23 ਮਾਰਚ ਤੋਂ ਚੱਲ ਰਿਹਾ ਧਰਨਾ 47ਵੇਂ ਦਿਨ ਵੀ ਰਿਹਾ ਜਾਰੀ

"ਮਾਂ ਦਿਵਸ" 'ਤੇ ਬਜ਼ੁਰਗ ਮਾਂ ਬੈਠੀ 40ਵੇਂ ਦਿਨ ਵੀ ਭੁੱਖ ਹੜਤਾਲ 'ਤੇ !

ਵਿਧਾਇਕਾ ਨੂੰ  ਘੇਰਨਗੇ ਧਰਨਾਕਾਰੀ ?

ਜਗਰਾਉਂ 8 ਮਈ (ਮਨਜਿੰਦਰ ਗਿੱਲ ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹ‍ਾਂ) ਦੇ ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ  ਸੁਦਾਗਰ ਸਿੰਘ ਘੁਡਾਣੀ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਮਨੋਹਰ ਸਿੰਘ ਝੋਰੜਾਂ,  ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਬਖਤਾਵਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ ਜਗਰਾਉਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਜਗਸੀਰ ਸਿੰਘ ਢਿੱਲੋ ਤੇ ਰਾਮਤੀਰਥ ਸਿੰਘ ਲੀਲਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਤੇ ਮੋਹਣ ਸਿੰਘ ਬੰਗਸੀਪੁਰਾ, ਜਬਰ ਜ਼ੁਲਮ ਵਿਰੋਧੀ ਫਰੰਟ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਨੇ ਥਾਣਾ ਸਿਟੀ ਮੂਹਰੇ 23 ਮਾਰਚ ਤੋਂ ਚੱਲ ਰਹੇ ਅਣਮਿਥੇ ਸਮੇਂ ਦੇ ਵਿੱਚ ਹੋਈ ਇਕ ਮੀਟਿੰਗ ਤੋਂ ਬਾਦ ਪ੍ਰੈਸ ਨੂੰ ਜਾਰੀ ਬਿਆਨ 'ਚ ਕਿਹਾ ਕਿ 9 ਮਈ ਨੂੰ ਧਰਨਾਕਾਰੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਘਰ/ਦਫ਼ਤਰ ਅੱਗੇ ਦਸਤਕ ਦਿੰਦੇ ਹੋਏ ਸੰਕੇਤਕ ਧਰਨਾ ਦੇਣਗੇ। ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ "ਆਪ" ਦੀ ਸਰਕਾਰ ਬਣਨ ਤੋਂ ਪਹਿਲਾਂ ਕੁਲਵੰਤ ਕਤਲ਼ ਕੇਸ ਸਬੰਧੀ ਸੰਘਰਸ਼ ਵਿੱਚ ਸ਼ਾਮਲ ਹੁੰਦੇ ਰਹਿੰਦੇ ਸਨ ਅਤੇ ਦਾਅਵਾ ਵੀ ਕਰਦੇ ਸਨ ਕਿ "ਜੇ ਸਾਡੀ ਸਰਕਾਰ ਹੁੰਦੀ ਤਾਂ ਮਸਲ਼ਾ ਇਨ ਮਿੰਟ ਵਿੱਚ ਹੱਲ ਕਰ ਦੇਣਾ ਸੀ"। ਉਨ੍ਹਾਂ ਕਿਹਾ ਕਿ ਹੁਣ ਵਿਧਾਇਕਾ ਬੀਬੀ ਮਾਮਲੇ ਸਬੰਧੀ ਗੰਭੀਰ ਨਹੀਂ ਹਨ ਤੇ ਮਜ਼ਬੂਰੀ ਬੱਸ ਧਰਨਾਕਾਰੀਆਂ ਨੂੰ ਬੀਬੀ ਦੇ ਘਰ ਵੱਲ਼ ਮਾਰਚ ਕਰਨਾ ਪੈ ਰਿਹਾ ਹੈ ਕਿਉਂਕਿ ਡੇਢ ਮਹੀਨੇ ਤੋਂ ਕਿਸਾਨਾਂ- ਮਜ਼ਦੂਰਾਂ 'ਚ ਰੋਸ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀ ਬੀਬੀ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦੀ ਮੰਗ ਕਰਨਗੇ। ਅੱਜ ਧਰਨੇ ਵਿੱਚ ਵਿੱਚ ਵੀ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਬੀਬੀ ਕਿਰਨਜੀਤ ਕੌਰ ਤੇ ਯੂਥ ਵਿੰਗ ਕੇਕੇਯੂ ਕਨਵੀਨਰ ਮਨੋਹਰ ਸਿੰਘ ਝੋਰੜਾਂ ਨੇ ਮੰਗ ਕੀਤੀ ਕਿ ਦੋਸ਼ੀ ਗੁਰਿੰਦਰ ਬੱਲ, ਅੈਸ.ਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਕਰਕੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਜਨਤਕ ਜੱਥੇਬੰਦੀਆਂ ਦੇ ਨੁਮਾਇੰਦੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਲਜੀਤ ਸਿੰਘ ਮਿਸਤਰੀ, ਕੁਲਦੀਪ ਸਿੰਘ ਚੌਹਾਨ, ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਲੋਕਾਂ ਦਾ ਸਬਰ ਨਾਂ ਪਰਖੇ।  ਉਨ੍ਹਾਂ ਕਿਹਾ ਕਿ ਅੱਜ ਮਾਂ ਦਿਵਸ ਹੈ ਪਰ ਅੱਜ ਇਕ ਮਾਂ ਆਪਣੀ ਮ੍ਰਿਤਕ ਧੀ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਪਿਛਲੇ 40  ਦਿਨਾਂ ਤੋਂ ਥਾਣੇ ਮੂਹਰੇ ਧਰਨੇ 'ਤੇ ਬੈਠੀ ਹੈ। ਆਗੂਆਂ ਨੇ ਜਿਥੇ ਦਰਜ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਉਥੇ ਪੀੜ੍ਹਤ ਪਰਿਵਾਰਾਂ ਦੇ ਕੀਤੇ ਉਜ਼ਾੜੇ ਲਈ ਆਰਥਿਕ ਸਹਾਇਤਾ ਤੇ ਇਕ-ਇਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਵੀ ਕੀਤੀ। ਇਸ ਸਮੇਂ ਬੀਕੇਯੂ ਏਕਤਾ (ਡਕੌਂਦਾ) ਦੇ ਜੱਗਾ ਸਿੰਘ ਢਿਲੋਂ, ਰਾਮਤੀਰਥ ਸਿੰਘ ਲੀਲਾ, ਬਾਬਾ ਬੰਤਾ ਸਿੰਘ ਡੱਲਾ, ਬੀਕੇਯੂ ਉਗਰਾਹਾਂ ਦੇ ਸੁਦਾਗਰ ਸਿੰਘ ਘੁਡਾਣੀ, ਲੋਕ ਗਾਇਕ ਸੁਰੈਣ ਸਿੰਘ ਧੂਰਕੋਟ, ਜਸਵਿੰਦਰ ਕੌਰ, ਜੁਗਰਾਜ ਸਿੰਘ ਅੱਚਰਵਾਲ ਆਦਿ ਵੀ ਹਾਜ਼ਰ ਸਨ।