ਤਨਖਾਹਾਂ ਲਈ ਕਰਜ਼ਾ ਚੁੱਕਣਾ ਨਿਘਰੇ ਅਰਥਚਾਰੇ ਦਾ ਸਬੂਤ- ਜੌਹਲ

ਮੋਗਾ,  ਜੁਲਾਈ 2019-(ਗੁਰਦੇਵ ਗਾਲਿਬ, ਗੁਰਦੇਵ ਗਾਲਿਬ)- ਜੈ ਪੰਜਾਬ ਫੋਰਮ ਤੇ ਅਸੂਲ ਮੰਚ ਪੰਜਾਬ ਵੱਲੋਂ ਸੂਬੇ ਦੇ ਭਖਦੇ ਮਸਲਿਆਂ ’ਤੇ ‘ਕੇਹਾ ਕਰਨਾ ਲੋੜੀਏ’ ਪਿੰਡ ਖੋਸਾ ਪਾਂਡੋ ਗੁਰਦੁਆਰਾ ਬਾਬਾ ਸ਼ਹੀਦਾਂ ’ਚ ਦੋ ਰੋਜ਼ਾ ਕਨਵੈਨਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ।
ਉੱਘੇ ਚਿੰਤਕ ਤੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਦੀ ਅਗਵਾਈ ਹੇਠ ਮੀਟਿੰਗ ’ਚ 27 ਤੇ 28 ਜੁਲਾਈ ਨੂੰ ਇਹ ਕਨਵੈਨਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਪ੍ਰਤੀ ਚਿੰਤਤ ਸਮਾਜਿਕ, ਧਾਰਮਿਕ ਸੰਸਥਾਵਾਂ ਤੇ ਜਨਤਕ ਜਥੇਬੰਦੀਆਂ ਤੇ ਬੁੱਧੀਜੀਵੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਇਸ ਮੌਕੇ ਉੱਘੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਮੌਜੂਦਾ ਹਾਲ ’ਚੋਂ ਨਿਕਲਣ ਲਈ ਸਾਨੂੰ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਨਫਰੰਸ ਦਾ ਮਕਸਦ ਬੁਰੇ ਦੌਰ ’ਚੋਂ ਗੁਜਰ ਰਹੇ ਪੰਜਾਬੀਆਂ ਦੇ ਸਰੋਕਾਰਾਂ ਨਾਲ ਜੁੜੀ ਸਾਂਝੀ ਲੋਕ ਰਾਏ ਪੈਦਾ ਕਰਨਾ ਤੇ ਇਸ ਸੰਕਟ ਦੀ ਘੜੀ ’ਚੋਂ ਪਾਰ ਲਾਉਣ ਲਈ ਸਾਂਝੇ ਉਪਰਾਲੇ ਦਾ ਪਿੜ ਬਣਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਵਿਕਾਸ ਕਾਰਜਾਂ ਲਈ ਕਰਜ਼ਾ ਚੁੱਕੇ ਤਾਂ ਇਹ ਸੂਬੇ ਦੇ ਅਰਥਚਾਰੇ ਦੇ ਭੱਠਾ ਬੈਠਣ ਦਾ ਸਬੂਤ ਹੈ।
ਇਸ ਮੌਕੇ ਬੂਟਾ ਸਿੰਘ ਧੀਰਾ ਪੱਤਰਾ ਪ੍ਰਧਾਨ ਆਰਗੈਨਿਕ ਖੇਤੀ ਕਿਸਾਨ ਪੰਜਾਬ, ਅਸ਼ੋਕ ਗੁਪਤਾ ਸੇਵਾ ਮੁਕਤ ਆਈਏਐੱਸ,ਤਰਸੇਮ ਜੋਧਾਂ ਸਾਬਕਾ ਵਿਧਾਇਕ, ਵਾਤਾਵਰਣ ਪ੍ਰੇਮੀ ਬਾਬਾ ਗੁਰਮੀਤ ਸਿੰਘ ਕੋਟਲਾ, ਕੁਦਰਤੀ ਖੇਤੀ ਮਾਹਿਰ ਤੇ ਵਾਤਾਵਰਣ ਪ੍ਰੇਮੀ ਡਾ.ਹਰਨੇਕ ਸਿੰਘ ਰੋਡੇ, ਗਿਆਨ ਸਿੰਘ ਸਾਬਕਾ ਡੀਪੀਆਰਓ, ਸੁਰਜੀਤ ਸਿੰਘ ਰਾਉਕੇ, ਗੁਰਲਾਲ ਸਿੰਘ ਜਲਾਲਾਬਾਦ, ਡਾ. ਜੀਵਨਜੋਤ ਕੌਰ ਫਰੀਦਕੋਟ ਆਦਿ ਨੇ ਸ਼ਿਰਕਤ ਕੀਤੀ।