ਪਰਵਾਸੀ ਭਾਰਤੀਆਂ ਨੂੰ ਪ੍ਰੌਕਸੀ ਵੋਟ ਦੀ ਸਹੂਲਤ ਹਾਲੇ ਨਹੀਂ

ਨਵੀਂ ਦਿੱਲੀ,  ਜੁਲਾਈ 2019-
ਸਰਕਾਰ ਨੇ ਪਰਵਾਸੀ ਭਾਰਤੀਆਂ ਨੂੰ ‘ਪ੍ਰੌਕਸੀ ਵੋਟ’ ਦੀ ਸਹੂਲਤ ਦੇਣ ਸਬੰਧੀ ਇਕ ਨਵਾਂ ਬਿੱਲ ਸੰਸਦ ਵਿੱਚ ਪੇਸ਼ ਕਰਨ ਦੀ ਆਪਣੀ ਯੋਜਨਾ ਨੂੰ ਹਾਲ ਦੀ ਘੜੀ ਰੋਕਣ ਦਾ ਫ਼ੈਸਲਾ ਲਿਆ ਹੈ। ਇਸੇ ਤਰ੍ਹਾਂ ਦਾ ਇਕ ਬਿੱਲ ਪਿਛਲੇ ਮਹੀਨੇ 16ਵੀਂ ਲੋਕ ਸਭਾ ਭੰਗ ਹੋਣ ਤੋਂ ਬਾਅਦ ਲੈਪਸ ਹੋ ਗਿਆ ਸੀ। ਇਹ ਬਿੱਲ ਲੋਕ ਸਭਾ ਵਿੱਚ ਪਾਸ ਹੋ ਚੁੱਕਿਆ ਸੀ ਪਰ ਰਾਜ ਸਭਾ ਵਿੱਚ ਪੈਂਡਿੰਗ ਪਿਆ ਸੀ। ਸਰਕਾਰੀ ਸੂਤਰਾਂ ਅਨੁਸਾਰ ਕਾਨੂੰਨ ਮੰਤਰਾਲੇ ਦਾ ਇਹ ਪ੍ਰਸਤਾਵ 24 ਜੂਨ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਰੱਖਿਆ ਗਿਆ ਸੀ, ਜਿੱਥੇ ਇਸ ਸਬੰਧੀ ਹੋਰ ਸਰਵੇਖਣ ਕਰਨ ਲਈ ਹਾਲ ਦੀ ਘੜੀ ਇਸ ਪ੍ਰਸਤਾਵ ਨੂੰ ਰੋਕਣ ਦਾ ਫ਼ੈਸਲਾ ਲਿਆ ਗਿਆ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਇਹ ਪ੍ਰਸਤਾਵ ਇਸ ਸਬੰਧੀ ਵਖਰੇਵਿਆਂ ਨੂੰ ਦੂਰ ਕਰਨ ਤੋਂ ਬਾਅਦ ਹੀ ਅੱਗੇ ਭੇਜਿਆ ਜਾਵੇਗਾ।