ਸ਼ੁਭ ਸਵੇਰ ਦੋਸਤੋ,

ਕੁਦਰਤ ਵਿਚ, ਪ੍ਰਕਿਰਤੀ ਦਾ ਭਾਗ ਹੋ ਕੇ ਵਿਚਰਨਾ ਸਾਡੇ ਕਿਰਦਾਰ ਦੀ ਸਭ ਤੋਂ ਉੱਚੀ ਸਿੱਖਰ ਹੁੰਦੀ ਹੈ। ਸਵੇਰ ਤੋਂ ਸ਼ਾਮ ਤੱਕ ਸ਼ੁਭ ਇੱਛਾਵਾਂ ਵੰਡਦੇ ਰਹਿਣਾ, ਅਸੀਸਾਂ ਲੈਦੇ ਰਹਿਣਾ, ਬਜ਼ੁਰਗਾਂ ਦਾ ਅਦਬ ਕਰਨਾ, ਬੱਚਿਆਂ ਨੂੰ ਪਿਆਰ ਕਰਨਾ, ਔਰਤ ਦੇ ਹਰ ਰੂਪ ਦਾ ਸਤਿਕਾਰ ਕਰਨਾ, ਕਿਸੇ ਬੇਵੱਸ ਦਾ ਸਹਾਰਾ ਬਣਨਾ, ਆਪਣੇ ਆਪ ਵਿੱਚ ਪ੍ਰਸੰਨ ਰਹਿਣਾ, ਰੂਹ ਨੂੰ ਰਾਜ਼ੀ ਰੱਖਣਾ, ਜੀਵਨ ਮਾਨਣ ਦੀ ਸਭ ਤੋਂ ਉੱਤਮ ਕਲਾ ਹੈ।
   ਜਿਸ ਇਨਸਾਨ ਵਿੱਚ ਕੁਦਰਤੀ ਕਲਾ ਦੀ ਕੋਈ ਵੀ ਕਣੀ ਹੋਵੇ, ਓਹ ਮੰਨੇ ਭਾਵੇਂ ਨਾ ਮੰਨੇ ਪਰ ਓ ਆਮ ਨਾਲੋਂ ਔਰਤ ਦੇ ਸਾਥ ਵਿੱਚ ਜ਼ਿਆਦਾ ਸੰਤੁਸਟ ਰਹਿੰਦਾ ਹੈ ਕਿਉਂਕਿ ਔਰਤ ਕੁਦਰਤ ਦੀ ਸਰਵਉੱਚ ਕਲਾਕ੍ਰਿਰਤ ਹੋਣ ਕਰਕੇ ਸੁਭਾਅ ਵੱਲੋਂ ਹੀ ਕਲਾ ਦੀ ਪ੍ਰਸ਼ੰਸਕ ਹੁੰਦੀ ਹੈ! ਇਸੇ ਕਰਕੇ ਇਹ ਕੁਦਰਤ ਦੀਆਂ ਪਰੀਆਂ ਕਿਸੇ ਕਲਾਕਾਰ ਮਰਦ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ।
    ਸਾਡੇ ਸਮਾਜਿਕ ਤਾਣੇ ਬਾਣੇ ਵਿੱਚ ਔਰਤਾਂ ਨੂੰ ਹਾਲੇ ਵੀ ਸਮਾਜਿਕ ਬੰਧਨਾਂ, ਪਰਿਵਾਰਕ ਜ਼ੁੰਮੇਵਾਰੀਆਂ ਅਤੇ ਸੱਭਿਆਚਾਰਕ ਮਜਬੂਰੀਆਂ ਕਰਕੇ ਆਪਣੇ ਕੁਦਰਤੀ ਗੁਣਾਂ ਨੂੰ ਪ੍ਰਗਟਾਉਣ ਦੇ ਅਧਿਕ ਮੌਕੇ ਨਹੀਂ ਮਿਲਦੇ, ਨਹੀਂ ਤਾਂ ਓਹ ਹੈ ਕੀ ਜੋ ਇਹ ਕਲਾ ਦੇ ਖੇਤਰ ਵਿੱਚ ਨਹੀਂ ਸਿਰਜ ਸਕਦੀਆਂ?
   ਕਿਸੇ ਕਿਸੇ ਭਾਗਾਂ ਵਾਲੇ ਘਰ ਦੀ ਦਹਿਲੀਜ਼ ਦੇ ਪਹੁੰਚਦਿਆਂ ਹੀ ਅੰਦਰ ਰਹਿੰਦੀ ਸੁਚਿਆਰੀ ਔਰਤ ਦੀ ਕਲਾਕਾਰੀ ਬਾਹਰੋਂ ਹੀ ਨਜ਼ਰ ਆਉਣ ਲੱਗ ਜਾਂਦੀ ਹੈ। ਕਲਾਕਾਰ ਔਰਤ ਸਭ ਰਿਸ਼ਤਿਆਂ ਲਈ ਹਾਂ ਪੱਖੀ ਹੁੰਗਾਰਾ ਹੁੰਦੀ ਹੈ। ਉਝ ਤਾਂ ਕਿਸੇ ਸਧਾਰਨ ਔਰਤ ਨੂੰ ਵੀ ਕਲਾਕਾਰ ਬਣਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਔਰਤਾਂ ਜਨਮਜਾਤ ਹੀ ਕਲਾਕਾਰ ਹੁੰਦੀਆਂ ਹਨ। ਔਰਤ ਕਿਸੇ ਧੰਨਵਾਦ ਦੀ ਬਿਰਤੀ ਬਿਨਾ ਜੀਵਨ ਸਿਰਜਦੀ ਹੈ। ਮੇਰਾ ਮੰਨਣਾ ਹੈ ਕਿ ਹੁਣ ਵੀ ਹਰ ਕਲਾਕਾਰ ਓਹ ਕਿਸੇ ਵੀ ਖੇਤਰ ਦਾ ਹੋਵੇ ਉਸਦੀ ਪ੍ਰੇਰਨਾ-ਸ੍ਰੋਤ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਨਾ ਕੋਈ ਔਰਤ ਹੀ ਹੁੰਦੀ ਹੈ।
   ਕੁਦਰਤ ਦੀਆਂ ਇਹ ਤਿੱਤਲੀਆਂ ਯਾਦ ਆ ਕੇ ਹੀ ਦਿਲ ਦਾ ਵਿਹੜਾ ਮਹਿਕਾ ਦਿੰਦੀਆਂ ਨੇ ਜੇਕਰ ਕੋਲ ਹੋਣ ਤਾਂ ਸਵਰਗ ਦੀ ਹੋਰ ਕੋਈ ਪ੍ਰੀਭਾਸ਼ਾ ਨਹੀਂ ਹੁੰਦੀ। ਇਹ ਰੂਹਦਾਰੀ ਦਾ ਅੰਬਰ ਹੁੰਦੀਆਂ ਹਨ। ਇਹ ਹਮੇਸ਼ਾ ਪ੍ਰਕਿਰਤੀ ਨਾਲ ਇੱਕ ਮਿੱਕ ਹੋਣ ਦਾ ਸੁਨੇਹਾ ਦਿੰਦੀਆਂ ਨੇ, ਇਹ ਅੰਦਰਲੇ ਦਾ ਬਾਹਰਲੇ ਨਾਲ ਸਮਝੋਤਾ ਹੁੰਦੀਆਂ ਨੇ, ਜੀਵਨ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਹੁੰਦੀਆਂ ਨੇ, ਰੱਬ ਰਜਾਈਆਂ ਹੁੰਦੀਆਂ ਨੇ, ਸੱਜਣ ਤੋਂ ਵਾਰੇ ਜਾਣ ਦੀ ਇੱਛਾ ਰੱਖਦੀਆਂ ਨੇ, ਮੁਹੱਬਤ ਦਾ ਬਾਗ਼ ਹੁੰਦੀਆਂ ਨੇ, ਤੀਆਂ ਦਾ ਤਿਉਹਾਰ ਹੁੰਦੀਆਂ ਨੇ, ਪਰਿਵਾਰ ਲਈ ਹਰ ਵਕਤ ਤਰ ਵਰ ਤਿਆਰ ਹੁੰਦੀਆਂ ਨੇ, ਜਿੱਥੇ ਵੀ ਧੀਆਂ ਭੈਣਾਂ ਤੇ ਮੁਟਿਆਰਾਂ ਇਕੱਠੀਆਂ ਹੋਣ ਉੱਥੇ ਸਾਰੀ ਕੁਦਰਤ ਨੱਚਦੀ ਗਾਉਂਦੀ ਪ੍ਰਤੀਤ ਹੁੰਦੀ ਹੈ।
   ਜੇਕਰ ਰੂਹ ਅੰਦਰ ਔਰਤ ਦੀ ਮੁਹੱਬਤ ਵਾਸਾ ਹੋਵੇ ਤਾਂ ਕੋਈ ਵੀ ਇਕੱਲਾ ਨਹੀਂ ਹੁੰਦਾ, ਹਰ ਸਮੇਂ ਯਾਦਾਂ, ਖੁਆਬਾਂ ਅਤੇ ਅਹਿਸਾਸਾਂ ਵਿਚ ਕੁਦਰਤ ਹੁੰਦੀ ਹੈ (ਜਾਣੀਕਿ ਕੁਦਰਤ ਵਰਗੀਆਂ ਰੂਹਾਂ) ਜੋ ਦੂਰ ਹੋਕੇ ਵੀ ਨਾਲ ਤੁਰਦੀਆਂ ਨੇ… ਰੂਹ ਦੇ ਨੇੜਲੇ ਸੱਜਣਾਂ ਦੇ ਤਾਂ ਨਾਮ ਵੀ ਪਿਆਰੇ ਲੱਗਦੇ ਨੇ, ਸਦਕੇ ਜਾਈਏ ਉਨ੍ਹਾਂ ਰੂਹਾਂ ਦੇ, ਜੋ ਮੁੱਹਬਤ ਦੇ ਦੀਵੇ ਨੂੰ ਚੰਨ, ਸੂਰਜ ਅਤੇ ਤਾਰਿਆਂ ਰਾਹੀਂ ਮਿਲਕੇ ਪ੍ਰੇਮ ਦਾ ਤੇਲ ਪਾ ਜਾਂਦੀਆਂ ਨੇ, ਜਿਸ ਨਾਲ ਦਿਲ ਦਾ ਵਿਹੜਾ ਰੌਸ਼ਨਾਇਆ ਰਹਿੰਦਾ ਹੈ!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ