ਵਿਧਾਇਕ ਮਦਨ ਲਾਲ ਬੱਗਾ ਨੇ ਡਿਪਟੀ ਕਮਿਸ਼ਨਰ ਨੂੰ ਅਣ-ਅਧਿਕਾਰਤ ਕਾਲੋਨੀਆਂ ਨੂੰ ਰੈਗੂਲਾਇਜ਼ ਕਰਨ ਸਬੰਧੀ ਵਨ ਟਾਈਮ-ਸੇਟਲਮੈਂਟ ਪਾਲਿਸੀ ਲਿਆਉਣ ਲਈ ਮੈਮੋਰੰਡਮ ਦਿੱਤਾ

ਲੁਧਿਆਣਾ 25 ਮਾਰਚ (ਰਣਜੀਤ ਸਿੱਧਵਾਂ)  :  ਅੱਜ ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ (ਉੱਤਰੀ) ਦੇ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਬਿਨ੍ਹਾਂ  ਐਨ.ਓ.ਸੀ. ਤੋਂ ਰਜਿਸਟਰੀਆਂ ਖੋਲਣ ਸਬੰਧੀ ਅਤੇ ਬਿਜਲੀ ਮੀਟਰ ਖੋਲਣ ਸਬੰਧੀ ਅਤੇ ਅਣ-ਅਧਿਕਾਰਤ ਕਾਲੋਨੀਆਂ ਨੂੰ ਰੈਗੂਲਾਇਜ਼ ਕਰਨ ਸਬੰਧੀ ਵਨ ਟਾਈਮ-ਸੇਟਲਮੈਂਟ ਪਾਲਿਸੀ ਲਿਆਉਣ ਲਈ ਇੱਕ ਮੈਮੋਰੰਡਮ ਦਿੱਤਾ ਗਿਆ।
ਵਿਧਾਇਕ ਮਦਨ ਲਾਲ ਬੱਗਾ ਨੇ ਸਮੂਹ ਐਸੋਸ਼ੀਏਸ਼ਨਾਂ ਵੱਲੋਂ ਦਿੱਤੀਆਂ ਮੰਗਾਂ ਨੂੰ ਡਿਪਟੀ ਕਮਿਸ਼ਨਰ ਸਾਹਮਣੇ ਪੇਸ਼ ਕਰਕੇ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਵਿੱਚ ਲਿਆਈਆਂ ਜਾਣ ਅਤੇ ਉਨ੍ਹਾਂ ਕਿਹਾ ਕਿ ਪਹਿਲਾਂ ਦੇ ਸਮੇਂ ਵਿੱਚ ਅਣ-ਅਧਿਕਾਰਤ ਕਾਲੋਨੀਆਂ ਸਬੰਧੀ ਪਾਲਿਸੀ ਨਾ ਲਿਆਉਣ ਕਾਰਨ ਪਹਿਲਾਂ ਹੀ ਇਹ ਕਾਰੋਬਾਰ ਕਾਫੀ ਸਮੇਂ ਤੋਂ ਠੱਪ ਚਲਿਆ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਗਲਾਡਾ ਵਿਭਾਗ ਵਿੱਚ ਕੋਈ ਚਿੱਠੀ ਉੱਚ ਮਹਿਕਮੇ ਵੱਲੋਂ ਨਾ ਆਉਣ ਕਾਰਨ ਉਨ੍ਹਾਂ ਪਾਸੋਂ ਪਲਾਟਾਂ ਦੀ ਐਨ.ਓ.ਸੀ. ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਰਜਿਸਟਰੀਆਂ ਵੀ ਬੰਦ ਹੋ ਗਈਆਂ ਹਨ ਅਤੇ ਆਮ ਜਨਤਾ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਜਿਨ੍ਹਾਂ ਕਾਲੋਨੀਆਂ ਪਾਸ ਐਨ.ਓ.ਸੀ. ਨਹੀਂ ਹੈ ਜਾਂ ਜਿਹੜੀਆਂ ਕਾਲੋਨੀਆਂ ਰੈਗੂਲਾਇਜ਼ ਨਹੀਂ ਹਨ, ਉਨ੍ਹਾਂ ਵਿੱਚ ਬਿਜਲੀ ਕੁਨੈਕਸ਼ਨ ਨਹੀਂ ਦਿੱਤੀ ਜਾ ਰਹੇ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਜੋ ਜਿਹੜੀਆਂ ਕਾਲੋਨੀਆਂ ਕੱਟੀਆਂ ਜਾ ਚੁੱਕੀਆਂ ਹਨ ਉਨ੍ਹਾਂ ਕਾਲੋਨੀ ਨੂੰ ਵਨ ਟਾਈਮ ਸੈਟਲਮੈਂਟ ਪਾਲਿਸੀ ਰਾਹੀਂ ਇਨ੍ਹਾਂ ਨੂੰ ਰੈਗੂਲਾਇਜ਼ ਕੀਤਾ ਜਾਵੇ ਅਤੇ ਬਿਨਾਂ ਐਨ.ਓ.ਸੀ. ਤੋਂ ਰਜਿਸਟਰੀਆਂ ਖੋਲੀਆਂ ਜਾਣ ਤਾਂ ਜੋ ਇਨ੍ਹਾਂ ਕਾਲੋਨੀਆਂ ਵਿੱਚ ਬਿਜਲੀ ਮੀਟਰ ਦੇ ਕੁਨੈਕਸ਼ਨ ਦਿੱਤੇ ਜਾ ਸਕਣ ਤਾਂ ਜੋ ਪ੍ਰਾਪਰਟੀ ਦੇ ਕਾਰੋਬਾਰ ਨੂੰ ਬੰਦ ਹੋਣ ਤੋਂ ਬਚਾਇਆ ਜਾ ਸਕੇ।