ਮੋਗਾ ਦਾ ਜਨ ਔਸ਼ਧੀ ਸਟੋਰ ਹੁਣ ਸਵੇਰੇ 7:30 ਵਜੇ ਤੋਂ ਸ਼ਾਮੀ 7:30 ਵਜੇ ਤੱਕ ਰਹੇਗਾ ਖੁੱਲ੍ਹਾ

ਡਿਪਟੀ ਕਮਿਸ਼ਨਰ ਨੇ ਜਨ ਔਸ਼ਧੀ ਸਟੋਰ ਦੀ “ਪਰਚੇਜ-ਕਮ-ਮੋਨੀਟਰਿੰਗ ਕਮੇਟੀ' ਨਾਲ ਕੀਤੀ ਮੀਟਿੰਗ
ਸਰਕਰੀ ਹਸਪਤਾਲ ਵਿੱਚੋਂ ਇਲਾਜ ਲਈ ਆਉਂਦੇ ਮਰੀਜ਼ਾਂ ਦੀ ਮੰਗ ਅਨੁਸਾਰ ਦਵਾਈਆਂ ਖ੍ਰੀਦਣ ਦੀ ਦਿੱਤੀ ਮਨਜੂਰੀ
ਮੋਗਾ  28 ਅਪਰੈਲ  (ਰਣਜੀਤ ਸਿੱਧਵਾਂ)  :  ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜਨ ਔਸ਼ਧੀ ਡਰੱਗ ਸਟੋਰ ਮੋਗਾ ਦੀ “ਪਰਚੇਜ-ਕਮ- ਮੋਨੀਟਰਿੰਗ ਕਮੇਟੀ" ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਹਰਚਰਨ ਸਿੰਘ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜੇਸ਼ ਅੱਤਰੀ, ਐਮ.ਡੀ. ਮਨੋਰੋਗ ਡਾ. ਚਰਨਪ੍ਰੀਤ ਸਿੰਘ, ਫਾਰਮਾਸਿਸਟ ਰੁਪੇਸ਼ ਤੋਂ ਇਲਾਵਾ ਇੰਡੀਅਨ ਰੈੱਡ ਕਰਾਸ ਸੋਸਾਇਟੀ ਜਿ਼ਲ੍ਹਾ ਮੋਗਾ ਦੇ ਨੁਮਾਇੰਦੇ ਵੀ ਅਧਿਕਾਰੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਜਨ ਔਸ਼ਧੀ ਸਟੋਰ ਮੋਗਾ ਦੀ ਪਰਚੇਜ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਟੋਰ ਲਈ ਦਵਾਈਆਂ ਦੀ ਖ੍ਰੀਦ ਸਬੰਧੀ ਮੰਗ/ਲਿਸਟ ਪੇਸ਼ ਕੀਤੀ। ਮੀਟਿੰਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਖ੍ਰੀਦ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਦਵਾਈਆਂ ਦੀ ਲਿਸਟ ਸਿਵਲ ਹਸਪਤਾਲ ਮੋਗਾ ਦੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਲੋੜ ਅਤੇ ਮੰਗ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ, ਤਾਂ ਜੋ ਲੋੜਵੰਦ ਮਰੀਜ਼ ਮਹਿੰਗੀਆਂ ਦਵਾਈਆਂ ਦੀ ਜਗ੍ਹਾ `ਤੇ ਜੈਨੇਰਿਕ ਦਵਾਈਆਂ ਦੀ ਵਰਤੋਂ ਕਰਕੇ ਆਪਣੇ ਪੈਸੇ ਦੀ ਬੱਚਤ ਕਰ ਸਕਣ। ਡਿਪਟੀ ਕਮਿਸ਼ਨਰ ਵੱਲੋਂ ਮੌਕੇ ਤੇ ਹੀ ਇਨ੍ਹਾਂ ਦਵਾਈਆਂ ਨੂੰ ਖ੍ਰੀਦਣ ਦੀ ਇਜ਼ਾਜਤ ਕਮੇਟੀ ਨੂੰ ਦਿੱਤੀ ਅਤੇ ਕਿਹਾ ਕਿ  ਦਵਾਈਆਂ ਦਾ ਸਟਾਕ ਖਤਮ ਹੋਣ ਤੋਂ ਪਹਿਲਾਂ ਹੀ ਢੁਕਵੇਂ ਸਮੇਂ ਅੰਦਰ  ਨਵਾਂ ਸਟਾਕ ਮੰਗਵਾਉਣ ਦਾ ਆਰਡਰ ਦੇ ਦਿੱਤਾ ਜਾਵੇ ਤਾਂ ਜੋ ਗਰੀਬ ਜਨਤਾ ਨੂੰ ਦਵਾਈਆਂ ਖਰੀਦਣ ਸਮੇਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਨ ਔਸ਼ਧੀ ਸਟੋਰ ਗਰੀਬ ਜਨਤਾ ਲਈ ਬਹੁਤ ਹੀ ਫਾਇਦੇਮੰਦ ਹਨ ਜਿੱਥੇ ਮਹਿੰਗੀ ਤੋਂ ਮਹਿੰਗੀ ਦਵਾਈ ਵੀ ਸਸਤੇ ਮੁੱਲ ਵਿੱਚ ਖਰੀਦੀ ਜਾ ਸਕਦੀ ਹੈ। ਜੋ ਦਵਾਈ ਆਮ ਮੈਡੀਕਲ ਸਟੋਰ ਵਿੱਚ ਬਹੁਤ ਹੀ ਮਹਿੰਗੇ ਮੁੱਲ `ਤੇ ਮਿਲਦੀ ਹੈ ਉਹ ਜਨ ਔਸ਼ਧੀ ਸਟੋਰ ਤੋਂ ਸਸਤੇ ਮੁੱਲ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਸਟੋਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਆਦੇਸ਼ ਜਾਰੀ ਕੀਤੇ ਕਿ ਸਿਵਲ ਹਸਪਤਾਲ ਦੇ ਸਾਰੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਲਿਖਣ ਵਾਲੀਆ ਸਾਰੀਆਂ ਦਵਾਈਆਂ ਜੈਨੇਰਿਕ ਲਿਖੀਆਂ ਜਾਣ ਤਾਂ ਜੋ ਆਮ ਲੋਕਾਂ ਨੂੰ ਵੱਧ ਤੋ ਵੱਧ ਸਹੂਲਤ ਮਿਲ ਸਕੇ ਅਤੇ ਉਨਾਂ ਦਾ ਇਲਾਜ ਸੁਚੱਜੇ ਢੰਗ ਨਾਲ ਹੋ ਸਕੇ। ਡਿਪਟੀ ਕਮਿਸ਼ਨਰ ਨੇ ਜਨ ਔਸ਼ਧੀ ਸਟੋਰ ਮੋਗਾ ਦਾ ਲਾਹਾ ਵੱਧ ਤੋਂ ਵੱਧ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਦਿਵਾਉਣ ਲਈ ਸਵੇਰੇ 7:30 ਵਜੇ ਤੋਂ ਸ਼ਾਮ 7:30 ਵਜੇ ਤੱਕ ਸਟੋਰ ਨੂੰ ਖੋਲ੍ਹਣ ਦੇ ਆਦੇਸ਼ ਵੀ ਜਾਰੀ ਕੀਤੇ।ਉਨ੍ਹਾਂ ਜਿ਼ਲ੍ਹਾ ਪ੍ਰਸ਼ਾਸ਼ਨ ਮੋਗਾ ਤਰਫ਼ੋਂ ਇਸ ਸਟੋਰ ਦੀ ਕਾਰਜਸ਼ੈਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯੋਗਦਾਨ ਦੇਣ ਦਾ ਭਰੋਸਾ ਵੀ ਦਿਵਾਇਆ।