ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਆਈ ਕਣਕ ਦੀ ਨਾਲੋਂ-ਨਾਲ ਖਰੀਦੀ

ਕਿਸਾਨਾਂ ਨੂੰ 146.14 ਕਰੋੜ ਰੁਪਏ ਦੀ ਅਦਾਇਗੀ : ਸੰਯਮ ਅਗਰਵਾਲ
 ਮਾਲੇਰਕੋਟਲਾ 18 ਅਪ੍ਰੈਲ :  (ਰਣਜੀਤ ਸਿੱਧਵਾਂ)   :  ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਵਲੋਂ ਕਣਕ ਦੀ ਖ਼ਰੀਦ ਪ੍ਰਕਿਰਿਆ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਦੇ ਸਾਰਥਿਕ ਨਤੀਜਿਆਂ ਕਾਰਨ ਚਾਲੂ ਸੀਜ਼ਨ ਦੌਰਾਨ ਮੰਡੀਆਂ ਵਿੱਚ ਆਈ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ ਹੈ। ਉਨ੍ਹਾਂ ਦੱਸਿਆ ਕਿ 17 ਅਪ੍ਰੈਲ ਤੱਕ ਜ਼ਿਲ੍ਹੇ ਦੀਆਂ 45 ਮੰਡੀਆਂ ਵਿੱਚ 1,13,207 ਮੀਟਰਕ ਟਨ ਦੀ ਆਮਦ ਹੋਈ ਹੈ । ਉਨ੍ਹਾਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਾਲੋਂ-ਨਾਲ ਖ਼ਰੀਦ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਬੈਠਣਾ ਨਾ ਪਵੇ।           ਜ਼ਿਕਰਯੋਗ ਹੈ ਕਿ ਮਿਤੀ 17 ਅਪ੍ਰੈਲ ਨੂੰ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ 18,260 ਮੀਟਰਕ ਟਨ ਕਣਕ ਦੀ ਆਮਦ ਹੋਈ  । ਹੁਣ ਤੱਕ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ ਵੱਖ ਵੱਖ ਖ਼ਰੀਦ ਏਜੰਸੀਆਂ ਵਲੋਂ 1,09,616 ਮੀਟਰਕ ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਪਨਗਰੇਨ ਨੇ 69,166, ਮਾਰਕਫੈੱਡ ਨੇ 10,250, ਪਨਸਪ ਨੇ 11,000, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 16,210 ਅਤੇ ਵਪਾਰੀਆ ਵਲੋਂ 2990 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਕਣਕ ਦੀ ਆਮਦ ਵਿੱਚ ਤੇਜ਼ੀ ਆਉਣ ਕਾਰਨ ਲਿਫ਼ਟਿੰਗ ਦੇ ਕੰਮ ਵੀ ਤੇਜ਼ ਆਈ ਹੈ ਜਿਸ ਤਹਿਤ ਖ਼ਰੀਦੀ ਗਈ ਕਣਕ ਵਿੱਚੋਂ ਨਿਰਧਾਰਿਤ 72 ਘੰਟੇ ਦੇ ਸਮੇਂ ਅੰਦਰ ਬਣਦੀ 46,134 ਮੀਟਰਕ ਟਨ ਚੁਕਾਈ ਕੀਤੀ ਗਈ ਹੈ, ਜੋ ਕਿ ਨਿਰਧਾਰਿਤ ਟੀਚੇ ਦਾ 81.4 ਫ਼ੀਸਦੀ ਬਣਦੀ  ਹੈ। ਉਨ੍ਹਾਂ ਦੱਸਿਆ ਕਿ ਮਿਤੀ 17 ਅਪ੍ਰੈਲ ਤੱਕ 146.14 ਕਰੋੜ ਰੁਪਏ ਦੀ ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ । ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਖ਼ਰੀਦੀ ਗਈ ਕਣਕ ਦੀ ਅਦਾਇਗੀ ਉਨ੍ਹਾਂ ਦੇ ਬੈਂਕ ਖਾਤੇ ਅੰਦਰ 48 ਘੰਟੇ ਦੇ ਅੰਦਰ-ਅੰਦਰ ਕਰਨੀ ਹੁੰਦੀ ਹੈ, ਜਿਸ ਤਹਿਤ ਖ਼ਰੀਦੀ ਗਈ ਕਣਕ ਦੀ ਨਿਰਧਾਰਿਤ ਸਮੇਂ ਅੰਦਰ ਅਦਾਇਗੀ 139.29 ਕਰੋੜ ਦੇ ਮੁਕਾਬਲੇ 146.14 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕੀਤੇ ਗਏ ਹਨ, ਜੋ ਕਿ ਨਿਰਧਾਰਿਤ ਸਮੇਂ ਅੰਦਰ ਅਦਾਇਗੀ ਦਾ 104.9 ਫ਼ੀਸਦੀ ਬਣਦਾ ਹੈ।