ਆੜ੍ਹਤੀਆਂ ਵੱਲੋਂ ਮੰਡੀਆਂ 'ਚ ਕਣਕ ਸਟੋਰੇਜ ਤੋਂ ਕੋਰਾ ਜਵਾਬ

ਜਗਰਾਉ 9 ਅਪ੍ਰੈਲ (ਅਮਿਤਖੰਨਾ)ਕੇਂਦਰੀ ਖ਼ਰੀਦ ਏਜੰਸੀ ਐੱਫਸੀਆਈ ਵੱਲੋਂ ਇਸ ਵਾਰ 30 ਜੂਨ ਤਕ ਕਣਕ ਦੀ ਸਟੋਰੇਜ ਮੰਡੀਆਂ 'ਚ ਕਰਨ ਦੇ ਜਾਰੀ ਕੀਤੇ ਫਰਮਾਨ ਨੂੰ ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਨੇ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਮੰਡੀ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੇੜਕੇ ਵਾਲਾ ਕਰਾਰ ਦਿੱਤਾ ਤੇ ਐਲਾਨ ਕੀਤਾ ਕਿ ਇਹ ਫੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀ ਮੰਡੀਆਂ ਬੰਦ ਕਰਕੇ ਹੜਤਾਲ ਕਰਨਗੇ।ਸ਼ੁੱਕਰਵਾਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਬਾਂਕਾ ਗੁਪਤਾ ਸਮੇਤ ਪ੍ਰਮੁੱਖ ਅਹੁਦੇਦਾਰਾਂ ਸੁਰਜੀਤ ਕਲੇਰ, ਅੰਮਿ੍ਤ ਲਾਲ ਗੁਪਤਾ, ਨਰਿੰਦਰ ਸਿਆਲ, ਨੰਨੂ ਸਿੰਗਲਾ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਮਿਲ ਕੇ ਸਰਕਾਰ ਦੇ ਇਸ ਫਰਮਾਨ 'ਤੇ ਕਿਹਾ ਕਿ 15 ਮਈ ਤਕ ਮੰਡੀਆਂ 'ਚ ਕਣਕ ਦਾ ਸੀਜ਼ਨ ਮੁਕੰਮਲ ਹੋ ਜਾਂਦਾ ਹੈ ਤੇ ਇਸ ਦੌਰਾਨ ਕੱਚੀ ਲੇਬਰ ਆਪਣੇ ਸੂਬਿਆਂ ਨੂੰ ਪਰਤ ਜਾਂਦੀ ਹੈ।ਇਸ ਤੋਂ ਬਾਅਦ ਡੇਢ ਮਹੀਨਾ ਕਣਕ ਨੂੰ ਮੰਡੀਆਂ 'ਚ ਹੀ ਸਟੋਰੇਜ ਕਰਨਾ ਕੋਈ ਆਸਾਨ ਨਹੀਂ, ਕਿਉਂਕਿ ਇੰਨੇ ਵੱਡੇ ਪੱਧਰ 'ਤੇ ਕਣਕ ਦੀ ਰਾਖੀ ਹੀ ਇੱਕ ਵੱਡੀ ਚੁਣੋਤੀ ਹੈ, ਕਿਉਂਕਿ ਸਰਗਰਮ ਅਨਾਜ ਚੋਰ ਗਿਰੋਹ ਚੱਲਦੇ ਸੀਜਨ 'ਚ ਜਦੋਂ ਮੰਡੀਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਆੜ੍ਹਤੀ, ਕਿਸਾਨ, ਮਜ਼ਦੂਰ, ਟਰੱਕ ਅਪਰੇਟਰ ਤੇ ਹੋਰ ਲੋਕ ਮੌਜੂਦ ਹੁੰਦੇ ਹਨ ਦੇ ਬਾਵਜੂਦ ਅਨਾਜ ਚੋਰੀ ਕਰ ਲੈਂਦੇ ਹਨ। ਸੀਜਨ ਖਤਮ ਹੋਣ 'ਤੇ ਸੁੰਨਸਾਨ ਹੋ ਜਾਂਦੀਆਂ ਮੰਡੀਆਂ 'ਚ ਕਣਕ ਦੀ ਰਾਖੀ ਸੰਭਵ ਹੀ ਨਹੀਂ। ਇਥੇ ਹੀ ਬਸ ਨਹੀਂ ਮੰਡੀਆਂ 'ਚ ਸਟੋਰੇਜ ਇਸ ਕਣਕ ਨੂੰ ਆਵਾਰਾ ਪਸ਼ੂਆਂ ਦੀ ਭਰਮਾਰ ਤੋਂ ਬਚਾਉਣਾ ਨਾਮੁਮਕਿਨ ਹੈ, ਉਥੇ ਇਸ ਸਮੇਂ 'ਚ ਪੈਣ ਵਾਲੀ ਬਰਸਾਤ 'ਚ ਹੋਣ ਵਾਲੇ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੋਵੇਗਾ। ਸਰਕਾਰ ਆਪਣੇ ਇੱਕ ਫੈਸਲੇ ਰਾਹੀਂ ਆੜ੍ਹਤੀਆਂ ਨੂੰ ਵੱਡੇ ਨੁਕਸਾਨ ਪਹੁੰਚਾਉਣ ਦੀ ਫਿਰਾਕ ਵਿਚ ਹੈ, ਜਿਸ ਨੂੰ ਜਗਰਾਓਂ ਹੀ ਨਹੀਂ, ਪੰਜਾਬ ਭਰ ਦੇ ਆੜ੍ਹਤੀ ਮਨਜੂਰ ਨਹੀਂ ਕਰਦੇ।