ਹਰ ਤੰਦਰੁਸਤ ਵਿਅਕਤੀ ਨੂੰ ਕਰਨਾ ਚਾਹੀਦਾ ਖੂਨਦਾਨ : ਬ੍ਰਮ ਸ਼ੰਕਰ ਜ਼ਿੰਪਾ

ਕੈਬਨਿਟ ਮੰਤਰੀ ਨੇ ਇੱਕ ਤੇਰਾ ਸਹਾਰਾ ਸੰਸਥਾ ਵਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਕੀਤਾ ਉਦਘਾਟਨ
ਕਿਹਾ, ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ’ਚ ਪਾਇਆ ਜਾ ਸਕਦੈ ਯੋਗਦਾਨ
ਹੁਸ਼ਿਆਰਪੁਰ, 30 ਅਪ੍ਰੈਲ  (ਰਣਜੀਤ ਸਿੱਧਵਾਂ)  : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਦਾ ਜੀਵਨ ਬਚਾਅ ਸਕਦਾ ਹੈ। ਉਹ ਅੱਜ ਇੱਕ ਤੇਰਾ ਸਹਾਰਾ ਸੰਸਥਾ ਵਲੋਂ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਨੌਜਵਾਨ ਖੂਨਦਾਨ ਕੈਂਪਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ, ਜੋ ਕਿ ਸਹੀ ਅਰਥਾਂ ਵਿੱਚ ਸੱਚੀ ਸਮਾਜ ਸੇਵਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਲਈ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਇਸ ਦੌਰਾਨ ਲੋਕਾਂ ਨੂੰ ਭਵਿੱਖ ਵਿੱਚ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਦੌਰ ਵਿੱਚ ਲੋਕਾਂ ਵਲੋਂ ਕੀਤੇ ਗਏ ਖੂਨਦਾਨ ਨੇ ਕਈ ਅਨਮੋਲ ਜਿੰਦਗੀਆਂ ਨੂੰ ਬਚਾਇਆ ਹੈ। ਇਸ ਦੌਰਾਨ ਉਨ੍ਹਾਂ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਸੰਸਥਾ ਦੇ ਅਹੁਦੇਦਾਰਾਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਆਯੋਜਨ ਕਰਵਾਉਣ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਸ੍ਰੀ ਵਰਿੰਦਰ ਸ਼ਰਮਾ ਬਿੰਦੂ, ਸ੍ਰੀ ਸੁਮੇਸ਼ ਸੋਨੀ, ਸ੍ਰੀ ਵਰਿੰਦਰ ਦੱਤ ਵੈਦ, ਸ੍ਰੀ ਪੰਕਜ, ਸ੍ਰੀ ਹਰਮਨ ਜੱਸੀ, ਸ੍ਰੀ ਮੋਹਨ, ਸ੍ਰੀ ਗੌਰਵ ਜੈਨ, ਸ੍ਰੀ ਰਿਸ਼ੀ ਕੁਮਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।