ਕੈਬਨਿਟ ਮੰਤਰੀ ਕੋਟਲੀ ਲਈ ਸੱਤਾ ਵਿਰੋਧੀ ਲਹਿਰ ਚੁਣੌਤੀ, ਹੈਟ੍ਰਿਕ ਲਈ ਕਰਨੀ ਪਵੇਗੀ ਮਿਹਨਤ 

 

ਖੰਨਾ, 15 ਜਨਵਰੀ (ਜਸਮੇਲ ਗ਼ਾਲਿਬ) ਖੰਨਾ ਵਿਧਾਨ ਸਭਾ ਹਲਕੇ ਤੋਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਲਗਾਤਾਰ ਤੀਜੀ ਵਾਰ ਕਾਂਗਰਸ ਦੇ ਉਮੀਦਵਾਰ ਬਣਾਏ ਗਏ ਹਨ। ਕੋਟਲੀ ਇਸ ਵਾਰ ਜਿੱਤ ਦੀ ਹੈਟ੍ਰਿਕ ਦੀ ਤਿਆਰੀ ਕਰ ਰਹੇ ਹਨ, ਪਰ ਸੱਤਾ ਵਿਰੋਧੀ ਲਹਿਰ ਅਤੇ ਸ਼ਹਿਰੀ ਵੋਟਰਾਂ ਦੀ ਨਾਰਾਜ਼ਗੀ ਉਨ੍ਹਾਂ ਦੇ ਰਾਹ ’ਚ ਰੁਕਾਵਟ ਬਣ ਸਕਦੀ ਹੈ। ਇਸ ਤੋਂ ਪਾਰ ਹੋਣਾ ਕੋਟਲੀ ਲਈ ਵੱਡੀ ਚੁਣੌਤੀ ਬਣਨ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਪਹਿਲੀ ਵਾਰ 2012 ’ਚ ਖੰਨਾ ਤੋਂ ਚੋਣ ਲੜੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਤਲਵੰਡੀ ਨੂੰ ਹਰਾਇਆ। 2017 ’ਚ ਤਿਕੋਣੇ ਮੁਕਾਬਲੇ ’ਚ ਆਪ ਦੇ ਅਨਿਲ ਦੱਤ ਫੱਲੀ ਨੂੰ ਹਾਰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਤਲਵੰਡੀ ਤੀਜੇ ਸਥਾਨ ’ਤੇ ਰਹੇ। ਪਰ, ਇਸ ਵਾਰ ਹਾਲਾਤ ਕਾਫ਼ੀ ਬਦਲ ਗਏ ਹਨ।

2017 ਤੋਂ 2022 ਤਕ ਕੋਟਲੀ ਸਰਕਾਰ ’ਚ ਰਹੇ ਅਤੇ ਆਖ਼ਰ ’ਚ ਮੰਤਰੀ ਵੀ ਬਣੇ। ਅਜਿਹੇ ’ਚ ਇਸ ਵਾਰ ਉਨ੍ਹਾਂ ਦੇ ਕੰਮਾਂ ਦਾ ਅਨੁਮਾਨ ਲੋਕ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕੋਟਲੀ ਕੇਂਦਰ ਦੀ ਅੰਮ੍ਰਿਤ ਸਕੀਮ ਦੇ ਜ਼ਰੀਏ ਹੋਏ ਸੀਵਰੇਜ ਸੁਰ ਵਾਰਟ ਸਪਲਾਈ ਪ੍ਰਾਜੈਕਟ ਤੋਂ ਇਲਾਵਾ ਕੇਂਦਰ ਦੀ ਐੱਸਪੀਵੀ ਸਕੀਮ ਤਹਿਤ ਹੋਏ ਫੋਕਲ ਪੁਆਇੰਟ ਦੇ ਵਿਕਾਸ ਨੂੰ ਲੈ ਕੇ ਆਪਣੇ ਖ਼ਾਤੇ ’ਚ ਪਾ ਕੇ ਪ੍ਰਚਾਰ ਕਰ ਰਹੇ ਹਨ। ਇਸ ’ਤੇ ਭਾਜਪਾ ਲਗਾਤਾਰ ਉਨ੍ਹਾਂ ’ਤੇ ਹਮਲੇ ਕਰ ਰਹੀ ਹੈ। ਇਸ ਤੋਂ ਇਲਾਵਾ ਰੇਲਵੇ ਲਾਈਨ ਪਾਰ ਇਲਾਕੇ ਦੀ ਦੁਰਦਸ਼ਾ ਅਤੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਨਾ ਪੂਰਾ ਕਰਨ ਕਾਰਨ ਵੀ ਗੁਰਕੀਰਤ ਕੋਟਲੀ ਦਾ ਰਾਹ ਸੌਖਾ ਨਹੀਂ ਹੈ। ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਸਖ਼ਤ ਚੁਣੌਤੀ ਮਿਲ ਰਹੀ ਹੈ।