ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਪੁਰਬ ਤੇ ਵਿਸ਼ੇਸ਼ ✍️ ਪੂਜਾ

ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਸਰੇ ਗੁਰੂ ਸਨ। ਉਨ੍ਹਾਂ ਦਾ ਜਨਮ 5 ਮਈ 1479 ਈਸਵੀ (ਵਿਸਾਖ ਸੁਦੀ 14 ਸੰਮਤ 1536)ਵਿੱਚ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਜੀ ਦਾ ਨਾਮ ਲੱਛਮੀ ਜੀ ਅਤੇ ਪਿਤਾ ਜੀ ਦਾ ਨਾਮ ਤੇਜ ਭਾਨ ਸੀ ਜੋ ਕਿ ਭੱਲਾ ਪਰਿਵਾਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ। ਉਨ੍ਹਾਂ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਮੋਹਨ ਅਤੇ ਮੋਹਰੀ ਸਨ ਅਤੇ ਦੋ ਲੜਕੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਸਨ।ਸਿੱਖ ਧਰਮ ਵਿੱਚ ਆਉਣ ਤੋਂ ਪਹਿਲਾਂ ਉਹ ਵੈਸ਼ਨਵ ਮਤ ਦੇ ਅਨੁਯਾਈ ਸਨ। ਉਨ੍ਹਾਂ ਦੀ ਗੁਰੂ ਅੰਗਦ ਦੇਵ ਜੀ ਨਾਲ ਮੁਲਾਕਾਤ ਖਡੂਰ ਸਾਹਿਬ ਵਿਖੇ ਬੀਬੀ ਅਮਰੋ ਜੀ ਕਰਕੇ ਹੋਈ।ਉਹ ਗੁਰੂ ਅੰਗਦ ਦੇਵ ਜੀ ਦੀ ਬਾਣੀ ਅਤੇ ਸ਼ਖਸ਼ੀਅਤ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਚਰਨੀ ਲਗ ਗਏ। ਤਨ ਮਨ ਨਾਲ ਉਹ ਗੁਰੂ ਅੰਗਦ ਦੇਵ ਜੀ ਸੇਵਾ ਕਰਦੇ ਸਨ।ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ।
ਇੱਕ ਰਾਤ ਸਖ਼ਤ ਸਰਦੀ ਦੇ ਨਾਲ ਮੀਂਹ ਪੈ ਰਿਹਾ ਸੀ। ਅਮਰਦਾਸ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਇੱਕ ਜੁਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਨਾਲ ਡਿੱਗ ਪਏ। ‘ਕੌਣ ਹੈ?’ ਜੁਲਾਹੇ ਦੀ ਪਤਨੀ ਨੇ ਪੁੱਛਿਆ। ਹੋਵੇਗਾ, ਉਹ ਅਮਰ ਨਿਥਾਵਾ।ਗੁਰੂ ਅੰਗਦ ਦੇਵ ਜੀ ਨੇ ਇਹ ਕਿੱਸਾ ਸੁਣਿਆ ਤਾਂ ਕਿਹਾ ਕਿ ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ, ਨਿਆਸਰਿਆਂ ਦਾ ਆਸਰਾ, ਨਿਘਰਿਆਂ ਦਾ ਘਰ ਅਤੇ ਇਹ ਕੁਝ 12 ਨਾਵਾਂ ਨਾਲ ਪ੍ਰਸੰਸਾ ਕੀਤੀ।ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ। ਮਾਰਚ 1552 ਈਸਵੀ ਵਿੱਚ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਉੱਤੇ ਬੈਠਣ ਦੀ ਸਾਧਾਰਨ ਰਸਮ ਕੀਤੀ ਗਈ।ਉਸ ਸਮੇਂ ਗੁਰੂ ਜੀ ਦੀ ਉਮਰ 73ਸਾਲਾਂ ਦੀ ਸੀ।ਗੁਰਗੱਦੀ ਤੇ ਬੈਠਣ ਮਗਰੋਂ ਗੁਰੂ ਜੀ ਨੇ ਅਨੇਕਾਂ ਕਾਰਜ਼ ਅਤੇ ਸਮਾਜਿਕ ਸੁਧਾਰ ਕੀਤੇ ਜਿਵੇਂ -ਗੋਇੰਦਵਾਲ ਵਿੱਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ,ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਜਾਂ ਪ੍ਰਚਾਰਕ ਸੰਗਠਿਤ ਕਰਨਾ ਤੇ ਸ਼ਬਦਾਂ ਦੇ ਸੰਗ੍ਰਹਿ। ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ। ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮੌਤ, ਵਿਆਹ ਤੇ ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ।ਜਿਸ ਕਰਕੇ ਕਿਹਾ ਜਾਂਦਾ ਹੈ ਕਿ ਗੁਰੂ ਜੀ ਇਕ ਸਮਾਜ ਸੁਧਾਰਕ ਵੀ ਸਨ।ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ, 17 ਰਾਗਾਂ ਵਿੱਚ ਅੰਕਿਤ ਹਨ।
ਉਸ ਸਮੇਂ ਉਦਾਸੀ ਮਤ ਜਿਸਦਾ ਸੰਪਾਦਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਕੀਤਾ ਸੀ।ਗੁਰੂ ਜੀ ਨੇ ਸਿੱਖਾਂ ਨੂੰ ਉਦਾਸੀਆਂ ਨਾਲੋਂ ਵੱਖ ਕੀਤਾ। ਕਿਉਕਿ ਉਦਾਸੀ ਮਤ ਦੇ ਸਿਧਾਂਤ ਗੁਰੂ ਨਾਨਕ ਜੀ ਦੀ ਬਾਣੀ ਦੇ ਉਲਟ ਸਨ।ਇਸਲਈ ਗੁਰੂ  ਅਮਰਦਾਸ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ ਜਿਸ ਵਿਚ ਕਿਹਾ ਗਿਆ ਕਿ ਉਦਾਸੀ ਮਤ ਨੂੰ ਮੰਨਣ ਵਾਲੇ ਗੁਰੂ ਜੀ ਦੇ ਸਿੱਖ ਨਹੀਂ ਸਨ।
ਗੁਰੂ ਜੀ ਦੇ ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਅਕਬਰ ਨਾਲ ਮਿੱਤਰਤਾ ਪੂਰਨ ਸੰਬੰਧ ਸਨ।ਅਕਬਰ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਲਈ ਨਿਯਮਾਂ ਅਨੁਸਾਰ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।ਅਕਬਰ ਗੁਰੂ ਜੀ ਦੀ ਸ਼ਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਉਸਨੇ ਗੁਰੂ ਜੀ ਦੀ ਪੁੱਤਰੀ ਬੀਬੀ ਭਾਨੀ ਜੀ ਦੇ ਨਾਮ ਕੁਝ ਪਿੰਡਾਂ ਦੀ ਭੂਮੀ ਨਾਂ ਲਗਵਾ ਦਿੱਤੀ ਅਤੇ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਅਕਬਰ ਨੇ ਯਾਤਰੀਆਂ ਦਾ ਯਾਤਰਾ ਕਰ ਮੁਆਫ਼ ਕਰ ਦਿੱਤਾ ਸੀ।
ਬੀਬੀ ਭਾਨੀ ਜੀ ਅਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ।ਜਿਸ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੇ ਬੀਬੀ ਭਾਨੀ ਜੀ ਨੂੰ ਦੋ ਵਰ ਦਿੱਤੇ ਪਹਿਲਾਂ ਗੁਰਗੱਦੀ ਜੱਦੀ ਹੋਵੇਗੀ ਜੋ ਗੁਰੂ ਰਾਮਦਾਸ ਜੀ ਤੋਂ ਬਾਅਦ ਹੋਈ ਅਤੇ ਦੂਸਰਾ ਮੇਰਾ ਦੋਹਤਾ ਬਾਣੀ ਦਾ ਬੋਹਤਾ ਹੋਵੇਗਾ ਜੋ ਕਿ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ।ਗੁਰੂ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ।
ਪੂਜਾ 9815591967