ਵਿਰਸਾ {ਗੱਲਾਂ ਦਾ ਕੜਾਹ} ✍️ ਰਮੇਸ਼ ਕੁਮਾਰ ਜਾਨੂੰ

ਵਿਰਸਾ ਵਿਰਸਾ ਕਰਦਾ ਪਿਆ ਏਂ
     ਵਿਰਸੇ ਨੂੰ ਅਪਣਾ ਕੇ ਵੇਖ
ਵਿਰਸੇ ਦੀ ਇਸ ਬਾਜੀ ਦੇ ਵਿੱਚ
     ਖੁਦ ਨੂੰ ਵੀ ਅਜ਼ਮਾ ਕੇ ਵੇਖ।।
 
ਏ-ਸੀ ਲਾ ਕੇ ਬਹਿਣ ਵਾਲਿਆ
     ਛਾਵੇਂ ਮੰਜਾ ਡਾਹ ਕੇ ਵੇਖ
ਸਾਰੀ ਰਾਤ ਹੀ ਬੱਚਿਆਂ ਖਾਤਿਰ
     ਪੱਖੀ ਜਰਾ ਘੁਮਾ ਕੇ ਵੇਖ।।

ਸਵਾਦਾਂ ਦੀ ਇਸ ਦੁਨੀਆਂ ਦੇ ਵਿੱਚ
     ਮਿੱਸੀ ਰੋਟੀ ਖਾ ਕੇ ਵੇਖ
ਗੈਸ ਸਿਲੰਡਰ ਛੱਡ ਕੇ ਰੋਟੀ
     ਚੁੱਲੇ ਉੱਤੇ ਪਕਾ ਕੇ ਵੇਖ।।

ਰੇਸ਼ਮੀ ਸੂਟ ਤੂੰ ਚੁਣ-ਚੁਣ ਪਾਵੇਂ
     ਚਰਖੇ ਤੇ ਤੰਦ ਪਾ ਕੇ ਵੇਖ
ਗੱਡੀਆਂ ਦੇ ਵਿੱਚ ਘੁੰਮਦਾ ਫਿਰਦੈਂ
     ਟਾਂਗਾ ਜਰਾ ਚਲਾ ਕੇ ਵੇਖ।।
 
ਟਰੈਕਟਰ ਉੱਤੇ ਟੌਹਰ ਵਿਖਾਵੇਂ
     ਹੱਲ ਬਲਦਾਂ ਨਾਲ ਵਾਹ ਕੇ ਵੇਖ
ਮੋਟਰ ਚਲਾ ਕੇ ਸੌਂ ਜਾਨਾਂ ਏਂ
     ਖੂਹ ਦੀ ਗੇੜੀ ਲਾ ਕੇ ਵੇਖ।।

ਦਸ ਵਜੇ ਤੂੰ ਦਫਤਰ ਜਾਵੇਂ
     ਸੂਰਜ ਜਰਾ ਜਗਾ ਕੇ ਵੇਖ
ਆਇਲਟ ਛੱਡ ਕੇ ਦਾਤੀ ਫੜ ਲੋ
     ਬੱਚਿਆਂ ਨੂੰ ਸਮਝਾ ਕੇ ਵੇਖ।।

ਵੀਡੀਓ ਕਾਲਾਂ ਫੋਨ ਤੇ ਕਰਦੈਂ
     ਹੁਣ ਵੀ ਚਿੱਠੀ ਪਾ ਕੇ ਵੇਖ
ਸਬਮਰਸੀਬਲ ਦੀ ਮੋਟਰ ਪੁੱਟ ਕੇ
     ਨਲਕਾ ਜਰਾ ਲਵਾ ਕੇ ਵੇਖ।।

ਘਰ ਵਿੱਚ ਪੋਟੀ ਅੱਜਕਲ ਕਰਦੈਂ
     ਪੈਲੀ ਬੰਨੇ ਜਾ ਕੇ ਵੇਖ
 ਰੁੱਖ ਲਗਾਉਣ ਦੀ ਰੌਲੀ ਪਾਵੇਂ
     ਆਪ ਵੀ ਇੱਕ ਉੱਘਾ ਕੇ ਵੇਖ।।

ਫੁੱਲ ਤੂੰ ਲਾ ਕੇ ਫੁੱਲਿਆ ਫਿਰਦੈਂ
     ਬੋਹੜ ਤੇ ਪਿੱਪਲ ਦਿੱਤੇ ਵੇਚ
ਰੁੱਖ ਤੂੰ ਵੱਡ ਕੇ ਕੋਠੀ ਪਾ ਲਈ
     ਕਿੰਨੇ ਛੱਡੇ ਗਿਣਾ ਕੇ ਵੇਖ।।

ਚਾਰ ਕੁ ਜੀਅ ਤੇ ਦਸ ਕਮਰੇ ਨੇ
     ਇੱਕੋ ਕਮਰਾ ਪਾ ਕੇ ਵੇਖ
ਸਾਰੇ ਘਰ ਵਿੱਚ ਜਗ-ਮਗ ਕੀਤੀ
     ਦੀਵਾ ਫੇਰ ਜਗਾ ਕੇ ਵੇਖ।।
 
ਮਿੱਟੀ ਦੇ ਘਰ ਕਿੰਨੇ ਚੰਗੇ
     ਪੱਕਿਆਂ ਨੂੰ ਤੂੰ ਢਾਹ ਕੇ ਵੇਖ
ਮੀਂਹ ਨਾਲ ਕੋਠੇ ਚੋਂਦੇ ਜਿੱਥੇ
     ਜਿੰਦਗੀ ਉੱਥੇ ਬਿਤਾ ਕੇ ਵੇਖ।।

ਵਿਰਸਾ ਜਿੱਥੇ ਅੱਜ ਵੀ ਰਹਿੰਦਾ
     ਵਿਰਸਾ ਉੱਥੇ ਜਾ ਕੇ ਵੇਖ
ਰੱਬ ਤੈਨੂੰ ਵੀ ਵਿਰਸਾ ਦੇਵੇ
     ਵਿਰਸਾ ਫੇਰ ਹੰਢਾ ਕੇ ਵੇਖ।।
 
'ਰਮੇਸ਼' ਵੇ ਵਿਰਸਾ ਮਾੜਾ ਨਹੀਂ ਸੀ
     ਅੱਜ ਦੇ ਗੀਤ ਵੀ ਗਾ ਕੇ ਵੇਖ
'ਜਾਨੂੰ' ਅੱਜ ਹੈ ਤੇਰਾ ਵਿਰਸਾ
     ਇਹਨੂੰ ਵੀ ਗਲ ਲਾਕੇ ਵੇਖ।।
      
      ਲੇਖਕ-ਰਮੇਸ਼ ਕੁਮਾਰ ਜਾਨੂੰ
     ਫੋਨ ਨੰ:-98153-20080