ਮੁੱਖ ਮੰਤਰੀ ਨੇ ਭਾਵੇਂ ਚਰਖਾ ਚਲਾਉਣਾ ਤਾਂ ਸਿੱਖ ਲਿਆ,ਪਰ ਚਰਖੜੀਆਂ ਤੇ ਚੜ੍ਹਨ ਵਾਲਿਆਂ ਦੇ ਵਾਰਸ ਬੰਦੀ ਸਿੰਘਾਂ ਦੀ ਯਾਦ ਨਹੀਂ : ਦੇਵ ਸਰਾਭਾ

ਮੁੱਲਾਂਪੁਰ ਦਾਖਾ 27 ਮਈ  (ਸਤਵਿੰਦਰ ਸਿੰਘ ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 96ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ  ਮੋਰਚੇ 'ਚ ਅੱਜ ਸਹਿਯੋਗੀ ਉੱਘੇ ਗੀਤਕਾਰ ਹਰੀ ਸਿੰਘ ਝੱਜ ਟੂਸੇ,ਹਰਬੰਸ ਸਿੰਘ, ਸੁਖਦੇਵ ਸਿੰਘ ਸਰਾਭਾ, ਜਸਬੀਰ ਸਿੰਘ ਟੂਸੇ,   ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਵਿਧਾਨ ਸਭਾ ਦੀਆਂ ਚੋਣਾਂ 'ਚ ਜਿਸ ਆਮ ਪਾਰਟੀ ਨੂੰ ਲੋਕਾਂ ਨੇ ਅੱਖਾਂ ਮੀਚ ਕੇ ਵੋਟਾਂ ਪਾਈਆਂ ਸੀ ਅਤੇ ਵੱਡੇ ਬਹੁਮਤ ਨਾਲ ਜਿਤਾਇਆ ।ਅੱਜ ਦੋ ਮਹੀਨੇ ਬੀਤਣ ਤੇ ਹੀ ਲੋਕਾਂ ਸਿਰਾਂ ਤੇ ਹੱਥ ਮਾਰ ਮਾਰ ਕੇ ਪਛਤਾਉਂਦੇ ਹਨ । ਲੋਕ ਇਹ ਵੀ ਆਖਦੇ ਸੁਣੇ ਗਏ ਕਿ ਇਨ੍ਹਾਂ ਨਾਲੋਂ ਤਾਂ ਪਹਿਲਾਂ ਵਾਲੀਆਂ ਪਾਰਟੀਆਂ ਹੀ ਠੀਕ ਸੀ ਜਿਹੜੇ ਸਾਡੀ ਕਿਤੇ ਨਾ ਕਿਤੇ ਗੱਲ ਤਾਂ ਸੁਣ ਲੈਂਦੀਆਂ ਸਨ ।ਇਹ ਤਾਂ ਕਿਧਰੇ ਵੱਡੇ ਵੱਡੇ ਐਲਾਨ ਕਰੀ ਜਾਂਦੇ ਨੇ ਕਿਧਰੇ ਚੰਗੀਆਂ ਭਲੀਆਂ ਚੱਲਦੀਆਂ ਸਕੀਮਾਂ ਬੰਦ ਕਰੀ ਜਾਂਦੇ ਹਨ ।ਜਦ ਕਿ ਵੋਟਾਂ ਤੋਂ ਪਹਿਲਾਂ ਨਿਕੰਮੇ ਲੀਡਰਾਂ ਨੇ ਚੋਣਾਂ ਜਿੱਤਣ ਲਈ ਦਿੱਤੀਆਂ ਗਰੰਟੀਆਂ ਵੀ ਲੱਗਦਾ ਭੁੱਲ ਗਈਆਂ। ਉਨ੍ਹਾਂ ਅੱਗੇ ਆਖਿਆ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਆਖਿਆ ਸੀ ਕਿ ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਾਹੇ ਤਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਚੌਵੀ ਘੰਟਿਆਂ ਵਿੱਚ ਸਜ਼ਾ ਦਿੱਤੀ ਜਾ ਸਕਦੀ ਹੈ । ਪਰ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਮਹੀਨੇ ਤੋਂ ਉੱਪਰ ਸਮਾਂ ਬੀਤਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੂੰ ਚੌਵੀ ਘੰਟਿਆਂ ਵਾਲੀ ਕਾਰਵਾਈ ਕਿਉਂ ਯਾਦ ਨਹੀਂ। ਆਖ਼ਰ ਹੁਣ ਕਿਉਂ ਨਹੀਂ ਕਰਦੇ ਬੇਅਦਬੀਆਂ ਦੇ ਦੋਸ਼ੀਆਂ ਤੇ ਚੌਵੀ ਘੰਟਿਆਂ ਵਿਚ ਕਾਰਵਾਈ  । ਬਾਕੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ  ਸਿੱਖ ਵਿਰੋਧੀ ਸੋਚ ਜੱਗ ਜ਼ਾਹਿਰ ਹੋ ਗਈ ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਆਪ ਪਾਰਟੀ ਦੇ ਮੁੱਖ ਮੰਤਰੀ ਨੇ ਭਾਵੇਂ ਚਰਖਾ ਚਲਾਉਣਾ ਤਾਂ ਸਿੱਖ ਲਿਆ,ਪਰ ਚਰਖੜੀਆਂ ਤੇ ਚੜ੍ਹਨ  ਵਾਲਿਆਂ ਦੇ ਵਾਰਸ ਬੰਦੀ ਸਿੰਘ ਦੀ ਯਾਦ ਨਹੀਂ । ਜਦ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਅਸੀਂ ਯਾਦ ਕਰਵਾਵਾਂਗੇ। ਇਸ ਸਮੇਂ ਉੱਘੇ ਗੀਤਕਾਰ ਹਰੀ ਸਿੰਘ ਝੱਜ ਟੂਸੇ  ਨੇ ਆਖਿਆ ਕਿ ਹਰ ਪਿੰਡ ਵਿੱਚ ਸੱਥਾਂ ਬਣਾ ਕੇ ਬੈਠ ਕੇ ਫਾਲਤੂ ਦੀਆਂ ਗੱਲਾਂ ਕਰਨੀਆਂ ਛੱਡ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਿਹਾ ਪੰਥਕ ਮੋਰਚੇ ਵਿੱਚ ਪਿੰਡ ਸਰਾਭਾ ਪਹੁੰਚ ਕੇ ਹਾਜ਼ਰੀ ਲਵਾਓ । ਹਰ ਪਿੰਡ ਚੋਂ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਪਹੁੰਚੋ ਤਾਂ ਜੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਅਤੇ  ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ ।ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਢਾਡੀ ਦਵਿੰਦਰ ਸਿੰਘ ਭਨੋਹਡ਼,ਕੈਪਟਨ ਰਾਮਲੋਕ ਸਿੰਘ ਸਰਾਭਾ, ਬਲਦੇਵ ਸਿੰਘ ਈਸ਼ਨਪੁਰ ਕੁਲਦੀਪ ਸਿੰਘ ਬਿੱਲੂ ਕਿਲਾ ਰਾਏਪੁਰ ,ਸ਼ਿੰਗਾਰਾ ਸਿੰਘ ਟੂਸਾ,ਦਵਿੰਦਰ ਸਿੰਘ ਭਨੋਹਡ਼,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ, ਅਵਤਾਰ ਸਿੰਘ ਸਰਾਭਾ ,ਭਿੰਦਰ ਸਿੰਘ ਸਰਾਭਾ ,ਨਿਰਭੈ ਸਿੰਘ ਅੱਬੂਵਾਲ ਆਦਿ ਹਾਜ਼ਰੀ ਭਰੀ।