ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਵਲੋਂ ਪਾਵਰਕੌਮ ਦੇ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਦਾ ਘਿਰਾਓ

ਜਗਰਾਉਂ , 27 ਅਪ੍ਰੈਲ ( ਮਨਜਿੰਦਰ ਗਿੱਲ ,ਗੁਰਕੀਰਤ ਜਗਰਾਉਂ ) ਸੂਬੇ ਭਰ ਚ ਬਿਜਲੀ ਸਪਲਾਈ ਦੀ‌ ਅਤਿਅੰਤ ਮਾੜੀ ਹਾਲਤ ਖਿਲਾਫ ਅਜ ਦੂਜੀ ਵਾਰ ਫਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਵਲੋਂ ਸਥਾਨਕ ਪਾਵਰਕੌਮ ਦੇ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਘਿਰਾਓ ਸਮੇਂ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਤੋਂ ਹਫਤਾ ਪਹਿਲਾਂ ਵੀ ਪਾਵਰਕੌਮ ਅਧਿਕਾਰੀਆਂ ਨੂੰ ਕਿਸਾਨ ਵਫ਼ਦ ਮਿਲਿਆ ਸੀ, ਉਸ ਸਮੇਂ ਵੀ ਬਿਜਲੀ ਸਪਲਾਈ ਦਾ ਭਰੋਸਾ ਦਿੱਤਾ ਗਿਆ ਸੀ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਸਗੋਂ ਬਿਜਲੀ ਸਪਲਾਈ ਅਗੇ ਨਾਲੋਂ ਵੀ ਬਦਤਰ ਹੋਈ। ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਤੇ ਦੂਜੇ ਬੰਨੇ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਨਾ ਮਾਤਰ ਹੋਣ‌ ਕਾਰਨ ਝੋਨੇ ਦੀ ਬਿਜਾਈ ਪਛੜੀ ਰਹੀ  ਹੈ।ਮੋਸਮ ਦੀ ਖਰਾਬੀ ਕਾਰਨ ਕਣਕ ਦਾ ਝਾੜ ਘਟਣ ਕਾਰਨ ਪਹਿਲਾਂ ਹੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਾਰਜਕਾਰੀ ਇੰਜੀਨੀਅਰ ਗੁਰਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਕਿ ਦੋ ਦਿਨ ਦੇ ਅੰਦਰ ਅੰਦਰ ਬਿਜਲੀ ਸਪਲਾਈ ਚ ਸੁਧਾਰ ਕਰ ਦਿਤਾ ਜਾਵੇਗਾ। ਇਸ ਉਪਰੰਤ ਕਿਸਾਨਾਂ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨਯਨ ਜੱਸਲ ਅਤੇ ਐਸ ਡੀ ਐਮ ਵਿਕਾਸ ਹੀਰਾ ਨੂੰ ਮਿਲਿਆ ਤੇ ਸਬੰਧਤ ਮਸਲੇ ਚ ਬਿਜਲੀ ਮੰਤਰੀ ਰਾਹੀਂ ਬਿਜਲੀ ਸਪਲਾਈ ਚ ਪੂਰੇ ਸੁਧਾਰ ਦੀ ਮੰਗ ਕੀਤੀ। ਇਨਾਂ ਦੋਹਾਂ ਅਧਿਕਾਰੀਆਂ ਤੋਂ‌  ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਲਈ ਲਟਕ ਰਹੇ ਨੋਕਰੀ ਤੇ ਮੁਆਵਜ਼ੇ ਦੀ ਮੰਗ ਨੂੰ ਜਲਦ ਅਮਲ ਚ ਲਿਆਊਣ‌ ਅਤੇ ਫਸਲਾਂ‌ਦੇ ਖ਼ਰਾਬੇ ਦਾ ਮੁਆਵਜ਼ਾ ਜਲਦ ਜਾਰੀ ਕਰਨ ਦੀ ਮੰਗ ਕਰਦਿਆਂ ਸੰਘਰਸ਼ ਤਿੱਖਾ ਕਰਨ  ਦੀ ਚਿਤਾਵਨੀ ਦਿੱਤੀ।ਇਸ ਸਮੇਂ  ਕਿਸਾਨ ਆਗੂ ਧਰਮ ਸਿੰਘ ਸੂਜਾਪੁਰ,ਹਰਚੰਦ ਸਿੰਘ ਢੋਲਣ, ਗੁਰਚਰਨ ਸਿੰਘ ਗੁਰੂਸਰ, ਅਰਜਨ ਸਿੰਘ ਖੇਲਾ, ਬਚਿੱਤਰ ਸਿੰਘ ਜਨੇਤਪੁਰਾ, ਹਰਪ੍ਰੀਤ ਸਿੰਘ ਹੈਪੀ ਅਖਾੜਾ, ਜਸਵਿੰਦਰ ਸਿੰਘ ਕਾਕਾ,ਹਰਬੰਸ ਸਿੰਘ ਬਾਰਦੇਕੇ, ਕੁੰਡਾ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ।