ਮੁਹੱਲਾ ਪ੍ਰੇਮ ਨਗਰ ਮੁੱਲਾਂਪੁਰ ਦੀਆਂ ਤਰਸਯੋਗ ਗਲੀਆਂ ਦਾ ਵਿਧਾਇਕ ਇਆਲੀ ਨੇ ਲਿਆ ਜਾਇਜ਼ਾ

ਮੁੱਲਾਂਪੁਰ ਦਾਖਾ(ਸਤਵਿੰਦਰ ਸਿੰਘ ਗਿੱਲ)-ਮੁੱਲਾਂਪੁਰ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਦੀਆਂ ਪਿਛਲੇ ਸਾਲ-ਡੇਢ ਸਾਲ ਤੋਂ ਖਸਤਾ ਹਾਲਤ ਅਤੇ ਬਦ ਤੋਂ ਬਦਤਰ ਦਸ਼ਾ ਨੂੰ ਦੇਖਦੇ ਹੋਏ ਅੱਜ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਦੌਰਾ ਕੀਤਾ ਗਿਆ ਅਤੇ ਮੁਹੱਲਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਵਿਧਾਇਕ ਇਆਲੀ ਨਾਲ ਗੱਲਬਾਤ ਕਰਦਿਆਂ ਮੁਹੱਲਾ ਵਾਸੀਆਂ ਨੇ ਦੁੱਖੀ ਮਨ ਨਾਲ ਆਪਣੇ ਹਾਲਾਤਾਂ ਬਾਰੇ ਦੱਸਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਆਖਿਆ ਕਿ ਨਗਰ ਕੌਂਸਲ ਅਤੇ ਕਾਂਗਰਸ ਸਰਕਾਰ ਦੀ ਅਣਗਹਿਲੀ ਅਤੇ ਵਿਤਕਰੇਬਾਜੀ ਕਾਰਨ ਮੁਹੱਲਾ ਪ੍ਰੇਮ ਨਗਰ ਦੇ ਵਸਨੀਕ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ।ਮੁਹੱਲੇ ਦੀ ਗਲੀਆਂ ਵਿੱਚ ਗੰਦੇ ਪਾਣੀ ਅਤੇ ਗੰਦਗੀ ਕਾਰਨ ਚਿੱਕੜ ਦਾ ਛੱਪੜ ਲੱਗਿਆ ਹੋਇਆ ਹੈ। ਜਿਸ ਕਾਰਨ ਵਸਨੀਕਾਂ  ਨੂੰ ਲੰਘਣ ਵਿੱਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਆਖਿਆ ਕਿ ਅਕਾਲੀ ਸਰਕਾਰ ਸਮੇਂ ਉਨ੍ਹਾਂ ਹਲਕੇ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਸੀ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਸਨ।ਜਿਸ ਤਹਿਤ ਮੁਹੱਲਾ ਪ੍ਰੇਮ ਨਗਰ ਮੁੱਲਾਂਪੁਰ ਦੀਆਂ ਵਧੀਆ ਤਰੀਕੇ ਨਾਲ ਗਲੀਆਂ ਬਣਵਾਈਆਂ ਸਨ ਪ੍ਰੰਤੂ ਕਾਂਗਰਸ ਸਰਕਾਰ ਨੇ ਝੂਠੇ ਵਾਅਦੇ ਕਰਕੇ ਸੱਤਾ ਹਥਿਆਈ ਸੀ ਅਤੇ ਲੋਕਾਂ ਨੂੰ ਅਕਾਲੀ ਸਰਕਾਰ ਸਮੇਂ ਮਿਲ ਰਹੀਆਂ ਸਹੂਲਤਾਂ ਵੀ ਖੋਹ ਲਈਆਂ। ਇਸ ਮੌਕੇ ਵਿਧਾਇਕ ਇਆਲੀ ਨੇ ਨਗਰ ਕੌੰਸਲ ਮੁੱਲਾਂਪੁਰ ਦੇ ਪ੍ਰਧਾਨ ਤੇਲੂ ਰਾਮ ਬਾਂਸਲ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਗਲੀਆਂ ਬਣਾਉਣ ਲਈ ਕਿਹਾ, ਜਿਸ 'ਤੇ ਨਗਰ ਕੌਂਸਲ ਪ੍ਰਧਾਨ ਬਾਂਸਲ ਨੇ ਕੁੱਝ ਦਿਨਾਂ ਵਿੱਚ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਨਗਰ ਕੌਂਸਲ ਮੁੱਲਾਂਪਰ ਨੂੰ ਇੱਕ ਹਫਤੇ ਦਾ ਅਲਟੀਮੇਟ ਦਿੰਦਿਆਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਇੱਕ ਹਫਤੇ ਵਿੱਚ ਮੁਹੱਲਾ ਪ੍ਰੇਮ ਨਗਰ ਦੀਆਂ ਗਲੀਆਂ ਨਾ ਬਣਾਈਆਂ ਤਾਂ ਉਹ ਆਪਣੇ ਕੋਲੋਂ ਕੰਮ ਸ਼ੁਰੂ ਕਰਵਾਉਣਗੇ।