ਪੁਸਤਕ ਰੀਵੀਊ

ਸ਼ਿਵ ਨਾਥ ਦਰਦੀ ਨਾਲ ਥੋੜੀ ਬਹੁਤੀ ਜਾਣ ਪਹਿਚਾਣ ਪਹਿਲਾਂ ਹੀ ਸੀ। ਪਰ ਜਦੋੰ ਉਸਨੇ ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਦੀ ਸਥਾਪਨਾ ਕੀਤੀ ਤਾਂ ਉਸ ਨਾਲ ਸਾਂਝ ਹੋਰ ਵੀ ਪਰਪੱਕ ਹੋ ਗਈ। ਉਹ ਬਹੁਤ ਹੀ ਬੀਬਾ ਅਤੇ ਮਿਲਣਸਾਰ ਇਨਸਾਨ ਹੈ। ਜਿੱਥੇ ਉਹ ਸਾਹਿਤ ਦੀ ਫ਼ੁਲਵਾੜੀ ਚ,ਖਿੜਿਆ ਹੋਇਆ ਗੁਲਾਬ ਹੈ। ਉੱਥੇ ਉਹ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹੈ। ਅਨੇਕਾਂ ਵਾਰ ਖੂਨ ਦਾਨ ਕਰ ਚੁੱਕਿਆ ਸ਼ਿਵ ਨਾਥ ਦਰਦੀ ਖੂਨ ਦਾਨ ਨੂੰ ਸੱਭ ਤੋਂ ਵੱਡਾ ਦਾਨ ਸਮਝਦਾ ਹੈ। ਅੱਜਕੱਲ ਉਹ ਅਪਣੀ ਧਰਮ ਪਤਨੀ ਅਤੇ ਦੋ ਬੇਟਿਆਂ ਨਾਲ ਬਾਬਾ ਫ਼ਰੀਦ ਜੀ ਵਰਸੋਈ ਨਗਰੀ ਫ਼ਰੀਦਕੋਟ ਵਿਖੇ ਰਹਿ ਰਿਹਾ ਹੈ। ਸਟੇਟ ਐਵਾਰਡੀ ਹੋਣ ਦੇ ਨਾਲ ਨਾਲ ਉਸਨੂੰ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਦੀਆਂ ਕਵਿਤਾਵਾਂ ਆਮ ਹੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਅੱਜ ਗੱਲ ਕਰਦਾਂ ਹਾਂ ਉਸਦੀ ਪਿੱਛੇ ਜਿਹੇ ਆਈ ਕਿਤਾਬ "ਦੁਖਿਆਰੇ ਲੋਕ;ਬਾਰੇ ਬਹੁਤ ਸੋਹਣੇ ਸਰਵਰਕ ਵਧੀਆ ਕਵਿਤਾਵਾਂ ਨਾਲ਼ ਸਿੰਗਾਰੀ ਇਸ ਪੁਸਤਕ ਵਿੱਚ ਜਿੱਥੇ ਉਸਨੇ ਮੁਹੱਬਤ ਦੀ ਗੱਲ ਕੀਤੀ ਹੈ। ਉੱਥੇ ਉਹ ਕਿਰਤੀਆਂ ਕਿਸਾਨਾ ਤੇ ਫ਼ੁੱਟਪਾਥਾਂ ਤੇ ਰਹਿਕੇ ਮੰਗਦੇ ਲੋਕਾਂ ਦਾ ਦਰਦ ਵੀ ਬਿਆਨ ਕਰਨੋਂ ਪਿੱਛੇ ਨਹੀਂ ਹਟਿਆ। 68 ਪੰਨਿਆਂ ਦੀ ਇਸ ਕਿਤਾਬ ਵਿੱਚ ਕੁੱਲ 56 ਰਚਨਾਵਾਂ ਹਨ। ਦੁਖਿਆਰੇ ਲੋਕ;ਚ ਉਸਦੀ ਪਹਿਲੀ ਕਵਿਤਾ ਪਹਿਚਾਣ ਚ,ਉਹ ਲਿਖਦਾ ਹੈ,,,,
ਕੀ ਕਰਨਾ,ਐਸੇ ਮੰਦਿਰ ਨੂੰ,
ਜਿਸ ਮੰਦਿਰ ਵਿੱਚ ਭਗਵਾਨ ਨਾ ਹੋਵੇ,
ਕੀ ਕਰਨਾ ਐਸੇ ਬਾਗਾਂ ਨੂੰ,
ਜਿੱਥੇ ਮਹਿਕਦੀ ਕੋਈ ਮੁਸਕਾਨ ਨਾ ਹੋਵੇ।
ਕੀ ਕਰਨਾ,ਐਸੀ ਦੁਨੀਆਂ ਨੂੰ,
ਜਿੱਥੇ ਵਸਦਾ ਕੋਈ ਇਨਸਾਨ ਨਾ ਹੋਵੇ,
ਕੀ ਕਰਨਾ,ਐਸੇ ਦਿਲ ਨੂੰ,
ਜਿਸ ਵਿੱਚ ਪਿਆਰ ਨਾ ਹੋਵੇ,ਜਾਨ ਨਾ ਹੋਵੇ।
ਸ਼ਿਵ ਕੀ ਕਰਨਾ,ਐਸੇ ਬੰਦੇ ਨੂੰ,
ਜਿਸਦੀ ਅਪਣੀੰ,ਕੋਈ ਪਹਿਚਾਣ ਨਾ ਹੋਵੇ।
ਅਪਣੇ ਆਪ ਚ ਹੀ ਬਹੁਤ ਕੁੱਝ ਬਿਆਨਾਦੀ ਕਵਿਤਾ ਹੈ। ਇਸੇ ਤਰ੍ਹਾਂ,,,,,,,ਬਜਾਰਾਂ ਅੰਦਰ ਕਵਿਤਾ ਚ ਉਹ ਲਿਖਦਾ ਹੈ ਕਿ,,,,,,,,
ਸ਼ਾਇਰਾਂ ਤੇ ਫ਼ਨਕਾਰਾਂ ਅੰਦਰ,
ਵਿਕ ਗਿਆ,ਯਾਰ ਬਜਾਰਾਂ ਅੰਦਰ 
ਮਹਿੰਗੇ ਚਾਵਾਂ ਨੂੰ, ਖਰੀਦੇ ਕਿਵੇਂ,
ਦੱਬ ਕੇ ਰਹਿ ਗਿਆ,ਭਾਰਾਂ ਅੰਦਰ।
ਕਵਿਤਾ ਵੀ ਸਾਡੇ ਸਮਾਜਿਕ ਦਰਦ ਦਰਸਾਉੰਦੀ ਬਹੁਤ ਵਧੀਆ ਕਵਿਤਾ ਹੈ। ਉਹ ਕੋਈ ਵੀ ਹੋਵੇ ਜਿਸਨੇ ਕੋਈ ਦਰਦ ਨੇੜਿਓਂ ਤੱਕਿਆ ਹੋਵੇ ਤਾਂ ਉਹੀ ਮਹਿਸੂਸ ਕਰ ਸਕਦਾ ਹੈ। ਤੇ ਮਜਬੂਰੀ ਕਵਿਤਾ ਚ ਉਹ ਲਿਖਦਾ ਹੈ,,,,,,,,,,,
ਕੀ ਪਤਾ ਕਿਸੇ ਨੂੰ,
ਕੀ ਹੁੰਦੀ ਹੈ,ਜਿੰਦਗੀ ਦੂਰ ਦੀ।
ਲੁੱਟ ਮੁੱਢ ਤੋੰ ਹੁੰਦੀ ਰਹੀ ਏ
ਕਿਸਾਨ ਤੇ ਮਜਦੂਰ ਦੀ।
ਕੀ ਪਤਾ ਕਿਸੇ ਨੂੰ,,,,,,,,,,,
ਇਸ ਕਵਿਤਾ ਜਿੱਥੇ ਉਸਨੇ ਕਿਸਾਨ ਮਜਦੂਰ ਦੀ ਮਜਬੂਰੀ ਦੀ ਗੱਲ ਕੀਤੀ ਹੈ। ਇਸ ਕਵਿਤਾ ਵਿੱਚ ਉਹ ਹਾਕਮ ਨਾਲ ਆਢਾ ਲਾਉੰਦਾ ਵੀ ਨਜਰ ਆਉੰਦਾ ਹੈ। ਕੱਚੇ ਮੁਲਾਜ਼ਮਾਂ ਦੇ ਦਰਦ ਦੀ ਗੱਲ ਕਰਦੀ ਕਵਿਤਾ ਕੱਚੇ ਮੁਲਾਜ਼ਮਾਂ ਵਿੱਚ ਲਿਖਦਾ ਹੈ ਕਿ,,,,,
ਸੂਟ ਮੰਗਦੇ,ਬੂਟ ਮੰਗਦੇ,
ਕੀ ਕਰਾਂ ਮੈੰ,ਮੰਗਦੇ ਬੱਚੇ ਦਾ 
ਔਖਾ ਟਾਈਮ ਹੈ,ਲੰਘਦਾ ਯਾਰੋ
ਹਰ ਮੁਲਾਜ਼ਮ ਕੱਚੇ ਦਾ।
ਇੱਕ ਤਾਂ ਥੋੜੀ ਦਿੰਦੇ,
ਦੂਜੀ ਲੇਟ ਕਰਦੇ ਨੇ ਤਨਖਾਹ
ਮੁਰਦਾ ਜਾਨ ਨੂੰ ਮਿਲਦੇ ਜਿਵੇਂ,
ਥੋੜੇ ਬਹੁਤੇ ਸਾਹ,
ਕੋਈ ਮੁੱਲ ਨਾ ਪੈੰਦਾ ਇੱਥੇ,
ਯਾਰੋ ਧੁੱਪ ਚ ਮੱਚੇ ਦਾ।
ਔਖਾ ਟਾਈਮ ਹੈ ਲੰਘਦਾ ਯਾਰੋ,,,,,,,,
ਬਹੁਤ ਵਧੀਆ ਕਵਿਤਾ ਹੈ। ਕੁੱਲ ਮਿਲਾਕੇ ਸਾਰੀ ਕਿਤਾਬ ਹੀ ਪੜਨਯੋਗ ਹੈ। ਸ਼ਿਵ ਨਾਥ ਦਰਦੀ ਨੂੰ ਉਸਦੀ ਪਹਿਲੀ ਕਿਰਤ ਵਧਾਈ ਦਿੰਦਾ ਹੋਇਆ। ਪਾਠਕਾਂ ਨੂੰ ਕਹਿੰਦਾ ਹਾਂ ਕਿ ਉਹ ਇਹ ਕਿਤਾਬ ਜਰੂਰ ਪੜਨ। ਮੈਨੂੰ ਉਮੀਦ ਹੈ ਕਿ ਦੁਖਿਆਰੇ ਲੋਕ; ਪੜਦੇ ਹੋਏ ਤੁਹਾਨੂੰ ਨਿਰਾਸ਼ਾ ਨਹੀ ਹੋਵੇਗੀ। ਸੋ ਇਸੇ ਉਮੀਦ ਨਾਲ ਸ਼ਿਵ ਨਾਥ ਦਰਦੀ ਨੂੰ ਮੁਬਾਰਕਬਾਦ ਦਿੰਦਾ ਹੋਇਆ। ਉਸਦੀ ਕਲਮ ਨੂੰ ਨਿਰੰਤਰ ਚਲਣ ਦੀ ਦੁਆ ਕਰਦਾ ਹਾਂ।
      ਜਸਵੀਰ ਫ਼ੀਰਾ