ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ✍️ ਸਲੇਮਪੁਰੀ ਦੀ ਚੂੰਢੀ

- ਹੇ! ਗੂਰੂ ਗੋਬਿੰਦ ਸਿੰਘ
 ਤੈਨੂੰ  ਮੰਨਣ ਲਈ ਢੌਂਗ ਕਰਦੇ ਹਾਂ!
ਤੇਰੀ ਮੰਨਦੇ ਨਹੀਂ,ਐਵੇਂ ਗੱਲਾਂ ਕਰਦੇ ਹਾਂ!
ਤੂੰ ਜਾਤਾਂ-ਕੁਜਾਤਾਂ ਠੁਕਰਾ ਕੇ,ਇੱਕੋ ਬਾਟੇ 'ਚ ਅੰਮ੍ਰਿਤ ਛੁਕਾ ਕੇ!
ਮਨੁੱਖਤਾ ਦਾ ਪਾਠ ਪੜ੍ਹਾਕੇ,ਨਵਾਂ ਪੰਥ ਸਜਾ ਕੇ!
ਨਵਾਂ ਰਾਹ ਦਿਖਾਕੇ,ਆਪਾ ਆਪ ਲੁਟਾਕੇ!
ਜੋ ਪੈੜਾਂ ਪਾਈਆਂ 'ਤੇ ਚੱਲਦਿਆਂ ਸਾਨੂੰ ਘੁੱਟਣ ਮਹਿਸੂਸ ਹੁੰਦੀ ਐ!
ਤੂੰ ਜੁਲਮਾਂ ਵਿਰੁੱਧ ਲੜਿਆ ਸੀ,ਤੂੰ ਜਾਲਮ ਰਾਜੇ ਅੱਗੇ ਅੜਿਆ ਸੀ!
ਜੇ ਤੂੰ ਸਰਬੰਸ ਨਾ ਵਾਰਦਾ,ਅੱਜ ਹਿੰਦੂ ਨਾ ਹੁੰਦਾ!
ਅੱਜ ਜਨੇਊ ਨਾ ਹੁੰਦਾ,ਤੂੰ ਮੋਇਆਂ 'ਚ ਜਾਨ ਪਾਈ!
ਤੂੰ ਡੁੱਬਦੀ ਮਨੁੱਖਤਾ ਬਚਾਈ,ਤੇਰਾ ਕੌਣ ਦੇਊਗਾ ਦੇਣਾ!
ਅਸੀਂ ਤੇਰੀ ਕੀ ਮੰਨਣੀ ਆ?
ਅਸੀਂ ਤਾਂ ਅਜੇ ਤੇਰੇ ਪ੍ਰਕਾਸ਼ ਪੁਰਬ ਦੀਆਂ ਮਿਤੀਆਂ 'ਚ ਉਲਝ ਕੇ ਰਹਿ ਗਏ ਆਂ!
ਅਸੀਂ ਫਿਰ ਊਚ-ਨੀਚ ਦੀ ਘੁਮਣ-ਘੇਰੀ 'ਚ ਫਸ ਕੇ ਬਹਿ ਗਏ ਆਂ!
ਤੂੰ ਜੁਲਮ ਵਿਰੁੱਧ ਤਲਵਾਰ ਉਠਾਈ ਸੀ!
ਤੂੰ ਅਨੋਖੀ ਰੀਤ ਚਲਾਈ ਸੀ!
ਤੂੰ ਮਨੁੱਖਤਾ ਲਈ ਪਰਿਵਾਰ ਵਾਰਿਆ!
ਅਸੀਂ ਕੁਰਸੀ ਲਈ, ਨੋਟਾਂ ਲਈ!
ਅਹੁਦਿਆਂ ਲਈ,ਦੂਜਿਆਂ ਦਾ ਵਿਗਾੜਿਆ!
ਦੂਜਿਆਂ ਨੂੰ ਮਾਰਿਆ, ਸਿਰਫ ਆਪਾ ਹੀ ਸੰਵਾਰਿਆ!!
-ਸੁਖਦੇਵ ਸਲੇਮਪੁਰੀ
09780620233
9 ਜਨਵਰੀ, 2022