ਅੰਤਰਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਅਕਾਲੀ ਦਲ (ਅ) ਹਰ ਜ਼ਿਲ੍ਹੇ 'ਚ ਮਨਾਏਗੀ ਗਤਕਾ ਦਿਹਾੜਾ

ਫ਼ਤਹਿਗੜ੍ਹ ਸਾਹਿਬ, ਜੂਨ 2019 - ਬੀਤੇ 5 ਸਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਿਲ੍ਹਾ ਪੱਧਰ 'ਤੇ 21 ਜੂਨ ਦੇ ਦਿਹਾੜੇ ਨੂੰ ਬਤੌਰ 'ਗਤਕਾ ਦਿਹਾੜਾ' ਮਨਾਉਂਦੀ ਆ ਰਹੀ ਹੈ । ਉਸ ਰਵਾਇਤ ਨੂੰ ਜਾਰੀ ਰੱਖਦੇ ਹੋਏ ਇਸ 21 ਜੂਨ ਨੂੰ ਵੀ ਪਾਰਟੀ ਵੱਲੋਂ ਆਪੋ-ਆਪਣੇ ਤੌਰ 'ਤੇ ਜ਼ਿਲ੍ਹਾ ਪੱਧਰ 'ਤੇ ਗਤਕਾ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਸ 'ਚ ਗਤਕਾ ਖਿਡਾਰੀਆਂ ਦੀਆਂ ਟੀਮਾਂ ਭਾਗ ਲੈਣਗੀਆਂ ਅਤੇ ਪ੍ਰਬੰਧਕਾਂ ਵੱਲੋਂ ਉਸ ਉਪਰੰਤ ਟੀਮਾਂ ਨੂੰ ਸਿੱਖੀ ਰਵਾਇਤਾਂ ਅਨੁਸਾਰ ਸਨਮਾਨ ਵੀ ਦਿੱਤੇ ਜਾਣਗੇ। ਇਹ ਐਲਾਨ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ, ਜੰਮੂ-ਕਸ਼ਮੀਰ 'ਚ ਵੱਸਣ ਵਾਲੇ ਸਿੱਖਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਨੂੰ ਇਸ ਗਤਕੇ ਦਿਹਾੜੇ ਨੂੰ ਹਮੇਸ਼ਾ ਦੀ ਤਰ੍ਹਾਂ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ 'ਤੇ ਆਪਣੀ ਸਿੱਖ ਕੌਮ ਦੀ ਵੱਖਰੀ ਅਣਖੀਲੀ ਕੌਮੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਦਿੱਤੀ ਅਤੇ ਸਮੁੱਚੀ ਸਿੱਖ ਕੌਮ ਨੂੰ ਇਨ੍ਹਾਂ ਸਮਾਗਮਾਂ 'ਚ ਹਿੱਸਾ ਲੈਣ ਦੀ ਜ਼ੋਰਦਾਰ ਅਪੀਲ ਵੀ ਕੀਤੀ ।