ਮਹਾਨ ਕਵੀ ਰਬਿੰਦਰਨਾਥ ਟੈਗੋਰ ਜੀ ਦੀ ਜਯੰਤੀ ਤੇ ਵਿਸ਼ੇਸ ✍️ ਪੂਜਾ

ਰਬਿੰਦਰਨਾਥ ਟੈਗੋਰ ਜੀ ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸਨ। ਜਿਹਨਾਂ ਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ।ਰਬਿੰਦਰਨਾਥ ਟੈਗੋਰ ਦਾ ਜਨਮ 7 ਮਈ 1861ਈ. ਨੂੰ ਕੋਲਕਾਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿੱਚ ਹੋਇਆ ਸੀ।ਉਨ੍ਹਾਂ ਦੇ ਪਿਤਾ ਜੀ ਦਾ ਨਾਮ ਮਹਾਰਿਸ਼ੀ ਦੇਬੇਂਦਰਨਾਥ ਟੈਗੋਰ ਅਤੇ ਮਾਤਾ ਜੀ ਦਾ ਨਾਮ ਸ਼ਾਰਦਾ ਦੇਵੀ ਸੀ। ਉਨ੍ਹਾਂ ਦਾ ਵਿਆਹ 'ਮ੍ਰਿਨਾਲਿਨੀ ਦੇਵੀ' ਨਾਲ ਹੋਇਆ ਸੀ।
ਰਬਿੰਦਰਨਾਥ ਟੈਗੋਰ, ਜੋ ਖੁਦ ਨੂੰ ਬਾਊਲ ਟੈਗੋਰ ਕਹਿੰਦੇ ਹਨ, ਬਿਨਾ ਸ਼ਕ ਇੱਕ ਬਹੁਰੰਗੀ ਸੁਭਾ ਦੀ ਸ਼ਖਸੀਅਤ ਹਨ।ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਮਸ਼ਹੂਰ ਸੇਂਟ ਜੇਵੀਅਰ ਸਕੂਲ ਵਿੱਚ ਹੋਈ। ਉਨ੍ਹਾਂ ਨੇ ਵਕੀਲ ਬਨਣ ਦੀ ਚਾਹਤ ਵਿੱਚ 1878 ਵਿੱਚ ਇੰਗਲੈਂਡ ਦੇ ਬਰਿਜਟੋਨ ਦੇ ਇੱਕ ਪਬਲਿਕ ਸਕੂਲ ਵਿੱਚ ਨਾਮ ਦਰਜ ਕਰਾਇਆ।
ਅੱਜ ਵੀ ਦੁਨੀਆ ਉਨ੍ਹਾ ਨੂੰ ਇੱਕ ਅਜ਼ੀਮ ਕਵੀ ਦੇ ਤੌਰ ’ਤੇ ਹੀ ਜਾਣਦੀ ਹੈ।ਇੱਕ ਅਜਿਹਾ ਕਵੀ ਜੋ "ਗੀਤਾਂਜਲੀ "ਵਰਗੀ ਅਮਰ ਰਚਣਾ ਦਾ ਰਚਣਹਾਰ ਹੈ, ਜਿਸਦੇ ਗੀਤਾਂ ਨੂੰ ਇੱਕ ਨਹੀਂ ਦੋ-ਦੋ ਦੇਸ਼ਾਂ ਦੇ ਕੌਮੀ ਗੀਤ ਹੋਣ ਦਾ ਫ਼ਖਰ ਹਾਸਿਲ ਹੈ।ਆਪਣੀ ਕਾਵਿ-ਪੁਸਤਕ ਗੀਤਾਂਜਲੀ ਲਈ ਉਨ੍ਹਾਂ ਨੂੰ 1913 ਵਿੱਚ  ਸਾਹਿਤ ਦਾ ਨੋਬਲ ਇਨਾਮ ਮਿਲਿਆ। ਯੂਰਪ ਤੋਂ ਬਾਹਰ ਦਾ ਉਹ ਪਹਿਲੇ ਵਿਅਕਤੀ ਸਨ ਜਿਹਨਾਂ ਨੂੰ ਇਹ ਇਨਾਮ ਮਿਲਿਆ। ਟੈਗੋਰ ਜੀ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝੇ ਜਾਂਦੇ ਸਨ। ਉਨ੍ਹਾ ਨੇ, ਕਵਿਤਾਵਾਂ ਤੋਂ ਬਿਨਾਂ ਨਾਵਲ, ਕਹਾਣੀ, ਨਾਟਕ, ਸਫ਼ਰਨਾਮਾ, ਜੀਵਨੀ ਤੇ ਨਿਬੰਧਕਾਰੀ ਵਿੱਚ ਵੀ ਆਪਣਾ ਭਰਪੂਰ ਹਿੱਸਾ ਪਾਇਆ ਹੈ। ਸੰਗੀਤ ਦੇ ਖੇਤਰ ਵਿੱਚ ਅੱਜ ਵੀ ਉਨ੍ਹਾ ਦਾ "ਰਬਿੰਦਰ ਸੰਗੀਤ"ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਪੂਰਬੀ ਏਸ਼ੀਆ ਦੇ ਮੁਲਕਾਂ ਅੰਦਰ ਗੂੰਜਦਾ ਹੈ।ਟੈਗੋਰ ਜੀ ਦੇ ਘਰ ਦਾ ਮਾਹੌਲ ਸਾਹਿਤ ਅਤੇ ਸੰਗੀਤ ਵਿੱਚ ਰਸਿਆ-ਬਸਿਆ ਸੀ। ਉਨ੍ਹਾਂ ਦਾ ਵੱਡਾ ਭਰਾ ਸਤੇਂਦਰਨਾਥ ਇੰਡੀਅਨ ਸਿਵਿਲ ਸਰਵਿਸ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਭਾਰਤੀ ਸੀ। ਟੈਗੋਰ ਜੀ ਦੀ ਪਰਵਰਿਸ਼ ਤਿੰਨ ਸਭਿਅਤਾਵਾਂ ਦੇ ਮਿਲੇ-ਜੁਲੇ ਮਾਹੋਲ ਵਿੱਚ ਹੋਈ, ਜਿਸ ਵਿੱਚ ਹਿੰਦੂ, ਮੁਹੰਮਦੀ ਤੇ ਪੱਛਮੀ ਸਭਿਆਤਾਵਾਂ ਸ਼ਾਮਿਲ ਸਨ।ਸਤਾਰ੍ਹਾਂ ਸਾਲ ਦੀ ਉਮਰ ਵਿੱਚ ਟੈਗੋਰ ਜੀ ਨੂੰ ਉਨ੍ਹਾ ਦੇ ਵੱਡੇ ਭਰਾ ਸਤੇਂਦਰਨਾਥ ਦੇ ਨਾਲ ਇੰਗਲੈਂਡ ਭੇਜਿਆ ਗਿਆ।ਰਬਿੰਦਰਨਾਥ ਜੀ ਦੇ ਮਨ ਵਿੱਚ ਇੰਗਲੈਂਡ ਦੀ ਵੱਖਰੀ ਹੀ ਸੁਫ਼ਨਮਈ ਤਸਵੀਰ ਸੀ।ਇਹ ਉਨ੍ਹਾ ਦੀ ਪਹਿਲੀ ਸਮੁੰਦਰੀ ਯਾਤਰਾ ਸੀ।"ਸੰਧਿਆ-ਸੰਗੀਤ" ਦੇ ਛਪਣ ਤੋਂ ਬਾਦ ਟੈਗੋਰ ਜੀ ਦੇ ਜੀਵਨ ਦੀ ਧਾਰਾ ਦਾ ਰੁਖ ਸਪਸ਼ਟ ਹੋ ਗਿਆ ਸੀ। ਹੁਣ ਤਕ ਉਨ੍ਹਾਂ ਦੇ ਕਈ ਕਾਵਿ-ਸੰਗ੍ਰਿਹ, ਨਾਟਕ ਅਤੇ ਨਾਵਲ ਛਪ ਚੁਕੇ ਸਨ- ਜਿਨ੍ਹਾ ਵਿੱਚੋਂ ਸੁਨਹਿਰੀ ਕਿਸ਼ਤੀ, ਰਾਜਰਿਸ਼ੀ, ਸਨਿਆਸੀ, ਵਿਸਰਜਨ ਤੇ ਰਾਜਾ ਅਤੇ ਰਾਣੀ ਆਦਿ ਪ੍ਰਮੁਖ ਸਨ।ਬੰਗਾਲੀ ਸਾਹਿਤ ਦੇ ਪਿਤਾਮਹ ਬੰਕਿਮ ਚੰਦਰ ਵੀ ਉਨ੍ਹਾਂ ਦੀ ਪ੍ਰਤਿਭਾ ਨੂੰ ਕਬੂਲ ਕਰਦੇ ਸਨ।
21 ਸਾਲ ਦੀ ਉਮਰ ਵਿੱਚ ਟੈਗੋਰ ਜੀ ਨੇ ਇਕ ਬੰਗਾਲੀ ਬਾਲ ਰਸਾਲੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਦੀ ਕਥਾ ਬਾਰੇ ਲੇਖ ਲਿਖਿਆ।ਗੁਰੂ ਗੋਬਿੰਦ ਸਿੰਘ ਜੀ ਬਾਰੇ ਉਨ੍ਹਾਂ ਨੇ ਕਵਿਤਾਵਾਂ "ਗੋਬਿੰਦ ਗੁਰੂ" , "ਵੀਰ ਗੁਰੂ" ਅਤੇ ਬੰਦਾ ਸਿੰਘ ਬਹਾਦਰ ਬਾਰੇ "ਬੰਦੀ ਬੀਰ" ਬੰਗਾਲੀ ਵਿੱਚ ਰਚੀਆਂ।ਸਿੱਖ ਰਾਗੀਆਂ ਦੁਬਾਰਾ ਗੁਰੂ ਨਾਨਕ ਬਾਣੀ ਗਾਇਨ ਨੇ ਉਨ੍ਹਾਂ ਦੇ ਬਾਲ ਮਨ ਨੂੰ ਇਨ੍ਹਾਂ ਪ੍ਰਭਾਵਿਤ ਕੀਤਾ ਕਿ ਬਾਅਦ ਵਿੱਚ ਉਨ੍ਹਾਂ ਨੇ " ਗਗਨ ਮੈਂ ਥਾਲ" ਰਚਨਾ ਦਾ ਬੰਗਾਲੀ ਵਿੱਚ ਅਨੁਵਾਦ ਕੀਤਾ।
ਕਵੀ ਨੇ ਆਪਣੇ ਗਮ ਨੂੰ ਗੀਤਾਂ ਤੇ ਕਵਿਤਾਵਾਂ ਵਿੱਚ ਰਚਿਆ। ਉਨ੍ਹਾਂ ਦੇ  ਇਹ ਗੀਤ "ਸ਼ਿਸ਼ੂ" ਤੇ "ਸਮਰਪਣ" ਨਾਂ ਦੀਆਂ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੋਏ। ਕਵੀ ਨੇ ਆਪਣੀ ਇਹ ਕਿਤਾਬ ਆਪਣੀ ਪਤਨੀ ਦੀ ਯਾਦ ਨੂੰ ਸਮਰਪਿਤ ਕੀਤੀ।ਜਨ-ਗਣ-ਮਨ ਦੇ ਰਚਣਹਾਰ ਉਹ ਖੁਦ ਸਨ ਤੇ ਦੂਜੇ ਪਾਸੇ ਬੰਦੇ-ਮਾਤਰਮ ਦੀ ਪਹਿਲੀ ਧੁਨ ਵੀ ਉਨ੍ਹਾ ਨੇ ਹੀ ਬਣਾਈ ਸੀ। ਡਾ. ਰਾਜੇਂਦਰ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਟੈਗੋਰ ਜੀ ਦੇ ਜਨ-ਗਣ-ਮਨ ਨੂੰ ਕੌਮੀ ਗੀਤ ਦੇ ਰੂਪ ਵਿੱਚ ਸਵੀਕਾਰ ਕੀਤਾ।ਟੈਗੋਰ ਜੀ ਨੇ ਕਰੀਬ 2, 230 ਗੀਤਾਂ ਦੀ ਰਚਨਾ ਕੀਤੀ। "ਰਾਬਿੰਦਰ ਸੰਗੀਤ"ਬੰਗਲਾ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ। ਕੁਦਰਤ ਦੇ ਪ੍ਰਤੀ ਗਹਿਰਾ ਲਗਾਉ ਰੱਖਣ ਵਾਲੇ ਇਹ ਕੁਦਰਤ ਪ੍ਰੇਮੀ ਅਜਿਹੇ ਇੱਕਮਾਤਰ ਵਿਅਕਤੀ ਸਨ ਜਿਹਨਾਂ ਨੇ ਦੋ ਦੇਸ਼ਾਂ ਲਈ ਰਾਸ਼ਟਰਗਾਨ ਲਿਖਿਆ।ਇਨ੍ਹਾਂ 'ਚੋਂ ਇਕ ਹੈ ਭਾਰਤ, ਜਿਸ ਦਾ ਰਾਸ਼ਟਰੀ ਗੀਤ ਹੈ 'ਜਨ ਗਨ ਮਨ...' ਅਤੇ ਦੂਜਾ ਹੈ ਬੰਗਲਾਦੇਸ਼ ਜਿਸ ਦਾ ਰਾਸ਼ਟਰੀ ਗੀਤ ਹੈ- 'ਆਮਾਰ ਸੋਨਾਰ ਬਾਂਗਲਾ...।' ਟੈਗੋਰ ਜੀ ਦਾ ਇਹ ਰਾਸ਼ਟਰੀ ਗੀਤ 'ਜਨ ਗਨ ਮਨ...' ਪਹਿਲੀ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਲਕੱਤਾ ਇਜਲਾਸ ਵਿਚ 27 ਦਸੰਬਰ 1911 ਨੂੰ ਗਾਇਆ ਗਿਆ।ਸੀ। ਸੰਵਿਧਾਨ ਅਸੈਂਬਲੀ ਨੇ ਇਸ ਨੂੰ ਰਾਸ਼ਟਰੀ ਗਾਨ ਵਜੋਂ 24 ਜਨਵਰੀ 1950 ਨੂੰ ਅਪਣਾਇਆ।
ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਲਈ ਉਨ੍ਹਾਂ ਨੂੰ ਸੰਨ 1913 ਵਿੱਚ ਸਾਹਿਤ ਦਾ ਨੋਬਲ ਇਨਾਮ ਮਿਲਿਆ। ਉਹਨਾਂ ਨੂੰ ਅੰਗਰੇਜ ਸਰਕਾਰ ਵੱਲੋਂ ਸਰ ਦੀ ਉਪਾਧੀ ਮਿਲੀ,ਕਲਕੱਤਾ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਉਪਾਧੀ, ਉਨ੍ਹਾਂ ਨੂੰ 1915 ਵਿੱਚ ਬਰਤਾਨੀਆ ਦੇ ਸ਼ਹਿਨਸ਼ਾਹ ਦੇ ਜਨਮ ਦਿਨ 'ਸਰ' ਦੀ ਉਪਾਧੀ ਦਿੱਤੀ ਗਈ। 1919 ਈ: ਵਿੱਚ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਪਿੱਛੋਂ ਉਨ੍ਹਾਂ ਨੇ ਸਰ ਦੀ ਉਪਾਧੀ ਮੋੜ ਦਿੱਤੀ,1935 ਈ: ਵਿੱਚ ਉਨ੍ਹਾਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਨੇ ਡੀ. ਲਿਟ ਦੀ ਉਪਾਧੀ,1936 ਵਿੱਚ ਢਾਕਾ ਯੂਨੀਵਰਸਿਟੀ ਵੱਲੋਂ ਵੀ ਡੀ. ਲਿਟ ਦੀ ਉਪਾਧੀ,1940 ਈ: ਵਿੱਚ ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਮਾਣਹਿਤ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।7 ਅਗਸਤ 1941ਈ. ਨੂੰ ਭਾਰਤ ਦਾ ਅਦੁੱਤੀ ਕਵੀ, ਨਾਟਕਕਾਰ ਤੇ ਚਿੰਤਕ ਸਵਰਗ ਸਿਧਾਰ ਗਿਆ।
ਪੂਜਾ 9815591967