੀ ਆਫ਼ਿਸਰ ਕਾਲੋਨੀ ਸੰਗਰੂਰ ਵਿਖੇ ਰਹਿ ਰਹੇ ਹਨ। ਪੇਸ਼ੇ ਵਜੋਂ ਜਿੱਥੇ ਉਹ ਇੱਕ ਵਧੀਆ ਅਧਿਆਪਕ ਹਨ। ਉੱਥੇ ਹੀ ਇੱਕ ਵਧੀਆ ਇਨਸਾਨ ਵੀ ਹਨ। ਉਸ ਦੇ"ਤੋਪਿਆਂ ਵਾਲ਼ੀ ਕਮੀਜ਼" ਕਹਾਣੀ ਸੰਗ੍ਰਹਿ ਵਿੱਚ ਸਾਰੀਆਂ ਹੀ ਕਹਾਣੀਆਂ ਬਾਕਮਾਲ ਹਨ ਤੇ ਜਦੋਂ ਇਸ ਕਿਤਾਬ ਨੂੰ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ,ਆਪ ਮੁਹਾਰੇ ਅਗਲੀ ਕਹਾਣੀ ਨੂੰ ਪੜ੍ਹਨ ਨੂੰ ਮਨ ਕਰਦਾ ਹੈ। ਕਿਤਾਬ ਦੇ ਨਾਮ ਦੀ ਹੀ ਜੇ ਗੱਲ ਕਰੀਏ ਤਾਂ ਤੋਪਿਆਂ ਵਾਲੀ ਕਮੀਜ਼ ਸ਼ਬਦ ਪੜ੍ਹ ਕੇ ਸਾਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ।ਅੱਜ ਤੋਂ ਜੇ 30-35 ਕੁ ਸਾਲ ਮਗਰ ਜਾਈਏ ਤਾਂ ਹਰ ਇੱਕ ਇਨਸਾਨ ਨੇ ਤੋਪਿਆਂ ਵਾਲੀ ਕਮੀਜ਼ ਬਾਰੇ ਪੂਰੀ ਤਰ੍ਹਾਂ ਦੇਖਿਆ ਹੋਇਆ ਹੈ ਤੇ ਜ਼ਿਆਦਾਤਰ ਇਨਸਾਨਾਂ ਨੇ ਤੋਪਿਆਂ ਵਾਲੀ ਕਮੀਜ਼ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੋਇਆ ਹੈ ।ਇਸੇ ਤਰ੍ਹਾਂ ਇਸ ਕਿਤਾਬ ਦੇ ਲੇਖਕ ਰਣਬੀਰ ਸਿੰਘ ਪ੍ਰਿੰਸ ਜੀ ਦੀਆਂ ਕਹਾਣੀਆਂ ਆਪ ਪਿੰਡੇ ਹੰਢਾਈਆਂ ਮਹਿਸੂਸ ਹੁੰਦੀਆਂ ਹਨ । ਸਾਰੇ ਹੀ ਕਲਮਕਾਰ/ਪਾਠਕਾਂ  ਨੂੰ ਇੱਕ ਵਾਰ ਇਹ ਕਿਤਾਬ "ਤੋਪਿਆਂ ਵਾਲ਼ੀ "ਕਮੀਜ਼ ਕਹਾਣੀ ਸੰਗ੍ਰਹਿ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।ਜੋ ਅੱਜ ਦੇ ਸਮਾਜ ਵਿੱਚ ਜਿੱਥੇ ਹਰ ਪਾਸੇ ਲੱਚਰਤਾ ਜਾ ਦੋਹਰੇ ਅਰਥਾਂ ਵਾਲ਼ਾ ਸਭ ਕੁਝ ਪਰੋਸਿਆ ਜਾ ਰਿਹਾ ਹੋਵੇ। ਉੱਥੇ ਅਜਿਹਾ ਪਰਵਾਰਿਕ ਕਹਾਣੀ ਸੰਗ੍ਰਹਿ ਪੇਸ਼ ਕਰਨਾ ਹੀ ਆਪਣੇ ਆਪ ਵਿੱਚ ਮਾਣ ਵਾਲ਼ੀ ਗੱਲ ਹੈ।ਰਣਬੀਰ ਸਿੰਘ ਪ੍ਰਿੰਸ ਜੀ ਨੂੰ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਪਲੇਠੇ ਕਹਾਣੀ ਸੰਗ੍ਰਹਿ "ਤੋਪਿਆਂ ਵਾਲ਼ੀ ਕਮੀਜ਼" ਦੀਆਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਜੀ, ਪ੍ਰਮਾਤਮਾ ਰਣਬੀਰ ਸਿੰਘ ਪ੍ਰਿੰਸ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਉਹ ਅੱਗੇ ਤੋਂ ਹੋਰ ਵੀ ਵਧੀਆਂ ਲਿਖਣ ਤਾਂ ਕਿ ਸਾਡੇ ਜਿਹੇ ਪਾਠਕਾਂ ਨੂੰ ਨਰੋਇਆ  ਸਾਹਿਤ ਪੜ੍ਹਨ ਨੂੰ ਮਿਲਦਾ ਰਹੇ।

ਜੱਸੀ ਧਰੌੜ ਸਾਹਨੇਵਾਲ।
ਸਰਪ੍ਰਸਤ ਕਲਮਾਂ ਦੇ ਵਾਰ 
ਸਾਹਿਤਕ ਮੰਚ

ਕੁੜੀਆਂ  (ਕਵਿਤਾ) ✍ ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ

ਕੁੜੀਆਂ       (ਕਵਿਤਾ)

ਬਿਨ ਮਾਪਿਆਂ ਕੁੜੀਆਂ ਪੇਕੇ ਪਰਾਈਆ ਨੇ
ਮੁੱਖ ਮੋੜ ਲੈਂਦੇ ਅੰਮੀ ਜਾਏ  ਮੁਰਝਾਈਆਂ ਨੇ
       
ਨਾ ਕੋਈ ਹੱਸ ਬੁਲਾਵੇ  ਸੀਨੇ ਛੱਲ ਹੋਵੇ
ਬੇਦਰਦੀ ਛਾਇਆ ਹਨੇਰਾ ਨਾ ਝੱਲ ਹੋਵੇ 

ਸੁੰਨੇ ਸੁੰਨੇ ਚਾਅ   ਸਾਡੇ ਨਾ ਕੋਈ ਪੁੱਛਦਾ
ਬੇਗਾਨੇ ਹੋ ਗਈਆ ਨਾ ਵੀਰਾ ਰੁੱਸਦਾ

ਬਚਪਨ ਵਾਲੇ ਕਦੇ ਲਾਡ ਨਾ ਭੁੱਲਦੇ ਨੇ
ਅੱਜ ਛੱਮ ਛੱਮ ਨੈਣੋਂ ਨੀਰ ਹਾਏ ਡੁੱਲਦੇ ਨੇ

ਲੋਭ ਲਾਲਚ ਦੀ ਤਮਾ ਨੇ ਰਿਸ਼ਤੇ ਭੁਲਾਏ ਨੇ
ਤੇਰੇ ਵਾਂਗ ਮਾਏ ਕਿਸੇ ਨਾ ਸਰਬਤ ਪਿਲਾਏ

ਖੂਨ  ਦੇ ਰਿਸ਼ਤੇ ਜਾਂਦੇ ਹੋਈ ਬੇਗਾਨੇ ਨੇ
ਕੁੜੀਆਂ ਦੇ ਹੱਕ ਵਾਰੀ ਵੱਜਦੇ ਤਾਨੇ ਨੇ

ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ
9914183731

ਰੀਸ  (ਕਵਿਤਾ) ✍ ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ

ਰੀਸ  (ਕਵਿਤਾ)
ਗਲਤ ਕੰਮ
ਦੀ ਕਰਨੀ
ਮਾੜੀ ਰੀਸ
ਜਿਸ ਨਾਲ
ਸੀਨੇ ਜ਼ਖ਼ਮ
ਕਰਦੀ ਚੀਸ

ਚੰਗੇ ਰਸਤੇ
ਚੁਣ ਲੈਦੇ 
ਜਿਹੜੇ
ਉਨਾਂ ਵਾਂਗ 
ਬਣੀਏ ਹਰੀਸ਼

ਰੀਸ ਕਰੀਏ 
ਰੱਬ ਦੀ ਬਾਣੀ
ਦੀ
ਕੁਦਰਤ ਦੀ
ਨਿਆਮਤ
ਸੁੱਖ ਚੈਨ
ਵਰਤਾਉਂਦੀ
ਜਾਣੀਦੀ

ਰੀਸ  ਕਰਨੀ
ਸਵੇਰੇ ਜਲਦੀ
ਉਂਠ ਸੈਰ ਕਰਨ ਦੀ
ਨਾ ਮਾੜੇ ਸੰਗ ਪੈਰ
ਧਰਨ ਦੀ

ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ
9914183731

ਡੂੰਘੇਂ ਅਲਫ਼ਾਜ਼ ਲਿਖਣ ਵਾਲੀ ਲੇਖਿਕਾ ਡ: ਸਤਿੰਦਰਜੀਤ ਕੌਰ ਬੁੱਟਰ ✍ ਗੁਰਚਰਨ ਸਿੰਘ ਧੰਜੂ

ਡੂੰਘੇਂ ਅਲਫ਼ਾਜ਼ ਲਿਖਣ ਵਾਲੀ ਲੇਖਿਕਾ ਡ: ਸਤਿੰਦਰਜੀਤ ਕੌਰ ਬੁੱਟਰ
ਮਾਝੇ ਦੀ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਪਰਾਪਤ ਹੈ ਇਸ ਧਰਤੀ ਦਾ ਸਾਹਿਤ ਰਚਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ।ਅਜ਼ਕਲ ਦੇ ਸਮੇਂ ਚ ਵੀ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਕਲਮਾਂ ਇਸੇ ਧਰਤੀ ਤੇ ਪੰਜ਼ਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਹਨ। ਇਹਨਾ ਕਲਮਾਂ ਵਿੱਚ ਮੋਹਰਲੀ ਕਤਾਰ ਵਿੱਚ ਨਾਮ ਆਉਦਾਂ ਹੈ ਡਾ: ਸਤਿੰਦਰਜੀਤ ਕੌਰ ਬੁੱਟਰ ਜੀ ਦਾ। ਸਾਹਿਤਕ ਅਤੇ ਵਿਦਿਆ ਦੇ ਖੇਤਰ ਵਿੱਚ ਇਕੋ ਵੇਲੇ ਮੱਲਾਂ ਮਾਰਨ ਵਾਲੀ ਸਖ਼ਸ਼ੀਅਤ ਹੈ। ਇਹ ਸਖ਼ਸ਼ੀਅਤ ਇੱਕ ਉਚੀ ਤੇ ਸੁੱਚੀ ਸੋਚ ਦੀ ਮਾਲਕ ਕਵਿਤਾਂ ਚ ਸ਼ਬਦਾਂ ਨੂੰ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਢੁਕਵੇਂ ਥਾਂ ਤੇ ਚੁਣਨ ਤੇ ਚਿਣਨ ਦਾ ਹੁਨਰ ਰੱਖਦੀ ਹੈ। ਇਸ ਕਲਮ ਨੇ ਕਵਿਤਾ ਚ ਹਰੇਕ ਵਿਸ਼ੇ ਨੂੰ ਰੂਹ ਨਾਲ ਲਿਖਕੇ ਕਵਿਤਾ ਨੂੰ ਉਸੇ ਰਸ ਨਾਲ ਖੂਭ ਲਿਖਕੇ ਨਿਭਾਇਆ ਹੈ। 
ਕਵਿਤਾ ਦੀਆਂ ਕੁਝ ਵੰਨਗੀਆਂ ਪਾਠਕਾਂ ਦੇ ਸਾਹਮਣੇ ਰੱਖ ਰਿਹਾਂ ਆਂ ਜੋ ਇਸ ਕਲਮ ਨੂੰ ਉਸੇ ਹਾਵ ਭਾਵ ਨਾਲ ਲਿਖਿਆ ਹੈ।
ਔਰਤ ਦੇ ਦਰਦ ਨੂੰ ਇਸ ਕਲਮ ਨੇ ਕਿੰਨੀ ਬਰੀਕੀ ਚ ਲਿਖਿਆ ਹੈ ਔਰਤ ਸਾਰੀ ਉਮਰ ਪਤੀ ਲਈ ਤੇ ਬੱਚਿਆਂ ਲਈ ਦਰਦਾਂ ਪੀੜਾਂ ਚੋ ਗੁਜਰਦੀ ਹੋਈ ਆਪਣੇ ਫ਼ਰਜ਼ਾ ਨੂੰ ਨਿਭਾਉਦੀਂ ਹੋਈ ਕਠਨਾਈਆਂ ਚੋਂ ਗੁਜ਼ਰਦੀ ਹੈ।              

ਔਰਤ!!!!!
ਔਰਤ ਫਰਜ਼ਾਂ ਦੀ ਪੰਡ  ਹੀ ਸਿਰ   ਧਰਦੀ ਰਹੀ।
ਪਰ ਬੇੜੀ   ਕਦੇ ਡੁੱਬਦੀ ਕਦੇ ਤਰਦੀ ਰਹੀ।

ਸਮਝਿਆ ਗਿਆ  ਇਸ ਨੂੰ ਹੀ ਬੇਗਾਨਾ ਸਦਾ
ਭਾਵੇਂ ਸਭ ਲਈ ਦਿਨ ਰਾਤ ਇਹ ਮਰਦੀ ਰਹੀ।

ਮੁਹੱਬਤ ਨੇ ਇਨੂੰ ਕੀਤਾ ਬਾਲਾਂ ਦੀ ਗੇਂਦ ਵਾਂਗ
ਸਭਨਾਂ  ਦੇ ਠੁੱਡੇ ਖਾ ਜ਼ਿੰਦਗੀ  ਸੰਵਰਦੀ  ਰਹੀ।

ਸੁਪਨੇ ਆਦਿ ਤੋਂ ਹੀ ਸਲੀਬਾਂ ਤੇ ਲਟਕਦੇ ਰਹੇ
ਬੇਵਸੀ ਸੀ ਜੋ ਹਰ ਦੌਰ ਵਿੱਚ ਸਿੱਤਮ  ਜਰਦੀ ਰਹੀ।

ਖ਼ੁਸ਼ੀਆਂ ਦੇਣ ਲਈ ਰਹੀ ਸੀ ਹੋਦ ਇਸਦੀ
ਪਤਾ ਨਹੀਂ ਖ਼ਲਕਤ ਕਿਉ ਫੇਰ ਵੀ ਦੋਸ਼ ਮੱੜਦੀ ਰਹੀ।

ਜਿਸਨੂੰ ਬਣਾਇਆ ਜ਼ਿੰਦਗੀ, ਬੇਗਾਨਾ ਬਣਿਆ
ਪਤਾ ਨਹੀਂ ਜ਼ਹਿਰ ਉਸ ਅੰਦਰ ਕਿੱਥੋਂ ਭਰਦੀ ਰਹੀ।

ਬਣਾਉਣਾ ਚਾਹਿਆ  ਜਦ ਆਪਣਾ ਵਜੂਦ ਉਸ
ਜ਼ਮਾਨੇ ਦੀ ਸੋਚ ਬੁੱਟਰ ਕਹਿਰ ਕਰਦੀ ਰਹੀ।

ਡਾ: ਸਤਿੰਦਰਜੀਤ ਕੌਰ ਬੁੱਟਰ

ਧੀਆਂ ਦਾ ਦਰਦ ਵੀ ਧਨ ਬੇਗਾਨਾਂ ਮਾਪਿਆਂ ਦੇ ਸਿਰਤੇ ਬੋਝ ਹੁੰਦਾਂ ਹੈ ਜੋਂ ਸਮੇਂ ਨੇ ਮੋੜ ਲੈ ਲਿਆ ਜਵਾਨੀ ਮਜ਼ਬੂਰਨ ਵਿਦੇਸ਼ਾ ਵੱਲ ਨੂੰ ਜਾ ਰਹੀ ਕਵਿਤਾ ਚ ਧੀਆਂ ਦਾ ਦਰਦ ਖੂਬ ਲਿਖਿਆ ਹੈ ਤੇ ਗੁਲਾਮੀ ਦੀਆਂ ਜ਼ੰਜ਼ੀਰਾ ਗਲੋਂ ਲੌਹਣ ਦੀ ਗੱਲ ਕਵਿਤਾ ਚ ਸੋਹਣੇ ਢੰਗ ਨਾਲ ਕਹੀ ਗਈ ਹੈ।

ਦਰਦ

ਘਰ ਨੂੰ ਸੁੰਨਾ ਧੀਆਂ ਕਰ ਗਈਆਂ
ਜਾਂਦੀਆਂ ਅੱਖਾਂ ਕਰ ਤਰ ਗਈਆਂ।

ਭਰ ਜੇਬਾਂ ਪ੍ਰਦੇਸੀ ਘਰ ਨੂੰ ਪਰਤੇ ਜਦ
ਤੱਕ ਸੱਖਣੇ ਵਿਹੜੇ ਅੱਖਾਂ ਭਰ ਗਈਆਂ।

ਮੂੰਹ ਖੁੱਲੇ ਵੇਖੇ ਜਦ ਸਭ ਬਜ਼ਾਰਾਂ ਦੇ
ਜੇਬਾਂ ਖੁੱਲਣ ਤੋਂ ਪਹਿਲਾਂ ਹੀ ਡਰ ਗਈਆਂ।

ਪਸ਼ੂ ਉਡੀਕਣ ਬੱਝੇ ਖੁਰਲੀਆਂ ਤੇ
ਫਸਲਾਂ ਵੈਰੀਆਂ ਨੇ ਆ ਜੋ ਚਰ ਲਈਆਂ।

ਵਿਦੇਸ਼ਾਂ ਨੂੰ ਤੁਰੀ ਜਾਵੇ ਕੁਲ ਜਵਾਨੀ ਹੀ
ਰਾਖਿਆਂ ਰਾਹੀਂ ਲੱਗੀਆਂ ਸੰਨਾਂ ਤਰ ਗਈਆਂ।

ਕਿਵੇਂ ਸੰਭਾਲੀਏ ਬਿਖਰੇ ਰਿਸ਼ਤਿਆਂ ਨੂੰ
ਪੈਸੇ ਦੀਆਂ ਪੰਡਾਂ ਜੋ ਮੋਹ ਤੇ ਧਰ ਲਈਆਂ।

ਬੁੱਟਰ ਹੁਣ ਹੱਕ ਲੈਣਾ ਵੀ ਸਿੱਖ ਲਈਏ
ਬੜੀਆਂ ਧੱਕੇਸ਼ਾਹੀਆ ਅਸਾਂ ਨੇ ਜਰ ਲਈਆਂ।

ਡਾ: ਸਤਿੰਦਰਜੀਤ ਕੌਰ ਬੁੱਟਰ

ਰੂਹ ਦੇ ਬੋਲ ਕਵਿਤਾ ਚ ਵੀ ਆਪਣੇ ਅੰਦਰ ਸਮੇਟੀ ਬੈਠੀ ਅੰਧੂਰੇ ਚਾਵਾਂ ਨੂੰ
ਪਤਨੀ ਪਤੀ ਦੇ ਸਨਮੁੱਖ ਖੋਲ ਕੇ ਕਵਿਤਾ ਚ ਸੋਹਣੇ ਢੰਗ ਨਾਲ ਗੱਲ ਕਹੀ ਗਈ ਹੈ।

ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਜੋਤ ਜਗਾ ਕੇ ਇਸ਼ਕੇ ਦੀ ਮੈਨੂੰ
ਉਸਦੇ ਵਿੱਚ ਰਲਾ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਪਾਕ ਮੁਹੱਬਤ ਜੁਰਮ ਹੈ ਜੇਕਰ
ਮੈਨੂੰ ਭੱਠੀ ਵਿੱਚ ਜਲਾ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ

ਯਾਦ 'ਚ ਤੇਰੀ ਲੀਨ ਮੈ ਹੋਈ
ਭਟਕਾਂ ਵਿੱਚ ਥਲਾਂ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਜਿੰਨਾ ਮੈ ਦੁਨੀਆਂ 'ਚ ਵੜਸਾਂ
ਗੁਨਾਹਾਂ ਨਾਲ ਪਲਾਂ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਵਿੱਚ ਵਿਛੋੜੇ ਤੜਫਾਂ ਮੈ ਤਾਂ
ਤੂੰ ਆਪਣੇ ਕੋਲ ਬੁਲਾ।
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ ।

ਸਭ ਕੁਝ ਮੈ ਤਾਂ ਤੈਨੂੰ ਜਾਣਾ
'ਬੁੱਟਰ' ਤੂੰ ਮੇਰਾ ਹੈਂ ਅੱਲਾ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਡਾ: ਸਤਿੰਦਰਜੀਤ ਕੌਰ ਬੁੱਟਰ

ਡਾ: ਸਤਿੰਦਰਜੀਤ ਕੌਰ ਬੁੱਟਰ ਕਿਤੇ ਵਜੋ ਵਿਦਿਆ ਦੇ ਖੇਤਰ ਵਿੱਚ ਇਕ ਲੈਕਚਰਾਰ ਦੀ ਪੋਸਟ ਤੇ ਵਧੀਆ ਕਾਰਗੁਜ਼ਾਰੀ ਚ ਜਾਣੇ ਜਾਂਦੇ ਹਨ । ਇਹਨਾ ਦੇ ਵਿਦਿਆ ਸੇਵਾਂਵਾ ਦੇਖਕੇ ਬੈਸਟ ਟੀਚਰ ਸਨਮਾਨ ਪੰਜ਼ਾਬ ਸਰਕਾਰ ਵੱਲੋ ਸਨਮਾਨ ਪੱਤਰ ਤੇ ਸ਼ੀਲਡ ਦੇ ਕੇ ਨਿਵਾਜ਼ਿਆ ਗਿਆ ਸੀ। ਸਟੇਟ ਅਵਾਰਡ ਵੀ ਇਹਨਾ ਨੂੰ ਮਿਲ ਚੁੱਕਾ ਹੈ ਕਈ ਸਾਹਿਤਕ ਮੰਚਾਂ ਵੱਲੋ ਵੀ  ਮਾਣ ਸਨਮਾਨ ਮਿਲਦੇ ਰਹਿੰਦੇਂ ਹਨ। ਥੋੜਾ ਜਿਹਾ ਸਮਾਂ ਪਹਿਲਾਂ ਸਾਹਿਤਕ ਸਦੇ ਉਪਰ ਕਨੇਡਾ ਦੀ ਧਰਤੀ ਤੇ ਕਈ ਸਾਹਿਤਕ ਮਿਲਣੀਆ ਚ ਹਿਸਾ ਇਹਨਾ ਵੱਲੋਂ ਲਿਆ ਗਿਆ ਤੇ ਪੰਜ਼ਾਬੀ ਮਾਂ ਬੋਲੀ ਦੀ ਪਰਫੁਲਤਾ ਲਈ ਭਾਸ਼ਣ ਵੀ ਦਿਤੇ ਗਏ ਸਨ। ਸਾਹਿਤਕ ਅਤੇ ਵਿਦਿਅਕ ਖੇਤਰਾਂ ਵਿੱਚ ਇੱਕੋ ਵੇਲ਼ੇ ਮੱਲਾਂ ਮਾਰਨ ਵਾਲ਼ੀ
ਖ਼ੂਬਸੂਰਤ ਸਿਰਮੌਰ ਸ਼ਾਇਰਾਂ 

                   ਡਾ: ਸਤਿੰਦਰਜੀਤ ਕੌਰ ਬੁੱਟਰ ਇੱਕ

 ਸੈਨਾ ਅਧਿਕਾਰੀ ਸ੍ਰ ਜਗਤਾਰ ਸਿੰਘ ਸੰਧੂ ਦੇ ਘਰ ਅਧਿਆਪਕ ਮਾਤਾ ਸਰਦਾਰਨੀ ਗੁਰਚਰਨ ਕੌਰ ਜੀ ਦੀ ਕੁਖੋਂ ਪੱਟੀ(ਤਰਨ ਤਾਰਨ)  'ਚ ਜਨਮੀ ਡਾ: ਬੁੱਟਰ 
ਬਚਪਨ ਤੋਂ ਹੀ ਹਰ ਦੁਖੀ ਇਨਸਾਨ ਨਾਲ ਹਮਦਰਦੀ ਰੱਖਣ ਤੇ ਉਸ ਦਾ ਹਰ ਦੁੱਖ ਦੂਰ ਕਰਨਾ ਚਾਹੁੰਦੀ ਹੋਣ ਕਾਰਨ ਉਸਨੂੰ  ਨੂੰ ਲਿਖਣ ਦਾ ਸ਼ੌਕ ਵਧਦਾ ਗਿਆ। ਲੋਕਾਈ ਦੇ ਦਰਦ ਤੇ ਸੰਵੇਦਨਾ ਨੂੰ ਉਸ ਨੇ ਕਾਗਜ ਤੇ ਉਲੀਕਣਾ ਸੁਰੂ ਕਰ ਦਿੱਤਾ ਜੋ ਨਿਰੰਤਰ ਜਾਰੀ ਹੈ। ਕਵਿਤਾ,ਕਹਾਣੀ ਤੇ ਲੇਖ ਰਚਨਾਵਾਂ ਦੀ ਸਿਰਜਕ  ਇਸ ਲੇਖਿਕਾ ਨੇ ਸਮਾਜਿਕ ਦਰਦ ਦੀ ਸੂਝ ਤੇ ਪ੍ਰੇਰਨਾ ਆਪਣੇ ਸਤਿਕਾਰਯੋਗ ਮਾਤਾ ਜੀ ਕੋਲੋਂ ਅਤੇ ਸਾਹਿੱਤ ਵਿਚਾਰ ਪ੍ਰਗਟਾਅ  ਸੂਝ ਆਪਣੇ ਪੀ ਐੱਚ ਡੀ ਨਿਗਰਾਨ ਵਿਦਵਾਨ ਅਧਿਆਪਕ ਡਾ : ਜੋਗਿੰਦਰ ਸਿੰਘ ਕੈਰੋਂ  ਤੋਂ ਪ੍ਰਾਪਤ ਕੀਤੀ। 
ਜਸਵੰਤ ਸਿੰਘ ਕੰਵਲ ਜੀ ਦੇ ਨਾਵਲਾਂ ਵਿੱਚ ਲੋਕਧਾਰਾਈ ਰੂਪਾਂਤਰਣ ਤੇ ਗੁਰੂ ਨਾਨਕ ਦੇਵ ਯੂਨੀ:  ਤੋਂ ਪੀ ਐੱਚ ਡੀ ਕੀਤੀ। 

ਡਾ: ਸਤਿੰਦਰਜੀਤ ਕੌਰ ਬੁੱਟਰ ਲੈਕਚਰਾਰ ਪੰਜਾਬੀ ਵਜੋਂ ਸਿੱਖਿਆ ਵਿਭਾਗ  ਪੰਜਾਬ ਚ ਕਾਰਜਸ਼ੀਲ ਹੈ ਅਤੇ ਪੰਜਾਬ ਸਰਕਾਰ ਵੱਲੋ ਵਧੀਆ ਸੇਵਾਵਾਂ ਕਰਕੇ ਸਟੇਟ ਐਵਾਰਡ ਵੀ ਦਿੱਤਾ ਗਿਆ ਹੈ। ਇਸ ਕਲਮ ਤੋਂ ਅੱਠ ਦਸ ਕਿਤਾਬਾਂ ਵੀ ਛੱਪ ਚੁਕੀਆਂ ਹਨ।
        ਰੂਹ ਦੇ ਬੋਲ (ਕਾਵਿ ਸੰਗ੍ਰਹਿ)ਦਰਦ(ਕਾਵਿ ਸੰਗ੍ਰਹਿ) 
ਕਾਵਿ ਸੰਗ੍ਰਹਿ ਜ਼ਖ਼ਮੀ ਰੂਹ, ਤਿੜਕੇ ਰਿਸ਼ਤੇ, ਨਵੀਆਂ ਪੈੜਾਂ, ਫੁੱਲ ਕਲੀਆਂ ਤੋਂ ਇਲਾਵਾ ਵਾਰਤਕ ਰਚਨਾਵਾਂ ਧਰਤ ਪੰਜਾਬ ਦੀ, ਦਰਪਣ, ਸ਼ੀਸ਼ਾ ਬੋਲਦਾ ਹੈ ਤੇ ਸਫ਼ਰ ਸੋਚਾਂ ਦਾ ਉਸ ਦੀਆਂ ਸਾਹਿੱਤਕ
 ਕਿਰਤਾਂ ਹਨ।
ਅਖੀਰ ਵਿੱਚ ਸਾਹਿਤ ਤੇ ਵਿਦਿਆ ਦੇ ਖੇਤਰ ਵਿੱਚ ਮਾਰ ਰਹੀ ਮੱਲਾਂ ਸਖ਼ਸ਼ੀਅਤ ਵੱਲੋ ਪਾਠਕਾਂ ਨੂੰ ਬਹੁਤ ਉਮੀਦਾ ਹਨ।
ਧੰਨਵਾਧ ਸਾਹਿਤ ਗੁਰਚਰਨ ਸਿੰਘ ਧੰਜ਼ੂ ਪਟਿਆਲਾ

ਨਿਮਰਤਾ ✍ ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ

(ਕਵਿਤਾ)     ‌‌ਨਿਮਰਤਾ
ਨਿਮਰਤਾ ਨਾਲ ਇਨਸਾਨ
ਮਹਾਨ ਜਾਪੇ
ਨਫਰਤ ਆਵੇ ਨਾ ਨੇੜੇ
ਨੱਸ ਜਾਵੇ ਦੂਰ ਆਪੇ

ਨਿਮਰਤਾ ਨਾਲ ਚਿੱਤ ਨਿਹਾਲ ਹੋਵੇ
ਮਸਤੀ ਦੇ ਸਰੂਰ
ਅੰਦਰ ਰੂਹ ਖੋਵੇ
 ਪੱਲੇ ਹਾਸੇ  ਤੇ
ਹੰਝੂਆਂ ਨਾਲ ਨਾ
ਕੋਈ ਮੁੱਖ ਧੋਵੇ

ਨਿਮਰਤਾ ਨਾਲ  ਕਾਰ ਵਿਹਾਰ
ਵੱਧੇ ਫੁੱਲੇ
ਬਲੁੰਦ ਹੌਸਲੇ ਲੁੱਟੀਏ ਅਸੀਂ ਬੁੱਲੇ
ਸ਼ੁਕਰਾਨਾ ਡਾਢੇ
ਦਾ ਕਰਨਾ ਨਾ ਭੁੱਲੇ

ਨਿਮਰਤਾ  ਨਾਲ ਖੂਬਸੂਰਤ
ਖਿਆਲ  ਆਉਂਦੇ
ਸੁਨਿਹਰੇ ਪਲ   ਨੇ ਰੋਣਕਾਂ ਲਾਉਂਦੇ
ਬਾਣੀ ਰੱਬ ਦੀ
ਸੱਚਮੁੱਚ ਫੇਰ ਧਿਆਉਂਦੇ

ਦਿਲ ਜਿੱਤਣਾਂ ਫੇਰ ਅਸਾਨ ਹੋਵੇ

ਮੇਰੀ ਮੇਰੀ ਪਿੱਛੇ ਨਾ ਘਾਣ ਹੋਵੇ
ਅਸ਼ੋਕ ਨਾਲ ਨਿਮਰਤਾ
ਹੀ ਮਾਣ ਹੋਵੇ 

ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ
9914183731