ਭਾਸ਼ਾ ਵਿਭਾਗ ਜ਼ਿਲ੍ਹਾ ਲੁਧਿਆਣਾ ਵੱਲੋਂ ਕਹਾਣੀ ਦਰਬਾਰ ਦਾ ਆਯੋਜਨ

ਲੁਧਿਆਣਾ, 30 ਮਈ (ਰਣਜੀਤ ਸਿੱਧਵਾਂ) :  ਭਾਸ਼ਾ ਵਿਭਾਗ ਪੰਜਾਬ ਸਰਕਾਰ ਦਾ ਅਜਿਹਾ ਅਦਾਰਾ ਹੈ ਜਿਸ ਦਾ ਗਠਨ ਹੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ/ਪ੍ਰਸਾਰ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ। ਇਸੇ ਉਦੇਸ਼ ਦੀ ਪੂਰਤੀ ਹਿੱਤ ਭਾਸ਼ਾ ਵਿਭਾਗ ਸਮੇਂ-ਸਮੇਂ ਤੇ ਸਾਹਿਤਕ ਸਮਾਗਮ ਦਾ ਆਯੋਜਨ ਕਰਦਾ ਰਹਿੰਦਾ ਹੈ। ਇਸੇ ਕੜੀ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਵੱਲੋਂ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਕਹਾਣੀ ਦਰਬਾਰ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ਼ ਸੰਦੀਪ ਸ਼ਰਮਾ ਨੇ ਸਮਾਗਮ ਦੀ ਸ਼ੁਰੂਆਤ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਪਣੀ ਜ਼ੁਬਾਨ ਦੇ ਇਨ੍ਹਾਂ ਵੱਡੇ ਸਾਹਿਤਕਾਰਾਂ ਨੂੰ ਮਿਲ਼ਣਾ ਵਿਦਿਆਰਥੀਆਂ ਲਈ ਇਕ ਯਾਦਗਾਰੀ ਅਨੁਭਵ ਹੋਵੇਗਾ।
ਰੰਗਕਰਮੀ ਡਾ. ਸੋਮਪਾਲ ਹੀਰਾ ਨੇ ਸਾਰੇ ਮਹਿਮਾਨਾਂ ਨਾਲ਼ ਜਾਣ-ਪਹਿਚਾਣ ਕਰਵਾਈ। ਇਹ ਕਹਾਣੀ ਦਰਬਾਰ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਵਿੱਚ ਹੋਇਆ। ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਜਤਿੰਦਰ ਹਾਂਸ ਨੇ ਆਪਣੀ ਕਹਾਣੀ ‘ਲੁਤਰੋ’ ਅਤੇ ਨੌਜਵਾਨ ਕਹਾਣੀਕਾਰ ਤਰਨ ਬੱਲ ਨੇ ਕਹਾਣੀ ‘ਤੇ ਉਹ ਜਾਗਦੀ ਰਹੀ’ ਦਾ ਕਹਾਣੀ ਪਾਠ ਕੀਤਾ। ਪ੍ਰਸਿੱਧ ਕਹਾਣੀਕਾਰ ਤੇ ਲਿਖਾਰੀ ਸਭਾ ਰਾਮਪੁਰ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੇ ਦੋਹਾਂ ਕਹਾਣੀਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਦੋਵੇਂ ਕਹਾਣੀਆਂ ਸਾਹਿਤਕ ਨਿਪੁੰਨਤਾ ਭਰਪੂਰ ਸਫ਼ਲ ਕਹਾਣੀਆਂ ਹਨ। ਉਹਨਾਂ ਕਾਲਜ ਵਿਦਿਆਰਥੀਆਂ ਨਾਲ਼ ਕਹਾਣੀ ਪੜ੍ਹਨ ਅਤੇ ਸਮਝਣ ਬਾਰੇ ਵੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਪੰਜਾਬੀ ਦੇ ਸਿਰਮੌਰ ਕਹਾਣੀਕਾਰ ਸੁਖਜੀਤ ਨੇ ਵਿਸਥਾਰ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਨਿੱਕੀ ਕਹਾਣੀ ਦੀ ਅਮੀਰ ਪਰੰਪਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਦੀ ਪੰਜਾਬੀ ਕਹਾਣੀ ਭਾਰਤ ਦੀਆਂ ਬਾਕੀ ਖੇਤਰੀ ਭਾਸ਼ਾਵਾਂ ਦੇ ਮੁਕਾਬਲੇ ਇਕ ਪਛਾਣਯੋਗ ਮੁਕਾਮ ‘ਤੇ ਪਹੁੰਚੀ ਹੈ। ਉਹਨਾਂ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਪਾਠਕਾਂ ਦੀ ਸਾਹਿਤ ਨਾਲ਼ ਸਾਂਝ ਪੀਡੀ ਕਰਨ ਵਿੱਚ ਸਹਾਈ ਸਿੱਧ ਹੁੰਦੇ ਹਨ।
ਕਾਲਜ ਮੈਨੇਜਮੈਂਟ ਕਮੇਟੀ ਤੋਂ ਪਵਿੱਤਰ ਸਿੰਘ ਪਾਂਘਲੀ ਨੇ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਸਾਇੰਸ ਨਾਲ਼ ਸੰਬੰਧਤ ਵਿਸ਼ਿਆਂ ਦੀ ਪੇਸ਼ਕਾਰੀ ਦਾ ਰੁਝਾਨ ਵੀ ਪੈਦਾ ਹੋਣਾ ਚਾਹੀਦਾ ਹੈ।ਸਮਾਗਮ ਦੇ ਅੰਤ ਵਿੱਚ ਕਾਰਜਕਾਰੀ ਪ੍ਰਿੰਸੀਪਲ ਨਿਰਲੇਪ ਕੌਰ ਦਿਉਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਤੋਂ ਖੋਜ ਅਫ਼ਸਰ ਸੰਦੀਪ ਸਿੰਘ ਅਤੇ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਮੁਖ਼ਤਿਆਰ ਸਿੰਘ, ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ, ਲਿਖਾਰੀ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ, ਲੇਖਕ ਬਲਦੇਵ ਝੱਜ, ਬਲਵੰਤ ਮਾਂਗਟ, ਗੁਰਨਾਮ ਸਿੰਘ, ਨੀਤੂ ਰਾਮਪੁਰ, ਨਵਨੀਤ ਮਾਂਗਟ, ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।