You are here

ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਵੱਲੋਂ ਆਰੰਭੀ ਮੁਹਿੰਮ ਦਾ ਕਾਫ਼ਲਾ ਵੱਡਾ ਹੋਣ ਲੱਗਿਆ, ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਡਾ. ਰਜਿੰਦਰ ਗੁਪਤਾ ਨੇ ਪਾਇਆ 21 ਲੱਖ ਰੁਪਏ ਦਾ ਯੋਗਦਾਨ

ਸੰਗਰੂਰ, 10 ਅਪ੍ਰੈਲ  (ਰਣਜੀਤ ਸਿੱਧਵਾਂ)   :  ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀਂ ਸੰਗਰੂਰ ਵਿਖੇ ਅਹੁਦਾ ਸੰਭਾਲਣ ਮੌਕੇ
ਆਪਣੀ ਤਨਖਾਹ ਵਿੱਚੋਂ ਹਰ ਮਹੀਨੇ ਜ਼ਰੂਰਤਮੰਦ ਲੜਕੀਆਂ ਦੀ ਪੜ੍ਹਾਈ ਲਈ 21 ਹਜ਼ਾਰ ਰੁਪਏ ਦੇਣ ਦੇ ਕੀਤੇ ਐਲਾਨ ਨੇ ਸਾਰਥਕ ਮੁਹਿੰਮ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਉਨ੍ਹਾਂ ਦੇ ਇਸ ਉਦਮ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੀ ਲੋੜਵੰਦਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਡਾ. ਰਜਿੰਦਰ ਗੁਪਤਾ ਨੇ ਇਸ ਮੁਹਿੰਮ ਵਿਚ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਡਾ. ਗੁਪਤਾ ਵੱਲੋਂ ਲੋਕ ਸੇਵਾ ਲਈ ਇੱਕ ਹੋਰ ਮਹੱਤਵਪੂਰਨ ਪੁਲਾਂਘ ਹੈ। ਸ੍ਰੀ ਸਿੱਧੂ ਨੇ ਡਾ. ਗੁਪਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਪਰਿਵਾਰਾਂ ਦੀਆਂ ਜਿਹੜੀਆਂ ਬੱਚੀਆਂ ਆਪਣੇ ਪਿਤਾ ਨੂੰ ਖੁਦਕੁਸ਼ੀ ਜਿਹੇ ਮਾੜੇ ਸਮਾਜਿਕ ਵਰਤਾਰੇ ਕਾਰਨ ਗੁਆ ਚੁੱਕੀਆਂ ਹਨ, ਨੂੰ ਵਿੱਤੀ ਸਹਾਇਤਾ ਮਿਲਣ ਨਾਲ ਉਹ ਬੱਚੀਆਂ ਆਪਣੇ ਸੁਨਹਿਰੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਸਮਰੱਥ ਬਣਨਗੀਆਂ। ਜ਼ਿਕਰਯੋਗ ਹੈ ਕਿ ਐਸ.ਐਸ.ਪੀ ਸ੍ਰੀ ਸਿੱਧੂ ਵੱਲੋਂ ਆਪਣੀ ਪਹਿਲੀ ਤਨਖਾਹ ਵਿੱਚੋਂ 51 ਹਜ਼ਾਰ ਰੁਪਏ ਅਤੇ ਫਿਰ ਸੰਗਰੂਰ ਵਿਖੇ ਪੋਸਟਿੰਗ ਤੱਕ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।