ਉਹ ਸਮਾਜ ਹਮੇਸ਼ਾ ਤਰੱਕੀ ਕਰਦਾ ਹੈ ਜਿਸ ਸਮਾਜ ਦੇ ਵਿਅਕਤੀ ਕਿਸੇ ਨਾ ਕਿਸੇ ਮੁਕਾਮ ਤੇ ਪੁੱਜਣ ਤੇ ਵੀ ਆਪਣੇ ਜਨਮ ਸਥਾਨ ਨਾਲ ਜੁੜੇ ਰਹਿੰਦੇ ਹਨ  : ਸੰਯਮ ਅਗਰਵਾਲ -

ਬੀ ਕਾਇੰਡ ਨਜ਼ੀਰ ਫਾਊਂਡੇਸ਼ਨ ਦਾ ਮੁੱਖ ਮਕਸਦ ਲੋੜਵੰਦਾਂ ਨੂੰ ਤੁਰੰਤ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ : ਮੁਹੰਮਦ ਯੂਨਸ
ਮਾਲੇਰਕੋਟਲਾ 22 ਮਈ   (ਰਣਜੀਤ ਸਿੱਧਵਾਂ)    : ਸਮਾਜ 'ਚ ਲੋੜਵੰਦ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਤਿਆਰ ਰਹਿਣ ਵਾਲੀਆਂ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਦੀ ਭੂਮਿਕਾ ਬਹੁਤ ਅਹਿਮ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਪੰਜਾਬ ਉਰਦੂ ਅਕਾਦਮੀ ਦਿੱਲੀ ਗੇਟ ਮਾਲੇਰਕੋਟਲਾ ਵਿਖੇ ਬੀ ਕਾਇੰਡ ਨਜ਼ੀਰ ਫਾਊਂਡੇਸ਼ਨ ਵਲੋਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆ ਕੀਤੇ । ਉਨ੍ਹਾਂ ਕਿਹਾ ਕਿ ਉਹ ਸਮਾਜ ਹਮੇਸ਼ਾ ਤਰੱਕੀ ਕਰਦਾ ਹੈ ਜਿਸ ਸਮਾਜ ਦੇ ਵਿਅਕਤੀ ਕਿਸੇ ਨਾ ਕਿਸੇ ਮੁਕਾਮ ਤੇ ਪੁੱਜਣ ਤੇ ਵੀ ਆਪਣੇ ਜਨਮ ਸਥਾਨ ਨਾਲ ਜੁੜੇ ਰਹਿੰਦੇ ਹਨ  ਉਨ੍ਹਾਂ ਇਸ ਮੌਕੇ ਮੁਹੰਮਦ ਯੂਨਸ ਆਈ.ਏ. ਐਸ. ਐਮ.ਡੀ. (ਟਰਾਂਸਪੋਰਟ) ਹਿਮਾਚਲ ਪ੍ਰਦੇਸ਼ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ  ਪਿਤਾ ਜੀ ਸ੍ਰੀ. ਮੁਹੰਮਦ ਨਜ਼ੀਰ ਦੀ ਯਾਦ ਵਿੱਚ ਬੀ ਕਾਇੰਡ ਨਜ਼ੀਰ ਫਾਊਂਡੇਸ਼ਨ ਸਥਾਪਿਤ ਕੀਤੀ ਹੈ ਇਹ ਸਭ ਤੋਂ ਵੱਡੀ ਅਤੇ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਭਰੋਸਾ ਦਵਾਇਆ ਕਿ  ਸਮਾਜ ਸੇਵਾ ਦੇ ਕੰਮ ਲਈ  ਸੰਸਥਾ ਨੂੰ ਜੋ ਵੀ ਸਹਿਯੋਗ ਦੀ ਜ਼ਰੂਰਤ ਹੋਵੇਗੀ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਵਧਾਕੇ ਉਨ੍ਹਾਂ ਦੀ ਮਦਦ ਕਰੇਗਾ। ਸ੍ਰੀ ਮੁਹੰਮਦ ਯੂਨਸ ਆਈ.ਏ.ਐਸ. ਕਮਿਸ਼ਨਰ ਐਕਸਾਈਜ਼ ਐਂਡ ਜੀ.ਐਸ.ਟੀ ਕਮ ਐਮ.ਡੀ. (ਟਰਾਂਸਪੋਰਟ) ਹਿਮਾਚਲ ਪ੍ਰਦੇਸ਼ ਨੇ ਆਪਣੇ ਪਿਤਾ ਜੀ ਨੂੰ ਯਾਦ ਕਰਦਿਆ ਕਿਹਾ ਕਿ ਉਹ ਬਾਹਰ ਰਹਿੰਦੇ ਹੋਏ ਵੀ ਆਪਣੇ ਇਲਾਕੇ ਨਾਲ ਜੁੜੇ ਹੋਏ ਹਨ । ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਨਿਸ਼ਕਾਮ ਤੇ ਨਿਰਸਵਾਰਥ ਕਾਰਜ ਕਰਨ ਹਿਤ ਇਕੱਠੇ ਮੈਦਾਨ ਵਿਚ ਨਿੱਤਰਿਆ ਹੈ । ਇਸ ਸੰਸਥਾ ਦਾ ਮੁੱਖ ਮਕਸਦ ਲੋੜਵੰਦਾਂ ਨੂੰ ਖ਼ਾਸ ਤੌਰ ਤੇ ਸਿੱਖਿਆ ਦੇ ਖੇਤਰ ਵਿੱਚ ਤੁਰੰਤ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ ਹੈ ।  ਉਨ੍ਹਾਂ ਆਸ ਕੀਤੀ ਕਿ ਪਰਿਵਾਰ ਅਤੇ ਇਹ ਸੰਸਥਾ ਸੇਵਾ ਕਰਨ ਵਾਸਤੇ ਸਹੀ ਦਿਸ਼ਾ ਨਿਰਦੇਸ਼, ਵਿਆਪਕ ਸੋਚ ਅਤੇ ਸੇਵਾ ਕਾਰਜਾਂ ਨੂੰ ਅੰਜਾਮ ਦੇਣ ਲਈ ਦੂਰ ਦ੍ਰਿਸ਼ਟੀ ਅਤੇ ਕਾਰਜ ਸ਼ੈਲੀ ਨਾਲ ਕੰਮ ਕਰੇਗੀ। ਪ੍ਰੋਫੈਸਰ ਮੁਮਤਾਜ਼  ਨੇ ਆਪਣੇ ਪਿਤਾ ਸ੍ਰੀ ਮੁਹੰਮਦ ਨਜ਼ੀਰ ਨੂੰ ਯਾਦ ਕਰਦਿਆ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਿਆ ਕਿਹਾ ਕਿ ਅਸੀਂ ਸਾਰੇ ਆਪਣੇ ਪਿਤਾ ਦੇ ਦਰਸਾਏ ਕਦਮਾਂ ਤੇ ਚੱਲਦੇ ਹੋਏ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਂਦੇ ਰਹਾਂਗੇ ।ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਸਮਗਰੀ ਵੀ ਤਕਸੀਮ ਕੀਤੀ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਲਤੀਫ ਅਹਿਮਦ,  ਡੀ.ਐਸ.ਪੀ ਸ੍ਰੀ ਰਣਜੀਤ ਸਿੰਘ, ਸ੍ਰੀ ਮੁਹੰਮਦ ਆਰਿਫ਼, ਐਡਵੋਕੇਟ ਇਨਾਮ ਉਰ ਰਹਿਮਾਨ,  ਸ੍ਰੀ ਮੁਹੰਮਦ ਯੂਨਸ ਮੁਨਾ, ਸ੍ਰੀ ਅਬਦੁਲ ਗ਼ਫ਼ੂਰ,  ਸ੍ਰੀ ਮੁਹੰਮਦ ਇਸਮਾਈਲ ਸਾਬਕਾ ਸਰਪੰਚ, ਡਾ. ਇਨਾਮ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ ।