ਡਿਪਟੀ ਕਮਿਸ਼ਨਰ ਵੱਲੋਂ ਗਰਮੀ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

ਬੱਚਿਆਂ ਨੂੰ ਸਕੂਲਾਂ ਵਿੱਚ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਜਾਗਰੂਕ ਕਰਨ
ਲਈ ਚਲਾਈ ਜਾਵੇ ਵਿਸ਼ੇਸ਼ ਮੁਹਿੰਮ: ਸੰਯਮ ਅਗਰਵਾਲ
ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਡੇਂਗੂ ਦਾ ਟੈਸਟ ਤੇ ਇਲਾਜ ਮੁਫ਼ਤ : ਡਿਪਟੀ ਕਮਿਸ਼ਨਰ
ਮਾਲੇਰਕੋਟਲਾ 26 ਮਈ  (ਰਣਜੀਤ ਸਿੱਧਵਾਂ)  : ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਸਿਹਤ ਵਿਭਾਗ, ਨਗਰ ਕੌਂਸਲ, ਜਨ ਸਿਹਤ, ਸਿੱਖਿਆ, ਡੇਅਰੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ,  ਜਲ ਸਪਲਾਈ ਵਿਭਾਗ, ਖੇਤੀਬਾੜੀ ਵਿਭਾਗ, ਕਿਰਤ ਵਿਭਾਗ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਰਮੀ ਦੇ ਮੌਸਮ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕਣ। ਸ੍ਰੀ ਸੰਯਮ ਅਗਰਵਾਲ ਵੱਲੋਂ ਡੇਂਗੂ, ਚਿਕਨਗੁਨੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੇ ਭਿਆਨਕ ਰੋਗ ਤੋਂ ਰੋਕਥਾਮ ਲਈ ਵੱਖ-ਵੱਖ ਵਿਭਾਗਾਂ ਦੀ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਡੇੰਗੂ ਫੈਲਣ ਤੋਂ ਰੋਕਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ । ਆਮ ਲੋਕਾਂ ਦੇ ਸਹਿਯੋਗ ਨਾਲ ਲੋਕ ਲਹਿਰ ਪੈਦਾ ਕਰਕੇ ਡੇਂਗੂ, ਚਿਕਨਗੁਨੀਆ, ਮਲੇਰੀਆਂ ਆਦਿ ਤੇ ਕੰਟਰੋਲ ਕੀਤਾ ਜਾ ਸਕਦਾ ਹੈ । ਇਸ ਦੇ ਖ਼ਾਤਮੇ ਲਈ ਹਰ ਨਾਗਰਿਕ ਦੇ ਜਾਗਰੂਕ ਹੋਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਡੇਂਗੂ ਦਾ ਟੈਸਟ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਟੈਸਟ ਲਈ ਲੋੜੀਂਦੀਆਂ ਟੈਸਟਿੰਗ ਕਿੱਟਾਂ ਜ਼ਿਲ੍ਹੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਹਨ।ਸਰਕਾਰ ਵਲੋਂ ਨਿੱਜੀ ਲੈਬਾਰਟਰੀਆਂ 'ਚ ਡੇਂਗੂ ਅਲਾਈਜ਼ਾ ਟੈਸਟ ਲਈ 600 ਰੁਪਏ ਦੀ ਨਿਰਧਾਰਿਤ ਕੀਤੇ ਗਏ ਹਨ । ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਕਿ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਲਈ ਸਿਹਤ ਵਿਭਾਗ ਅਤੇ ਜਲ ਸਪਲਾਈ ਤੇ ਸੀਵਰੇਜ਼ ਬੋਰਡ ਨਾਲ ਮਿਲਕੇ ਮਾਨਸੂਨ ਸੀਜ਼ਨ ਤੋਂ ਪਹਿਲਾਂ-ਪਹਿਲਾਂ ਪੀਣ ਵਾਲੇ ਪਾਣੀ ਦੇ ਸੈਂਪਲ ਚੈੱਕ ਕਰਵਾ ਲਏ ਜਾਣ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪੀਣ ਵਾਲਾ ਸਾਫ਼ ਸੁਥਰਾ ਪਾਣੀ ਕਲੋਰੀਨ ਯੁਕਤ ਹੀ ਸਪਲਾਈ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਬੱਚਿਆਂ ਰਾਹੀਂ ਅਸੀਂ ਡੇਂਗੂ ਤੋਂ ਬਚਾਅ ਸਬੰਧੀ ਹਰੇਕ ਪਰਿਵਾਰ ਨੂੰ ਜਾਗਰੂਕ ਕਰ ਸਕਦੇ ਹਾਂ। ਇਸ ਲਈ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਡੇਂਗੂ ਰੋਕਥਾਮ ਸਬੰਧੀ ਜਾਗਰੂਕ ਕੈਂਪ ਲਗਾਏ ਜਾਣ।ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਨਾਗਰਿਕ 'ਫਰਾਈਡੇ- ਡਰਾਈ ਡੇ' ਦੀ ਮੁਹਿੰਮ 'ਚ ਭਾਗ ਲੈਂਦਿਆਂ ਹਫ਼ਤੇ 'ਚ ਘੱਟੋ ਘੱਟ ਇੱਕ ਦਿਨ ਭਾਵ ਹਰ ਸ਼ੁੱਕਰਵਾਰ ਜਾ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਦਿਨ ਉਹ ਆਪਣੇ ਘਰਾਂ ਵਿੱਚ  ਕੂਲਰਾਂ, ਗਮਲਿਆਂ, ਫ਼ਰਿਜਾਂ ਦੀਆਂ ਟਰੇਆਂ ਤੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਕਰਕੇ ਪਾਣੀ ਨਾ ਖੜਾ ਹੋਣ ਦੀ ਜ਼ਿੰਮੇਵਾਰੀ ਨਿਭਾਉਣ । ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਗਰ ਕੌਸਿਲਾਂ ਦੇ ਸਹਿਯੋਗ ਨਾਲ ਡੇਂਗੂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਢੁਕਵੇਂ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਨੂੰ ਯਕੀਨੀ ਬਣਾਉਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਿਸੇ ਨਿੱਜੀ ਵਿਅਕਤੀ, ਸੰਸਥਾ ਜਾਂ ਸਰਕਾਰੀ ਅਦਾਰੇ ਅੰਦਰ ਡੇਂਗੂ ਦਾ ਲਾਰਵਾ ਪਾਏ ਜਾਣ ਤੇ ਉਸ ਨੂੰ ਤੁਰੰਤ ਨਸ਼ਟ ਕਰਵਾਇਆ ਜਾਵੇ। ਟਾਇਰਾਂ, ਫ਼ਰਿਜਾਂ, ਕੂਲਰਾਂ, ਪੰਛੀਆਂ ਵਾਸਤੇ ਰੱਖੇ ਗਏ ਪਾਣੀ ਵਾਲੇ ਬਰਤਨਾਂ ਦੀ ਚੈਕਿੰਗ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਫੋਗਿੰਗ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਫੋਗਿੰਗ ਸਵੇਰੇ 07.00 ਵਜੇਂ ਤੋਂ 9.00 ਵਜੇ ਤੱਕ ਸਾਮ 4.30 ਵਜੇਂ ਤੋਂ 7.00 ਵਜੇ ਤੱਕ ਦੇ ਸਮੇਂ ਦੌਰਾਨ ਹੀ ਕੀਤੀ ਜਾਵੇ ਅਤੇ ਫੋਗਿੰਗ ਵਾਹਨ ਦੀ ਸਪੀਡ 30 ਕਿੱਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਾ ਹੋਵੇ ।ਸਿਵਲ ਸਰਜਨ ਸ੍ਰੀ ਮੁਕੇਸ਼ ਚੰਦਰ ਨੇ ਦੱਸਿਆ ਕਿ ਇਸ ਮੌਸਮ ਵਿਚ ਪੂਰੀਆਂ ਬਾਂਹਾਂ ਦੇ ਕੱਪੜੇ ਪਾਏ ਜਾਣ, ਮੱਛਰਦਾਨੀਆਂ ਦਾ ਪ੍ਰਯੋਗ ਕੀਤਾ ਜਾਵੇ ।ਸਿਰਦਰਦ, ਬੁਖ਼ਾਰ, ਸਰੀਰ ਦਰਦ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ਤੇ ਸੈੱਲਫ਼ ਮੈਡੀਟੇਸ਼ਨ ਤੋਂ ਬਚਿਆ ਜਾਵੇ।                                     ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਮੁਨੀਰ ਖਾਨ ਨੇ ਦੱਸਿਆ ਕਿ  ਮੱਛਰ ਹੀ ਡੇਂਗੂ, ਚਿਕਨਗੁਨੀਆ ਆਦਿ ਲਈ ਜਿੰਮੇਵਾਰ ਹੈ ਤੇ ਇਸ ਦਾ ਲਾਰਵਾ ਉਨ੍ਹਾਂ ਘਰਾਂ 'ਚ ਪਨਪਦਾ ਹੈ ਜਿਥੇ ਸਾਫ਼ ਪਾਣੀ ਦਾ ਖੁੱਲ੍ਹਾ ਸਰੋਤ ਹੋਵੇ। ਉਨ੍ਹਾਂ ਦੱਸਿਆ ਕਿ ਧਾਰੀਦਾਰ ਕਾਲਾ ਮੱਛਰ, ਜਿਸਨੂੰ ਚੀਤਾ ਮੱਛਰ ਵੀ ਕਹਿੰਦੇ ਹਨ, ਦਿਨ ਵੇਲੇ ਕੱਟਦਾ ਹੈ ਅਤੇ ਸਵੇਰੇ ਸ਼ਾਮ ਜਿਆਦਾ ਕ੍ਰਿਆਸ਼ੀਲ ਹੁੰਦਾ ਹੈ।ਇਸ ਦੇ ਇਲਾਜ ਲਈ ਇਸ ਮੱਛਰ ਦਾ ਖਾਤਮਾ ਜਰੂਰੀ ਹੈ । ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀਮਤੀ ਰਿੰਪੀ ਗਰਗ,ਕਾਰਜ ਸਾਧਕ ਅਫ਼ਸਰ ਸ੍ਰੀ ਚੰਦਰ ਪ੍ਰਕਾਸ,ਏ.ਓ ਸ੍ਰੀ ਗੁਰਕ੍ਰਿਪਾਲ ਸਿੰਘ , ਖੇਤੀਬਾੜੀ ਵਿਕਾਸ ਅਫਸਰ ਸ੍ਰੀ ਨਵਦੀਪ ਕੁਮਾਰ,ਐਸ.ਐਮ.ਓ ਸ੍ਰੀ ਸੰਜੇ ਗੋਇਲ, ਐਸ.ਐਮ.ਓ ਡਾ. ਮਹਿਮੂਦ ਅਖ਼ਤਰ,  ਐਸ.ਐਮ.ਓ ਡਾ. ਅਮਨਦੀਪ ਸਿੰਘ ਐਸ.ਐਮ.ਓ ਡਾ. ਸੰਜੇ, ਐਸ.ਐਮ.ਓ ਡਾ. ਮਨਿੰਦਰ ਸਿੰਘ ਭਸ਼ੀਨ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਨੀਲਮ ਰਾਣੀ,ਪ੍ਰਿੰਸੀਪਲ ਸ੍ਰੀ ਮੁਹੰਮਦ ਖਲੀਲ, ਸ੍ਰੀ ਰਣਬੀਰ ਸਿੰਘ  ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।