ਡੂੰਘੇਂ ਅਲਫ਼ਾਜ਼ ਲਿਖਣ ਵਾਲੀ ਲੇਖਿਕਾ ਡ: ਸਤਿੰਦਰਜੀਤ ਕੌਰ ਬੁੱਟਰ ✍ ਗੁਰਚਰਨ ਸਿੰਘ ਧੰਜੂ

ਡੂੰਘੇਂ ਅਲਫ਼ਾਜ਼ ਲਿਖਣ ਵਾਲੀ ਲੇਖਿਕਾ ਡ: ਸਤਿੰਦਰਜੀਤ ਕੌਰ ਬੁੱਟਰ
ਮਾਝੇ ਦੀ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਪਰਾਪਤ ਹੈ ਇਸ ਧਰਤੀ ਦਾ ਸਾਹਿਤ ਰਚਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ।ਅਜ਼ਕਲ ਦੇ ਸਮੇਂ ਚ ਵੀ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਕਲਮਾਂ ਇਸੇ ਧਰਤੀ ਤੇ ਪੰਜ਼ਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਹਨ। ਇਹਨਾ ਕਲਮਾਂ ਵਿੱਚ ਮੋਹਰਲੀ ਕਤਾਰ ਵਿੱਚ ਨਾਮ ਆਉਦਾਂ ਹੈ ਡਾ: ਸਤਿੰਦਰਜੀਤ ਕੌਰ ਬੁੱਟਰ ਜੀ ਦਾ। ਸਾਹਿਤਕ ਅਤੇ ਵਿਦਿਆ ਦੇ ਖੇਤਰ ਵਿੱਚ ਇਕੋ ਵੇਲੇ ਮੱਲਾਂ ਮਾਰਨ ਵਾਲੀ ਸਖ਼ਸ਼ੀਅਤ ਹੈ। ਇਹ ਸਖ਼ਸ਼ੀਅਤ ਇੱਕ ਉਚੀ ਤੇ ਸੁੱਚੀ ਸੋਚ ਦੀ ਮਾਲਕ ਕਵਿਤਾਂ ਚ ਸ਼ਬਦਾਂ ਨੂੰ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਢੁਕਵੇਂ ਥਾਂ ਤੇ ਚੁਣਨ ਤੇ ਚਿਣਨ ਦਾ ਹੁਨਰ ਰੱਖਦੀ ਹੈ। ਇਸ ਕਲਮ ਨੇ ਕਵਿਤਾ ਚ ਹਰੇਕ ਵਿਸ਼ੇ ਨੂੰ ਰੂਹ ਨਾਲ ਲਿਖਕੇ ਕਵਿਤਾ ਨੂੰ ਉਸੇ ਰਸ ਨਾਲ ਖੂਭ ਲਿਖਕੇ ਨਿਭਾਇਆ ਹੈ। 
ਕਵਿਤਾ ਦੀਆਂ ਕੁਝ ਵੰਨਗੀਆਂ ਪਾਠਕਾਂ ਦੇ ਸਾਹਮਣੇ ਰੱਖ ਰਿਹਾਂ ਆਂ ਜੋ ਇਸ ਕਲਮ ਨੂੰ ਉਸੇ ਹਾਵ ਭਾਵ ਨਾਲ ਲਿਖਿਆ ਹੈ।
ਔਰਤ ਦੇ ਦਰਦ ਨੂੰ ਇਸ ਕਲਮ ਨੇ ਕਿੰਨੀ ਬਰੀਕੀ ਚ ਲਿਖਿਆ ਹੈ ਔਰਤ ਸਾਰੀ ਉਮਰ ਪਤੀ ਲਈ ਤੇ ਬੱਚਿਆਂ ਲਈ ਦਰਦਾਂ ਪੀੜਾਂ ਚੋ ਗੁਜਰਦੀ ਹੋਈ ਆਪਣੇ ਫ਼ਰਜ਼ਾ ਨੂੰ ਨਿਭਾਉਦੀਂ ਹੋਈ ਕਠਨਾਈਆਂ ਚੋਂ ਗੁਜ਼ਰਦੀ ਹੈ।              

ਔਰਤ!!!!!
ਔਰਤ ਫਰਜ਼ਾਂ ਦੀ ਪੰਡ  ਹੀ ਸਿਰ   ਧਰਦੀ ਰਹੀ।
ਪਰ ਬੇੜੀ   ਕਦੇ ਡੁੱਬਦੀ ਕਦੇ ਤਰਦੀ ਰਹੀ।

ਸਮਝਿਆ ਗਿਆ  ਇਸ ਨੂੰ ਹੀ ਬੇਗਾਨਾ ਸਦਾ
ਭਾਵੇਂ ਸਭ ਲਈ ਦਿਨ ਰਾਤ ਇਹ ਮਰਦੀ ਰਹੀ।

ਮੁਹੱਬਤ ਨੇ ਇਨੂੰ ਕੀਤਾ ਬਾਲਾਂ ਦੀ ਗੇਂਦ ਵਾਂਗ
ਸਭਨਾਂ  ਦੇ ਠੁੱਡੇ ਖਾ ਜ਼ਿੰਦਗੀ  ਸੰਵਰਦੀ  ਰਹੀ।

ਸੁਪਨੇ ਆਦਿ ਤੋਂ ਹੀ ਸਲੀਬਾਂ ਤੇ ਲਟਕਦੇ ਰਹੇ
ਬੇਵਸੀ ਸੀ ਜੋ ਹਰ ਦੌਰ ਵਿੱਚ ਸਿੱਤਮ  ਜਰਦੀ ਰਹੀ।

ਖ਼ੁਸ਼ੀਆਂ ਦੇਣ ਲਈ ਰਹੀ ਸੀ ਹੋਦ ਇਸਦੀ
ਪਤਾ ਨਹੀਂ ਖ਼ਲਕਤ ਕਿਉ ਫੇਰ ਵੀ ਦੋਸ਼ ਮੱੜਦੀ ਰਹੀ।

ਜਿਸਨੂੰ ਬਣਾਇਆ ਜ਼ਿੰਦਗੀ, ਬੇਗਾਨਾ ਬਣਿਆ
ਪਤਾ ਨਹੀਂ ਜ਼ਹਿਰ ਉਸ ਅੰਦਰ ਕਿੱਥੋਂ ਭਰਦੀ ਰਹੀ।

ਬਣਾਉਣਾ ਚਾਹਿਆ  ਜਦ ਆਪਣਾ ਵਜੂਦ ਉਸ
ਜ਼ਮਾਨੇ ਦੀ ਸੋਚ ਬੁੱਟਰ ਕਹਿਰ ਕਰਦੀ ਰਹੀ।

ਡਾ: ਸਤਿੰਦਰਜੀਤ ਕੌਰ ਬੁੱਟਰ

ਧੀਆਂ ਦਾ ਦਰਦ ਵੀ ਧਨ ਬੇਗਾਨਾਂ ਮਾਪਿਆਂ ਦੇ ਸਿਰਤੇ ਬੋਝ ਹੁੰਦਾਂ ਹੈ ਜੋਂ ਸਮੇਂ ਨੇ ਮੋੜ ਲੈ ਲਿਆ ਜਵਾਨੀ ਮਜ਼ਬੂਰਨ ਵਿਦੇਸ਼ਾ ਵੱਲ ਨੂੰ ਜਾ ਰਹੀ ਕਵਿਤਾ ਚ ਧੀਆਂ ਦਾ ਦਰਦ ਖੂਬ ਲਿਖਿਆ ਹੈ ਤੇ ਗੁਲਾਮੀ ਦੀਆਂ ਜ਼ੰਜ਼ੀਰਾ ਗਲੋਂ ਲੌਹਣ ਦੀ ਗੱਲ ਕਵਿਤਾ ਚ ਸੋਹਣੇ ਢੰਗ ਨਾਲ ਕਹੀ ਗਈ ਹੈ।

ਦਰਦ

ਘਰ ਨੂੰ ਸੁੰਨਾ ਧੀਆਂ ਕਰ ਗਈਆਂ
ਜਾਂਦੀਆਂ ਅੱਖਾਂ ਕਰ ਤਰ ਗਈਆਂ।

ਭਰ ਜੇਬਾਂ ਪ੍ਰਦੇਸੀ ਘਰ ਨੂੰ ਪਰਤੇ ਜਦ
ਤੱਕ ਸੱਖਣੇ ਵਿਹੜੇ ਅੱਖਾਂ ਭਰ ਗਈਆਂ।

ਮੂੰਹ ਖੁੱਲੇ ਵੇਖੇ ਜਦ ਸਭ ਬਜ਼ਾਰਾਂ ਦੇ
ਜੇਬਾਂ ਖੁੱਲਣ ਤੋਂ ਪਹਿਲਾਂ ਹੀ ਡਰ ਗਈਆਂ।

ਪਸ਼ੂ ਉਡੀਕਣ ਬੱਝੇ ਖੁਰਲੀਆਂ ਤੇ
ਫਸਲਾਂ ਵੈਰੀਆਂ ਨੇ ਆ ਜੋ ਚਰ ਲਈਆਂ।

ਵਿਦੇਸ਼ਾਂ ਨੂੰ ਤੁਰੀ ਜਾਵੇ ਕੁਲ ਜਵਾਨੀ ਹੀ
ਰਾਖਿਆਂ ਰਾਹੀਂ ਲੱਗੀਆਂ ਸੰਨਾਂ ਤਰ ਗਈਆਂ।

ਕਿਵੇਂ ਸੰਭਾਲੀਏ ਬਿਖਰੇ ਰਿਸ਼ਤਿਆਂ ਨੂੰ
ਪੈਸੇ ਦੀਆਂ ਪੰਡਾਂ ਜੋ ਮੋਹ ਤੇ ਧਰ ਲਈਆਂ।

ਬੁੱਟਰ ਹੁਣ ਹੱਕ ਲੈਣਾ ਵੀ ਸਿੱਖ ਲਈਏ
ਬੜੀਆਂ ਧੱਕੇਸ਼ਾਹੀਆ ਅਸਾਂ ਨੇ ਜਰ ਲਈਆਂ।

ਡਾ: ਸਤਿੰਦਰਜੀਤ ਕੌਰ ਬੁੱਟਰ

ਰੂਹ ਦੇ ਬੋਲ ਕਵਿਤਾ ਚ ਵੀ ਆਪਣੇ ਅੰਦਰ ਸਮੇਟੀ ਬੈਠੀ ਅੰਧੂਰੇ ਚਾਵਾਂ ਨੂੰ
ਪਤਨੀ ਪਤੀ ਦੇ ਸਨਮੁੱਖ ਖੋਲ ਕੇ ਕਵਿਤਾ ਚ ਸੋਹਣੇ ਢੰਗ ਨਾਲ ਗੱਲ ਕਹੀ ਗਈ ਹੈ।

ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਜੋਤ ਜਗਾ ਕੇ ਇਸ਼ਕੇ ਦੀ ਮੈਨੂੰ
ਉਸਦੇ ਵਿੱਚ ਰਲਾ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਪਾਕ ਮੁਹੱਬਤ ਜੁਰਮ ਹੈ ਜੇਕਰ
ਮੈਨੂੰ ਭੱਠੀ ਵਿੱਚ ਜਲਾ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ

ਯਾਦ 'ਚ ਤੇਰੀ ਲੀਨ ਮੈ ਹੋਈ
ਭਟਕਾਂ ਵਿੱਚ ਥਲਾਂ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਜਿੰਨਾ ਮੈ ਦੁਨੀਆਂ 'ਚ ਵੜਸਾਂ
ਗੁਨਾਹਾਂ ਨਾਲ ਪਲਾਂ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਵਿੱਚ ਵਿਛੋੜੇ ਤੜਫਾਂ ਮੈ ਤਾਂ
ਤੂੰ ਆਪਣੇ ਕੋਲ ਬੁਲਾ।
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ ।

ਸਭ ਕੁਝ ਮੈ ਤਾਂ ਤੈਨੂੰ ਜਾਣਾ
'ਬੁੱਟਰ' ਤੂੰ ਮੇਰਾ ਹੈਂ ਅੱਲਾ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਡਾ: ਸਤਿੰਦਰਜੀਤ ਕੌਰ ਬੁੱਟਰ

ਡਾ: ਸਤਿੰਦਰਜੀਤ ਕੌਰ ਬੁੱਟਰ ਕਿਤੇ ਵਜੋ ਵਿਦਿਆ ਦੇ ਖੇਤਰ ਵਿੱਚ ਇਕ ਲੈਕਚਰਾਰ ਦੀ ਪੋਸਟ ਤੇ ਵਧੀਆ ਕਾਰਗੁਜ਼ਾਰੀ ਚ ਜਾਣੇ ਜਾਂਦੇ ਹਨ । ਇਹਨਾ ਦੇ ਵਿਦਿਆ ਸੇਵਾਂਵਾ ਦੇਖਕੇ ਬੈਸਟ ਟੀਚਰ ਸਨਮਾਨ ਪੰਜ਼ਾਬ ਸਰਕਾਰ ਵੱਲੋ ਸਨਮਾਨ ਪੱਤਰ ਤੇ ਸ਼ੀਲਡ ਦੇ ਕੇ ਨਿਵਾਜ਼ਿਆ ਗਿਆ ਸੀ। ਸਟੇਟ ਅਵਾਰਡ ਵੀ ਇਹਨਾ ਨੂੰ ਮਿਲ ਚੁੱਕਾ ਹੈ ਕਈ ਸਾਹਿਤਕ ਮੰਚਾਂ ਵੱਲੋ ਵੀ  ਮਾਣ ਸਨਮਾਨ ਮਿਲਦੇ ਰਹਿੰਦੇਂ ਹਨ। ਥੋੜਾ ਜਿਹਾ ਸਮਾਂ ਪਹਿਲਾਂ ਸਾਹਿਤਕ ਸਦੇ ਉਪਰ ਕਨੇਡਾ ਦੀ ਧਰਤੀ ਤੇ ਕਈ ਸਾਹਿਤਕ ਮਿਲਣੀਆ ਚ ਹਿਸਾ ਇਹਨਾ ਵੱਲੋਂ ਲਿਆ ਗਿਆ ਤੇ ਪੰਜ਼ਾਬੀ ਮਾਂ ਬੋਲੀ ਦੀ ਪਰਫੁਲਤਾ ਲਈ ਭਾਸ਼ਣ ਵੀ ਦਿਤੇ ਗਏ ਸਨ। ਸਾਹਿਤਕ ਅਤੇ ਵਿਦਿਅਕ ਖੇਤਰਾਂ ਵਿੱਚ ਇੱਕੋ ਵੇਲ਼ੇ ਮੱਲਾਂ ਮਾਰਨ ਵਾਲ਼ੀ
ਖ਼ੂਬਸੂਰਤ ਸਿਰਮੌਰ ਸ਼ਾਇਰਾਂ 

                   ਡਾ: ਸਤਿੰਦਰਜੀਤ ਕੌਰ ਬੁੱਟਰ ਇੱਕ

 ਸੈਨਾ ਅਧਿਕਾਰੀ ਸ੍ਰ ਜਗਤਾਰ ਸਿੰਘ ਸੰਧੂ ਦੇ ਘਰ ਅਧਿਆਪਕ ਮਾਤਾ ਸਰਦਾਰਨੀ ਗੁਰਚਰਨ ਕੌਰ ਜੀ ਦੀ ਕੁਖੋਂ ਪੱਟੀ(ਤਰਨ ਤਾਰਨ)  'ਚ ਜਨਮੀ ਡਾ: ਬੁੱਟਰ 
ਬਚਪਨ ਤੋਂ ਹੀ ਹਰ ਦੁਖੀ ਇਨਸਾਨ ਨਾਲ ਹਮਦਰਦੀ ਰੱਖਣ ਤੇ ਉਸ ਦਾ ਹਰ ਦੁੱਖ ਦੂਰ ਕਰਨਾ ਚਾਹੁੰਦੀ ਹੋਣ ਕਾਰਨ ਉਸਨੂੰ  ਨੂੰ ਲਿਖਣ ਦਾ ਸ਼ੌਕ ਵਧਦਾ ਗਿਆ। ਲੋਕਾਈ ਦੇ ਦਰਦ ਤੇ ਸੰਵੇਦਨਾ ਨੂੰ ਉਸ ਨੇ ਕਾਗਜ ਤੇ ਉਲੀਕਣਾ ਸੁਰੂ ਕਰ ਦਿੱਤਾ ਜੋ ਨਿਰੰਤਰ ਜਾਰੀ ਹੈ। ਕਵਿਤਾ,ਕਹਾਣੀ ਤੇ ਲੇਖ ਰਚਨਾਵਾਂ ਦੀ ਸਿਰਜਕ  ਇਸ ਲੇਖਿਕਾ ਨੇ ਸਮਾਜਿਕ ਦਰਦ ਦੀ ਸੂਝ ਤੇ ਪ੍ਰੇਰਨਾ ਆਪਣੇ ਸਤਿਕਾਰਯੋਗ ਮਾਤਾ ਜੀ ਕੋਲੋਂ ਅਤੇ ਸਾਹਿੱਤ ਵਿਚਾਰ ਪ੍ਰਗਟਾਅ  ਸੂਝ ਆਪਣੇ ਪੀ ਐੱਚ ਡੀ ਨਿਗਰਾਨ ਵਿਦਵਾਨ ਅਧਿਆਪਕ ਡਾ : ਜੋਗਿੰਦਰ ਸਿੰਘ ਕੈਰੋਂ  ਤੋਂ ਪ੍ਰਾਪਤ ਕੀਤੀ। 
ਜਸਵੰਤ ਸਿੰਘ ਕੰਵਲ ਜੀ ਦੇ ਨਾਵਲਾਂ ਵਿੱਚ ਲੋਕਧਾਰਾਈ ਰੂਪਾਂਤਰਣ ਤੇ ਗੁਰੂ ਨਾਨਕ ਦੇਵ ਯੂਨੀ:  ਤੋਂ ਪੀ ਐੱਚ ਡੀ ਕੀਤੀ। 

ਡਾ: ਸਤਿੰਦਰਜੀਤ ਕੌਰ ਬੁੱਟਰ ਲੈਕਚਰਾਰ ਪੰਜਾਬੀ ਵਜੋਂ ਸਿੱਖਿਆ ਵਿਭਾਗ  ਪੰਜਾਬ ਚ ਕਾਰਜਸ਼ੀਲ ਹੈ ਅਤੇ ਪੰਜਾਬ ਸਰਕਾਰ ਵੱਲੋ ਵਧੀਆ ਸੇਵਾਵਾਂ ਕਰਕੇ ਸਟੇਟ ਐਵਾਰਡ ਵੀ ਦਿੱਤਾ ਗਿਆ ਹੈ। ਇਸ ਕਲਮ ਤੋਂ ਅੱਠ ਦਸ ਕਿਤਾਬਾਂ ਵੀ ਛੱਪ ਚੁਕੀਆਂ ਹਨ।
        ਰੂਹ ਦੇ ਬੋਲ (ਕਾਵਿ ਸੰਗ੍ਰਹਿ)ਦਰਦ(ਕਾਵਿ ਸੰਗ੍ਰਹਿ) 
ਕਾਵਿ ਸੰਗ੍ਰਹਿ ਜ਼ਖ਼ਮੀ ਰੂਹ, ਤਿੜਕੇ ਰਿਸ਼ਤੇ, ਨਵੀਆਂ ਪੈੜਾਂ, ਫੁੱਲ ਕਲੀਆਂ ਤੋਂ ਇਲਾਵਾ ਵਾਰਤਕ ਰਚਨਾਵਾਂ ਧਰਤ ਪੰਜਾਬ ਦੀ, ਦਰਪਣ, ਸ਼ੀਸ਼ਾ ਬੋਲਦਾ ਹੈ ਤੇ ਸਫ਼ਰ ਸੋਚਾਂ ਦਾ ਉਸ ਦੀਆਂ ਸਾਹਿੱਤਕ
 ਕਿਰਤਾਂ ਹਨ।
ਅਖੀਰ ਵਿੱਚ ਸਾਹਿਤ ਤੇ ਵਿਦਿਆ ਦੇ ਖੇਤਰ ਵਿੱਚ ਮਾਰ ਰਹੀ ਮੱਲਾਂ ਸਖ਼ਸ਼ੀਅਤ ਵੱਲੋ ਪਾਠਕਾਂ ਨੂੰ ਬਹੁਤ ਉਮੀਦਾ ਹਨ।
ਧੰਨਵਾਧ ਸਾਹਿਤ ਗੁਰਚਰਨ ਸਿੰਘ ਧੰਜ਼ੂ ਪਟਿਆਲਾ