ਭਾਰਤੀ ਮੂਲ ਅੰਗਹੀਣ ਔਰਤ ਦੀ ਮਦਦ ਤੋਂ ਇਨਕਾਰ ਕਰਨ ਵਾਲਾ ਡਰਾਈਵਰ ਮੁਅੱਤਲ

ਲੀਸੈਸਟਰ /ਯੂ ਕੇ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ   )- ਬਰਤਾਨੀਆ ਦੇ ਲੀਸੈਸਟਰ ਸ਼ਹਿਰ ਵਿਚ ਭਾਰਤੀ ਮੂਲ ਦੀ ਇਕ ਅੰਗਹੀਣ ਔਰਤ ਨੂੰ ਮੰਦਰ ਦੇ ਰੈਂਪ ਤੋਂ ਹੇਠਾਂ ਉਤਰਨ ਅਤੇ ਕਾਰ ਵਿਚ ਚੜ੍ਹਨ 'ਚ ਮਦਦ ਤੋਂ ਇਨਕਾਰ ਕਰਨ ਵਾਲੇ ਟੈਕਸੀ ਡਰਾਈਵਰ ਨੂੰ 'ਅਣਮਿੱਥੇ ਸਮੇਂ ਲਈ' ਮੁਅੱਤਲ ਕਰ ਦਿੱਤਾ ਗਿਆ ਹੈ | ਡਰਾਈਵਰ ਦੇ ਇਸ ਵਿਵਹਾਰ ਨਾਲ ਵੀਲ੍ਹਚੇਅਰ 'ਤੇ ਬੈਠੀ ਔਰਤ ਨੇ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ | ਤਿੰਨ ਸਾਲ ਪਹਿਲਾਂ ਸਰੋਜ ਸੇਠ ਦਾ ਇਕ ਪੈਰ ਕੱਟ ਗਿਆ ਸੀ | ਈਸਟਰ ਮਿਡਲੈਂਡਸ ਸ਼ਹਿਰ ਦੇ ਕਲੇਰੇਂਡਾਨ ਪਾਰਕ ਰੋਡ ਸਥਿਤ ਸ੍ਰੀ ਗੀਤਾ ਭਵਨ ਮੰਦਰ ਵਿਚ ਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਡਰਾਈਵਰ ਨੂੰ ਵਾਹਨ ਵਿਚ ਚੜ੍ਹਨ ਵਿਚ ਮਦਦ ਕਰਨ ਲਈ ਕਿਹਾ ਸੀ ਪਰ ਉਸ ਨੇ ਕੋਈ ਇਨਸਾਨੀਅਤ ਨਹੀਂ ਦਿਖਾਈ | 78 ਸਾਲਾ ਸਾਬਕਾ ਮੈਜਿਸਟ੍ਰੇਟ ਨੇ ਕਿਹਾ ਕਿ ਡਰਾਈਵਰ ਨੇ ਉਸ ਦੀ ਮਦਦ ਤੋਂ ਇਨਕਾਰ ਕਰ ਦਿੱਤਾ ਅਤੇ ਕਾਰ ਅੱਗੇ ਕਰ ਲਈ | ਇਸ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ | ਸੇਠ ਨੂੰ ਸਾਲ 2011 ਵਿਚ ਲੀਸੇਸਟਰ ਵਿਚ ਭਾਈਚਾਰਕ ਖੇਤਰ ਵਿਚ ਸੇਵਾ ਲਈ ਮਹਾਰਾਣੀ ਐਲਿਜ਼ਾਬੈਂਥ ਤੋਂ 'ਮੋਸਟ ਐਕਸੀਲੈਂਟ ਆਰਡਰ ਆਫ ਦੀ ਬਿ੍ਟਿਸ਼ ਇੰਪਾਇਰ' ਦਾ ਸਨਮਾਨ ਮਿਲਿਆ ਸੀ | ਇਸ ਘਟਨਾ ਦੀ ਗਵਾਹ ਨਿਸ਼ਾ ਸਹਿਦੇਵ ਨੇ ਟਵਿਟਰ 'ਤੇ ਡਰਾਈਵਰ ਦੀ ਵਿਵਹਾਰ ਦੀ ਸ਼ਿਕਾਇਤ ਕੀਤੀ | ਨਿਸ਼ਾ ਨੇ ਲਿਖਿਆ ਕਿ ਮੰਦਰ ਦੇ ਰੈਂਪ ਤੋਂ ਉਤਰਨ ਅਤੇ ਕਾਰ ਵਿਚ ਚੜ੍ਹਨ ਵਿਚ ਮਦਦ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਅਤੇ ਬਜ਼ੁਰਗ ਔਰਤ ਮੰਦਰ ਦੇ ਬਾਹਰ ਮੀਂਹ ਵਿਚ ਹੀ ਵੀਲ੍ਹਚੇਅਰ 'ਤੇ ਬੈਠੀ ਰਹੀ | ਏ.ਡੀ.ਟੀ. ਟੈਕਸੀਜ਼ ਨੇ ਕਿਹਾ ਕਿ ਡਰਾਈਵਰ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕੰਪਨੀ ਜਾਂਚ ਕਰ ਰਹੀ ਹੈ | ਸੇਠ ਇਸੇ ਕਾਰ ਕੰਪਨੀ ਦੀ ਸੇਵਾ ਆਮ ਤੌਰ 'ਤੇ ਲੈਂਦੀ ਹੈ |