ਹਿੰਦ ਦੀ ਚਾਦਰ ਅਤੇ ਦਇਆ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ ਬਰਨਾਲਾ

ਜਨਮ ਅਤੇ ਮਾਤਾ ਪਿਤਾ—ਹਿੰਦ ਦੀ ਚਾਦਰ, ਦਇਆ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ 5 ਵੈਸਾਖ ਸੰਮਤ 1678 ਮੁਤਾਬਕ (1 ਅਪ੍ਰੈਲ 1621 )ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਦੇ ਸਥਾਨ ਤੇ ਹੋਇਆ। ਗੁਰੀ ਜੀ ਛੇਵੇਂ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ।
ਬਚਪਨ ਦਾ ਨਾਮ—ਗੁਰੂ ਜੀ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ। 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਇਨ੍ਹਾਂ ਦੀ ਬਹਾਦਰੀ ਨੂੰ ਵੇਖਦਿਆਂ ਆਪ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਜਿਸਦਾ ਅਰਥ ਤਲਵਾਰ ਦਾ ਧਨੀ ਹੈ।
ਭੈਣ ਭਰਾ—ਗੁਰੂ ਜੀ ਦੇ ਭਰਾ ਬਾਬਾ ਗੁਰਦਿੱਤਾ ਜੀ ,ਬਾਬਾ ਸੂਰਜ ਮੱਲ ,ਬਾਬਾ ਅਟੱਲ ਰਾਏ ਅਤੇ ਭੈਣ ਬੀਬੀ ਵੀਰੋ ਜੀ ਹਨ।
ਵਿਆਹ ਤੇ ਸੰਤਾਨ —ਗੁਰੂ ਜੀ ਦਾ ਵਿਆਹ ਲਖਨੋਰੀ ਪਿੰਡ ਦੇ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ 1634 ਨੰ ਹੋਇਆ ਆਪ ਜੀ ਨੂੰ ਵਿਆਹ ਤੋ 32 ਸਾਲ ਮਗਰੋ ਪੁੱਤਰ ਦੀ ਦਾਤ ਪ੍ਰਾਪਤ ਹੋਈ
ਨਿਮਰਤਾ ਦੇ ਪੁੰਜ = ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਮਰਤਾ ਦੇ ਪੁੰਜ ਤੇ ਮਨ ਨੀਵਾਂ ਤੇ ਮਤ ਉਚੀ ਦੇ ਧਾਰਨੀ ਸਨ ਇਤਿਹਾਸ ਮੁਤਾਬਕ ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਜੀ ਦੇ ਸਨਮੁੱਖ ਬੈਠਦੇ ਤਾ ਅੱਖਾਂ ਨੀਵੀਆਂ ਕਰ ਲੈਂਦੇ ਇਕ ਵਾਰ ਦਰਬਾਰ ਅੰਦਰ ਬੈਠੀ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਕੀ ਗੁਰੂ ਜੀ ਆਪ ਜੀ ਦੇ ਲਾਲ ਆਪ ਜੀ ਦੇ ਸਾਹਮਣੇ ਹਮੇਸ਼ਾ ਅੱਖਾਂ ਨੀਵੀਆਂ ਕਰ ਕੇ ਬੈਠ ਜਾਂਦੇ ਹਨ ਤਾ ਅੱਗੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਰ ਦਿੱਤਾ ਜਿਸ ਨੂੰ ਅੰਦਰ ਦੇ ਸਾਰੇ ਔਗੁਣਾਂ ਦਾ ਪਤਾ ਹੋਵੇ ਉ ਸ ਦੇ ਸਾਹਮਣੇ ਨੇਤਰ ਨਹੀ ਚੁੱਕੇ ਜਾਦੇ।।
ਹਰਿ ਕ੍ਰਿਸ਼ਨ ਜੀ ਨਾਲ ਮੁਲਾਕਾਤ —ਪੰਜੋਖੇੜਾ ਕੁਰੂਕਸ਼ੇਤਰ ਅਤੇ ਪਾਨੀਪਤ 'ਚੋਂ ਹੁੰਦੇ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ, 20 ਮਾਰਚ, 1664 ਦੇ ਦਿਨ ਦਿੱਲੀ ਪੁੱਜੇ। ਦਿੱਲੀ ਵਿਚ ਉਹ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ (ਮੌਜੂਦਾ ਗੁਰਦਵਾਰਾ ਬੰਗਲਾ ਸਾਹਿਬ) ਵਿਚ ਠਹਿਰੇ। ਜੈ ਸਿੰਘ ਉਸ ਵੇਲੇ ਦੱਖਣ ਦਾ ਗਵਰਨਰ ਸੀ ਅਤੇ ਉਸ ਬੰਗਲੇ ਵਿਚ ਉਸਦੀ ਪਤਨੀ ਪੁਸ਼ਪਾਵਤੀ ਅਤੇ ਪੁੱਤਰ ਕੰਵਰ ਰਾਮ ਸਿੰਘ ਰਹਿੰਦੇ ਸਨ। ਉਸ ਤੋਂ ਇਕ ਦਿਨ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਵੀ ਪੂਰਬ ਦੇ ਦੌਰੇ ਤੋਂ ਦਿੱਲੀ ਮੁੜੇ ਸਨ। ਉਹ ਦਿਲਵਾਲੀ ਮੁਹੱਲੇ ਵਿਚ ਭਾਈ ਕਲਿਆਣਾ ਦੀ ਧਰਮਸ਼ਾਲਾ ਵਿਚ ਠਹਿਰੇ ਸਨ। ਉਸੇ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਦਿੱਲੀ ਆਏ ਹੋਏ ਹਨ ਅਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਵਿਚ ਠਹਿਰੇ ਹਨ। ਗੁਰੂ ਤੇਗ਼ ਬਹਾਦਰ ਸਾਹਿਬ, 22 ਮਾਰਚ, 1664 ਨੂੰ, ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ 'ਤੇ ਗਏ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਮੁਲਾਕਾਤ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਨ੍ਹਾਂ ਨੂੰ ਦੋ ਕੁ ਦਿਨ ਉਥੇ ਠਹਿਰਨ ਵਾਸਤੇ ਆਖਿਆ। ਇਹ ਦੋ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਉਨ੍ਹਾਂ ਨਾਲ ਵਿਚਾਰਾਂ ਕਰਦੇ ਰਹੇ। ਉਨ੍ਹਾਂ ਦੇ ਟੁਰਨ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਨ੍ਹਾਂ ਨੂੰ ਕਿਹਾ, ਮੈਨੂੰ ਇਲਹਾਮ ਹੋ ਰਿਹਾ ਹੈ ਕਿ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਰਿਹਾ ਹੈ ਤੇ ਜੇ ਅਜਿਹਾ ਹੋਇਆ ਤਾਂ ਗੁਰਗੱਦੀ ਤੁਸੀ ਸੰਭਾਲਣੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਪਹਿਲਾਂ ਤਾਂ ਚੁੱਪ ਰਹੇ ਤੇ ਫਿਰ “ਜੋ ਭਾਵੈ ਕਰਤਾਰ” ਆਖ ਕੇ ਅਲਵਿਦਾ ਬੁਲਾ ਕੇ ਬਕਾਲਾ ਵਲ ਨੂੰ ਚੱਲ ਪਏ।
ਗੁਰਗੱਦੀ ਦੀ ਪ੍ਰਾਪਤੀ—-ਗੁਰੂ ਹਰਕਿੑਸ਼ਨ ਜੀ ਨੇ ਜੋਤੀ ਜੋਤ ਸਮੇਂ ਆਖਰੀ ਸ਼ਬਦ "ਬਾਬਾ ਬਕਾਲਾ" ਕਹੇ ਸਨ। ਜਿਸਦਾ ਅਰਥ ਅਗਲਾ ਗੁਰੂ ਦਾ ਬਾਬਾ ਬਕਾਲਾ ਵਿਖੇ ਹੋਣਾ ਸੀ। ਵਪਾਰੀ ਲੱਖੀ ਸ਼ਾਹ ਲੁਬਾਣਾ ਦਾ ਜਦੋਂ ਜਹਾਜ਼ ਡੁੱਬਦਾ ਸੀ ਤਾਂ ਉਸਨੇ ਅਰਦਾਸ ਕੀਤੀ ਕਿ ਉਹ ਗੁਰੂ ਜੀ ਦੇ ਚਰਨਾਂ ਵਿੱਚ 500 ਮੋਹਰਾਂ ਭੇਟ ਕਰੇਗਾ। ਜਦੋਂ ਲੱਖੀ ਸ਼ਾਹ ਲੁਬਾਣਾ ਬਾਬਾ ਬਕਾਲਾ ਵਿਖੇ ਪਹੁੰਚਿਆਂ ਤਾਂ ਉਸਨੇ 22 ਮੰਜੀਆਂ ਤੇ ਗੁਰੂ ਬੈਠੇ ਹੋਏ ਵੇਖੇ ਜਿਸ ਕਾਰਨ ਮੱਖਣ ਸ਼ਾਹ ਲੁਬਾਣਾ ਨੇ ਹਰ ਇੱਕ ਅੱਗੇ 2-2 ਮੋਹਰਾਂ ਰੱਖੀਆਂ ਜਦੋਂ ਤੇਗ ਬਹਾਦਰ ਜੀ ਕੋਲ ਪਹੁੰਚਿਆ ਤਾਂ ਉਨ੍ਹਾਂ ਬਾਕੀ ਮੋਹਰਾਂ ਦੀ ਮੰਗ ਕੀਤੀ। ਜਿਸ ਤੋਂ ਲੱਖੀ ਸ਼ਾਹ ਲੁਬਾਣਾ ਨੇ ਖੁਸ਼ ਹੋ ਕੇ ਕਿਹਾ 'ਗੁਰੂ ਲਾਧੋ ਰੇ ਗੁਰੂ ਲਾਧੋ'ਗੁਰੂ ਮਿਲ ਗਿਆ ਹੈ। ਇਸ ਪ੍ਰਕਾਰ ਤੇਗ ਬਹਾਦਰ ਜੀ ਨੂੰ ਗੁਰੂ ਮੰਨ ਲਿਆ ਗਿਆ। ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਧੀਰ ਮੱਲ ਅਤੇ ਪਿੑਥੀ ਚੰਦ ਦੀਆਂ ਸੰਤਾਨਾਂ ਦਾ ਵਿਰੋਧ ਸਹਿਣਾ ਪਿਆ। ਗੁਰੂ ਜੀ ਨੂੰ 1664 ਈਸਵੀਂ ਨੂੰ ਗੁਰਿਆਈ ਪਾਪਤ ਹੋਈ ਆਪ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਪੁੱਤਰ ਸਨ ਆਪ ਜੀ ਬਚਪਨ ਤੋਂ ਹੀ ਵੈਰਾਗੀ ਤੇ ਉਪਰਾਮ ਤਬੀਅਤ ਦੇ ਮਾਲਕ ਸਨ।
ਗੁਰਬਾਣੀ ਰਚਨਾ = ਗੁਰੂ ਸਾਹਿਬ ਜੀ ਦੀ ਬਾਣੀ 15 ਰਾਗਾ ਵਿੱਚ ਦਰਜ ਹੈ। ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 59 ਪਦੇ(15 ਰਾਗਾਂ ਵਿਚ) ਅਤੇ 57 ਸਲੋਕ ਦਰਜ ਹਨ। ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਤੀ ਦੇਣ ਵਾਲੀ ਤੇ ਪ੍ਰਮਾਤਮਾ ਦੇ ਗੁਣ ਗਾਇਨ ਦੀ ਪ੍ਰੇਰਨਾ ਦੇਣ ਵਾਲੀ ਹੈ
ਸੰਤ ਸਰੂਪ ਤੇ ਸਸਤਰ ਵਿਦਿਆ ਦੇ ਮਾਹਿਰ—ਗੁਰੂ ਜੀ ਬਚਪਨ ਤੋਂ ਹੀ ਸੰਤ ਸਰੂਪ ਅਡੋਲ ਚਿੱਤ ਗੰਭੀਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ ਗੁਰੂ ਜੀ ਕਈ ਕਈ ਘੰਟੇ ਸਮਾਧੀ ਵਿੱਚ ਲੀਨ ਹੋਏ ਬੈਠੇ ਰਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋ ਬਾਅਦ ਆਪ ਪਿੰਡ ਬਕਾਲਾ ਆ ਕੇ ਉਥੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਵਿਦਿਆ ਆਪਣੀ ਦੇਖ ਰੇਖ ਹੇਠ ਦਵਾਈ ਆਪ ਜੀ ਸੁੰਦਰ ਵਿਦਵਾਨ ਸੂਰਬੀਰ ਸਸਤਰਧਾਰੀ ਤੇ ਧਰਮ ਤੇ ਰਾਜਨੀਤੀ ਵਿੱਚ ਨਿਪੁੰਨ ਸਨ। 1634 ਈਸਵੀ ਵਿੱਚ ਆਪ ਨੇ ਆਪਣੇ ਪਿਤਾ ਜੀ ਨਾਲ ਮਿਲਕੇ ਕਰਤਾਰਪੁਰ ਦੇ ਯੁੱਧ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾਏ।
ਗੁਰੂ ਜੀ ਦੁਆਰਾ ਕੀਤੇ ਗਏ ਕਾਰਜ—
ਗੁਰਗੱਦੀ ਤੇ ਬੈਠਣ ਤੋਂ ਬਾਅਦ ਗੁਰੂ ਜੀ ਨੂੰ ਅੰਮਿ੍ਤਸਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਇਸ ਤਰ੍ਹਾਂ ਗੁਰੂ ਜੀ ਨੇ ਹਰਮਿੰਦਰ ਸਾਹਿਬ ਕੋਲ ਨਿਵਾਸ ਕੀਤਾ। ਜਿੱਥੇ ਗੁਰਦੁਆਰਾ ਥੰਮ ਸਾਹਿਬ (ਥੜਾ ਸਾਹਿਬ) ਬਣਾਇਆ ਗਿਆ। ਫਿਰ ਗੁਰੂ ਜੀ ਨੇ ਧਰਮ ਪੑਚਾਰ ਲਈ ਯਾਤਰਾਵਾਂ ਕਰਨੀਆਂ ਸ਼ੁਰੂ ਕੀਤੀਆਂ। ਸਭ ਤੋਂ ਪਹਿਲਾਂ ਅੰਮਿ੍ਤਸਰ ਵਿੱਚ ਘੁੱਕੇ ਵਾਲੀ ਗਏ ਜਿਥੇ ਕੁਦਰਤੀ ਸੁੰਦਰਤਾ ਬਹੁਤ ਸੀ ਜਿਸ ਤੋਂ ਖੁਸ਼ ਹੋ ਕੇ ਇਸਦਾ ਨਾਮ 'ਗੁਰੂ ਕਾ ਬਾਗ' ਰੱਖ ਦਿੱਤਾ। ਫਿਰ ਗੁਰੂ ਜੀ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਤੋਂ ਮਾਲਵਾ ਪਰਦੇਸ਼ ਦੇ ਇਲਾਕੇ ਤਲਵੰਡੀ ਸਾਬੋ, ਮੋੜ ਮੰਡੀ, ਮਹਿਸਰਖਾਨਾ ਆਦਿ ਥਾਵਾਂ ਤੇ ਗਏ। ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁ: ਵਿੱਚ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ ਜਿਸ ਨੂੰ ਫਿਰ ਮਾਖੋਵਾਲ ਕਿਹਾ ਜਾਣ ਲੱਗਾ। ਇਹ ਨਗਰ 16 ਜੂਨ 1665 ਵਿੱਚ ਵਸਾਇਆ ਗਿਆ। ਜੋ ਕਿ ਅਜੋਕਾ ਆਨੰਦਪੁਰ ਸਾਹਿਬ ਬਣ ਗਿਆ।
ਕਸਮੀਰੀ ਪੰਡਤਾਂ ਦੀ ਪੁਕਾਰ —ਉਸ ਸਮੇ ਮੁਗਲ ਬਾਦਸਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜੋਰ ਨਾਲ ਕਸਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸਮੀਰ ਦੇ ਦੁਖੀ ਪੰਡਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਤੇ ਆਖਣ ਲੱਗੇ ਜੇਕਰ ਕੋਈ ਮਹਾਨ ਵਿਅਕਤੀ ਆਪਣੀ ਕੁਰਬਾਨੀ ਦੇਵੇ ਤਾ ਸਾਡੀ ਰੱਖਿਆ ਹੋ ਸਕਦੀ ਹੈ। ਉਸ ਵੇਲੇ ਬਾਲ ਗੋਬਿੰਦ ਰਾਏ ਜੀ ਕੋਲ ਬੈਠੇ ਸਨ ਤੇ ਆਖਣ ਲੱਗੇ (ਪਿਤਾ ਜੀ)ਤੁਹਾਡੇ ਤੋ ਵੱਧ ਹੋਰ ਮਹਾਨ ਵਿਅਕਤੀ ਕੌਣ ਹੋ ਸਕਦਾ ਹੈ? ਬਾਲ ਗੋਬਿੰਦ ਰਾਏ ਦੇ ਕਹਿਣ ਤੇ ਆਪ ਤਿਲਕ ਜੰਝੂ ਦੀ ਰਖਵਾਲੀ ਲਈ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚੇ।
ਗ੍ਰਿਫ਼ਤਾਰੀ ਤੇ ਸ਼ਹੀਦੀ—ਗੁਰੂ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਆਗਰੇ ਵਿੱਚ ਗਿਫ਼ਤਾਰ ਕਰ ਲਿਆ ਗਿਆ।ਗੁਰੂ ਜੀ ਦੁਆਰਾ ਹਕੂਮਤ ਦੀ ਨੀਤੀ ਅਨੁਸਾਰ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਚਾਦਨੀ ਚੌਕ ਦੀ ਕੋਤਵਾਲੀ ਵਿੱਚ ਆਪ ਨੂੰ ਅਨੇਕਾਂ ਕਸ਼ਟ ਦਿੱਤੇ ਗਏ ਆਪ ਅਡੋਲ ਰਹੇ। ਗੁਰੂ ਜੀ ਦੀ ਦਿੜਤਾ ਨੂੰ ਦੇਖ ਕੇ ਹਾਕਮਾਂ ਨੇ ਪਹਿਲਾਂ ਆਪ ਦੇ ਸਿੱਖ ਸਾਥੀਆਂ ਨੂੰ ਸਹੀਦ ਕੀਤਾ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਭਾਈ ਦਿਆਲੇ ਨੂੰ ਉਬਾਲਦੀ ਦੇਗ ਵਿੱਚ ਪਾ ਕੇ ਸਹੀਦ ਕੀਤਾ। ਗੁਰੂ ਜੀ ਸਹੀਦੀ ਦੇਣ ਲਈ ਤਿਆਰ ਹੋ ਗਏ । ਜਲਾਦ ਨੇ ਆਪ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਇਸ ਤਰਾ ਆਪ ਨੇ ਸੀਸਪ ਦੀਆ ਪਰ ਸਿਰਰੁ ਨ ਦੀਆ। ਇਹ ਮਹਾਨ ਬਲੀਦਾਨ ਨਵੰਬਰ 1675 (੧੬੭੫)ਵਿੱਚ ਹੋਇਆ। ਇਥੇ ਅੱਜਕਲ੍ਹ ਗੁਰਦੁਆਰਾ ਸ਼ੀਸ਼ ਗੰਜ ਸੁਸ਼ੋਭਿਤ ਹੈ।ਆਪ ਜੀ ਦਾ ਇੱਕ ਸੇਵਕ ਆਪ ਜੀ ਦਾ ਧੜ ਲੈ ਕੇ ਰਕਾਬ ਗੰਜ ਸਾਹਿਬ ਪਹੁੰਚ ਗਿਆ ਜਿੱਥੇ ਆਪ ਜੀ ਦੇ ਧੜ ਦਾ ਸੰਸਕਾਰ ਹੋਇਆ ਭਾਈ ਜੈਤਾ ਜੋ ਦਿੱਲੀ ਤੋ ਗੁਰੂ ਸਾਹਿਬ ਜੀ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ ਆਨੰਦਪੁਰ ਸਾਹਿਬ ਆਪ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਅੱਜਕਲ ਇਨਾ ਸਥਾਨਾਂ ਉਪਰ ਗੁਰੁ ਘਰ ਸੁਸ਼ੋਭਿਤ ਹਨ ਜਿਥੇ ਲੱਖਾਂ ਸਰਧਾਲੂ ਧਰਮ ਰੱਖਿਅਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜਦੇ ਹਨ। ਆਪ ਜੀ ਦੀ ਮਹਾਨ ਕੁਰਬਾਨੀ ਨੇ ਲੋਕਾਂ ਦੀ ਸੋਚ ਣੀ ਵਿੱਚ ਇਨਕਲਾਬ ਲੈ ਆਉਂਦਾ। ਆਪ ਜੀ ਦੀ ਮਹਾਨ ਕੁਰਬਾਨੀ ਤੋ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।
ਸਾਰ ਅੰਸ਼ -ਅੰਤ ਵਿੱਚ ਕਹਿ ਸਕਦੇ ਹਾਂ ਕਿ ਇਤਿਹਾਸ ਵਿੱਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕੀ। ਗੁਰੂ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।