ਸਰਵਿਸ ਲੇਨ ਨਾਲ ਬਣੇ ਫੁੱਟਪਾਥ ਕਾਰਨ ਆਵਾਜਾਈ ਵਿੱਚ ਆ ਰਹੀ ਮੁਸ਼ਕਲ ਦਾ ਜਲਦ ਹੋਵੇਗਾ ਹੱਲ : ਇਯਾਲੀ  

ਲੋਕਾਂ ਦੇ ਵਿਰੋਧ ਦੇ ਬਾਵਜੂਦ ਬਣਾਏ ਗਏ ਸਨ ਇਹ ਫੁੱਟਪਾਥ  

ਮੁੱਲਾਂਪੁਰ ਦਾਖਾ , 31 ਮਾਰਚ (ਸਤਵਿੰਦਰ ਸਿੰਘ ਗਿੱਲ) ਲੁਧਿਆਣਾ ਫਿਰੋਜ਼ਪੁਰ ਨੈਸ਼ਨਲ ਹਾਈਵੇ ਦੇ ਮੁੱਲਾਂਪੁਰ ਦਾਖਾ ਵਿਖੇ ਬਣਾਏ ਗਏ ਪੁਲ ਦੇ ਨਾਲ ਲੱਗਦੀਆਂ ਸਰਵਿਸ ਲੇਨਾ   ਦੀ ਜਗ੍ਹਾ ਵਿੱਚ  ਕਾਂਗਰਸ ਸਰਕਾਰ ਸਮੇਂ ਬਣਾਏ ਗਏ ਫੁੱਟਪਾਥ ਕਾਰਨ ਆਵਾਜਾਈ ਵਿੱਚ ਆ ਰਹੀ ਵੱਡੀ ਮੁਸ਼ਕਲ ਦੇ ਚਲਦੇ ਅੱਜ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਸਰਵਿਸ ਲੇਨ ਨਾਲ ਬਣੇ ਇਸ ਫੁੱਟਪਾਥ ਦਾ ਜਾਇਜ਼ਾ ਲਿਆ ਅਤੇ ਟਰੈਫਿਕ ਮੁਸ਼ਕਲਾਂ ਨੂੰ ਦੇਖਦੇ ਹੋਏ  ਜਲਦ ਇਸ ਦਾ ਹੱਲ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਪੰਜਾਬ ਮੰਡੀ ਬੋਰਡ ਰਾਹੀਂ ਬਗੈਰ ਕਿਸੇ ਯੋਜਨਾ ਦੇ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਇਹ ਫੁੱਟਪਾਥ ਬਣਾਇਆ ਗਿਆ ਸੀ ਜਿਸ ਦਾ ਉਦੋਂ ਤੋਂ ਹੀ  ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਵੱਲੋਂ ਵੱਡੀ ਪੱਧਰ ਤੇ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ,  ਪ੍ਰੰਤੂ ਸੱਤਾ ਦੇ ਨਸ਼ੇ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਵੱਲੋਂ ਲੋਕਾਂ ਦੀ ਇਸ ਮੰਗ ਨੂੰ ਮੁੱਢੋਂ ਨਕਾਰਦੇ ਹੋਏ ਇਹ ਫੁੱਟਪਾਥ  ਬਣਵਾਇਆ ਗਿਆ ਸੀ  ਜਿਸ ਕਾਰਨ ਰਾਹਗੀਰ ਵੱਡੇ ਸੜਕੀ ਜਾਮ ਵਿੱਚ ਫਸਣ ਲਈ ਮਜਬੂਰ ਹੋ ਚੁੱਕੇ ਹਨ। ਵਿਧਾਇਕ ਇਯਾਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜੋ ਵੀ ਵਿਕਾਸ ਕੰਮ ਹਲਕੇ ਅੰਦਰ ਹੋਏ ਉਹ ਕਿਸੇ ਵੀ ਠੋਸ ਯੋਜਨਾਬੰਦੀ ਤੋਂ ਬਗੈਰ ਹਫੜਾ ਦਫੜੀ ਵਿੱਚ ਕੀਤੇ ਗਏ  ਜਿਸ ਵਿੱਚ ਵੱਡੀ ਪੱਧਰ ਤੇ ਘੁਟਾਲੇਬਾਜ਼ਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।  
ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਮੁਸ਼ਕਿਲ ਨੂੰ ਸਮਝਦੇ ਹੋਏ ਉਹ ਮੁੱਖ ਮੰਤਰੀ ਪੰਜਾਬ  ਭਗਵੰਤ  ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੂੰ ਇਕ ਪੱਤਰ ਰਾਹੀਂ ਇਸ ਫੁੱਟਪਾਥ ਨੂੰ ਹਟਾ ਕੇ ਸਰਵਿਸ ਲੇਨ ਚੌੜੀਆਂ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਤਤਕਾਲੀ ਕਾਂਗਰਸ ਸਰਕਾਰ ਦੇ ਹਲਕਾ ਇੰਚਾਰਜ  ਤੇ ਆਪਣੀ ਫੋਕੀ ਹਉਮੈਂ ਕਾਰਨ ਲੋਕਾਂ ਦੇ ਟੈਕਸਾਂ ਨਾਲ ਇਕੱਤਰ ਹੋਏ ਸਰਕਾਰੀ ਪੈਸੇ ਦੀ ਵੱਡੀ ਪੱਧਰ ਤੇ ਦੁਰਵਰਤੋਂ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਬਗੈਰ ਕਿਸੇ ਠੋਸ ਯੋਜਨਾਬੰਦੀ ਦੇ  ਮੰਡੀ ਬੋਰਡ ਵੱਲੋਂ ਖਰਚ ਕੀਤੇ ਗਏ ਇਸ ਪੈਸੇ ਨਾਲ  ਫ਼ਾਇਦਾ ਹੋਣ ਦੀ ਬਜਾਏ ਨੁਕਸਾਨ ਜ਼ਿਆਦਾ ਹੋਇਆ ਹੈ। ਵਿਧਾਇਕ ਇਯਾਲੀ ਨੇ ਕਿਹਾ   ਕਿ ਉਹ ਲੋਕਾਂ ਦੀ ਬਿਹਤਰੀ ਲਈ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਅੰਦਰ ਫੁੱਟਪਾਥ ਦਾ ਮਸਲਾ ਹੱਲ ਹੋਣ ਤੇ ਸ਼ਹਿਰ ਅੰਦਰ ਸਰਬਪੱਖੀ ਵਿਕਾਸ ਨੂੰ ਗਤੀ ਦੇਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ  ਕੰਮ ਕਰਨਗੇ ਅਤੇ ਹਲਕਾ  ਦਾਖਾ ਦੀ ਹਰ ਮੰਗ ਵਿਧਾਨ ਸਭਾ ਵਿਚ ਉਠਾਈ ਜਾਵੇਗੀ।