ਸਰਕਾਰ ਜੀ, ਕਿਰਪਾ ਕਰਕੇ ਸਾਡੇ ਸਕੂਲ ਖੋਲ੍ਹ ਦੇਵੋ ...........ਛੋਟੇ ਸਕੂਲੀ ਬੱਚੇ

ਰਾਜਨੀਤਕ ਲੋਕਾਂ ਦੀਆਂ ਰੈਲੀਆਂ ਵੇਲੇ ਕਿਉਂ ਨਹੀਂ ਆਉਂਦਾ ਕੋਰੋਨਾ... ਵੱਖ ਵੱਖ ਆਗੂ....  
ਮਹਿਲ ਕਲਾਂ/ ਬਰਨਾਲਾ- 5 ਜਨਵਰੀ-  (ਗੁਰਸੇਵਕ ਸੋਹੀ) -ਸਰਕਾਰ ਵੱਲੋਂ ਕੱਲ੍ਹ ਓਮੀਕਰੋਨ ਦੇ ਮੱਦੇਨਜ਼ਰ ਕੀਤੇ ਸਕੂਲ ਬੰਦ ਦਾ ਪੰਜਾਬ ਭਰ ਵਿੱਚ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਹੈ ।ਜਿੱਥੇ  ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ, ਉੱਥੇ ਹੀ ਅਨੇਕਾਂ ਮੁਲਾਜ਼ਮਾਂ ਦੇ ਰੁਜ਼ਗਾਰ ਉੱਪਰ ਵੀ ਤਲਵਾਰ ਲਟਕ ਗਈ ਹੈ ।ਸਕੂਲ ਬੰਦ ਕਰਨ ਸੰਬੰਧੀ ਜਦੋਂ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ , ਡਾਇਰੈਕਟਰਾਂ, ਜਥੇਬੰਧਕ ਆਗੂਆਂ, ਸਮਾਜ ਸੇਵੀ ਸੰਸਥਾਵਾਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬਾਕੀ ਪੂਰਾ ਪੰਜਾਬ ਖੁੱਲ੍ਹਾ ਹੈ, ਪਰ ਸਕੂਲ,ਕਾਲਜ ਅਤੇ ਕੋਚਿੰਗ ਸੰਸਥਾਵਾਂ ਨੂੰ ਹੀ ਕਿਉਂ ਬੰਦ ਕੀਤਾ ਗਿਆ ਹੈ ? ਜਿਸ ਤਰ੍ਹਾਂ ਬਾਕੀ ਚੀਜ਼ਾਂ ਨੂੰ 50% ਨਾਲ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਸਕੂਲ ਅਤੇ ਕਾਲਜਾਂ ਨੂੰ ਵੀ ਕੁਝ ਸ਼ਰਤਾਂ ਅਧੀਨ ਖੋਲ੍ਹਿਆ ਜਾਵੇ। ਇਕ ਸਰਵੇ ਦੌਰਾਨ ਦੋ ਨਿੱਕੇ-ਨਿੱਕੇ ਬੱਚਿਆਂ ਨਾਲ ਗੱਲਬਾਤ ਹੋਈ, ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ " ਸਰਕਾਰ ਜੀ, ਸਾਡੇ ਸਕੂਲਾਂ ਨੂੰ ਪਹਿਲਾਂ ਦੀ ਤਰ੍ਹਾਂ ਖੋਲ੍ਹਿਆ ਜਾਵੇ, ਸਾਡੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ, ਅਸੀਂ ਪੜ੍ਹਨਾ ਚਾਹੁੰਦੇ ਹਾਂ,ਸਾਨੂੰ ਸਕੂਲ ਜਾਣ ਦੀ ਆਗਿਆ ਦਿੱਤੀ ਜਾਵੇ।  ਇਸ ਮੌਕੇ ਜਦੋਂ ਨਸ਼ਾ ਵਿਰੋਧੀ ਮੁਹਿੰਮ ਟੀਮ( ਰਜਿ;), ਪੰਜਾਬ ਮਹਿਲ ਕਲਾਂ ਦੇ ਡਾਇਰੈਕਟਰ ਡਾ. ਪਰਮਿੰਦਰ ਸਿੰਘ ਹਮੀਦੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ  ਫ਼ੈਸਲਾ ਬੱਚਿਆ ਦੇ ਭਵਿੱਖ ਨੂੰ ਤਬਾਹ ਕਰ ਦੇਵੇਗਾ ਅਤੇ ਪਹਿਲਾ ਹੀ ਦੋ ਸਾਲ ਤੋਂ ਬੱਚੇ ਆਪਣੀ ਪੜ੍ਹਾਈ ਨਾਲੋਂ ਟੁੱਟ ਚੁੱਕੇ ਹਨ। ਜਿਸ ਨਾਲ ਬੱਚਿਆਂ ਦਾ ਭਵਿੱਖ ਖਤਮ ਹੋਣ ਦੇ ਕਿਨਾਰੇ ਹੈ ।ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਜਗਸੀਰ ਸਿੰਘ ਖ਼ਾਲਸਾ ਨੇ  ਸਰਕਾਰ ਦੇ ਇਸ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ, ਉਨ੍ਹਾਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਚੋਣ ਸਟੰਟ ਦਾ ਨਾਂ ਦਿੱਤਾ, ਜਿੱਥੇ ਵੱਡੀਆਂ-ਵੱਡੀਆਂ ਰੈਲੀਆਂ ਹੋ ਰਹੀਆਂ ਹਨ,ਉੱਥੇ ਕੋਰੋਨਾ ਕਿਉਂ ਨਹੀਂ ਆਉਂਦਾ ? ਮੈਡੀਕਲ ਪ੍ਰੈਕਟਸ਼ੀਨਰਜ਼ ਐਸੋਸੀਏਸ਼ਨ ਪੰਜਾਬ  (ਰਜਿ: 295) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਪ੍ਰੈਸ ਸਕੱਤਰ ਪੰਜਾਬ  ਡਾ. ਮਿੱਠੂ ਮੁਹੰਮਦ ਨੇ ਆਪਣੀ ਐਸੋਸੀਏਸ਼ਨ ਵੱਲੋਂ ਸਰਕਾਰ ਵੱਲੋਂ ਥੋਪੇ ਇਸ ਨਾਦਰਸ਼ਾਹੀ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਜੇਕਰ ਵਿੱਦਿਅਕ ਸੰਸਥਾਵਾਂ ਵੱਲੋਂ ਸੰਘਰਸ਼ ਵਿੱਢਿਆ ਜਾਂਦਾ ਹੈ, ਤਾਂ ਸਾਡੀ ਐਸੋਸੀਏਸ਼ਨ, ਬੱਚਿਆਂ ਦਾ ਭਵਿੱਖ ਬਚਾਉਣ ਲਈ ,ਸਕੂਲੀ ਪ੍ਰਬੰਧਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਡ਼੍ਹੇਗੀ ਅਤੇ ਸੰਘਰਸ਼ ਵਿੱਚ ਸ਼ਾਮਿਲ ਹੋਵੇਗੀ।